ਰੀਤ ਦੇ ਪਾਪਾ ਜਿਆਦਾ ਸ਼ਰਾਬ ਪੀਣ ਕਰਕੇ ਬਹੁਤ ਬਿਮਾਰ ਹੋ ਗਏ।ਡਾਕਟਰਾਂ ਮੁਤਾਬਿਕ ਉਹ ਬਿਲਕੁਲ ਸ਼ਰਾਬ ਛੱਡਣ ਉਪਰੰਤ ਵੀ ਕੁਝ ਮਹੀਨਿਆਂ ਦੇ ਲਈ ਹੀ ਜੀਵਤ ਰਹਿ ਸਕਦੇ ਕਿਉਂਕਿ ਉਹਨਾਂ ਦੇ ਸਰੀਰ ਦੇ ਅੰਗ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਰਹੇ ।ਸਭ ਨੇ ਕਿਹਾ ਕਿ ਉਸਦੇ ਹੁੰਦੇ ਹੀ ਰੀਤ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਪਿੱਛੇ ਰੀਤ ਦਾ ਭਰਾ ਅਜੇ ਬਹੁਤ ਛੋਟਾ ਸੀ ।ਮੌਕਾ ਦੇਖ ਰੀਤ ਦੀ ਭੂਆ ਰਿਸ਼ਤਾ ਲੈ ਆਉਂਦੀ ।ਰੀਤ ਦੀ ਮਾਂ ਮੌਕੇ ਦੀ ਨਜ਼ਾਕਤ ਸਮਝਦੇ ਭੂਆ ਦੀਆਂ ਗੱਲਾਂ ਵਿਚ ਆ ਜਾਂਦੀ ।ਰੀਤ ਦੀ ਮਾਂ ਨੂੰ ਲੱਗਦਾ ਸੀ ਕਿ ਧੀ ਦੇ ਵਿਆਹੇ ਜਾਣ ਉੱਪਰ ਉਸਦੀ ਕੁਝ ਜਿੰਮੇਵਾਰੀ ਪਤੀ ਦੇ ਹੁੰਦਿਆਂ ਹੀ ਨਜਿੱਠੀ ਜਾਵੇਗੀ । ਰੀਤ ਦੀ ਭੂਆ ਨੇ ਆਪਣੀ ਭਾਬੀ ਜਾਣੀਕੇ ਰੀਤ ਦੀ ਮਾਂ ਕੋਲ ਮੁੰਡੇ ਵਾਲਿਆਂ ਦੀਆਂ ਸ਼ਿਫਤਾ ਦੇ ਪੁਲ ਬੰਨ ਦਿੱਤੇ ਕਿ ਉਹ ਆਪਣੀ ਧੀ ਨੂੰ ਦੋ ਕੱਪੜਿਆਂ ਚ ਲਿਜਾਣ ਲਈ ਤਿਆਰ ਹਨ । ਰੀਤ ਦੀ ਮਾਂ ਸ਼ਗਨ ਦਾ ਸਮਾਨ ਆਪਣੀ ਨਨਾਣ ਹੱਥ ਭੇਜ ਦਿੰਦੀ ।ਹਫ਼ਤੇ ਬਾਅਦ ਵਿਆਹ ਦੀ ਤਾਰੀਕ ਪੱਕੀ ਹੋ ਜਾਂਦੀ ।ਉਸ ਸਮੇਂ ਹੁਣ ਵਾਂਗ ਸ਼ਗਨ ਨਹੀ ਪਾਉਂਦੇ ਸੀ ।ਬਸ ਵਿਚੋਲੇ ਹੱਥ ਹੀ ਸਭ ਕੁਝ ਭੇਜਿਆ ਜਾਂਦਾ ਸੀ ।ਰਿਸ਼ਤੇ ਲਈ ਪੁੱਛਗਿੱਛ ਕਰਨ ਵਾਲਾ ਕੋਈ ਨਹੀਂ ਜਿਸ ਕਰਕੇ ਰੀਤ ਦੇ ਪਰਿਵਾਰ ਨੂੰ ਭੂਆ ਉੱਤੇ ਵਿਸ਼ਵਾਸ ਕਰਨਾ ਪਿਆ ।ਕਿਉਂਕਿ ਰੀਤ ਦੇ ਬਾਪ ਹੁਣੀ ਵੀ ਭੈਣ ਭਰਾ ਹੀ ਸੀ ।ਰੀਤ ਦੀ ਮਾਂ ਦੇ ਭਰਾ ਨਹੀਂ ਸੀ ਕੋਈ ।ਇਕ ਭੈਣ ਸੀ ਜਿਸਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਇਕ ਐਕਸੀਡੈਂਟ ਵਿਚ ਖਤਮ ਹੋ ਗਿਆ ਸੀ । ਦਿਨ ਨੇੜੇ ਹੋਣ ਕਰਕੇ ਸਭ ਵਿਆਹ ਦੀਆਂ ਤਿਆਰੀਆਂ ਵਿਚ ਰੁੱਝ ਗਏ ।ਰੀਤ ਡਰੀ ਸਹਿਮੀ ਤਿਆਰ ਹੋਈ ਬੈਠੀ ਸੀ । ਬਰਾਤ ਸਮੇਂ ਸਿਰ ਆ ਗਈ ।ਭੂਆ ਨੇ ਜਲਦੀ ਜਲਦੀ ਸਭ ਰਸਮਾਂ ਕਰਵਾ ਦਿਤੀਆਂ।ਦਿਨੇ ਹੀ ਡੋਲੀ ਵਿਦਾ ਕਰਵਾ ਦਿੱਤੀ ।ਸਹੁਰੇ ਘਰ ਪਹੁੰਚ ਕੁਝ ਰਸਮਾਂ ਹੋਈਆਂ ।ਫਿਰ ਥੱਕੀ ਹੋਣ ਕਰਕੇ ਰੀਤ ਝੱਟ ਸੌ ਗਈ । ਫਿਰ ਦੋਨੋਂ ਪਰਿਵਾਰ ਇਕ ਦੂਜੇ ਘਰ ਗਏ ਮਿਲਣੀ ਕਰਨ।ਰੀਤ ਕੁਝ ਦਿਨ ਪੇਕੇ ਘਰ ਰਹਿਣ ਆਈ ।ਰੀਤ ਹੈਰਾਨ ਸੀ ਕਿ ਉਹ ਇਕ ਹਫ਼ਤਾ ਸਹੁਰੇ ਘਰ ਲਗਾ ਕੇ ਆਈ ਪਰ ਉਸਨੇ ਇਕ ਹਫ਼ਤੇ ਚ ਆਪਣੇ ਪਤੀ ਨੂੰ ਇਕ ਵਾਰ ਵੀ ਘਰ ਚ ਨਹੀਂ ਦੇਖਿਆ ਸੀ । ਰੀਤ ਜਦ ਵਾਪਸ ਸਹੁਰੇ ਘਰ ਗਈ ਤਾਂ ਰੀਤ ਹੱਥ ਚੌਕੇ ਚੁੱਲੇ ਦੀ ਜਿੰਮੇਵਾਰੀ ਸੌਪ ਦਿੱਤੀ ਜਾਂਦੀ ਹੈ।ਰੀਤ ਆਪਣਾ ਕੰਮ ਖਤਮ ਕਰ ਜਦ ਰਾਤ ਨੂੰ ਕਮਰੇ ਵਿਚ ਜਾਂਦੀ ਤਾਂ ਉਸਦਾ ਪਤੀ ਗਹਿਰੀ ਨੀਂਦ ਚ ਸੁੱਤਾ ਪਿਆ ਹੁੰਦਾ ।ਰੀਤ ਵੀ ਸੌਂ ਜਾਂਦੀ ਹੈ।ਹੁਣ ਅਜਿਹਾ ਹਰ ਰੋਜ਼ ਹੀ ਹੁੰਦਾ ।ਰੀਤ ਨੂੰ ਸਭ ਕੁਝ ਅਜੀਬ ਲੱਗਦਾ ।ਰੀਤ ਦਾ ਪਤੀ ਸਾਰਾ ਦਿਨ ਕਮਰੇ ਚ ਪਿਆ ਰਹਿੰਦਾ ।ਆਪਣੀ ਮਾਂ ਤੋਂ ਬਿਨਾਂ ਕਿਸੇ ਨਾਲ ਗੱਲ ਨਾ ਕਰਦਾ ।ਜੇ ਰੀਤ ਆਪਣੀ ਸੱਸ ਤੋਂ ਇਦਾਂ ਕਰਨ ਦਾ ਕਾਰਨ ਪੁੱਛਦੀ ਤਾਂ ਉਹ ਜਵਾਬ ਦਿੰਦੀ ਸਮੇਂ ਨਾਲ ਸਭ ਠੀਕ ਹੋਜੂ ।ਇਹ ਕੁੜੀਆਂ ਤੋਂ ਕੁਝ ਜਿਆਦਾ ਹੀ ਸ਼ਰਮ ਮਨਾਉਦਾ ਤਾਂ ਤੇਰੇ ਤੋਂ ਦੂਰ ਰਹਿੰਦਾ ।ਜਦ ਤੈਨੂੰ ਜਾਣ ਪਹਿਚਾਣ ਜਾਊਗਾ ਤਾਂ ਤੇਰੇ ਨਾਲ ਵੀ ਘੁਲ ਮਿਲ ਜਾਵੇਗਾ । ਰੀਤ ਦੇ ਪਿਤਾ ਦੀ ਮੌਤ ਹੋ ਜਾਂਦੀ ।ਰੀਤ ਭੋਗ ਤੱਕ ਆਪਣੇ ਪੇਕੇ ਘਰ ਹੀ ਰਹਿੰਦੀ ।ਉਹ ਅਜਿਹੀ ਸਥਿਤੀ ਵਿੱਚ ਮਾਂ ਨੂੰ ਕੁਝ ਵੀ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ।ਭੋਗ ਮਗਰੋਂ ਰੀਤ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ।ਹੁਣ ਰੀਤ ਨੂੰ ਮਹੀਨਾ ਕ ਹੋ ਗਿਆ ਸੀ ਆਪਣੇ ਸਹੁਰੇ ਘਰ ਰਹਿੰਦਿਆਂ ।ਇਸ ਘਰ ਦੇ ਭੇਦ ਪਰਤ ਦਰ ਪਰਤ ਕਰ ਰੀਤ ਅੱਗੇ ਉਜਾਗਰ ਹੁੰਦੇ ਜਾ ਰਹੇ ਸੀ ।ਪਰ ਰੀਤ ਮਜ਼ਬੂਰ ਸੀ ।ਕਿਉਂਕਿ ਰੀਤ ਜਾਣਦੀ ਸੀ ਕਿ ਮਾਂ ਨੂੰ ਕੁਝ ਵੀ ਦੱਸਿਆ ਤਾਂ ਉਹ ਸਹਿਣ ਨਹੀਂ ਕਰ ਸਕੇਗੀ ।ਰੀਤ ਚੁੱਪ ਰਹਿ ਕੇ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਉੱਪਰ ਲਿਆਉਣਾ ਚਾਹੁੰਦੀ ਸੀ । ਰੀਤ ਦਾ ਪਤੀ ਮੰਦ ਬੁੱਧੀ ਸੀ ।ਜੋ ਖੁਦ ਦਾ ਭਲਾ ਬੁਰਾ ਨਹੀਂ ਵਿਚਾਰ ਸਕਦਾ ਸੀ ।ਜਦ ਰੀਤ ਨੂੰ ਪਤਾ ਲੱਗਦਾ ਤਾਂ ਉਹ ਆਪਣੀ ਸੱਸ ਨੂੰ ਸਵਾਲ ਕਰਦੀ ਕਿ ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ? ਦੋਹਾਂ ਵਿਚ ਕਾਫੀ ਬਹਿਸ ਹੁੰਦੀ ।ਸੱਸ ਗੁੱਸੇ ਵਿਚ ਰੀਤ ਨੂੰ ਕਹਿੰਦੀ ਕਿ ਅਸੀਂ ਤਾਂ ਸਭ ਸੱਚ ਦੱਸਿਆ ਸੀ ,ਤੇਰੀ ਭੂਆ ਨੇ ਤੈਨੂੰ ਕਿਉਂ ਨਹੀਂ ਦੱਸਿਆ ਇਹ ਸਾਨੂੰ ਨਹੀਂ ਪਤਾ ।ਤੇਰੀ ਭੂਆ ਨੇ ਰਿਸ਼ਤਾ ਕਰਵਾਉਣ ਲਈ ਸੋਨੇ ਦੇ ਕੰਗਣ ਤੋਂ ਛੁੱਟ ਵੀਹ ਹਜ਼ਾਰ ਰੁਪਇਆ ਵੀ ਲਿਆ ।ਇਹ ਗੱਲਾਂ ਸੁਣ ਰੀਤ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ।ਰੀਤ ਦਾ ਦਿਲ ਕਰੇ ਕਿ ਮਾਂ ਨੂੰ ਦੱਸਾਂ ਸਭ ।ਪਰ ਉਦੋਂ ਮੋਬਾਇਲ ਫੋਨ ਨਹੀਂ ਹੁੰਦੇ ਸੀ ।ਕਿਸੇ ਕਿਸੇ ਘਰ ਹੀ ਟੈਲੀਫੋਨ ਲੱਗਾ ਹੁੰਦਾ ਸੀ ।ਰੀਤ ਕਿਸੇ ਘਰ ਫੋਨ ਲਾ ਗੱਲ ਕਰਦੀ ਵੀ ਕਿਵੇਂ ।ਰੀਤ ਦੀ ਸੱਸ ਚੱਤੋ ਪਹਿਰ ਰੀਤ ਉੱਤੇ ਠੀਕਰੀ ਪਹਿਰਾ ਲਾਈ ਰੱਖਦੀ ਸੀ। ਰੀਤ ਦੀ ਮਾਂ ਘਰ ਦੀਆਂ ਜਿੰਮੇਵਾਰੀਆ ਕਰਕੇ ਮਿਲਣ ਵੀ ਨਹੀ ਜਾ ਸਕਦੀ ਸੀ ।ਉਧਰੋਂ ਰੀਤ ਦਾ ਪਤੀ ਵੀ ਚੱਜ ਦਾ ਨਹੀਂ ਸੀ ਜੋ ਰੀਤ ਨੂੰ ਪੇਕੇ ਘਰ ਮਿਲਾ ਕੇ ਲੈ ਆਂਦਾ ।ਮਜ਼ਬੂਰੀ ਚ ਫਸੀ ਰੀਤ ਦਿਨ ਕੱਟੀ ਕਰ ਰਹੀ ਸੀ ।ਜਦ ਵੀ ਰੀਤ ਨੂੰ ਭੂਆ ਦਾ ਧੋਖਾ ਯਾਦ ਆਉਦਾ ਤਾਂ ਰੀਤ ਦਾ ਖੂਨ ਖੌਲਦਾ ਰਹਿੰਦਾ ।ਮਾਂ ਦੀਆਂ ਮਜ਼ਬੂਰੀਆਂ ਸਮਝਦੀ ਰੀਤ ਖੁਦ ਦੀ ਜ਼ਿੰਦਗੀ ਨੂੰ ਦਾਹ ਉੱਤੇ ਲਾ ਕੇ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰਦੀ । ਰੀਤ ਜਦ ਕੋਈ ਕੰਮ ਕਰਦੀ ਜਾਂ ਸਫਾਈ ਕਰਦੀ ਕਿਸੇ ਚੀਜ਼ ਨੂੰ ਹੱਥ ਲਗਾਉਦੀ ਤਾਂ ਰੀਤ ਦਾ ਪਤੀ ਹਰ ਚੀਜ਼ ਉੱਪਰ ਆਪਣਾ ਹੱਕ ਸਮਝਦਾ ਹੋਇਆ ਬੱਚਿਆਂ ਵਾਂਗ ਰੀਤ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ।ਹੋਲੀ ਹੋਲੀ ਰੀਤ ਸਭ ਬਰਦਾਸ਼ਤ ਕਰਦੀ ਹੋਈ ਮਾਯੂਸ ਹੋ ਚੁੱਕੀ ਸੀ ।ਰੀਤ ਦਾ ਸੋਨੇ ਵਾਂਗ ਮੱਘਦਾ ਰੂਪ ਕੁਝ ਮਹੀਨਿਆਂ ਚ ਹੀ ਫਿੱਕਾ ਪੈ ਗਿਆ ਸੀ । ਰੀਤ ਦਿਨੋ ਦਿਨ ਹੱਡੀਆਂ ਦੀ ਮੁੱਠ ਬਣਦੀ ਜਾਂ ਰਹੀ ਸੀ ।ਇਕ ਰਾਤ ਰੀਤ ਕੰਮ ਕਰਕੇ ਆਪਣੇ ਕਮਰੇ ਚ ਜਾ ਕੇ ਸੁੱਤੀ ਹੀ ਸੀ ਕਿ ਕੁਝ ਸਮੇਂ ਬਾਅਦ ਰੀਤ ਨੂੰ ਘੁੱਟਣ ਮਹਿਸੂਸ ਹੋਈ ।ਰੀਤ ਦੀਆਂ ਅੱਖਾਂ ਚੋਂ ਪਾਣੀ ਵਹਿ ਰਿਹਾ ਅਤੇ ਰੀਤ ਦਾ ਪਤੀ ਉਸਦੇ ਗੱਲ ਚ ਪਾਈ ਚੁੰਨੀ ਨੂੰ ਵੱਟ ਚਾੜ੍ਹ ਰਿਹਾ ਸੀ । ਰੀਤ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀ ਪਰ ਉਸਦੇ ਗਲ਼ ਚੋ ਅਵਾਜ਼ ਹੀ ਨਹੀਂ ਨਿਕਲ ਰਹੀ ਸੀ ।ਰੀਤ ਨੂੰ ਕੋਲ ਹੀ ਮੇਜ਼ ਉੱਪਰ ਪਿਆ ਪਾਣੀ ਵਾਲਾ ਜੱਗ ਦਿਖਾਈ ਦਿੰਦਾ ।ਰੀਤ ਹੱਥ ਮਾਰ ਕੇ ਉਸਨੂੰ ਹੇਠਾਂ ਸੁੱਟ ਦਿੰਦੀ ਜਿਸ ਦਾ ਖੜਕਾ ਸੁਣ ਰੀਤ ਦੀ ਸੱਸ ਉਹਨਾਂ ਦੇ ਕਮਰੇ ਵਿੱਚ ਆਉਦੀ ਅਤੇ ਰੀਤ ਨੂੰ ਛੁਡਾਉਦੀ । ਰੀਤ ਸਮਝ ਚੁੱਕੀ ਸੀ ਕਿ ਇਸ ਇਨਸਾਨ ਨਾਲ ਰਹਿਣਾ ਹੁਣ ਉਸਦੇ ਵੱਸ ਦੀ ਗੱਲ ਨਹੀਂ ।ਰੀਤ ਸਵੇਰ ਹੁੰਦੇ ਹੀ ਆਪਣਾ ਸਮਾਨ ਲੈ ਕੇ ਘਰ ਛੱਡ ਆਏ ਜਾਂਦੀ ਹੈ ।ਸੱਸ ਬਹੁਤ ਰੋਕਣ ਦੀ ਕੋਸ਼ਿਸ ਕਰਦੀ ਪਰ ਹੁਣ ਰੀਤ ਦੀ ਹਿੰਮਤ ਜਵਾਬ ਜੇ ਚੁੱਕੀ ਸੀ । ਰੀਤ ਪੇਕੇ ਘਰ ਪਹੁੰਚ ਮਾਂ ਨੂੰ ਕਲਾਵੇ ਚ ਲੈ ਰੋਦੀਂ ।ਫਿਰ ਮਾਂ ਨੂੰ ਸਾਰੀ ਹੱਡਬੀਤੀ ਸੁਣਾਉਦੀ ਹੈ।ਮਾਂ ਦਾ ਦਿਲ ਕੰਬ ਜਾਂਦਾ ।ਮਾਂ ਖੁਦ ਨੂੰ ਲਾਹਨਤਾਂ ਪਾਉਦੀ ਕਹਿੰਦੀ ਪੁੱਤ ਹਲਾਤਾਂ ਹੱਥੋਂ ਮਜ਼ਬੂਰ ਹੋਈ ਮੈਂ ਤੇਰੀ ਭੂਆ ਉੱਤੇ ਵਿਸ਼ਵਾਸ ਕਰ ਬੈਠੀ ।ਪੁੱਤ ਮਾਫ ਕਰਦੇ ਮੈਨੂੰ । ਕੁਝ ਦਿਨ ਗੁਜ਼ਰੇ ਤਾਂ ਭੂਆ ਪੰਚਾਇਤ ਲੈ ਕੇ ਰਾਜੀਨਾਮਾ ਕਰਵਾਉਣ ਆ ਜਾਂਦੀ । ਜਦ ਪੰਚਾਇਤ ਰੀਤ ਨੂੰ ਸਹੁਰੇ ਘਰ ਜਾਣ ਲਈ ਕਹਿੰਦੀ ਤਾਂ ਰੀਤ ਅੰਦਰ ਦੱਬਿਆ ਹੋਇਆ ਗੁੱਸਾ ਭਾਬੜ ਬਣ ਉੱਠਦਾ ।ਚੁੱਪ ਰਹਿਣ ਵਾਲੀ ਰੀਤ ਸਾਫ ਹੀ ਕਹਿ ਦਿੰਦੀ ਹੈ ਕਿ ,ਤੁਸੀਂ ਵੱਡੇ ਹੋ ਤੁਹਾਡਾ ਨਿਰਾਦਰ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ।ਪਰ ਮੈਨੂੰ ਤਲਾਕ ਚਾਹੀਦਾ ਮੈਂ ਉਸ ਘਰ ਵਿਚ ਵਾਪਸ ਨਹੀਂ ਜਾਣਾ ਜਿਥੇ ਮੇਰੀ ਜਿੰਦਗੀ ਦਾ ਦੋ ਪਲ ਦਾ ਵੀ ਭਰੋਸਾ ਨਹੀਂ ।ਭੂਆ ਰੀਤ ਨੂੰ ਸਮਝਾਉਣ ਲਈ ਬੋਲਣ ਲੱਗਦੀ ਤਾਂ ਰੀਤ ਭੂਆ ਨੂੰ ਕਹਿੰਦੀ ,ਸਭ ਕੁਝ ਤੁਹਾਡਾ ਹੀ ਕੀਤਾ ਹੋਇਆ ਏ ,ਤੁਸੀਂ ਚੰਦ ਛਿੱਲੜਾ ਅਤੇ ਸੋਨੇ ਦੇ ਕੰਗਣਾ ਪਿੱਛੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ । ਰੀਤ ਦੀਆਂ ਖਰੀਆਂ ਸੁਣ ਭੂਆ ਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਤਾਂ ਭੂਆ ਕਹਿੰਦੀ "ਜਿਹਦੀ ਕੋਠੀ ਦਾਣੇ,ਓਹਦੇ ਕਮਲੇ ਵੀ ਸਿਆਣੇ"। ਹੁਣ ਰੀਤ ਦੀ ਮਾਂ ਜਵਾਬ ਦਿੰਦੀ ਕਿ ਕੀ ਕਰੀਏ ਇਨ੍ਹਾਂ ਤਿਲਾਂ ਦਾ ਜਿਨ੍ਹਾਂ ਚ ਤੇਲ ਹੀ ਹੈਨੀ ।ਰੀਤ ਜਦ ਆਪਣੇ ਪਤੀ ਨਾਲ ਕੋਈ ਦੁੱਖਦੀ ਸੁਖਦੀ ਗੱਲ ਨਹੀ ਕਰ ਸਕਦੀ। ਉਹ ਇਹਦੇ ਦੁੱਖ ਦਰਦ ਨਹੀਂ ਸਮਝ ਸਕਦਾ ਉਥੇ ਅਸੀਂ ਪੈਸੇ ਨੂੰ ਕੀ ਅੱਗ ਲਾਉਣਾ ਏ ।ਗੱਲ ਨਾ ਬਣਦੀ ਦੇਖ ਪੰਚਾਇਤ ਚਲੀ ਜਾਂਦੀ।ਪਿੱਛੇ ਹੀ ਭੂਆ ਵੀ ਬੁੜ ਬੁੜ ਕਰਦੀ ਚਲੀ ਜਾਂਦੀ । ਕੁਝ ਮਹੀਨਿਆਂ ਬਾਅਦ ਰੀਤ ਦਾ ਤਲਾਕ ਹੋ ਜਾਂਦਾ ।ਫਿਰ ਰੀਤ ਦੀ ਮਾਂ ਵਧੀਆ ਮੁੰਡਾ ਦੇਖ ਰੀਤ ਦਾ ਵਿਆਹ ਕਿਤੇ ਹੋਰ ਕਰ ਦਿੰਦੀ ਹੈ ਜਿਥੇ ਰੀਤ ਸੁੱਖੀ ਵੱਸਦੀ ਹੈ।ਪਰ ਹੁਣ ਦੋਹਾਂ ਮਾਂਵਾਂ ਧੀਆਂ ਨੇ ਚਲਾਕ ਲੂੰਬੜੀ ਵਾਂਗ ਮੋਮੋਠੱਗਣੀਆਂ ਮਾਰਨ ਵਾਲੇ ਰਿਸ਼ਤਿਆਂ ਤੋਂ ਕਿਨਾਰਾ ਕਰ ਲਿਆ ਸੀ ।
Please log in to comment.