ਬਚਨੋ ਚਾਰ ਪੁੱਤਾਂ ਤੇ ਤਿੰਨ ਧੀਆਂ ਦੀ ਮਾਂ ਸੀ। ਬੜੀ ਸਚਿਆਰੀ ਤੇ ਸੰਜਮ ਵਾਲ਼ੀ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀ ਸੀ। ਜਿਸ ਕਿਸੇ ਨੇ ਵੀ ਕੰਮ ਲਈ ਬਚਨੋਂ ਨੂੰ ਲਿਜਾਣਾ ਤਾਂ ਉਹ ਹਰ ਇੱਕ ਦੇ ਘਰ ਜੀਅ ਜਾਨ ਨਾਲ ਕੰਮ ਕਰਦੀ। ਨਰਮਾ ਚੁਗਣਾ ਪੀਹਣ ਛੰਡਣਾ ਵਿਆਹ ਸ਼ਾਦੀ ਵੇਲੇ ਭਾਂਡੇ ਮਾਂਜਣੇ ਰੋਟੀ ਟੁੱਕ ਆਦਿ ਦਾ ਕੰਮ ਬੜੀ ਰੀਝ ਨਾਲ ਕੰਮ ਨੂੰ ਆਪਣਾ ਸਮਝ ਕੇ ਕਰਦੀ ਸੀ । ਉਸਦਾ ਪਤੀ ਦਲੀਪ ਵੀ ਜਿਸ ਦੇ ਸੀਰੀ ਰਲਦਾ ਬੜੇ ਜੀਅ ਜਾਨ ਨਾਲ ਕੰਮ ਕਰਦਾ ।ਮਾਲਕ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦਾ ਸੀ ।ਬਚਨੋਂ ਦੀਆਂ ਕੁੜੀਆਂ ਵੱਡੀਆਂ ਸਨ ਤੇ ਮੁੰਡੇ ਛੋਟੇ ਸਨ । ਪਹਿਲੇ ਸਮਿਆਂ ਵਿੱਚ ਇਹ ਸੋਚ ਹੁੰਦੀ ਸੀ ਕਿ ਜਿੰਨੇ ਮੁੰਡੇ ਜ਼ਿਆਦਾ ਹੋਣਗੇ ਤਾਂ ਕਮਾਈ ਘਰ ਵਿੱਚ ਜ਼ਿਆਦਾ ਆਏਗੀ। ਕੁੜੀਆਂ ਮੁੰਡੇ ਸਾਰੀ ਔਲਾਦ ਮਾਂ ਬਾਪ ਵਾਂਗ ਸਿਆਣੀ ਸੀ। ਕੁੜੀਆਂ ਨੂੰ ਵਿਆਹ ਕੇ ਬਚਨੋਂ ਨੇਂ ਤੋਰ ਦਿੱਤਾ। ਓਹ ਤਾਂ ਆਪਣੇ ਵੱਸ ਵਿੱਚ ਸੀ । ਪਰ ਮੁੰਡਿਆਂ ਦਾ ਰਿਸ਼ਤਾ ਤਾਂ ਬਿਗਾਨੇ ਵੱਸ ਵਾਲੀ ਗੱਲ ਸੀ। ਪਹਿਲੇ ਸਮਿਆਂ ਵਿੱਚ ਕੁੜੀਆਂ ਘੱਟ ਹੋਣ ਕਰਕੇ ਜਲਦੀ ਜਲਦੀ ਮੁੰਡਿਆਂ ਨੂੰ ਰਿਸ਼ਤਾ ਵੀ ਨਹੀਂ ਹੁੰਦਾ ਸੀ। ਵੱਡੇ ਮੁੰਡੇ ਦੀ ਵਿਆਹ ਦੀ ਉਮਰ ਲੰਘ ਚੁੱਕੀ ਸੀ। ਬਚਨੋਂ ਤੇ ਦਲੀਪ ਨੂੰ ਫ਼ਿਕਰ ਵੱਢ ਵੱਢ ਖਾਂਦਾ ਸੀ। ਜਦੋਂ ਬੱਚਿਆਂ ਦੇ ਵਿਆਹ ਦੀ ਉਮਰ ਲੰਘਦੀ ਦਿਸਦੀ ਐ ਤਾਂ ਮਾਪਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਐ। ਕਰਮਾਂ ਦੀ ਗੱਲ ਇੱਕ ਦਿਨ ਜਿਹੜੇ ਜੱਟਾਂ ਦੇ ਦਲੀਪ ਸੀਰੀ ਲੱਗਿਆ ਸੀ ।ਓਹਨਾ ਦੇ ਖੇਤ ਸਪਰੇਅ ਕਰਦੇ ਸਮੇਂ ਦਲੀਪ ਨੂੰ ਸਪਰੇਅ ਚੜ੍ਹ ਗਈ। ਬਥੇਰਾ ਡਾਕਟਰ ਦੇ ਲੈ ਕੇ ਭੱਜੇ ।ਪਰ ਜਦੋਂ ਘਟੀ ਹੋਵੇ ਓਦੋਂ ਜਿੰਨਾ ਮਰਜ਼ੀ ਭੱਜ ਲਓ ਮੌਤ ਨੇ ਆਉਣਾ ਈ ਆਉਣਾਂ ਐ। ਜੱਟਾਂ ਨੇ ਮੁਆਵਜ਼ੇ ਵਜੋਂ ਕੁਝ ਕੁ ਰਕਮ ਬਚਨੋ ਨੂੰ ਦਿੱਤੀ। ਪੈਸੇ ਆਏ ਦੇਖ ਕਿਸੇ ਰਿਸ਼ਤੇਦਾਰ ਨੇ ਬਚਨੋਂ ਨੂੰ ਮੁੰਡੇ ਦੇ ਮੁੱਲ ਦੀ ਤੀਵੀਂ ਲਿਆ ਕੇ ਦੇਣ ਦੀ ਸਲਾਹ ਦਿੱਤੀ। ਬਚਨੋਂ ਨੂੰ ਵੀ ਸਲਾਹ ਚੰਗੀ ਲੱਗੀ। ਉਸ ਨੇ ਹਾਮੀ ਭਰ ਦਿੱਤੀ ਜਿੰਨੇ ਪੈਸੇ ਕੁੜੀ ਵਾਲਿਆਂ ਨੇ ਮੰਗੇ ਓਨੇ ਪੈਸੇ ਦੇ ਕੇ ਬਚਨੋਂ ਨੇ ਕੁੜੀ ਲਿਜਾਣ ਦਾ ਦਿਨ ਨਿਸਚਿਤ ਕਰ ਲਿਆ। ਫਿਰ ਕਈ ਦਿਨ ਬਾਅਦ ਕਿਸੇ ਨੇ ਕਹਿ ਦਿੱਤਾ ਕਿ ਪੈਸੇ ਤਾਂ ਭਰ ਦਿੱਤੇ ।ਪਰ ਓਹ ਕੁੜੀ ਤੋਰਨ ਤੋਂ ਮੁਕਰ ਜਾਣਗੇ। ਬਚਨੋਂ ਨੂੰ ਤਾਂ ਜਿਵੇਂ ਕਮਲ ਪੈ ਗਿਆ ਸੀ। ਬਚਨੋਂ ਨੇ ਟੈਨਸਨ ਵਿਚ ਆ ਕੇ ਖ਼ੂਹ ਵਿਚ ਛਾਲ ਮਾਰ ਦਿੱਤੀ। ਜਿਵੇਂ ਤਿਵੇਂ ਕਰਕੇ ਲੋਕਾਂ ਨੇ ਬਚਨੋਂ ਨੂੰ ਬਾਹਰ ਕੱਢ ਲਿਆ। ਸਰਦੀ ਦਾ ਮਹੀਨਾ ਸੀ ।ਬਚਨੋਂ ਮੰਜੇ ਤੇ ਬੈਠੀ ਕੰਬੀ ਜਾਵੇ। ਦੋ ਤਿੰਨ ਰਜਾਈਆਂ ਬਚਨੋਂ ਦੇ ਉੱਤੇ ਦਿੱਤੀਆਂ। ਇਸ ਘਟਨਾ ਤੋਂ ਬਾਅਦ ਬਚਨੋਂ ਦੀ ਦਿਮਾਗ਼ੀ ਹਾਲਤ ਵਿਗੜ ਗਈ। ਕੁੜੀ ਵਾਲਿਆਂ ਨੇ ਜੋ ਦਿਨ ਕੁੜੀ ਤੋਰਨ ਦਾ ਨਿਸ਼ਚਿਤ ਕੀਤਾ ਸੀ। ਓਹਨਾ ਨੇ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਕੁੜੀ ਤੋਰ ਦਿੱਤੀ। ਪਿੰਡ ਵਿੱਚ ਚਰਚਾ ਹੋਣ ਲੱਗੀ ਕਿ ਕਿਵੇਂ ਸ਼ਰੀਕੇ ਵਿਚੋਂ ਕਿਸੇ ਨੇ ਬਚਨੋਂ ਤੇ ਰਾਜੀ ਨਾ ਹੋਣ ਕਰਕੇ ਝੂਠ ਬੋਲਿਆ ।ਨਤੀਜੇ ਵਜੋਂ ਬਚਨੋਂ ਵਿਚਾਰੀ ਕਮਲੀ ਹੋ ਗਈ। ਮਾਵਾਂ ਬੱਚਿਆਂ ਲਈ ਸੌ ਸੌ ਸੁੱਖਾਂ ਸੁੱਖਦੀਆ ਹਨ। ਬੱਚਿਆਂ ਦਾ ਗ਼ਲਤ ਹੁੰਦਾ ਨਹੀਂ ਦੇਖ ਸਕਦੀਆਂ। ਕਰਮਜੀਤ ਕੌਰ ਕਿੱਕਰ ਖੇੜਾ (ਅਬੋਹਰ) k.k.k.k.✍️✍️✍️
Please log in to comment.