Kalam Kalam
Profile Image
Jasbir Singh
1 day ago

<< ਸਲੀਕਾ >>

*ਸਲੀਕਾ* ਆਰਵ ਕੈਨੇਡਾ ਤੋ ਆਇਆ ਹੋਇਆ ਸੀ। ਰਵਗੁਣ ਤੇ ਅਭੀ ਨੇ ਆਰਵ ਦੇ ਘਰ ਉਸ ਨੂੰ ਮਿਲਣ ਜਾਣ ਲਈ ਫੋਨ ਤੇ ਸਲਾਹ ਕੀਤੀ। ਹਾਲੇ ਕਿ ਰਵਗੁਣ ਤੇ ਅਭੀ ਨੂੰ ਆਪਸ ਵਿੱਚ ਮਿਲਿਆ ਵੀ ਕਾਫੀ ਸਮਾਂ ਹੋ ਗਿਆ ਸੀ ਭਾਵੇਂ ਕਿ ਦੋਵੇਂ ਜ਼ਿਆਦਾ ਦੂਰ ਨਹੀ ਰਹਿੰਦੇ ਸੀ। ਆਰਵ, ਅਭੀ ਤੇ ਰਵਗੁਣ ਤਿੰਨੇ ਕਾਲਜ ਸਮੇ ਤੋਂ ਦੋਸਤ ਸੀ। ਆਰਵ ਬਹੁਤ ਸਿਆਣਾ ਤੇ ਸ਼ੁਰੂ ਤੋ ਬਾਹਰਲੇ ਦੇਸ਼ ਜਾਣ ਦਾ ਸ਼ੌਕੀਨ ਸੀ ਤੇ ਉਸਦੇ ਮਾਤਾ ਪਿਤਾ ਨੇ ਉਸਦੇ ਸ਼ੌੰਕ ਨੂੰ ਪੂਰਾ ਕਰ ਉਸ ਨੂੰ ਕੈਨੇਡਾ ਭੇਜ ਦਿੱਤਾ ਤੇ ਉਹ ਹੁਣ ਕੈਨੇਡਾ ਦਾ ਪੱਕਾ ਵਾਸੀ ਬਣ ਚੁੱਕਾ ਸੀ। ਆਰਵ ਨੇ ਕਈ ਵਾਰ ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਆਪਣੇ ਦੇਸ਼ ਦੀ ਮਿੱਟੀ ਦਾ ਮੋਹ ਨਹੀ ਛੱਡਿਆ। ਰਵਗੁਣ ਸਰਕਾਰੀ ਕਰਮਚਾਰੀ ਬਣ ਗਿਆ ਸੀ। ਅਭੀ ਨੇ ਆਪਣੇ ਪਿਤਾ ਦੇ ਬਿਜ਼ਨਸ ਨੂੰ ਅਪਨਾ ਲਿਆ ਸੀ। ਤਿੰਨੇ ਦੋਸਤ ਹੁਣ ਪਰਿਵਾਰਕ ਤੇ ਜਿੰਮੇਵਾਰੀਆਂ ਵਾਲੇ ਹੋ ਗਏ ਸੀ। ਆਰਵ ਦਾ ਘਰ ਲਗਭਗ 35 ਕੁ ਕਿਲੋਮੀਟਰ ਦੂਰ ਸੀ। ਆਰਵ ਨਾਲ ਮਿਥੇ ਦਿਨ ਅਭੀ ਤੇ ਰਵਗੁਣ ਸਵੇਰੇ 10 ਵਜੇ ਦੇ ਕਰੀਬ ਆਰਵ ਘਰ ਪਹੁੰਚ ਗਏ। ਆਰਵ ਤੇ ਉਸਦਾ ਪਰਿਵਾਰ ਅਭੀ ਤੇ ਰਵਗੁਣ ਨੂੰ ਬਹੁਤ ਗਰਮਜੋਸ਼ੀ ਨਾਲ ਮਿਲੇ। ਤਿੰਨੇ ਦੋਸਤ ਤੇ ਆਰਵ ਦੇ ਪਿਤਾ ਡਰਾਇੰਗ ਰੂਮ ਵਿੱਚ ਬੈਠ ਗਏ। ਆਰਵ ਦੇ ਪਿਤਾ, "ਹੋਰ ਕਿਵੇ ਹੋ ਮੁੰਡਿੳ ?"। ਅਭੀ ਤੇ ਰਵਗੁਣ, "ਸਭ ਠੀਕ ਠਾਕ ਹੈ, ਅੰਕਲ ਜੀ ?"। ਆਰਵ ਦੇ ਪਿਤਾ, "ਹੋਰ ਪਰਿਵਾਰ ਦੇ ਮੈੰਬਰਾਂ ਬਾਰੇ ਦਸੋ ?"। ਅਭੀ ਨੇ ਥੋੜ੍ਹਾ ਜ਼ੋਰ ਦੇ ਕੇ ਤੇ ਹੰਕਾਰ ਨਾਲ ਕਿਹਾ, "ਅੰਕਲ ਮੇਰੇ ਪਰਿਵਾਰ ਵਿੱਚ ਪਤਨੀ ਤੇ ਦੋ ਬੱਚੇ ਹਨ। ਮਾ-ਬਾਪ ਵੀ ਮੇਰੇ ਕੋਲ ਰਹਿੰਦੇ ਨੇ"। ਰਵਗੁਣ ਨੇ ਅਰਾਮ ਨਾਲ ਤੇ ਬੜੇ ਸਲੀਕੇ ਨਾਲ ਕਿਹਾ , "ਅੰਕਲ ਮੇਰੇ ਪਰਿਵਾਰ ਵਿੱਚ ਪਤਨੀ ਦੋ ਬੱਚੇ ਤੇ ਮਾ-ਬਾਪ ਹਨ। ਅਸੀ ਸਾਰੇ ਮਾ-ਬਾਪ ਕੋਲ ਰਹਿੰਦੇ ਹਾਂ"। ਆਰਵ ਦਾ ਪਿਤਾ ਥੋੜ੍ਹਾ ਮੁਸਕਰਾਇਆ। ਰਵਗੁਣ ਦੇ ਜਵਾਬ ਨਾਲ ਅਭੀ ਨੂੰ ਥੋੜ੍ਹਾ ਉਪਰਾ ਮਹਿਸੂਸ ਹੋਇਆ। ਅਭੀ ਨੇ ਮਨ ਚ ਗੁੱਸਾ ਵੀ ਕੀਤਾ। ਆਰਵ ਨੇ ਵੀ ਇਹ ਗੱਲ ਭਾਂਪ ਲਈ। ਕੁਝ ਸਮੇ ਬਾਅਦ ਆਰਵ ਦੇ ਪਿਤਾ ਦੂਜੇ ਕਮਰੇ ਵਿੱਚ ਚਲੇ ਗਏ ਤੇ ਤਿੰਨੇ ਦੋਸਤ ਆਪਣੀਆਂ ਗੱਲਾ ਵਿੱਚ ਰੁਝ ਗਏ। ਪਹਿਲਾਂ ਚਾਹ ਪਾਣੀ ਪੀਤਾ ਤੇ ਦੋ ਕੁ ਘੰਟੇ ਬਾਅਦ ਰੋਟੀ ਖਾਦੀ। ਤਿੰਨਾਂ ਨੇ ਖੂਬ ਗੱਲਾ ਕੀਤੀਆਂ। ਸ਼ਾਮੀ ਪੰਜ ਕੁ ਵਜੇ ਅਭੀ ਤੇ ਰਵਗੁਣ, ਆਰਵ ਦੇ ਘਰੋਂ ਵਾਪਸੀ ਲਈ ਤੁਰ ਪਏ। ਰਸਤੇ ਵਿੱਚ ਅਭੀ ਨੇ ਰਵਗੁਣ ਨਾਲ ਮਨ ਚ ਰੱਖੀ ਗਲ ਸਬੰਧੀ ਕੋਈ ਗੱਲ ਨਹੀ ਕੀਤੀ ਪਰ ਮਨ ਵਿੱਚ ਗੁੱਸਾ ਜ਼ਰੂਰ ਰੱਖਿਆ। ਸ਼ਾਮੀ ਆਰਵ ਤੇ ਉਸਦੇ ਪਿਤਾ ਰੋਟੀ ਖਾਣ ਲਈ ਡਾਈਨਿੰਗ ਟੇਬਲ ਤੇ ਬੈਠ ਹੋਏ ਸੀ। ਆਰਵ, "ਪਾਪਾ, ਤੁਸੀ ਸਵੇਰੇ ਅਭੀ ਤੇ ਰਵਗੁਣ ਦੀ ਗੱਲ ਤੋਂ ਕੀ ਸੋਚਦੇ ਹੋ ਗੱਲ ਤਾ ਇੱਕ ਹੀ ਸੀ"। ਆਰਵ ਦੇ ਪਿਤਾ, " ਪੁੱਤਰ, ਗੱਲ ਤਾ ਇੱਕ ਕਹੀ ਦੋਵਾਂ ਨੇ ਪਰ ਉਨ੍ਹਾਂ ਦੇ ਕਹਿਣ ਦਾ ਸਲੀਕਾ ਉਨਾਂ ਦੇ ਆਪਣੇ ਮਾਤਾ ਪਿਤਾ ਪ੍ਰਤੀ ਸੁਭਾਅ ਤੇ ਸੰਸਕਾਰ ਦਰਸਾਉਦਾ ਸੀ। ਅਭੀ ਦੀ ਗੱਲ ਵਿੱਚ ਹੰਕਾਰ ਸੀ ਕਿ ਮਾਤਾ ਪਿਤਾ ਮੇਰੇ ਕੋਲ ਰਹਿੰਦੇ ਨੇ। ਹਾਲੇ ਕਿ ਜਿਹੜਾ ਬਿਜ਼ਨਸ ਉਹ ਕਰ ਰਿਹਾ ਉਹ ਉਸਦੇ ਪਿਤਾ ਦੀ ਦੇਣ ਹੈ। ਰਵਗੁਣ ਦੀ ਗੱਲ ਵਿੱਚ ਉਸਦੇ ਆਪਣੇ ਮਾਤਾ ਪਿਤਾ ਪ੍ਰਤੀ ਸੰਸਕਾਰ (ਮਾਤਾ ਪਿਤਾ ਤੋਂ ਪ੍ਰਾਪਤ ਗੁਣ) ਸੀ, ਭਾਵੇਂ ਉਹ ਸਰਕਾਰੀ ਨੌਕਰੀ ਕਰਦਾ ਸੀ ਪਰ ਉਸਨੇ ਆਪਣੇ ਮਾਤਾ ਪਿਤਾ ਨੂੰ ਅੱਗੇ ਰੱਖਿਆ ਕਿ ਮੈਂ ਆਪਣੇ ਮਾਤਾ ਪਿਤਾ ਕੋਲ ਰਹਿੰਦਾ ਹਾਂ"। ਆਰਵ, "ਅਭੀ ਦਾ ਸੁਭਾਅ ਥੋੜ੍ਹਾ ਵੱਖਰਾ ਹੈ"। ਆਰਵ ਦੇ ਪਿਤਾ, " ਪੁੱਤਰ, ਆਦਮੀ ਦੇ ਸੰਸਕਾਰ ਤੇ ਸੁਭਾਅ ਉਸਦੀਆਂ ਗੱਲਾਂ ਤੋਂ ਪਤਾ ਚੱਲ ਜਾਂਦੇ ਹਨ"। ਆਰਵ ਸੋਚਣ ਲੱਗਾ ਵਾਕੇ ਹੀ ਆਦਮੀ ਨੂੰ ਮਾਤਾ ਪਿਤਾ ਤੋਂ ਮਿਲੇ ਸੰਸਕਾਰ ਤੇ ਵਧੀਆ ਸੁਭਾਅ ਦਾ ਬਿਨਾ ਦਸੇ ਪਤਾ ਚੱਲ ਜਾਂਦਾ ਹੈ। -- ਜਸਬੀਰ ਥਿੰਦ

Please log in to comment.

More Stories You May Like