** ਕਰਮ ** ਯਮਲੋਕ ਵਿੱਚ ਯਮਰਾਜ ਤੇ ਲੇਖਾਕਾਰ ਚਿੱਤਰਗੁਪਤ ਬੈਠੇ ਹੋਏ ਸਨ ਤੇ ਸਾਹਮਣੇ ਮਨੁੱਖੀ ਜਾਮੇ ਵਿੱਚ ਉਮਰ ਭੋਗ ਕੇ ਆਈਆਂ ਮਨੁੱਖੀ ਆਤਮਾਵਾਂ ਦੀ ਇੱਕ ਲੰਮੀ ਕਤਾਰ ਲੱਗੀ ਹੋਈ ਸੀ। ਚਿੱਤਰਗੁਪਤ ਆਪਣੇ ਸੂਖਮ ਰਿਕਾਰਡ ਵਿੱਚੋਂ ਉਨ੍ਹਾਂ ਦੇ ਕਰਮਾਂ ਦਾ ਲੇਖਾ ਜੋਖਾ ਘੋਖ ਕੇ ਯਮਰਾਜ ਨਾਲ ਸਾਝਾਂ ਕਰ ਰਿਹਾ ਸੀ ਤਾਂ ਜੋ ਇਨ੍ਹਾਂ ਆਤਮਾਵਾਂ ਨੂੰ ਢੁੱਕਵੇਂ ਇਨਾਮ (ਸਵਰਗ) ਜਾਂ ਢੁੱਕਵੀਂ ਸਜ਼ਾ (ਨਰਕ) ਦਿੱਤੇ ਜਾ ਸਕਣ। ਇਸ ਤਰ੍ਹਾਂ ਆਪਣੇ ਕਰਮਾਂ ਦੇ ਅਨੁਸਾਰ ਮਨੁੱਖੀ ਆਤਮਾਵਾਂ ਆਪਣੇ ਕਰਮਾਂ ਦਾ ਫਲ (ਸਵਰਗ ਜਾਂ ਨਰਕ) ਪ੍ਰਾਪਤ ਕਰ ਕੇ ਕਤਾਰ ਵਿੱਚੋਂ ਨਿਕਲਦੀਆਂ ਜਾ ਰਹੀਆਂ ਸੀ। ਸਵੇਰ ਤੋਂ ਸ਼ਾਮ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਬਣੀ ਕਤਾਰ ਖਤਮ ਹੋ ਗਈ। ਯਮਰਾਜ, "ਚਿੱਤਰਗੁਪਤ, ਸਵੇਰ ਤੋਂ ਲੱਗੇ ਹਾਂ ਕੰਮ ਨੂੰ ਹੁਣ ਅਰਾਮ ਕਰ ਲਈਏ ਥੱਕ ਗਏ ਹਾਂ, ਕੋਈ ਨਾ ਕੋਈ ਤਾਂ ਆਈ ਹੀ ਜਾਣਾ ਹੈ"। ਚਿੱਤਰਗੁਪਤ, "ਮਹਾਰਾਜ, ਠੀਕ ਹੈ ਪਰ ਉਹ ਵੇਖੋ ਆਪਣੇ ਯਮਦੂਤ ਦੋ ਮਨੁੱਖੀ ਆਤਮਾਵਾਂ ਨੂੰ ਲੈ ਕੇ ਆ ਰਹੇ ਹਨ, ਉਨ੍ਹਾਂ ਦਾ ਨਿਬੇੜਾ ਵੀ ਕਰ ਹੀ ਲਈਏ"। ਯਮਰਾਜ ਥੱਕਿਆ ਮਹਿਸੂਸ ਕਰਦੇ ਹੋਏ, " ਠੀਕ ਹੈ ਚਿੱਤਰਗੁਪਤ, ਆਉਣ ਦਿਉ ਇਨ੍ਹਾਂ ਨੂੰ ਵੀ""। ਯਮਦੂਤ ਦੋਵੇ ਮਨੁੱਖੀ ਆਤਮਾਵਾਂ ਨੂੰ ਯਮਰਾਜ ਤੇ ਚਿੱਤਰਗੁਪਤ ਸਾਹਮਣੇ ਖਲੋਣ ਲਈ ਕਹਿ ਕੇ ਚਲਾ ਗਏ। ਯਮਰਾਜ, "ਦਸ ਬਈ ਚਿੱਤਰਗੁਪਤ ਇਨ੍ਹਾਂ ਦਾ ਲੇਖਾ ਜੋਖਾ ਫਿਰ"। ਚਿੱਤਰਗੁਪਤ, "ਮਹਾਰਾਜ, ਦੋਵਾਂ ਦੇ ਜੇਕਰ ਸਿਰਫ 5 ਹੋਰ ਚੰਗੇ ਕਰਮ ਹੁੰਦੇ ਤਾਂ ਇਨ੍ਹਾਂ ਨੇ ਸਵਰਗ ਚ ਚਲੇ ਜਾਣਾ ਸੀ ਪਰ ਹੁਣ ਚੰਗੇ ਕਰਮ ਘੱਟਣ ਕਾਰਨ ਇਨ੍ਹਾਂ ਦੋਵਾਂ ਨੂੰ ਨਰਕ ਵਿੱਚ ਜਾਣਾ ਪਵੇਗਾ"। ਯਮਰਾਜ, "ਚਿੱਤਰਗੁਪਤ, ਬਹੁਤ ਥੋੜਾ ਫਰਕ ਹੈ, ਇੱਕ ਵਾਰ ਫਿਰ ਰਿਕਾਰਡ ਦੇਖ ਲਓ, ਸ਼ਾਇਦ ਸਵਰਗ ਦੇ ਭਾਗੀ ਬਣ ਹੀ ਜਾਣ"। ਚਿੱਤਰਗੁਪਤ ਆਪਣੇ ਅਕਾਸ਼ੀ ਰਿਕਾਰਡ ਨੂੰ ਵੇਖਦੇ ਹੋਏ , "ਹਾਂਜੀ ਮਹਾਰਾਜ, ਇਹ ਧਿਆਨਯੋਗ ਹੈ ਕੀ ਦੋਵਾਂ ਦੀ ਲੋਕਾਂ ਦੁਆਰਾ ਬਹੁਤ ਪ੍ਰਸੰਸਾ ਕੀਤੀ ਗਈ ਹੈ। ਇੱਕ ਮਨੁੱਖੀ ਆਤਮਾ ਦੀ 20 ਵਾਰ ਲੋਕਾਂ ਦੁਆਰਾ ਪ੍ਰਸੰਸਾ ਹੋਈ ਹੈ ਤੇ ਦੂਜੀ ਮਨੁੱਖੀ ਆਤਮਾ ਦੀ 50 ਵਾਰ ਪ੍ਰਸੰਸਾ ਹੋਈ ਹੈ"। ਯਮਰਾਜ, "ਠੀਕ ਹੈ, ਫਿਰ ਤਾਂ ਦੋਵੇਂ ਹੀ ਸਵਰਗ ਦੇ ਭਾਗੀ ਹੋ ਗਏ"। ਚਿੱਤਰਗੁਪਤ ਥੋੜ੍ਹਾ ਸੋਚਦੇ ਹੋਏ, "ਪਰ ਮਹਾਰਾਜ, ਇੱਕ ਛੋਟੀ ਜਿਹੀ ਗੱਲ ਹੋਰ ਹੈ"। ਯਮਰਾਜ, "ਉਹ ਕੀ?"। ਚਿੱਤਰਗੁਪਤ, "ਜਿਸਦੀ ਲੋਕਾਂ ਦੁਆਰਾ 50 ਵਾਰ ਪ੍ਰਸੰਸਾ ਹੋਈ ਹੈ ਉਸਦੀ ਮੂੰਹ ਤੇ ਹੋਈ ਹੈ ਤੇ ਜਿਸਦੀ 20 ਵਾਰ ਉਸਦੀ ਪਿੱਠ ਪਿੱਛੇ"। ਯਮਰਾਜ ਹਸਦਿਆ, "ਚਿੱਤਰਗੁਪਤ, ਇਹ ਛੋਟੀ ਗੱਲ ਨਹੀ ਹੈ। ਜਿਸਦੀ ਪਿੱਠ ਪਿਛੇ ਪ੍ਰਸੰਸਾ ਹੋਵੇ ਉਹ ਪ੍ਰਸੰਸਾ ਉਸਦੇ ਚੰਗੇ ਕੰਮਾਂ ਦੀ ਨਿਸ਼ਾਨੀ ਹੁੰਦੀ ਹੈ ਤੇ ਇਹ ਚੰਗੇ ਕਰਮਾਂ ਵਿੱਚ ਜੁੜਦਾ ਹੈ ਤੇ ਜਿਸਦੀ ਮੂੰਹ ਤੇ ਪ੍ਰਸੰਸਾ ਹੋਵੇ ਉਸਨੂੰ ਚਾਪਲੂਸੀ ਕਹਿੰਦੇ ਹਨ ਉਹ ਪ੍ਰਸੰਸਾ ਨਹੀ ਹੁੰਦੀ ਉਹ ਲੋਕਾਂ ਦਾ ਆਪਣਾ ਸਵਾਰਥ ਪੂਰਾ ਕਰਨ ਦਾ ਜਰੀਆ ਹੁੰਦਾ ਹੈ ਤੇ ਇਹ ਚੰਗੇ ਕਰਮਾ ਵਿੱਚ ਨਹੀ ਜੁੜਦਾ। ਇਸ ਲਈ ਪਿੱਠ ਪਿਛੇ ਹੋਈ 20 ਵਾਰ ਪ੍ਰਸੰਸਾ ਵਾਲੀ ਆਤਮਾ ਦੇ ਚੰਗੇ ਕਰਮ ਵੱਧ ਗਏ ਹਨ ਤੇ ਉਹ ਸਵਰਗ ਦਾ ਭਾਗੀ ਬਣ ਗਿਆ ਹੈ। ਜਿਸਦੀ 50 ਵਾਰ ਮੂੰਹ ਤੇ ਪ੍ਰਸੰਸਾ ਹੋਈ ਹੈ ਉਹ ਆਪਣੇ ਚੰਗੇ ਕਰਮ ਘੱਟਣ ਕਾਰਨ ਨਰਕ ਦਾ ਭਾਗੀ ਬਣ ਗਿਆ ਹੈ"। ਚਿੱਤਰਗੁਪਤ ਖੁਸ਼ ਹੁੰਦਿਆ ਹੋਇਆਂ, "ਮਹਾਰਾਜ, ਬਹੁਤ ਵਧੀਆ ਨਿਆਂ ਕੀਤਾ ਹੈ ਤੁਸੀ"। ਕਿਹਾ ਜਾ ਸਕਦਾ ਹੈ ਕਿ ਕਈ ਵਾਰ ਸਾਡੇ ਕੀਤੇ ਛੋਟੇ-ਮੋਟੇ ਚੰਗੇ ਕੰਮ ਵੀ ਸਾਡੇ ਭਵਿੱਖਤ ਨਤੀਜਿਆਂ ਨੂੰ ਬਦਲ ਸਕਦੇ ਹਨ। --- ਜਸਬੀਰ ਥਿੰਦ
Please log in to comment.