Kalam Kalam
Profile Image
Amrik
1 month ago

ਪਿੰਡ ਦੀ ਯਾਦ

ਜਦ ਦਿਲ ਮਹਾਂਨਗਰ ਦੀ ਦੌੜ ਭੱਜ ਵਾਲੀ ਜ਼ਿੰਦਗੀ ਤੋਂ ਅਵਾਜ਼ਾਰ ਹੋ ਗਿਆ ਤਾਂ ਇਸ ਨੂੰ ਪਿੰਡ ਦੀ ਯਾਦ ਸਤਾਉਣ ਲੱਗੀ। ਪਰ ਮਹਾਂਨਗਰ ਤੋਂ ਇੱਕ ਦਮ ਪਿੰਡ ਪਹੁੰਚਣਾ ਆਸਾਨ ਨਹੀਂ ਸੀ ਕਿਉਂਕਿ ਜਿਸ ਮਹਾਂਨਗਰ ਵਿਚ ਮੈਂ ਰਹਿ ਰਿਹਾ ਸਾਂ ਉਥੋਂ ਪਿੰਡ ਪਹੁੰਚਣ ਲਈ ਘੱਟੋ ਘੱਟ ਦੋ ਦਿਨ ਚਾਹੀਦੇ ਸਨ। ਫਿਰ ਘੱਟੋ ਘੱਟ ਦੋ ਤਿੰਨ ਦਿਨ ਤਾਂ ਪਿੰਡ ਰਹਿਣਾ ਬਣਦਾ ਸੀ ਤੇ ਫਿਰ ਦੋ ਦਿਨ ਉਸੇ ਤਰ੍ਹਾਂ ਵਾਪਸੀ ਦੇ। ਇਸ ਤਰ੍ਹਾਂ ਪਿੰਡ ਜਾਣ ਲਈ ਘੱਟ ਘੱਟ ਇੱਕ ਹਫ਼ਤਾ ਦਰਕਾਰ ਸੀ ਪਰ ਇਸ ਵੱਡੇ ਸ਼ਹਿਰ ਦੀ ਭੱਜ ਭਜਾਈ ਵਾਲੀ ਜ਼ਿੰਦਗੀ ਵਿਚੋਂ ਇੱਕ ਹਫ਼ਤਾ ਸਿਰਫ਼ ਪਿੰਡ ਜਾਣ ਲਈ ਕੱਢਣਾ ਜੇਕਰ ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਜ਼ਰੂਰ ਸੀ। ਸੋ ਇਸੇ ਕਰਕੇ ਸਭ ਤੋਂ ਪਹਿਲਾਂ ਪੁਰਾਣੇ ਪਿੰਡਾਂ ਦੇ, ਪੁਰਾਣੀਆਂ ਪਿੰਡਾਂ ਦੇ ਦ੍ਰਿਸ਼ਾਂ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਵੀਡੀਓ ਯੂ- ਟਿਊਬ ਤੇ ਦੇਖੇ ਗਏ। ਫਿਰ ਕੁਝ ਇਕ ਪੁਰਾਣੇ ਪੰਜਾਬੀ ਗਾਣੇ ਜੋ ਕੇ ਪਿੰਡਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਸਨ ਵੀ ਵੇਖੇ ਗਏ ਤੇ ਸੁਣੇ ਗਏ। ਗੁਰਦਾਸ ਮਾਨ ਸਾਹਿਬ ਦਾ ਗੀਤ "ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ" ਕਈ ਵਾਰ ਸੁਣਿਆ ਤੇ ਵੇਖਿਆ ਗਿਆ ਪਰ ਇਸ ਨਾਲ ਮਨ ਦੀ ਭਟਕਣ ਹੋਰ ਵੱਧ ਗਈ। ਦਿਲ ਹੋਰ ਵਧੇਰੇ ਪਿੰਡ ਜਾਣ ਲਈ ਕਾਹਲਾ ਪੈਣ ਲੱਗਾ। ਮਨ ਦੀ ਭਟਕਣ ਮਿਟਾਉਣ ਲਈ ਇਕ ਗੀਤ ਵੀ ਲਿਖ ਮਾਰਿਆ " ਮੇਰਾ ਦਿਲ ਪਿਆ ਘਬਰਾਏ, ਇਹਨੂੰ ਕੁਝ ਵੀ ਸਮਝ ਨਾ ਆਏ, ਇਹਨੂੰ ਪਿੰਡ ਦੀ, ਇਹਨੂੰ ਪਿੰਡ ਦੀ ਇਹਨੂੰ ਪਿੰਡ ਦੀ ਯਾਦ ਸਤਾਏ। ਯਾਦ ਆਈਆਂ ਨੇ ਪਿੰਡ ਦੀਆਂ ਸੱਥਾਂ, ਉਹ ਗਲੀਆਂ ਉਹ ਬੇਲੇ, ਯਾਦ ਆਏ ਨੇ ਯਾਰ ਪੁਰਾਣੇ, ‌‌ ਨਾਲ ਜਿਹਨਾਂ ਦੇ ਖੇਲੇ, ਕੋਈ ਜਾਏ ਮੋੜ ਲਿਆਏ, ਮੇਰਾ ਦਿਲ ਪਿਆ ਘਬਰਾਏ --------" ਗੀਤ ਤਾਂ ਅੱਗੇ ਹੋਰ ਵੀ ਸੀ ਪਰ ਉਸਦਾ ਜ਼ਿਕਰ ਫਿਰ ਕਦੇ ਸਹੀ। ਭਾਵੇਂ ਕਿ ਮੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ ਪਿੰਡ ਵਿੱਚ ਨਹੀਂ ਬੀਤਿਆ ਹੈ ਪਰ ਫਿਰ ਵੀ ਜਦ ਕਦੇ ਵੀ ਮੈਂ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਜਾਂਦਾ ਤਾਂ ਪਿੰਡੋਂ ਵਾਪਸ ਸ਼ਹਿਰ ਆਉਣ ਨੂੰ ਦਿਲ ਨਾ ਕਰਦਾ। ਮੈਂ ਹਾਲੇ ਬਹੁਤ ਛੋਟਾ ਹੀ ਸਾਂ ਜਦ ਸਾਡੀ ਮਾਂ ਮੇਰੇ ਦਾਦਾ ਦਾਦੀ ਜੀ ਦੀ ਇਜਾਜ਼ਤ ਨਾਲ ਸਾਡੇ ਪਿਤਾ ਜੀ ਸਹਿਤ ਲਾਗਲੇ ਸ਼ਹਿਰ ਆ ਗਈ। ਸ਼ਹਿਰ ਆ ਕੇ ਰਹਿਣ ਪਿੱਛੇ ਮਾਂ ਦਾ ਇੱਕੋ ਇੱਕ ਕਾਰਨ ਸੀ ਕਿ ਅਸੀਂ ਪੜ੍ਹ ਲਿਖ ਦੋਵੇਂ ਭਰਾ ਵਧੀਆ ਤੇ ਵੱਡੇ ਅਹੁਦੇ ਵਾਲੇ ਇਨਸਾਨ ਬਣ ਸਕੀਏ। ਖ਼ੈਰ ਸਾਡੀ ਰਿਹਾਇਸ਼ ਵਾਲਾ ਇਹ ਛੋਟਾ ਜਿਹਾ ਸ਼ਹਿਰ ਜਾਂ ਕਸਬਾ ਬੱਸ ਰਾਹੀਂ ਸਾਡੇ ਪਿੰਡ ਤੋਂ ਘੰਟੇ ਕੁ ਦੀ ਦੂਰੀ ਤੇ ਸੀ। ਅਸੀਂ ਹਫ਼ਤੇ ਦਸੀਂ ਦਿਨੀਂ ਪਿੰਡ ਗੇੜਾ ਮਾਰ ਆਉਂਦੇ। ਮਾਂ ਮੇਰੀ ਦਾਦੀ ਜੀ ਜਿਸ ਨੂੰ ਕਿ ਉਹ ਆਪਣੀ ਸਕੀ ਮਾਂ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਨੂੰ ਇਨ੍ਹਾਂ ਛੁੱਟੀਆਂ ਦੌਰਾਨ ਕੋਈ ਕੰਮ ਨਾ ਕਰਨ ਦਿੰਦੀ। ਉਧਰ ਦਾਦੀ ਜੀ ਵੀ ਸਾਡੀ ਮਾਂ ਨਾਲ ਸਾਡੀ ਭੂਆ ਤੋਂ ਵੱਧ ਪਿਆਰ ਕਰਦੇ। ਉਹ ਦੋਵੇਂ ਸਾਰਾ ਦਿਨ ਨਿੱਕੇ ਨਿੱਕੇ ਕੰਮ ਕਰਦੀਆਂ ਲੰਮੀਆਂ ਲੰਮੀਆਂ ਗੱਲਾਂ ਕਰਦੀਆਂ ਰਹਿੰਦੀਆਂ। ਅਸੀਂ ਦੋਵੇਂ ਭਰਾ ਘਰਾਂ ਚੋਂ ਲੱਗਦੇ ਤਾਏ ਚਾਚਿਆਂ ਦੇ ਬੱਚਿਆਂ ਨਾਲ ਖੇਡਦੇ ਰਹਿੰਦੇ। ਅਸੀਂ ਪਿੰਡ ਆਪਣੇ ਘਰ ਪਾਲੀਆਂ ਮੱਝਾਂ ਦੀ ਵੀ ਸਾਂਭ ਸੰਭਾਲ ਕਰਦੇ। ਮੱਝਾਂ ਲਈ ਟੋਕਾ ਮਸ਼ੀਨ ਤੇ ਪੱਠਿਆਂ ਦਾ ਕੁਤਰਾ ਕਰਦੇ। ਉਨ੍ਹਾਂ ਨੂੰ ਤੂੜੀ ਤੇ ਖਲ ਰਲਾ ਕੇ ਪਾਉਂਦੇ। ਫਿਰ ਪਸ਼ੂਆਂ ਨੂੰ ਪਾਣੀ ਪਿਲਾਉਂਦੇ। ਕਿਧਰੇ ਵਧੇਰੇ ਗਰਮੀ ਹੁੰਦੀ ਤਾਂ ਅਸੀਂ ਨਲਕਾ ਗੇੜ ਗੇੜ ਕੇ ਉਨ੍ਹਾਂ ਨੂੰ ਨਿਹਲਾਉਂਦੇ ਵੀ। ਕੰਮ ਕਰਨ ਲੱਗੇ ਨਾ ਅਸੀਂ ਥੱਕਦੇ ਤੇ ਨਾ ਅੱਕਦੇ। ਮਾਂ ਤੇ ਦਾਦੀ ਸਾਨੂੰ ਇਸ ਤਰ੍ਹਾਂ ਕੰਮ ਕਰਦਿਆਂ ਵੇਖ ਅਸੀਸਾਂ ਦਿੰਦੀਆਂ ਨਾ ਥੱਕਦੀਆਂ। ਅਸੀਂ ਸਵੇਰੇ ਸਵੇਰੇ ਵਕਤ ਮਿਲਣ ਤੇ ਖੇਤ ਵੀ ਜਾਂਦੇ, ਪਸ਼ੂਆਂ ਲਈ ਹਰਾ ਚਾਰਾ ਲੈਣ। ਅਸੀਂ ਖੇਤ ਜਾ ਕੇ ਸਵੇਰੇ ਸਵੇਰੇ ਚਾਰਾ ਵੱਢ ਦਿੰਦੇ ਜੋ ਬਾਅਦ ਵਿੱਚ ਸਾਡੇ ਤਾਇਆ ਜੀ ਬਲਦ ਗੱਡੀ ਤੇ ਲੱਦ ਲਿਆਉਂਦੇ। ਅਸਲ ਵਿੱਚ ਤਾਇਆ ਜੀ ਦੇ ਖੁਦ ਦੀ ਕੋਈ ਔਲਾਦ ਨਹੀਂ ਸੀ, ਉਨ੍ਹਾਂ ਦੀ ਪਤਨੀ ਭਾਵ ਸਾਡੀ ਤਾਈਂ ਜੀ ਨੂੰ ਗੁਜਰੇ ਵੀ ਕਈ ਸਾਲ ਹੋ ਗਏ ਸਨ। ਤੇ ਇਸੇ ਕਰਕੇ ਉਹ ਇਕੱਲੇ ਹੀ ਸਾਰਾ ਦਿਨ ਖੇਤਾਂ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ। ਇਸ ਤੋਂ ਇਲਾਵਾ ਘਰ ਵਿਚਲੇ ਸਾਰੇ ਪਸ਼ੂਆਂ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਸਿਰ ਹੀ ਸੀ। ਇਸੇ ਕਰਕੇ ਸਾਡੇ ਪਿੰਡ ਠਹਿਰਾਅ ਦੌਰਾਨ ਉਨ੍ਹਾਂ ਨੂੰ ਬਹੁਤ ਸਹਾਰਾ ਮਿਲ ਜਾਂਦਾ। ਉਹ ਸਾਨੂੰ ਪਿਆਰ ਵੀ ਬਹੁਤ ਕਰਦੇ ਸਨ। ਉਹ ਸਾਡੇ ਲਈ ਘਰ ਦੇ ਖੁਲ੍ਹੇ ਵਿਹੜੇ ਵਿੱਚ ਹੀ ਇੱਕ ਪਾਸੇ ਗੰਨੇ, ਮੂਲੀਆਂ, ਸ਼ਲਗਮ, ਗਾਜਰਾਂ ਬੀਜ ਛੱਡਦੇ। ਸਾਡੀ ਪਿੰਡ ਫੇਰੀ ਦੌਰਾਨ ਅਸੀਂ ਘਰ ਦੀਆਂ ਇਹ ਚੀਜ਼ਾਂ ਖਾ ਕੇ ਬਹੁਤ ਖੁਸ਼ ਹੁੰਦੇ। ਬਾਕੀ ਅਗਲੇ ਭਾਗ ਵਿਚ -----------

Please log in to comment.

Next Part: ਪਿੰਡ ਦੀ ਯਾਦ (ਭਾਗ 2)

ਸ਼ਾਮ ਵੇਲੇ ਸਾਡੇ ਘਰ ਵੱਡੇ ਨਿੰਮ ਥੱਲੇ ਗੱਲਾਂ ਬਾਤਾਂ ਦੀ ਮਹਿਫ਼ਿਲ ਲੱਗਦੀ ਜਿਸ ਵਿਚ ਸਾਡੇ ਤਾਏ ਚਾਚਿਆਂ ਦੇ ਬੱਚਿਆਂ ਤੋਂ...

Please Install App To Read This Part