ਮਿੰਨੀ ਕਹਾਣੀ < ਹੌਸਲੇ ਦੀ ਉਡਾਨ > ਕਾਲਜ ਵਰਦੀ ਵਿੱਚ ਸਕੂਲ ਦਾ ਗੇਟ ਵੜਦਿਆਂ ਹੀ ਜਸਪਾਲ ਦੇ ਮਨ ਵਿੱਚ ਯਾਦਾਂ ਦਾ ਹੜ੍ਹ ਆ ਗਿਆ, ਜਿਵੇਂ ਹਰ ਇੱਟ, ਹਰ ਰੁੱਖ ਅਤੇ ਹਰ ਕਲਾਸ ਉਸਨੂੰ ਆਪਣਾ ਅਤੀਤ ਸੁਣਾ ਰਹੀ ਹੋਵੇ। ਜਸਪਾਲ ਦੇ ਚਿਹਰੇ ‘ਤੇ ਵੱਖਰਾ ਹੀ ਨੂਰ ਅਤੇ ਸਕੂਨ ਸੀ, ਉਹੀ ਸਕੂਨ ਜੋ ਸੰਘਰਸ਼ ਤੋਂ ਬਾਅਦ ਮਿਲੀ ਜਿੱਤ ਦਾ ਹੁੰਦਾ ਹੈ। ਹਸੂੰ–ਹਸੂੰ ਕਰਦਾ ਉਸਦਾ ਚਿਹਰਾ ਉਸਦੀ ਅੰਦਰੂਨੀ ਖੁਸ਼ੀ ਦੀ ਗਵਾਹੀ ਦੇ ਰਿਹਾ ਸੀ। ਉਹ ਹਰ ਅਧਿਆਪਕ ਨੂੰ ਇਉਂ ਮਿਲੀ, ਜਿਵੇਂ ਕੋਈ ਆਪਣੇ ਬਹੁਤ ਨੇੜਲੇ ਰਿਸ਼ਤੇਦਾਰ ਨੂੰ ਮਿਲਦਾ ਹੋਵੇ। ਉਸਦੀਆਂ ਅੱਖਾਂ ਵਿੱਚ ਆਦਰ, ਚਿਹਰੇ ‘ਤੇ ਚਮਕ ਅਤੇ ਮਨ ਵਿੱਚ ਅਹਿਸਾਨਮੰਦੀ ਸੀ। ਅਧਿਆਪਕ ਵੀ ਉਸਨੂੰ ਮਾਣ ਨਾਲ ਮਿਲੇ, ਜਿਵੇਂ ਉਹਨਾਂ ਦੀ ਮਿਹਨਤ ਅੱਜ ਸਾਕਾਰ ਹੋ ਗਈ ਹੋਵੇ। ਜਸਪਾਲ ਨੂੰ ਅੰਦਰੋਂ ਇੱਕ ਅਜੀਬ ਜਿਹੀ ਸ਼ਕਤੀ ਮਹਿਸੂਸ ਹੋ ਰਹੀ ਸੀ, ਉਹੀ ਸ਼ਕਤੀ ਜੋ ਵਿਸ਼ਵਾਸ ਅਤੇ ਹੌਸਲੇ ਤੋਂ ਜਨਮ ਲੈਂਦੀ ਹੈ। ਉਹ ਸੋਚ ਰਹੀ ਸੀ ਕਿ ਉਹ ਅੱਜ ਉਸੀ ਜਗ੍ਹਾ ਖੜੀ ਹੈ, ਜਿੱਥੋਂ ਤਿੰਨ ਸਾਲ ਪਹਿਲਾਂ ਉਸਦੇ ਸੁਪਨਿਆਂ ਨੂੰ ਖੰਭ ਲੱਗੇ ਸਨ, ਅਤੇ ਇਸਦਾ ਸਿਹਰਾ ਪੂਰੀ ਤਰ੍ਹਾਂ ਉਸਦੇ ਅਧਿਆਪਕਾਂ ਸਿਰ ਸੀ। ਜੇ ਬਾਰਵੀਂ ਵਿੱਚ ਉਸਨੂੰ ਅਤੇ ਉਸਦੇ ਮਾਪਿਆਂ ਨੂੰ ਉਚੇਰੀ ਪੜ੍ਹਾਈ ਲਈ ਅਧਿਆਪਕਾਂ ਨੇ ਹੌਸਲਾ ਨਾ ਦਿੱਤਾ ਹੁੰਦਾ, ਤਾਂ ਸ਼ਾਇਦ ਉਸਦੀ ਪੜ੍ਹਾਈ ਬਾਰਵੀਂ ਤੱਕ ਹੀ ਸੀਮਿਤ ਰਹਿ ਜਾਂਦੀ। ਉਸਨੂੰ ਯਾਦ ਆਇਆ—ਕਿਸੇ ਅਧਿਆਪਕ ਨੇ ਕਿਹਾ ਸੀ, “ਜਸਪਾਲ, ਤੇਰੇ ਸੁਪਨੇ ਸਿਰਫ਼ ਤੇਰੇ ਪਿੰਡ ਤੱਕ ਸੀਮਿਤ ਨਹੀਂ ਰਹਿਣੇ ਚਾਹੀਦੇ"। ਕਿਸੇ ਹੋਰ ਨੇ ਰਾਹ ਦਿਖਾਇਆ ਸੀ, “ਜੇ ਪਿੰਡਾਂ ਦੇ ਬੱਚੇ ਪੜ੍ਹਨ ਲੱਗ ਜਾਣ, ਤਾਂ ਸ਼ਹਿਰਾਂ ਦੇ ਬੱਚਿਆਂ ਨੂੰ ਵੀ ਪਿੱਛੇ ਛੱਡ ਸਕਦੇ ਨੇ"। ਕਿਸੇ ਨੇ ਚੁੱਪਚਾਪ ਉਸਦੀ ਸਮਰੱਥਾ ‘ਤੇ ਭਰੋਸਾ ਕਰਦਿਆਂ ਕਿਹਾ ਸੀ, “ਕਾਲਜ ਦੀ ਪੜ੍ਹਾਈ ਔਖੀ ਲੱਗੇਗੀ, ਪਰ ਤੂੰ ਕਰ ਲਵੇਂਗੀ"। ਜਸਪਾਲ ਬਹੁਤ ਹੁਸ਼ਿਆਰ ਵਿਦਿਆਰਥਣ ਸੀ, ਅਤੇ ਹਰ ਅਧਿਆਪਕ ਉਸਦੀ ਉਚੇਰੀ ਪੜ੍ਹਾਈ ਦੀ ਕਾਮਨਾ ਕਰਦਾ ਸੀ। ਪਰ ਘਰ ਦੀ ਹਕੀਕਤ ਉਸਦੇ ਸੁਪਨਿਆਂ ਅੱਗੇ ਕੰਧ ਬਣੀ ਹੋਈ ਸੀ—ਆਰਥਿਕ ਤੰਗੀ, ਕਾਲਜ ਦੀ ਫੀਸ, ਆਉਣ-ਜਾਣ ਦਾ ਖਰਚਾ। ਦੋਵੇਂ ਭਰਾਵਾਂ ਦੀ ਚਿੰਤਾ ਵੀ ਜਾਇਜ਼ ਸੀ—ਲੰਮਾ ਪੈਂਡਾ, ਅਣਜਾਣ ਸ਼ਹਿਰ ਅਤੇ ਕਿਸੇ ਕੁੜੀ ਦਾ ਸਾਥ ਨਾ ਹੋਣਾ। ਇਹ ਉਹ ਡਰ ਸਨ ਜੋ ਅਕਸਰ ਕੁੜੀਆਂ ਦੀ ਆਜ਼ਾਦੀ ਦੇ ਆਲੇ–ਦੁਆਲੇ ਅਦਿੱਖ ਕੰਧਾਂ ਖੜ੍ਹੀਆਂ ਕਰ ਦਿੰਦੇ ਹਨ। ਪਰ ਜਸਪਾਲ ਦਾ ਹੌਸਲਾ ਇਨ੍ਹਾਂ ਸਾਰੀਆਂ ਰੁਕਾਵਟਾਂ ਨਾਲੋਂ ਵੱਡਾ ਸੀ। ਅਧਿਆਪਕਾਂ ਨੇ ਜਸਪਾਲ ਦੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਕਾਲਜ ਚ ਦਾਖਲਾ ਤੱਕ ਕਰਵਾ ਦਿੱਤਾ ਸੀ। ਜਸਪਾਲ ਨੇ ਜਿਵੇਂ ਹੀ ਮੰਜ਼ਿਲ ਵੱਲ ਪਹਿਲਾ ਕਦਮ ਰੱਖਿਆ, ਉਸਦੇ ਨਾਲ ਹੋਰ ਕਈ ਕੁੜੀਆਂ ਵੀ ਜੁੜ ਗਈਆਂ—ਉਹੀ ਕੁੜੀਆਂ ਜਿਨ੍ਹਾਂ ਵਿੱਚ ਪੜ੍ਹਾਈ ਦੀ ਚਿਣਗ ਜਸਪਾਲ ਨੂੰ ਦੇਖ ਕੇ ਜਾਗੀ ਸੀ। ਉਹ ਹੌਲੀ-ਹੌਲੀ ਤੁਰਦੀ ਗਈ ਅਤੇ ਰੁਕਾਵਟਾਂ ਨੂੰ ਆਪਣੀਆਂ ਪੌੜੀਆਂ ਬਣਾਉਂਦੀ ਗਈ। ਅੱਜ ਜਸਪਾਲ ਸ਼ਹਿਰ ਦੇ ਮੰਨੇ–ਪ੍ਰਮੰਨੇ ਸਰਕਾਰੀ ਕਾਲਜ ਵਿੱਚ ਬੀ.ਏ. ਤੀਜੇ ਸਾਲ ਦੀ ਵਿਦਿਆਰਥਣ ਸੀ— ਉਸੇ ਕਾਲਜ ਵਿੱਚ, ਜਿੱਥੇ ਦਾਖਲਾ ਲੈਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ (ਭਾਵ ਬਹੁਤ ਚੰਗੇ ਅੰਕ ਪ੍ਰਾਪਤ ਹੋਣ ਤੇ ਦਾਖਲਾ ਮਿਲਦਾ ਸੀ)। ਇੱਕ ਪੇਂਡੂ ਪਿਛੋਕੜ, ਕਮਜ਼ੋਰ ਆਰਥਿਕ ਹਾਲਤ ਅਤੇ ਸੀਮਤ ਪਰਿਵਾਰਕ ਸਹਾਰੇ ਤੋਂ ਉੱਠ ਕੇ ਕਾਲਜ ਤੱਕ ਪਹੁੰਚਣਾ ਆਪਣੇ ਆਪ ਵਿੱਚ ਵੱਡੀ ਉਪਲਬਧੀ ਸੀ। ਕਾਲਜ ਵਿੱਚ—ਚਾਹੇ ਪੜ੍ਹਾਈ ਹੋਵੇ ਜਾਂ ਕੋਈ ਹੋਰ ਗਤੀਵਿਧੀ—ਜਸਪਾਲ ਨੇ ਹਰ ਥਾਂ ਆਪਣੀ ਪਛਾਣ ਬਣਾਈ। ਇਹ ਸਿਰਫ਼ ਡਿਗਰੀ ਦਾ ਸਫ਼ਰ ਨਹੀਂ ਸੀ; ਇਹ ਉਸਦੀ ਸੋਚ, ਸੰਘਰਸ਼ ਅਤੇ ਅਧਿਆਪਕਾਂ ਦੇ ਵਿਸ਼ਵਾਸ ਦੀ ਜਿੱਤ ਸੀ। ਜਸਪਾਲ ਦੀ ਇਹ ਯਾਤਰਾ ਸਾਬਤ ਕਰਦੀ ਹੈ ਕਿ ਜਦੋਂ ਹੌਸਲੇ ਨੂੰ ਸਿੱਖਿਆ ਦਾ ਸਹਾਰਾ ਮਿਲ ਜਾਵੇ, ਤਾਂ ਪੈਂਡੇ ਛੋਟੇ ਹੋ ਜਾਂਦੇ ਹਨ, ਡਰ ਪਿੱਛੇ ਰਹਿ ਜਾਂਦੇ ਹਨ ਅਤੇ ਸੁਪਨੇ ਆਪਣੀ ਮੰਜ਼ਿਲ ਆਪ ਲੱਭ ਲੈਂਦੇ ਹਨ। ਉਸ ਦਿਨ ਜਸਪਾਲ ਨੇ ਸਮਝ ਲਿਆ ਕਿ ਮੰਜ਼ਿਲ ਉਨ੍ਹਾਂ ਨੂੰ ਨਹੀਂ ਮਿਲਦੀ ਜੋ ਰਸਤਾ ਸੌਖਾ ਚੁਣਦੇ ਹਨ, ਸਗੋਂ ਉਨ੍ਹਾਂ ਨੂੰ ਮਿਲਦੀ ਹੈ ਜੋ ਰੁਕਾਵਟਾਂ ਨੂੰ ਪੌੜੀਆਂ ਬਣਾਉਂਦੇ ਹਨ। ਜਸਪਾਲ ਦੀ ਸੋਚਾਂ ਦੀ ਲੜੀ ਖਤਮ ਹੋਈ ਤੇ ਉਸਨੇ ਕਾਫੀ ਸਮਾਂ ਸਕੂਲ ਗੁਜ਼ਾਰਿਆ ਤੇ ਅਧਿਆਪਕਾਂ ਤੋਂ ਘਰ ਲਈ ਵਿਦਾ ਲਈ। ਉਹ ਸਕੂਲ ਤੋਂ ਬਾਹਰ ਨਿਕਲੀ, ਤਾਂ ਉਸਦੀਆਂ ਅੱਖਾਂ ਵਿੱਚ ਨਮੀ ਸੀ—ਪਰ ਇਹ ਹਾਰ ਦੀ ਨਹੀਂ, ਜਿੱਤ ਦੀ ਨਮੀ ਸੀ। ਉਹ ਜਾਣਦੀ ਸੀ ਕਿ ਅਧਿਆਪਕਾਂ ਦੇ ਵਿਸ਼ਵਾਸ ਨੇ ਉਸਨੂੰ ਉੱਡਣ ਦੇ ਖੰਭ ਦਿੱਤੇ ਸਨ। — ਜਸਬੀਰ ਥਿੰਦ
Please log in to comment.