ਬਹੁਤ ਵਰਿਆਂ ਬਾਅਦ ਜਦ ਵਤਨ ਪਰਤਿਆ ਤਾਂ ਮਨ ਆਪਣੇ ਜੱਦੀ ਸ਼ਹਿਰ ਨੂੰ ਵੇਖਣ ਲਈ ਓਦਰਿਆ ਪਿਆ ਸੀ। ਜਦ ਦੋ ਚਾਰ ਦਿਨਾਂ ਬਾਅਦ ਥਕੇਵਾਂ ਲਹਿ ਗਿਆ ਤਾਂ ਭਰਾ ਨੂੰ ਕਿਹਾ ਚੱਲ ਯਾਰ ਪਹਿਲਾਂ ਦੀ ਤਰ੍ਹਾਂ ਸ਼ਾਮ ਦੀ ਸੈਰ ਕਰਨ ਚੱਲਦੇ ਹਾਂ ਤਾਂ ਉਸਨੇ ਥੋੜ੍ਹਾ ਰੁਝੇ ਹੋਣ ਤੇ ਤਬੀਅਤ ਨਾਸਾਜ਼ ਹੋਣ ਵਿਖਿਆਨ ਕੀਤਾ। ਪਰ ਨਾਲ ਹੀ ਕਿਹਾ ਕਿ ਜੇਕਰ ਸੈਰ ਹੀ ਕਰਨੀ ਆਂ ਤਾਂ ਆਪਣੇ ਭਤੀਜੇ ਨੂੰ ਨਾਲ ਲੈ ਜਾ। ਤੇ ਫਿਰ ਉਸ ਆਪਣੇ ਬੇਟੇ ਵਿਕਰਮ ਨੂੰ ਮੇਰੇ ਨਾਲ ਤੋਰ ਦਿੱਤਾ। ਅਸੀਂ ਦੋਵੇਂ ਚਾਚਾ ਭਤੀਜਾ ਗੱਲਾਂ ਕਰਦੇ ਨਿੱਕਲ ਪਏ। ਸ਼ਹਿਰ ਦੇ ਮੇਨ ਬਜ਼ਾਰ ਵਿੱਚ ਦੀ ਨਿੱਕਲੇ, ਲਾਈਨ ਬਜ਼ਾਰ ਘੰਟਾਘਰ ਚੌਂਕ ਹੁੰਦੇ ਹੋਏ ਅਸੀਂ ਕੋਰਟ ਰੋਡ ਆ ਗਏ। ਕੋਰਟ ਰੋਡ ਹਮੇਸ਼ਾਂ ਤੋਂ ਹੀ ਸੈਰ ਕਰਨ ਲਈ ਸਾਡੀ ਪਸੰਦੀਦਾ ਸੜਕ ਰਹੀ ਸੀ, ਖੁੱਲੀ ਡੁੱਲੀ, ਛਾਂ ਦਾਰ ਦਰਖੱਤਾਂ ਨਾਲ ਭਰੀ ਹੋਈ। ਰਾਜਿਆਂ ਦੇ ਸਮੇਂ ਦੀਆਂ ਕਈ ਇਮਾਰਤਾਂ ਵੀ ਇਸ ਸੜਕ ਤੇ ਹਨ ਜ਼ੋ ਇਸ ਸੜਕ ਨੂੰ ਹੋਰ ਖ਼ਾਸ ਬਣਾ ਦਿੰਦੀਆਂ ਹਨ ਜਿਵੇਂ ਕਿ ਪੁਰਾਣਾ ਸਿਵਲ ਹਸਪਤਾਲ ਤੇ ਕਚਹਿਰੀ ਦੀਆਂ ਇਮਾਰਤਾਂ। ਅਸੀਂ ਦੋਵੇਂ ਚਾਚਾ ਭਤੀਜਾ ਗੱਲਾਂ ਵਿਚ ਮਸਤ ਜਾ ਰਹੇ ਸਾਂ ਕਿ ਅਚਾਨਕ ਇੱਕ ਜਾਣੀ ਪਛਾਣੀ ਅਵਾਜ਼ ਨੇ ਮੇਰਾ ਧਿਆਨ ਭੰਗ ਕੀਤਾ। ਮੈਨੂੰ ਜਾਪਿਆ ਇਹ ਅਵਾਜ਼ ਕਿਤੇ ਮੈਂ ਸੁਣੀ ਹੋਈ ਹੈ, ਨਾ ਸਿਰਫ਼ ਸੁਣੀ ਹੋਈ ਹੈ ਬਲਕਿ ਇਸ ਨੂੰ ਬਹੁਤ ਨੇੜਿਉਂ ਮਹਿਸੂਸ ਕੀਤਾ ਹੈ, ਨਾ ਸਿਰਫ਼ ਕਦੇ ਇਸ ਨੂੰ ਨੇੜੇ ਤੋਂ ਸੁਣਿਆ ਹੈ ਬਲਕਿ ਇਸ ਅਵਾਜ਼ ਨਾਲ ਮੇਰੇ ਡੂੰਘੇ ਵਾਰਤਾਲਾਪ ਵੀ ਹੋਏ ਹਨ। ਮੈਂ ਗੌਰ ਨਾਲ ਵੇਖਿਆ ਸਾਡੇ ਸਾਹਮਣੇ ਇਕ ਪਰਿਵਾਰ ਜਾ ਰਿਹਾ ਸੀ, ਮੀਆਂ ਬੀਵੀ ਤੇ ਉਨ੍ਹਾਂ ਦੇ ਤਿੰਨ ਬੱਚੇ। ਜਿਨ੍ਹਾਂ ਵਿਚੋਂ ਦੋ ਲੜਕੀਆਂ ਤੇ ਇੱਕ ਲੜਕਾ ਸੀ। ਮੇਰਾ ਧਿਆਨ ਇਸ ਪਰਿਵਾਰ ਦੇ ਮਰਦ ਮੁਖੀ ਦੀ ਕਿ ਅਵਾਜ ਨੇ ਖਿੱਚਿਆ ਸੀ। ਮੈਂ ਆਪਣੇ ਭਤੀਜੇ ਵਿਕਰਮ ਨਾਲ ਗੱਲਾਂ ਬੰਦ ਕਰ ਦਿੱਤੀਆਂ ਤੇ ਉਸ ਨੂੰ ਵੀ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ। ਤੇ ਮੈਂ ਖ਼ੁਦ ਉਸ ਆਦਮੀ ਦੀ ਅਵਾਜ਼ ਵੱਲ ਧਿਆਨ ਦੇ ਕੇ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗਾ ਕਿ ਮੇਰਾ ਵਾਹ ਉਸ ਨਾਲ ਕਿਵੇਂ ਤੇ ਕਦੋਂ ਪਿਆ ਹੈ। ਥੋੜ੍ਹੀ ਦੇਰ ਤੇ ਥੋੜ੍ਹੇ ਯਤਨਾਂ ਤੋਂ ਬਾਅਦ ਹੀ ਸਮਝ ਆ ਗਿਆ ਹੈ ਕਿ ਉਹ ਬਲਜਿੰਦਰ ਸਿੰਘ ਹੈ, ਮੇਰੇ ਕਾਲਜ ਸਮੇਂ ਦਾ ਮੇਰੇ ਤੋਂ ਇੱਕ ਸਾਲ ਸੀਨੀਅਰ। ਅਸਲ ਵਿੱਚ ਮੇਰੇ ਤੇ ਬਲਜਿੰਦਰ ਵਿੱਚ ਦੋਸਤੀ ਵੀ ਸੀ ਤੇ ਮੁਕਾਬਲਾ ਵੀ। ਅਸੀਂ ਦੋਵੇਂ ਆਪੋ ਆਪਣੇ ਵਿਸ਼ਿਆਂ ਦੇ ਮਾਹਰ ਸਾਂ। ਮੈਂ ਐੱਮ.ਏ. ਪੰਜਾਬੀ ਵਿਚ ਦਾਖਲਾ ਲਿਆ ਸੀ ਤੇ ਉਹ ਐੱਮ.ਏ. ਇਕਨੋਮਿਕਸ ਦੇ ਦੂਜੇ ਤੇ ਆਖਰੀ ਵਰ੍ਹੇ ਵਿਚ ਸੀ। ਕਾਲਜ ਵਿੱਚ ਜਦ ਕਦੇ ਵੀ ਭਾਸ਼ਣ ਜਾਂ ਵਾਦ ਵਿਵਾਦ ਮੁਕਾਬਲਾ ਹੁੰਦਾ ਤਾਂ ਸਾਡਾ ਆਪਸ ਵਿੱਚ ਸਾਹਮਣਾ ਜ਼ਰੂਰ ਹੁੰਦਾ। ਇਹਨਾਂ ਮੁਕਾਬਲਿਆਂ ਵਿੱਚ ਇੱਕ ਦੂਜੇ ਦੇ ਮੁਕਾਬਲੇ ਤੇ ਹੋ ਕੇ ਵੀ ਸਾਡੀ ਦੋਸਤੀ ਹੋ ਗਈ ਸੀ। ਮੈਨੂੰ ਉਸ ਦੀ ਵੱਧਦੀ ਅਬਾਦੀ ਤੇ ਦਿੱਤੀ ਸਪੀਚ ਅੱਜ ਤੱਕ ਯਾਦ ਹੈ ਜਿਸ ਵਿਚ ਉਸ ਨੇ ਇਸ ਸਮੱਸਿਆਂ ਨੂੰ ਸਾਡੇ ਦੇਸ਼ ਦੀ ਸਭ ਤੋਂ ਗੰਭੀਰ ਸਮੱਸਿਆ ਦੱਸਿਆ ਸੀ। ਉਸ ਨੇ ਤੱਥਾਂ ਨਾਲ ਇਸ ਗੱਲ ਨੂੰ ਸਾਬਤ ਕਰ ਦਿੱਤਾ ਸੀ ਕਿ ਦੇਸ਼ ਦੀ ਤਰੱਕੀ ਜਾਂ ਖੁਸ਼ਹਾਲੀ ਸਿਰਫ਼ ਔਰ ਸਿਰਫ਼ ਵੱਧਦੀ ਹੋਈ ਅਬਾਦੀ ਨੂੰ ਰੋਕ ਕੇ ਹੀ ਸੰਭਵ ਹੈ। ਇਸ ਨੂੰ ਰੋਕਣ ਲਈ ਉਸ ਨੇ ਸੁਝਾਅ ਦਿੱਤਾ ਸੀ ਕਿ ਹਰੇਕ ਭਾਰਤੀ ਜੋੜਾ ਸਿਰਫ਼ ਔਰ ਸਿਰਫ਼ ਇੱਕ ਹੀ ਬੱਚੇ ਨੂੰ ਪਹਿਲ ਦੇਵੇ, ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ। ਉਸ ਮੁਤਾਬਿਕ ਇੱਕ ਜੋੜੇ ਪਿੱਛੇ ਇੱਕ ਬੱਚਾ ਹੌਲੀ ਹੌਲੀ ਅਬਾਦੀ ਦੀ ਗਿਣਤੀ ਨੂੰ ਘਟਾਉਣ ਵੱਲ ਲੈ ਜਾਵੇਗਾ। ਤੇ ਇਹ ਵਿਚਾਰ ਠੀਕ ਵੀ ਸੀ। ਇਹ ਭਾਸ਼ਣ ਮੁਕਾਬਲਾ ਬਲਜਿੰਦਰ ਨੇ ਜਿੱਤਿਆ ਸੀ ਹਰ ਵਾਰ ਦੀ ਤਰ੍ਹਾਂ। ਮੈਂ ਚੰਗਾ ਮੁਕਾਬਲਾ ਦੇਣ ਦੇ ਬਾਵਜੂਦ ਉਸ ਦੇ ਚੰਗੇ ਵਿਚਾਰਾਂ ਤੇ ਸ਼ੈਲੀ ਕਰਕੇ ਦੂਜੇ ਨੰਬਰ ਤੇ ਰਹਿ ਜਾਂਦਾ ਸਾਂ। ਉਸ ਸ਼ਾਮ ਜਦ ਮੁਕਾਬਲੇ ਤੋਂ ਬਾਅਦ ਅਸੀਂ ਦੋਸਤ ਮਿੱਤਰ ਪਾਰਟੀ ਕਰ ਰਹੇ ਸਾਂ ਤਾਂ ਬਲਜਿੰਦਰ ਨੇ ਐਲਾਨ ਕੀਤਾ ਸੀ ਕਿ ਅੱਵਲ ਤਾਂ ਉਹ ਵਿਆਹ ਕਰਵਾਏਗਾ ਹੀ ਨਹੀਂ ਪਰ ਜੇਕਰ ਜ਼ਿੰਦਗੀ ਦੀ ਜੰਗ ਵਿੱਚ ਵਿਆਹ ਵਰਗੇ ਮੁਹਾਜ਼ ਦਾ ਸਾਹਮਣਾ ਕਰਨਾ ਵੀ ਪਿਆ ਤਾਂ ਉਹ ਇੱਕ ਹੀ ਬੱਚੇ ਨੂੰ ਤਰਜੀਹ ਦੇਵੇਗਾ। ਉਸ ਨੇ ਯਾਰਾਂ ਦੋਸਤਾਂ ਨੂੰ ਵੀ ਨਸੀਹਤ ਕੀਤੀ ਕਿ ਉਹ ਵੀ ਇਸ ਮਾਮਲੇ ਵਿਚ ਸੰਜਮ ਵਰਤਣ ਇੱਕ ਜਾਂ ਵੱਧ ਤੋਂ ਵੱਧ ਦੋ ਬੱਚੇ। ਅਲਬੱਤਾ ਉਸ ਨੇ ਉਨ੍ਹਾਂ ਦੋਸਤਾਂ ਤੋਂ ਯਾਰੀ ਤੋੜਨ ਦਾ ਵੀ ਫੈਸਲਾ ਕੀਤਾ ਜ਼ੋ ਭਵਿੱਖ ਵਿੱਚ ਇਸ ਗੱਲ ਤੇ ਅਮਲ ਨਹੀਂ ਕਰਨਗੇ। ਬਲਜਿੰਦਰ ਆਪਣੀ ਕਹਿਣੀ ਤੇ ਕਰਨੀ ਦਾ ਬੜਾ ਪੱਕਾ ਸੀ। ਆਉਣ ਵਾਲੇ ਸਮੇਂ ਵਿੱਚ ਕੁਝ ਅਜਿਹਾ ਹੀ ਉਸ ਬਾਰੇ ਸੁਣਨ ਨੂੰ ਮਿਲਿਆ, ਸਾਡੇ ਪਿੰਡਾਂ ਵਾਲੇ ਦੋਸਤ ਜਿਨ੍ਹਾਂ ਵਿਚੋਂ ਕੁਝ ਇਕ ਸਾਡੇ ਨਾਲ ਪੜ੍ਹਨ ਸਮੇਂ ਤੋਂ ਹੀ ਵਿਆਹੇ ਵਰੇ ਸਨ ਦੇ ਘਰ ਜਦ ਪੁਤਰ ਦੀ ਚਾਹਤ ਸਦਕਾ ਤੀਜੇ ਜੀਅ ਨੇ ਜਨਮ ਲਿਆ ਤਾਂ ਉਸ ਨੇ ਸਚਮੁੱਚ ਅਜਿਹੇ ਸਭ ਦੋਸਤਾਂ ਤੋਂ ਨਾਤਾ ਤੋੜ ਲਿਆ। ਉਹ ਅਜਿਹੇ ਲੋਕਾਂ ਦੀ ਤੁਲਨਾ ਉਨ੍ਹਾਂ ਜਾਨਵਰਾਂ ਨਾਲ ਕਰਦਾ ਸੀ ਜ਼ੋ ਬਿਨਾਂ ਸੋਚੇ ਸਮਝੇ ਬੱਚਿਆਂ ਨੂੰ ਜਨਮ ਦੇਈ ਜਾਂਦੇ ਹਨ। ਅਜਿਹੇ ਹੀ ਦੋਸਤਾਂ ਦੀ ਨਿੱਘਰਦੀ ਜਾਂਦੀ ਆਰਥਿਕ ਹਾਲਤ ਨੂੰ ਦੇਖ ਕੇ ਵੀ ਉਹ ਹਮਦਰਦੀ ਦੀ ਥਾਂ ਤੇ ਤਨਜ਼ ਹੀ ਕਰਦਾ ਸੀ ਤੇ ਕਹਿੰਦਾ ਸੀ ਕਿ ਉਹ ਆਪਣੀ ਕਰਨੀ ਦੇ ਖ਼ੁਦ ਜ਼ਿੰਮੇਵਾਰ ਹਨ। ਫਿਰ ਉਹ ਉਚ ਵਿਦਿਆ ਲਈ ਯੂਨੀਵਰਸਿਟੀ ਚਲਾ ਗਿਆ ਤੇ ਮੈਂ ਐੱਮ.ਏ. ਕਰਨ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੀਆਂ ਨੌਕਰੀਆਂ ਤੇ ਠੋਕਰਾਂ ਖਾਣ ਤੋਂ ਬਾਅਦ ਸਕਿੱਲਡ ਮਾਈਗ੍ਰੇਸ਼ਨ ਤੇ ਅਸਟ੍ਰੇਲੀਆ। ਫਿਰ ਉਥੋਂ ਦਾ ਹੀ ਨਾਗਰਿਕ ਬਣ ਗਿਆ। ਮੈਂ ਕਦੇ ਕਦਾਈਂ ਤਿੰਨ ਚਾਰ ਵਰ੍ਹਿਆਂ ਬਾਅਦ ਵਤਨ ਵਾਪਸੀ ਕਰਦਾ ਪਰ ਤਰ੍ਹਾਂ ਤਰ੍ਹਾਂ ਦੇ ਘਰੇਲੂ ਤੇ ਪਰਵਾਰਿਕ ਮਸਲਿਆਂ ਵਿੱਚ ਉਲਝਿਆ, ਸਿਰਫ਼ ਸੀਮਤ ਜਿਹੇ ਦੋਸਤਾਂ ਨੂੰ ਮਿਲ ਵਾਪਸ ਪਰਤ ਜਾਂਦਾ ਰਿਹਾ। ਬਲਜਿੰਦਰ ਨਾਲ ਮੇਰੀ ਮੁਲਾਕਾਤ ਕਾਲਜ ਛੱਡਣ ਤੋਂ ਬਾਅਦ ਕਦੇ ਨਾ ਹੋਈ। ਪਰ ਬਲਜਿੰਦਰ ਦੀ ਸੋਚ ਤੇ ਵਿਚਾਰ ਮੇਰੇ ਜ਼ਿਹਨ ਵਿਚ ਹਮੇਸ਼ਾ ਮੇਰੇ ਨਾਲ ਰਹੇ। ਇਸੇ ਕਰਕੇ ਜਦ ਮੈਂ ਆਪਣੀ ਜੀਵਨ ਯਾਤਰਾ ਆਪਣੀ ਪਤਨੀ ਨਾਲ ਸ਼ੁਰੂ ਕੀਤੀ ਤਾਂ ਮੇਰੇ ਜ਼ਿਹਨ ਵਿਚ ਇਕ ਬੱਚੇ ਵਾਲੇ ਪਰਿਵਾਰ ਦੀ ਤਸਵੀਰ ਸੀ। ਇਸੇ ਕਰਕੇ ਕਈ ਵਰ੍ਹੇ ਅਸੀਂ ਮੇਰੀ ਬੇਟੀ ਨਾਲ ਹੀ ਪਰਿਵਾਰ ਨੂੰ ਸੰਪੂਰਨ ਸਮਝਦੇ ਰਹੇ। ਪਰ ਬਾਅਦ ਵਾਲੇ ਸਾਲਾਂ ਵਿਚ ਮੇਰੀ ਪਤਨੀ ਨੂੰ ਇਹ ਵਹਿਮ ਘਰ ਕਰ ਗਿਆ ਕਿ ਜੇਕਰ ਕਿਧਰੇ ਸਾਨੂੰ ਦੋਹਾਂ ਪਤੀ ਪਤਨੀ ਨੂੰ ਕੁਝ ਹੋ ਗਿਆ ਤਾਂ ਬੱਚੇ ਦਾ ਕੋਈ ਆਪਣਾ ਭੈਣ ਭਰਾ ਜ਼ਰੂਰ ਹੋਣਾ ਚਾਹੀਦਾ ਹੈ। ਉਸ ਨੇ ਕਿਸੇ ਹੱਦ ਤਕ ਦਲੀਲਾਂ ਦੇ ਕੇ ਮੈਨੂੰ ਵੀ ਇਕ ਦੂਸਰੇ ਬੱਚੇ ਦਾ ਪਿਤਾ ਬਣਨ ਲਈ ਤਿਆਰ ਕਰ ਲਿਆ। ਪਰ ਫਿਰ ਵੀ ਮੈਂ ਸਪੱਸ਼ਟ ਸ਼ਬਦਾਂ ਵਿੱਚ ਪਤਨੀ ਨੂੰ ਸਮਝਾ ਦਿੱਤਾ ਕਿ ਜੇਕਰ ਦੂਸਰਾ ਬੱਚਾ ਵੀ ਬੇਟੀ ਹੀ ਹੋਇਆ ਤਾਂ ਉਹ ਇਸਨੂੰ ਸਵੀਕਾਰ ਕਰੇਗੀ ਅਤੇ ਕੋਈ ਮਾਨਸਿਕ ਤਣਾਓ ਨਹੀਂ ਲਵੇਗੀ। ਅਸਲ ਵਿੱਚ ਮੈਂ ਇਹ ਪੱਕ ਕਰ ਲੈਣਾ ਚਾਹੁੰਦਾ ਸਾਂ ਕਿ ਉਹ ਇਸ ਦੂਜੇ ਬੱਚੇ ਦਾ ਚਾਂਸ ਇੱਕ ਬੇਟੇ ਦੀ ਪ੍ਰਾਪਤੀ ਲਈ ਤਾਂ ਨਹੀਂ ਲੈ ਰਹੀ। ਖੈਰ ਬੇਟੀ ਦੇ ਜਨਮ ਤੋਂ ਅੱਠ ਵਰ੍ਹਿਆਂ ਬਾਅਦ ਸਾਡੇ ਘਰ ਸਾਡਾ ਬੇਟਾ ਆ ਗਿਆ ਤੇ ਸਾਡਾ ਪਰਿਵਾਰ ਪੂਰਨ ਤੌਰ ਤੇ ਮੁਕੰਮਲ ਹੋ ਗਿਆ। ਮੈਂ ਹਮੇਸ਼ਾ ਇਹ ਸੋਚਦਾ ਸਾਂ ਕਿ ਜੇਕਰ ਕਿਧਰੇ ਬਲਜਿੰਦਰ ਮਿਲਿਆ ਤਾਂ ਮੈਂ ਉਸ ਨੂੰ ਖਿੜੇ ਮੱਥੇ ਮਿਲ ਸਕਾਂ। ਤੇ ਅੱਜ ਉਹ ਏਨੇ ਵਰਿਆਂ ਬਾਅਦ ਮੈਨੂੰ ਨਜ਼ਰ ਆਇਆ ਸੀ। ਉਹ ਵੀ ਆਪਣੇ ਭਰੇ ਪੂਰੇ ਪਰਿਵਾਰ ਨਾਲ। ਜਿਸ ਵਿਚ ਤਿੰਨ ਬੱਚੇ ਸਨ। ਦੋ ਵੱਡੀਆਂ ਲੜਕੀਆਂ ਸਨ ਤੇ ਸਭ ਤੋਂ ਛੋਟਾ ਲੜਕਾ। ਮੈਂ ਸੋਚ ਰਿਹਾ ਸਾਂ ਕਿ ਜ਼ਰੂਰ ਬੇਟੇ ਦੀ ਚਾਹਤ ਸਦਕਾ ਹੀ ਉਨ੍ਹਾਂ ਦਾ ਪਰਿਵਾਰ ਤਿੰਨ ਬੱਚਿਆਂ ਵਾਲਾ ਪਰਿਵਾਰ ਬਣ ਗਿਆ ਸੀ। ਪੈਂਦੀ ਸੱਟੇ ਮੇਰਾ ਦਿਲ ਕੀਤਾ ਮੈਂ ਬਲਜਿੰਦਰ ਨੂੰ ਇਸ ਚੱਲਦੀ ਸੜਕ ਤੇ ਹੀ ਰੋਕ ਲਵਾਂ ਤੇ ਇਸ ਤਿੰਨ ਬੱਚਿਆਂ ਵਾਲੇ " ਸੁਖੀ ਪਰਿਵਾਰ " ਬਾਰੇ ਪੁੱਛਾਂ ਤੇ ਇਸ ਦੀ ਖ਼ੂਬ ਖੁੰਬ ਠੱਪਾਂ ਕਿ ਕਿਵੇਂ ਤੂੰ ਬਾਕੀ ਦੋਸਤਾਂ ਦਾ ਮਜ਼ਾਕ ਉਡਾਇਆ ਕਰਦਾ ਸੀ। ਪਰ ਪਤਾ ਨਹੀਂ ਮੈਂ ਕੀ ਸੋਚ ਕਿ ਚੁੱਪ ਹੀ ਰਿਹਾ, ਸ਼ਾਇਦ ਸੜਕ ਤੇ ਸੈਰ ਕਰਦੇ ਲੋਕਾਂ ਨੂੰ ਦੇਖ ਕੇ ਜਾਂ ਫਿਰ ਉਸਦੀ ਪਤਨੀ ਤੇ ਬੱਚਿਆਂ ਨੂੰ ਵੇਖ ਕੇ। " ਚਾਚਾ ਜੀ ਕਿਹੜੀ ਦੁਨੀਆਂ ਵਿੱਚ ਗੁਆਚ ਗਏ? " ਤੁਸੀਂ ਤਾਂ ਚੁੱਪਚਾਪ ਹੀ ਹੋ ਗਏ। " ਐਸਾ ਕੁਸ਼ ਨਹੀਂ ਵਿਕਰਮ ਅਸਲ ਵਿੱਚ ਇਸ ਪਰਿਵਾਰ ਨੂੰ ਵੇਖ ਕੇ ਕੁਝ ਯਾਦ ਆ ਗਿਆ ਸੀ" ਮੈਂ ਵਿਕਰਮ ਨੂੰ ਅੱਗੇ ਜਾਂਦੇ ਬਲਜਿੰਦਰ ਤੇ ਉਸ ਦੇ ਪਰਿਵਾਰ ਵੱਲ ਇਸ਼ਾਰਾ ਕਰਕੇ ਕਿਹਾ। " ਓ ਇਹ ਤਾਂ ਚਾਚਾ ਜੀ ਬਲਜਿੰਦਰ ਸਰ ਦਾ ਪਰਿਵਾਰ ਹੈ, ਸਾਨੂੰ ਇਕਨੋਮਿਕਸ ਪੜਾਉਂਦੇ ਨੇ।" ਵਿਕਰਮ ਨੇ ਦੱਬੀ ਹੋਈ ਅਵਾਜ਼ ਨਾਲ ਕਿਹਾ ਤਾਂ ਜ਼ੋ ਅੱਗੇ ਜਾ ਰਹੇ ਪਰਿਵਾਰ ਦੇ ਕੰਨੀਂ ਗੱਲ ਨਾ ਪਵੇ ਕਿ ਅਸੀਂ ਉਨ੍ਹਾਂ ਬਾਰੇ ਗੱਲ ਕਰ ਰਹੇ ਹਾਂ। " ਅੱਛਾ ਤੇ ਬਲਜਿੰਦਰ ਹੁਣ ਇੱਥੇ ਤੁਹਾਡੇ ਕਾਲਜ ਤੁਹਾਨੂੰ ਪੜਾਉਂਦਾ।" ਮੈਂ ਹੈਰਾਨੀ ਨਾਲ ਪਰ ਹੌਲੀ ਆਵਾਜ਼ ਵਿੱਚ ਆਪਣੇ ਭਤੀਜੇ ਵਿਕਰਮ ਨੂੰ ਪੁੱਛਿਆ। " ਜੀ ਜੀ ਚਾਚਾ ਜੀ, ਤੁਸੀਂ ਜਾਣਦੇ ਹੋ ਏਨਾ ਨੂੰ।" ਵਿਕਰਮ ਮੇਰੇ ਮੂੰਹੋਂ ਬਲਜਿੰਦਰ ਦਾ ਬੇਤੁਕੱਲਫੀ ਨਾਲ ਲਿਆ ਨਾਂ ਸੁਣ ਕੇ ਹੈਰਾਨ ਸੀ। " ਹਾਂ ਮੈਂ ਜਾਣਦਾ ਬਲਜਿੰਦਰ ਨੂੰ, ਕਾਲਜ ਪੜ੍ਹਨ ਸਮੇਂ ਇਹ ਮੇਰੇ ਤੋਂ ਇੱਕ ਸਾਲ ਸੀਨੀਅਰ ਹੁੰਦਾ ਸੀ।" ਮੈਂ ਵਿਕਰਮ ਦੀ ਸ਼ੰਕਾ ਦਾ ਨਿਵਾਰਣ ਕੀਤਾ। " ਜੇ ਮਿਲਣਾ ਤਾਂ ਚਾਚਾ ਜੀ ਮੈਂ ਆਵਾਜ਼ ਦੇਵਾਂ!" ਵਿਕਰਮ ਨੇ ਮੇਰੀ ਰਾਇ ਪੁੱਛੀ। " ਨਹੀਂ ਵਿਕਰਮ ਮੈਂ ਇਸਦੇ ਘਰ ਦਾ ਪਤਾ ਕਰਾ ਕੇ ਇਸ ਨੂੰ ਇਸਦੇ ਘਰ ਹੀ ਜਾ ਕੇ ਮਿਲਾਂਗਾ, ਬਹੁਤ ਸਾਰੀਆਂ ਗੱਲਾਂ ਕਰਨੀਆਂ ਮੈਂ ਬਲਜਿੰਦਰ ਨਾਲ।" ਮੈਂ ਵਿਕਰਮ ਨੂੰ ਬਲਜਿੰਦਰ ਨਾਲ ਬਾਅਦ ਵਿਚ ਮਿਲਣ ਲਈ ਦੱਸਿਆ। " ਪਤਾ ਕਰਵਾਉਣ ਦੀ ਕੋਈ ਲੋੜ ਨਹੀਂ ਮੈਂ ਬਲਜਿੰਦਰ ਸਰ ਦਾ ਘਰ ਜਾਣਦਾ, ਮੈਂ ਇੱਕ ਦੋ ਵਾਰ ਗਿਆ ਸਰ ਦੇ ਘਰ।" ਵਿਕਰਮ ਨੇ ਮੇਰੀ ਬਲਜਿੰਦਰ ਦੇ ਘਰ ਲੱਭਣ ਦੀ ਚਿੰਤਾ ਖਤਮ ਕਰਦਿਆਂ ਕਿਹਾ। " ਚੱਲ ਫਿਰ ਠੀਕ ਆ ਇਸ ਐਤਵਾਰ ਮੈਨੂੰ ਛੱਡ ਕੇ ਆਈਂ ਆਪਣੇਂ ਸਰ ਦੇ ਘਰੇ।" ਮੈਂ ਆਪਣੇ ਸਰ ਸ਼ਬਦ ਤੇ ਵਧੇਰੇ ਜ਼ੋਰ ਦੇ ਕੇ ਹੱਸਦੇ ਹੋਏ ਕਿਹਾ। " ਜ਼ਰੂਰ ਚਾਚਾ ਜੀ।" ਉਸਤੋਂ ਬਾਅਦ ਅਸੀਂ ਅਗਲੇ ਮੋੜ ਤੋਂ ਹੋਰ ਸੜਕ ਤੇ ਮੁੜ ਗਏ। ਬਾਕੀ ਅਗਲੇ ਭਾਗ ਵਿੱਚ ------------
Please log in to comment.
ਅਗਲੇ ਦੋ ਦਿਨ ਮੈਂ ਬੜੀ ਮੁਸ਼ਕਲ ਨਾਲ ਕੱਢੇ। ਮੈਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸਾਂ ਕਿ ਕਦ ਐਤਵਾਰ ਆਏ...
Please Install App To Read This Part