ਸੱਚ ਉਹੀ ਜਾਣਦੀ ਸੀ "ਮਾਂਰਾਜ ਰਾਜ਼ੀ ਰੱਖੇ, ਵਧਾਈਆਂ ਹੋਣ ਭਾਈ ਸਾਰਿਆਂ ਨੂੰ, ਰੱਬ ਨੇ ਜੜ ਲਗਾਈ। ਤਾਂ ਹੀ ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ.... ਪੰਜੀਂ ਸਾਲੀਂ ਕਿਤੇ ਖੁਸ਼ੀਆਂ ਦਾ ਦਿਨ ਆਇਆ ਹੈ ਕਦੋਂ ਦੀ ਉਡੀਕਦੀ ਸੀ। ਵੱਡਾ ਨੇਗ ਲੈ ਕੇ ਜਾਊਂਗੀ।" ਬੰਤੋ ਨੇ ਦਰਵਾਜੇ ਤੇ ਸਿਹਰਾ ਬੰਨਦੇ ਹੋਏ ਕਿਹਾ। "ਲੈ ਪੋਤੇ ਨਾਲੋਂ ਨੇਗ ਚੰਗਾ, ਤੇਰੇ ਲਈ ਤਾਂ ਪਹਿਲਾਂ ਹੀ ਤਿਆਰ ਰੱਖਿਆ ਸਭ ਮੈਂ। ਸਰਦਾਰਨੀ ਨੇ ਨੇਗ ਬੰਤੋ ਦੀ ਝੋਲੀ ਪਾਇਆ। "ਵਾਹ ਸਰਦਾਰਨੀਏ, ਰੱਬ ਵੱਡੀਆ ਉਮਰਾਂ ਵਾਲਾ ਬਣਾਏ।" "ਦੂਰੋਂ ਦੂਰੋਂ ਹੀ ਦੁਆਵਾਂ ਦੇਵੇਗੀ ਕ ਕਾਕੇ ਨੂੰ ਗੋਦੀ ਚੱਕ ਲੋਰੀ ਵੀ ਦਵੇਂਗੀ।" "ਲੈ ਹੱਦ ਹੈ, ਕਾਕਾ ਤੇ ਪਲੂ ਹੀ ਮੇਰੇ ਹੱਥਾਂ ਵਿੱਚ।" ਬੰਤੋ ਨੇ ਨੇਗ ਮੱਥੇ ਨੂੰ ਲਗਾਇਆ ਤੇ ਆਪਣੇ ਝੋਲੇ ਵਿੱਚ ਪਾ ਲਿਆ। "ਆਜਾ ਅੰਦਰ ਆਜਾ।" ਬੰਤੋ ਤੇ ਸਰਦਾਰਨੀ ਅੰਦਰ ਜਾਂਦੀਆ ਨੇ.... ਬੈੱਡ ਤੇ ਸੁਰਜੀਤ ਆਪਣੇ ਨਵ ਜਨਮੇ ਬੱਚੇ ਨਾਲ ਲੇਟੀ ਹੋਈ ਹੈ। "ਸੁਰਜੀਤ ਪੁੱਤ ਵਧਾਈਆਂ ਬਾਹਲੀਆਂ ਸਾਰੀਆਂ.... ਮੈਂ ਕਹਿੰਦੀ ਸੀ ਨਾ ਰੱਬ ਤੇ ਭਰੋਸਾ ਰੱਖ ਰੱਬ ਸੁੰਣੂਗਾ। ਅੱਜ ਤੇਰੀ ਸੁਣ ਲਈ...ਤੈਨੂੰ ਅਧੂਰੀ ਔਰਤ ਤੋਂ ਮਾਂ ਬਣਾ ਕੇ ਸੰਪੂਰਨ ਔਰਤ ਬਣਾ ਦਿੱਤਾ ਹੈ।" ਬੰਤੋ ਨੇ ਸੁਰਜੀਤ ਦੇ ਸਿਰ ਤੇ ਹੱਥ ਰੱਖਿਆ। ਨਾਲ ਹੀ ਕਾਕੇ ਨੂੰ ਚੁੱਕ ਲਿਆ। ਉਸ ਨੂੰ ਖਿਡਾਉਣ ਲੱਗੀ। ਸੁਰਜੀਤ ਹਲਕਾ ਜਿਹਾ ਮੁਸਕਰਾਈ... ਤੇ ਪੰਜ ਸਾਲ ਪਿੱਛੇ ਚਲੀ ਗਈ। ਜਦੋਂ ਵਿਆਹ ਕੇ ਇਸ ਹਵੇਲੀ ਆਈ ਸੀ। ਪਿਓ ਵੀ ਵੱਡਾ ਜਿੰਮੀਦਾਰ ਸੀ ਤੇ ਸਹੁਰਾ ਵੀ। ਲਾਗਲੇ ਪਿੰਡਾ ਵਿੱਚ ਦੋਨਾਂ ਕੁੜਮਾਂ ਦਾ ਪੂਰਾ ਰੋਹਬ ਸੀ। ਇਸ ਹਵੇਲੀ ਦੇ ਇਕਲੌਤੇ ਵਾਰਿਸ ਪ੍ਰਤਾਪ ਨਾਲ ਉਸਦਾ ਵਿਆਹ ਹੋਇਆ ਸੀ। ਵਿਆਹ ਦੀ ਪਹਿਲੀ ਰਾਤ ਹੀ ਪਤਾ ਲੱਗ ਗਿਆ ਸੀ ਕ ਪ੍ਰਤਾਪ ਪੂਰਨ ਮਰਦ ਨਹੀਂ ਹੈ। ਪ੍ਰਤਾਪ ਨੇ ਉਸਨੂੰ ਉਸਦੇ ਪਿਤਾ ਤੇ ਸਹੁਰੇ ਘਰ ਦੀ ਇੱਜ਼ਤ ਖਾਤਰ ਚੁੱਪ ਰਹਿਣ ਨੂੰ ਕਿਹਾ। ਨਾਲ ਹੀ ਉਸਨੇ ਵਾਦਾ ਕੀਤਾ ਕ ਉਹ ਆਪਣਾ ਇਲਾਜ ਕਰਵਾਏਗਾ। ਸੁਰਜੀਤ ਨੇ ਭਰੋਸਾ ਕਰ ਲਿਆ। ਬਸ ਪ੍ਰਤਾਪ ਕਹਿੰਦਾ ਹੀ ਸੀ ਕ ਇਲਾਜ ਕਰਵਾ ਲਵੇਗਾ, ਪਰ ਉਸਨੇ ਕੋਈ ਕਾਹਲ ਨਾ ਦਿਖਾਈ...ਸਾਲ ਗੁਜਰ ਗਿਆ...ਇਧਰ ਹਵੇਲੀ ਵਾਲਿਆਂ ਨੂੰ ਵਾਰਿਸ ਦਾ ਇੰਤਜ਼ਾਰ ਸੀ। ਸਭ ਸੁਰਜੀਤ ਨੂੰ ਆਨੇ ਬਹਾਨੇ ਪੁੱਛਣ ਲੱਗੇ। ਕਰਦੇ ਕਰਦੇ ਦੋ ਸਾਲ ਬੀਤ ਗਏ। ਸੁਰਜੀਤ ਨੇ ਪ੍ਰਤਾਪ ਨੂੰ ਡਾਕਟਰ ਕੋਲ ਜਾਣ ਲਈ ਬਹੁਤ ਜੋਰ ਲਗਾਇਆ। ਪਰ ਪ੍ਰਤਾਪ ਇਸ ਗੱਲ ਦੇ ਬਾਹਰ ਆਉਣ ਤੋਂ ਡਰਦਾ ਨਾ ਗਿਆ। ਅਗਲੇ ਸਾਲ ਸਰਦਾਰਨੀ ਪ੍ਰਤਾਪ ਦਾ ਦੂਜਾ ਵਿਆਹ ਕਰਨ ਦੀ ਗੱਲ ਕਰਨ ਲੱਗੀ। ਹੁਣ ਪ੍ਰਤਾਪ ਬਹਾਨੇ ਬਣਾਉਣ ਲੱਗਾ। "ਮੈਂ ਕਿਹੜਾ ਬੁੱਢਾ ਹੋ ਗਿਆ ਹਾਂ, ਹੋ ਜਾਵੇਗਾ ਬੱਚਾ....ਮੈਨੂੰ ਕੋਈ ਕਾਹਲੀ ਨਹੀ ਹੈ।" ਪ੍ਰਤਾਪ ਮਾਂ ਨੂੰ ਕਹਿੰਦਾ। ਬਾਅਦ ਵਿੱਚ ਸਹਿਣਾ ਸੁਰਜੀਤ ਨੂੰ ਪੈਂਦਾ, ਸਰਦਾਰਨੀ ਕਈ ਕੁਛ ਸੁਣਾਉਂਦੀ। ਅੱਕ ਕੇ ਸੁਰਜੀਤ ਨੇ ਵੀ ਪ੍ਰਤਾਪ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਜਾਂ ਡਾਕਟਰ ਕੋਲ ਚਲੋ ਜਾਂ ਉਹ ਸਭ ਨੂੰ ਸੱਚ ਦੱਸ ਦੇਵੇਗੀ। ਅਖੀਰ ਉਹ ਰਾਜੀ ਹੋ ਗਿਆ, ਡਾਕਟਰ ਨੇ ਕਿਹਾ, ਇਲਾਜ ਨਾਲ ਉਮੀਦ ਤੇ ਹੈ, ਪਰ ਲੰਬਾ ਚਲ ਸਕਦਾ ਹੈ। ਇਹਨਾਂ ਸ਼ੁਰੂ ਕਰਵਾ ਲਿਆ। ਤਿੰਨ ਮਹੀਨੇ ਦੇ ਇਲਾਜ ਦਾ ਕੋਈ ਅਸਰ ਨਹੀਂ ਹੋਇਆ। ਫਿਰ ਤਿੰਨ ਮਹੀਨੇ ਹੋਰ.... ਪਰ ਕੋਈ ਅਸਰ ਨਹੀਂ। ਇਸ ਵਾਰ ਜਦ ਨਰਸ ਪ੍ਰਤਾਪ ਦਾ ਕੋਈ ਟੈਸਟ ਕਰਨ ਲਈ ਅੰਦਰ ਲੈ ਕੇ ਗਈ ਤਾਂ....ਸੁਰਜੀਤ ਨੇ ਡਾਕਟਰ ਨੂੰ ਪੁੱਛਿਆ "ਡਾਕਟਰ ਸਾਬ ਕਿਰਪਾ ਕਰਕੇ ਮੈਨੂੰ ਸੱਚ ਦੱਸੋ ਕਿੰਨੀ ਕ ਉਮੀਦ ਹੈ ਇਹਨਾਂ ਦੇ ਠੀਕ ਹੋਣ ਦੀ?. "ਇਸਦੇ ਬਾਰੇ ਪੱਕਾ ਨਹੀਂ ਕਹਿ ਸਕਦਾ ਪਰ ਉਮੀਦ ਬਹੁਤ ਧੁੰਦਲੀ ਹੈ।" "ਹੋਰ ਕੋਈ ਰਾਹ ਨਹੀਂ ਹੈ ਮੇਰੇ ਮਾਂ ਬਣਨ ਦਾ? "ਜੇ ਥੋੜੀ ਜਿਹੀ ਵੀ ਪ੍ਰੋਗ੍ਰੈਸ ਹੁੰਦੀ ਤਾਂ ਅਸੀਂ ਇਹਨਾਂ ਦਾ ਵੀਰਜ ਤੁਹਾਡੇ ਅੰਦਰ ਰੱਖ ਸਕਦੇ। ਪਰ ਅਜੇ ਇਹ ਵੀ ਨਹੀਂ ਹੋ ਸਕਦਾ।" "ਤੇ ਜੇ ਕਿਸੇ ਹੋਰ ਦਾ ਰੱਖ ਦਿੱਤਾ ਜਾਵੇ.....? "ਇਹ ਕੀ ਕਹਿ ਰਹੇ ਹੋ ਤੁਸੀਂ? ਇਹਦੇ ਲਈ ਤੁਹਾਡੇ ਪਤੀ ਤੇ ਪਰਿਵਾਰ ਦੀ ਸਹਿਮਤੀ ਜਰੂਰੀ ਹੈ।" "ਪਲੀਜ਼ ਡਾਕਟਰ ਮੇਰੀ ਮਦਦ ਕਰੋ.... ਦੁਨੀਆਂ ਦੀ ਨਜਰ ਵਿੱਚ ਉਹ ਬੱਚਾ ਪ੍ਰਤਾਪ ਤੇ ਮੇਰਾ ਹੀ ਹੋਵੇਗਾ। ਇਸ ਬਾਰੇ ਕਿਸੇ ਨੂੰ ਖਬਰ ਨਹੀਂ ਲੱਗੇਗੀ।" ਸੁਰਜੀਤ ਨੇ ਤਰਲਾ ਲਿਆ ਡਾਕਟਰ ਸੋਚਾਂ ਵਿਚ ਪੈ ਗਿਆ। ਸੁਰਜੀਤ ਨੇ ਆਪਣੇ ਵਲੋਂ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹੱਥ ਜੋੜੇ ਮਿੰਨਤਾਂ ਕੀਤੀਆਂ। ਅਖੀਰ ਡਾਕਟਰ ਰਾਜੀ ਹੋ ਗਿਆ। ਤੇ ਉਸਦਾ ਨਤੀਜਾ ਸੀ ਕ ਅੱਜ ਇਹ ਹਵੇਲੀ ਖੁਸ਼ੀਆ ਦੀਆਂ ਲੜੀਆਂ ਨਾਲ ਜਗਮਗਾ ਰਹੀ ਸੀ। ਖੁਸ਼ ਤਾਂ ਉਹ ਵੀ ਬਹੁਤ ਸੀ...ਇਕ ਦਰਦ ਵੀ ਸੀ.... ਮਾਂ ਬਣ ਕੇ ਸੰਪੂਰਨ ਤੇ ਹੋ ਗਈ ਸੀ.... ਪਰ ਔਰਤ ਉਹ ਅਜੇ ਵੀ ਅਧੂਰੀ ਹੀ ਸੀ....ਜਿਸ ਦਾ ਸੱਚ ਸਿਰਫ ਉਹੀ ਜਾਣਦੀ ਸੀ।
Please log in to comment.