Kalam Kalam
Profile Image
Amrik
6 months ago

ਲਾਰੀ ਦੀ ਗੱਲ - ਸਵਾਰੀ ਦੀ ਗੱਲ

ਲਾਰੀ ਜਿਸ ਨੂੰ ਆਧੁਨਿਕ ਯੁੱਗ ਵਿੱਚ ਅਸੀਂ ਬੱਸ ਆਖਦੇ ਹਾਂ ਨਾਲ ਮੇਰਾ ਨਾਤਾ ਬਹੁਤ ਪੁਰਾਣਾ ਹੈ। ਬੱਸ ਵਿਚ ਸਫ਼ਰ ਕਰਨਾ ਮੈਨੂੰ ਹਮੇਸ਼ਾਂ ਤੋਂ ਪਸੰਦੀਦਾ ਰਿਹਾ ਹੈ। ਮੇਰੇ ਪਿਤਾ ਜੀ ਦਾ ਪੇਸ਼ਾ ਡਰਾਈਵਿੰਗ ਸੀ। ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਕਈ ਤਰ੍ਹਾਂ ਦੇ ਵਾਹਨ ਚਲਾਏ ਜਿਵੇਂ ਕਿ ਟਰੈਕਟਰ, ਜੀਪ, ਕਾਰ, ਟਰੱਕ, ਟਰੇਲਰ, ਟੈਂਕਰ ਆਦਿ। ਪਰ ਜ਼ਿੰਦਗੀ ਦਾ ਬਹੁਤਾ ਹਿੱਸਾ ਉਨ੍ਹਾਂ ਬੱਸ ਡਰਾਈਵਿੰਗ ਕਰਦਿਆਂ ਬਤੀਤ ਕੀਤਾ। ਇਸੇ ਡਰਾਈਵਿੰਗ ਦੇ ਕਿੱਤੇ ਕਰਕੇ ਉਨ੍ਹਾਂ ਜ਼ਿੰਦਗੀ ਦੇ ਕੁਝ ਸਾਲ ਵਿਦੇਸ਼ੀ ਧਰਤੀ ਤੇ ਵੀ ਗੁਜ਼ਾਰੇ। ਉਨ੍ਹਾਂ ਨੂੰ ਭਾਰਤੀ ਤਰੀਕੇ ਦੀ ਡਰਾਈਵਿੰਗ ਪਸੰਦ ਨਹੀਂ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਮੈਂ ਰੋਜ਼ ਡਰਾਈਵਿੰਗ ਕਰਨ ਨਹੀਂ ਜਾਂਦਾ ਬਲਕਿ ਬਾਰਡਰ 'ਤੇ ਚੱਲਦੀਆਂ ਗੋਲੀਆਂ ਦੀ ਤਰ੍ਹਾਂ ਟਰੈਫਿਕ ਦਾ ਸਾਹਮਣਾ ਕਰਨ ਜਾਂਦਾ ਹਾਂ। ਜਿਵੇਂ ਬਾਰਡਰ 'ਤੇ ਪਤਾ ਨਹੀਂ ਚੱਲਦਾ ਕਿ ਦੁਸ਼ਮਣ ਦੀ ਗੋਲੀ ਕਿਸ ਵੇਲੇ ਤੇ ਕਿੱਧਰੋਂ ਆ ਜਾਵੇ? ਇਸੇ ਤਰ੍ਹਾਂ ਸੜਕ ਤੇ ਡਰਾਈਵਿੰਗ ਕਰਦਿਆਂ ਵੀ ਪਤਾ ਨਹੀਂ ਕਿ ਤੁਹਾਡੇ ਅੱਗੇ ਕੌਂਣ ਆ ਜਾਵੇ ਤੇ ਕਿੱਧਰੋਂ ਆ ਜਾਵੇ? ‌‌ ਇਸੇ ਕਰਕੇ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦ ਸਾਨੂੰ ਦੋਵਾਂ ਭਰਾਵਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਵੀ ਉਨ੍ਹਾਂ ਸਾਨੂੰ ਕਦੇ ਵੀ ਡਰਾਈਵਿੰਗ ਸਿੱਖ ਕੇ ਇਸ ਕਿੱਤੇ ਵੱਲ ਆਉਣ ਲਈ ਉਤਸ਼ਾਹਿਤ ਨਹੀਂ ਕੀਤਾ। ਪਰ ਫਿਰ ਵੀ ਮੈਂ ਬੱਸ ਦੇ ਸਫ਼ਰ ਪ੍ਰਤਿ ਆਪਣੇ ਮੋਹ ਨੂੰ ਨਾ ਮਾਰ ਸਕਿਆ। ਇਸੇ ਕਰਕੇ ਕਾਲਜ ਪੜ੍ਹਨ ਸਮੇਂ, ਵੱਖ ਵੱਖ ਨੌਕਰੀਆਂ ਦੀਆਂ ਇੰਟਰਵਿਊਆਂ ਦੇਣ ਸਮੇਂ ਅਤੇ ਫਿਰ ਨੌਕਰੀ ਮਿਲ ਜਾਣ ਤੋਂ ਬਾਅਦ ਨੌਕਰੀ ਕਰਨ ਜਾਣ ਸਮੇਂ ਮੈਂ ਹਮੇਸ਼ਾ ਬੱਸ ਦੇ ਸਫ਼ਰ ਦਾ ਆਨੰਦ ਮਾਣਿਆ ਹੈ। ਅਸਲ ਵਿੱਚ ਬੱਸ ਵਿੱਚ ਸਫ਼ਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਅਜੀਬੋਗਰੀਬ ਘਟਨਾਵਾਂ ਵਾਪਰਦੀਆਂ ਹਨ। ਅਜਿਹੀਆਂ ਹੀ ਅਨੇਕਾਂ ਘਟਨਾਵਾਂ ਤੇ ਹਾਲਾਤਾਂ ਦੇ ਅਧਾਰ‌ 'ਤੇ ਮੈਂ ਇਹ ਲੜੀ ਲਿਖਣ ਜਾ ਰਿਹਾ ਹਾਂ ਜਿਸ ਨੂੰ ਮੈਂ ਸਿਰਲੇਖ ਦਿੱਤਾ ਹੈ "ਲਾਰੀ ਦੀ ਗੱਲ, ਸਵਾਰੀ ਦੀ ਗੱਲ" ਇਹਨਾਂ ਘਟਨਾਵਾਂ ਵਿਚੋਂ ਕੁਝ ਜੱਗਬੀਤੀਆਂ ਹਨ ਕੁੱਝ ਹੱਡਬੀਤੀਆਂ। ਕੁਝ ਕੁ ਨੂੰ ਮੈਂ ਕਰੀਬ ਤੋਂ ਵੇਖਿਆ ਹੈ, ਕੁੱਝ ਕੁ ਵੇਖ ਕੇ, ਸਮਝ ਕੇ, ਫਿਰ ਲਿਖਤੀ ਜਾਮਾ ਪਹਿਨਾਇਆ ਹੈ। ਉਮੀਦ ਹੈ ਪਸੰਦ ਕਰੋਂਗੇ। ਲਾਰੀ ਦੀ ਗੱਲ, ਸਵਾਰੀ ਦੀ ਗੱਲ ਅੰਕ ਪਹਿਲਾ ---- " ਪੈਂਤੜਾ ਬਨਾਮ ਹਾਜ਼ਰ ਦਿਮਾਗੀ" ਗੱਲ ਬਹੁਤ ਪੁਰਾਣੀ ਹੈ, ਏਨੀ ਪੁਰਾਣੀ ਕਿ ਉਸ ਸਮੇਂ ਨਾ ਤਾਂ ਮੋਬਾਈਲ ਫੋਨ ਸਨ, ਨਾ ਫੇਸਬੁੱਕ ਤੇ ਨਾ ਹੀ ਵੱਟਸਐਪ ਜਾਂ ਇੰਸਟਾਗ੍ਰਾਮ। ਬਸ ਵਕਤ ਕਟੀ ਦਾ ਸਹਾਰਾ ਜਾਂ ਤਾਂ ਕਿਤਾਬਾਂ ਤੇ ਅਖ਼ਬਾਰ ਸਨ ਜਾਂ ਫਿਰ ਆਪਸੀ ਗੱਲਬਾਤ। ਮੈਂ ਸ਼ਾਇਦ ਪੰਜਾਬੀ ਯੂਨੀਵਰਸਿਟੀ ਆਪਣੀ ਐਮ.ਏ. ਦੀ ਪੜ੍ਹਾਈ ਸਬੰਧੀ ਕੰਮ ਜਾਂ ਰਿਹਾ ਸਾਂ। ਹੱਥ ਵਿੱਚ ਕੋਈ ਵੀ ਅਖ਼ਬਾਰ ਜਾਂ ਕਿਤਾਬ ਨਹੀਂ ਸੀ ਅਸਲ ਵਿੱਚ ਸਫ਼ਰ ਕਰਨ ਸਮੇਂ ਮੈਨੂੰ ਸੌਣਾ ਤੇ ਪੜ੍ਹਨਾ ਦੋਵੇਂ ਨਾਪਸੰਦ ਹਨ। ਮੈਂ ਫਰੀਦਕੋਟ ਤੋਂ ਪਟਿਆਲਾ ਪੰਜਾਬੀ ਯੂਨੀਵਰਸਿਟੀ ਸਵੇਰੇ 4.40 ਵਾਲੀ ਪਹਿਲੀ ਬੱਸ ਤੇ ਜਾ ਰਿਹਾ ਸਾਂ। ਬਸ ਠੀਕ ਠਾਕ ਭਰੀ ਹੋਈ ਸੀ। ਕੋਟਕਪੂਰਾ ਤੋਂ ਜਾ ਕੇ ਬੱਸ ਏਨੀ ਕੁ ਭਰ ਗਈ ਕਿ ਕੁੱਝ ਸਵਾਰੀਆਂ ਖਲੋਤੀਆਂ ਹੋਈਆਂ ਵੀ ਸਨ। ਮੇਰੇ ਨਾਲ ਦੀ ਸੀਟ ਤੇ ਵੀ ਇੱਕ ਸ਼ੌਕੀਨ ਨਜ਼ਰ ਆਉਂਦਾ ਗੱਬਰੂ ਆ ਬੈਠਿਆ। ਉਹ ਵਾਰ ਵਾਰ ਨਜ਼ਰਾਂ ਘੁੰਮਾਂ ਕਿ ਜ਼ਨਾਨਾ ਸਵਾਰੀਆਂ ਵੱਲ ਤੱਕ ਰਿਹਾ ਸੀ। ਸ਼ਾਇਦ ਉਹ ਮੂੰਹ ਜ਼ੋਰ ਜਵਾਨੀ ਹੱਥੋਂ ਮਜਬੂਰ ਸੀ। ਕੁਝ ਦੇਰ ਬਾਅਦ ਬੱਸ ਬਰਗਾੜੀ ਦੇ ਬੱਸ ਅੱਡੇ ਤੇ ਰੁਕੀ। ਹੋਰ ਸਵਾਰੀਆਂ ਬੱਸ ਵਿੱਚ ਚੜੀਆਂ ਜਿੰਨ੍ਹਾ ਵਿੱਚ ਕੁੱਝ ਜ਼ਨਾਨਾ ਸਵਾਰੀਆਂ ਵੀ ਸਨ। ਇੱਕ ਲੜਕੀ ਜੋ ਸ਼ਾਇਦ ਕਿਸੇ ਕਾਲਜ ਦੀ ਵਿਦਿਆਰਥਣ ਜਾਪਦੀ ਸੀ ਲੱਗਭਗ ਸਾਡੀ ਸੀਟ ਬਰਾਬਰ ਆ ਕੇ ਖੜੀ ਹੋ ਗਈ। ਉਹ ਇੱਧਰ ਉੱਧਰ ਵੇਖ ਰਹੀ ਸੀ ਸ਼ਾਇਦ ਉਹ ਕਿਸੇ ਖਾਲੀ ਸੀਟ 'ਤੇ ਨਿਗਾਹ ਮਾਰੀ ਰਹੀ ਸੀ। ਅਸਲ ਵਿੱਚ ਉਸ ਦੇ ਹੱਥ ਵਿੱਚ ਫੜੀਆਂ ਕਿਤਾਬਾਂ ਕਾਪੀਆਂ ਅਤੇ ਹੋਰ ਨਿੱਕ ਸੁੱਕ ਕਰਕੇ ਉਸ ਨੂੰ ਚੱਲਦੀ ਬੱਸ ਵਿੱਚ ਕਿਸੇ ਸਹਾਰੇ ਨੂੰ ਪਕੜਨਾ ਮੁਸ਼ਕਿਲ ਸੀ। ਉਸ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਮੇਰੇ ਨਾਲ ਬੈਠੇ ਨੌਜਵਾਨ ਨੂੰ ਬੜੀ ਮੁਸ਼ਿਕਲ ਮਹਿਸੂਸ ਹੋ ਰਹੀ ਸੀ। ਉਸਨੇ ਇੱਕ ਦੋ ਵਾਰ ਬੜੀ ਟੇਡੀ ਨਜ਼ਰ ਨਾਲ ਮੇਰੇ ਵੱਲ ਤੱਕਿਆ। ਮੈਨੂੰ ਜਾਪਿਆ ਉਹ ਚਾਹੁੰਦਾ ਸੀ ਕਿ ਮੈਂ ਉਸ ਕੁੜੀ ਲਈ ਸੀਟ ਖ਼ਾਲੀ ਕਰ ਦਿਆਂ ਤੇ ਆਪ ਖੜ੍ਹਾ ਹੋ ਜਾਵਾਂ। ਸ਼ਾਇਦ ਉਸਨੂੰ ਮੇਰੇ ਨਾਲ ਬੈਠਣਾ ਗਵਾਰਾ ਨਹੀਂ ਸੀ। ਪਰ ਉਹ ਕਰ ਕੁੱਝ ਨਹੀਂ ਸੀ ਸਕਦਾ ਕਿਉਂਕਿ ਮੈਂ ਬੱਸ ਵਿੱਚ ਉਸ ਤੋਂ ਪਹਿਲਾਂ ਦਾ ਬੈਠਾ ਹੋਇਆ ਸਾਂ ਤੇ ਮੇਰੀ ਸੀਟ ਖਿੜਕੀ ਵੱਲ ਦੀ ਸੀ। ਵੈਸੇ ਵੀ ਮੈਂ ਪਟਿਆਲਾ ਜਾਣਾ ਸੀ ਤੇ ਮੇਰਾ ਸਫ਼ਰ ਲੰਬਾ ਸੀ। ਇਸ ਕਰਕੇ ਕਿਸੇ ਨੌਜਵਾਨ ਲੜਕੀ ਲਈ ਮੇਰਾ ਸੀਟ ਖ਼ਾਲੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਸ ਨੌਜਵਾਨ ਗੱਭਰੂ ਦਾ ਮੇਰੇ ਵੱਲ ਤੱਕਣਾ ਮੈਨੂੰ ਹੈਰਾਨਕੁੰਨ ਲੱਗ ਰਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਜੇਕਰ ਉਸ ਨੂੰ ਏਨਾ ਹੀ ਬੁਰਾ ਲੱਗ ਰਿਹਾ ਹੈ ਤਾਂ ਆਪ ਕਿਉਂ ਨਹੀਂ ਦੇ ਦਿੰਦਾ ਸੀਟ ਉਸ ਕੁੜੀ ਨੂੰ। ਮੇਰੇ ਮਨ ਦੀ ਗੱਲ ਉਸ ਬੁੱਝ ਲਈ ਜਾਂ ਸ਼ਾਇਦ ਉਸ ਵਿੱਚ ਇਨਸਾਨੀਅਤ ਜਾਗ ਉਠੀ। ਉਹ ਆਪਣੀ ਸੀਟ ਤੋਂ ਖੜਾ ਹੋ ਗਿਆ ਤੇ ਉਸ ਕੁੜੀ ਨੂੰ ਸੀਟ 'ਤੇ ਬੈਠਣ ਲਈ ਕਿਹਾ। ਉਹ ਕੁੜੀ ਉਸ ਦਾ ਸ਼ੁਕਰੀਆ ਕਰ ਕੇ ਮੇਰੇ ਨਾਲ ਖਾਲੀ ਸੀਟ 'ਤੇ ਬੈਠ ਗਈ। ਭਗਤੇ ਤੱਕ ਆਉਂਦਿਆਂ ਆਉਂਦਿਆਂ ਬੱਸ ਵਿੱਚ ਕਾਫ਼ੀ ਹੋਰ ਸਵਾਰੀਆਂ ਚੜ੍ਹ ਗਈਆਂ। ਉਹ ਸੀਟ ਖ਼ਾਲੀ ਕਰਨ ਵਾਲਾ ਨੌਜਵਾਨ ਹਾਲੇ ਵੀ ਸਾਡੀ ਸੀਟ ਦਾ ਸਹਾਰਾ ਲੈ ਕੇ ਖੜ੍ਹਾ ਹੋਇਆ ਸੀ ਤੇ ਹਰ ਨਵੀਂ ਆਉਣ ਵਾਲੀ ਸਵਾਰੀ ਲਈ ਔਖਾ ਸੌਖਾ ਹੋ ਕੇ ਰਸਤਾ ਬਣਾ ਕੇ ਅਗਾਂਹ ਤੋਰ ਦਿੰਦਾ ਤੇ ਆਪ ਉੱਥੇ ਹੀ ਖੜ੍ਹਾ ਰਹਿੰਦਾ। ਮੈਨੂੰ ਜਾਪਿਆ ਸ਼ਾਇਦ ਉਹ ਉਸੇ ਕੁੜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕੁੜੀ ਉਸ ਦੀ ਇਸ ਹਰਕਤ ਤੋਂ ਸ਼ਾਇਦ ਖ਼ੁਸ਼ ਨਹੀਂ ਸੀ। ਪਰ ਉਹ ਕਰ ਕੁੱਝ ਨਹੀਂ ਸਕਦੀ ਸ਼ਾਇਦ ਇਸ ਕਰਕੇ ਕਿ ਉਸ ਨੌਜਵਾਨ ਨੇ ਉਸ ਨੂੰ ਬੈਠਣ ਲਈ ਸੀਟ ਦਿੱਤੀ ਸੀ। ਪਰ ਜਦ ਵੀ ਕਦੇ ਬੱਸ ਕੱਟ ਮਾਰਦੀ ਤਾਂ ਉਹ ਜਾਣਬੁੱਝ ਕੇ ਉਸ ਕੁੜੀ 'ਤੇ ਡਿੱਗਣ ਦੀ ਕੋਸ਼ਿਸ਼ ਕਰਦਾ। ਕੁਝ ਦੇਰ ਤਾਂ ਉਹ ਲੜਕੀ ਉਸਦੀਆਂ ਹਰਕਤਾਂ ਬਰਦਾਸ਼ਤ ਕਰਦੀ ਰਹੀ ਪਰ ਫਿਰ ਉਸਨੇ ਹਿੰਮਤ ਕਰਕੇ ਮੈਂਨੂੰ ਆਪਣੇ ਨਾਲ ਸੀਟ ਬਦਲਣ ਲਈ ਕਿਹਾ, ਮੈਂ ਉਸ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਸੀਟ ਬਦਲ ਲਈ। ਸਾਡੀ ਸੀਟ ਦਾ ਆਸਰਾ ਲਈ ਖੜ੍ਹੇ ਨੌਜਵਾਨ ਨੂੰ ਇੱਕ ਦਮ ਸਹਾਰਾ ਮਿਲ ਗਿਆ ਤੇ ਉਹ ਆਪਣੇ ਪੈਰਾਂ ਤੇ ਮਜ਼ਬੂਤੀ ਨਾਲ ਖੜ੍ਹਾ ਹੋ ਗਿਆ ਅਤੇ ਮੇਰੇ ਵੱਲ ਬੜੀ ਹਸਦ ( ਈਰਖਾ ) ਭਰੀ ਨਿਗ੍ਹਾ ਨਾਲ ਦੇਖਣ ਲੱਗਾ। "ਐਕਸਕਿਊਜ ਮੀ, ਤੁਸੀਂ ਯੂਨੀਵਰਸਿਟੀ ਵਿੱਚ ਪੜ੍ਹਦੇ ਹੋ" ਮੇਰੇ ਨਾਲ ਬੈਠੀ ਹੋਈ ਕੁੜੀ ਮੈਨੂੰ ਮੁਖ਼ਾਤਿਬ ਹੋਈ। ਫਿਰ ਸਾਡੀ ਗੱਲਬਾਤ ਦਾ ਸਿਲਸਿਲਾ ਚੱਲ ਨਿੱਕਲਿਆ ਤੇ ਪਤਾ ਵੀ ਨਾ ਲੱਗਾ ਕਦ ਬੱਸ ਸੰਗਰੂਰ ਪਹੁੰਚਣ ਵਾਲੀ ਹੋ ਗਈ। ਮੈਂ ਜ਼ਰਾ ਨਜ਼ਰ ਉਠਾ ਕੇ ਵੇਖਿਆ ਤਾਂ ਉਹ ਨੌਜਵਾਨ ਕਿਧਰੇ ਨਜ਼ਰ ਨਾ ਆਇਆ ਜਦ ਮੈਂ ਗੌਰ ਨਾਲ ਦੇਖਿਆ ਤਾਂ ਉਹ ਪਿੱਛਲੀ ਸੀਟ 'ਤੇ ਬੈਠਾ ਅਰਾਮ ਨਾਲ ਘੁਰਾੜੇ ਮਾਰ ਰਿਹਾ ਸੀ। ਸ਼ਾਇਦ ਉਸ ਨੇ ਕਿਸੇ ਤਰ੍ਹਾਂ ਜੁਗਾੜ ਕਰਕੇ ਆਪਣੇ ਬੈਠਣ ਲਈ ਸੀਟ ਦਾ ਇੰਤਜ਼ਾਮ ਕਰ ਲਿਆ ਸੀ। ਸੰਗਰੂਰ ਆਉਣ 'ਤੇ ਉਹ ਕੁੜੀ ਵੀ ਉੱਤਰ ਗਈ। ਹੁਣ ਬੱਸ ਸੰਗਰੂਰ ਤੋਂ ਪਟਿਆਲਾ ਆਪਣੀ ਮੰਜ਼ਿਲ ਵੱਲ ਦੌੜੀ ਜਾ ਰਹੀ ਸੀ ਤੇ ਮੈਂ ਬੈਠਾ ਉਸ ਨੌਜਵਾਨ ਵੱਲੋਂ ਅਪਣਾਏ ਪੈਂਤੜੇ ਬਾਰੇ ਸੋਚ ਰਿਹਾ ਸਾਂ ਜੋ ਉਸ ਨੇ ਉਸ ਜਵਾਨ ਕੁੜੀ ਦੀ ਸਰੀਰਕ ਛੋਹ ਹਾਸਿਲ ਕਰਨ ਲਈ ਅਪਣਾਇਆ ਸੀ। ਤੇ ਨਾਲ ਹੀ ਨਾਲ ਮੈਂ ਉਸ ਕੁੜੀ ਦੀ ਹਾਜ਼ਰ ਦਿਮਾਗੀ ਬਾਰੇ ਵੀ ਖਿਆਲ ਆ ਰਿਹਾ ਸੀ ਜਿਸ ਨੇ ਆਪਣੇ ਦਿਮਾਗ ਦੇ ਉਪਯੋਗ ਸਦਕਾ ਅਜਿਹੀ ਸਥਿਤੀ ਨੂੰ ਬਾਖ਼ੂਬੀ ਸੰਭਾਲ ਲਿਆ ਸੀ।

Please log in to comment.

Next Part: ਲਾਰੀ ਦੀ ਗੱਲ - ਸਵਾਰੀ ਦੀ ਗੱਲ ਭਾਗ 2

ਅੰਕ 2 (ਦੋਵਾਂ ਵਾਲੀ ਸੀਟ) ਜਦ ਵੀ ਅਸੀਂ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਅਕਸਰ ਸਾਨੂੰ ਦੋ ਤਰ੍ਹਾਂ ਦੀਆਂ ਸੀਟਾਂ...

Please Install App To Read This Part