ਪਿਓ ਦਾ ਕਹਿਰ ਕਲ੍ ਭੋਗ ਪੈ ਗਿਆ। ਰਿਸ਼ਤੇਦਾਰ ਤੇ ਸਬੰਧੀ ਸਾਰੇ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਕੌਣ ਰੁਕਦਾ ਹੈ ਅਜ ਕਲ੍ ਕਿਸੇ ਕੋਲ । ਕਿਸ ਕੋਲ ਹੈ ਵਾਧੂ ਸਮਾਂ ਕਿਸੇ ਦਾ ਦੁੱਖ ਵੰਡਾਉਣ ਦਾ? ਸੰਤਾ ਸਿੰਘ ਤੇ ਉਸ ਦੀ ਘਰਵਾਲੀ ਦੋਨੋਂ ਹੀ ਰਹਿ ਗਏ ਸਨ, ਆਪਣੀ ਇਕਲੌਤੀ ਧੀ ਕੋਲ, ਉਸਦਾ ਦਰਦ ਵੰਡਾਉਣ ਲਈ। ਹੋਰ ਕੋਈ ਹੈ ਵੀ ਨਹੀ ਂਸੀ। ਕਿਸ ਨੂੰ ਦਰਦ ਸੀ ਸੰਤਾ ਸਿੰਘ ਤੇ ਉਸਦੀ ਘਰਵਾਲੀ ਤੋਂ ਬਿਨਾਂ? ਅੱਜ ਉਸਦੀ ਧੀ ਇਕੱਲੀ ਰਹਿ ਗਈ ਸੀ। ਉਸ ਦਾ ਸੁਹਾਗ ਉਜੜ ਗਿਆ ਸੀ। ਇੱਕ ਦੋਹਤਾ ਮਸਾਂ ਪੰਜ ਕੁ ਸਾਲ ਅਤੇ ਇੱਕ ਦੋਹਤੀ ਸੱਤ ਕੁ ਸਾਲ ਦੀ। ਹੁਣ ਪ੍ਰੀਤੀ ਆਪਣੀ ॥ਿੰਦਗੀ ਕਿਵੇਂ ਕੱਟੇਗੀ? ਕੌਣ ਉਸਦਾ ਸਹਾਰਾ ਬਣੇਗਾ ? ਜਿੰਦਗੀ ਦੇ ਆਖਰੀ ਪੜਾਅ ਤੇ ਆਈ ਇਸ ਬਿਪਤਾ ਨੂੰ ਸਹਿਣ ਦੀ ਸ਼ਕਤੀ ਨਹੀ ਸੀ ਸੰਤਾ ਸਿੰਘ ਕੋਲ। ਉਸ ਨੂੰ ਰੋਂਦੀ ਹੋਈ ਵੈਣ ਪਾਊਂਦੀ ਤੇ ਆਪਣੇ ਵਾਲ ਖਿਲਾਰਦੀ ਧੀ ਦਾ ਚਿਹਰਾ ਯਾਦ ਆਉਂਦਾ। ਕਿਵੇਂ ਕੰਧਾਂ ਨਾਲ ਟੱਕਰਾਂ ਮਾਰਦੀ ਸੀ ਪ੍ਰੀਤੀ। ਏਸ ਮੁਸੀਬਤ ਦਾ ਹੱਲ ਵੀ ਕੋਈ ਨ॥ਰ ਨਹੀਂ ਸੀ ਆਉਂਦਾ। ਪ੍ਰੀਤੀ ਪੜ੍ਹੀ ਲਿਖੀ ਵੀ ਘੱਟ ਹੀ ਸੀ। ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਉਸਨੇ ਉਸਨੁੰ ਬਾਹਰ ਪੜ੍ਹਣ ਲਈ ਨਹੀਂ ਭੇਜਿਆ ਸੀ। ਪ੍ਰੀਤੀ ਪੜ੍ਹਨਾ ਚਾਹੁੰਦੀ ਸੀ। ''ਅਖੇ ਮੈਨੂੰੰ ਚੰਡੀਗੜ੍ਹ ਭੇਜ ਦਿਉ। ਨਹੀਂ ਤਾਂ ਪਟਿਆਲੇ ਮਾਸੀ ਕੋਲ ਰਹਿ ਕੇ ਪੜ੍ ਲੂਂਗੀ ।'' ਪ੍ਰੀਤੀ ਨੇ ਬੜੇ ਤਰਲੇ ਪਾਏ ਪਰ ਉਹ ਨਾ ਮੰਨਿਆ।''ਆਪਾਂ ਸਰਦਾਰ ਲੋਕ ਹਾਂ।ਆਪਾਂ ਕਿਹੜਾ ਧੀਆਂ ਨੂੰ ਨੌਕਰੀ ਲਾਉਣੀ ਹੈ। ਨਾਲੇ ਪੜ੍ਹ ਕੇ ਨੌਕਰੀ ਕਰਦੀ ਚੰਗੀ ਲੱਗੂ ਸਰਦਾਰਾਂ ਦੀ ਧੀ। ਆਪਾਂ ਇਹਦੇ ਵਾਸਤੇ ਕੋਈ ਲੈਂਡਲਾਰਡ ਸਰਦਾਰ ਲਭਾਂਗੇ। ਹਾਂ ਚਿੱਠੀ ਪੱਤਰੀ ਜੋਗਾ ਉਹ ਪੜ੍ਹ ਹੀ ਗਈ ਹੈ'' ਸੰਤਾ ਸਿੰਘ ਹਰ ਇੱਕ ਨੂੰ ਆਪਣੀਆਂ ਦਲੀਲਾਂ ਨਾਲ ਟਾਲ ਦਿੰਦਾ। ਉਸਨੇ ਘਰਵਾਲੀ ਨੂੰ ਵੀ ਝਿੜਕ ਕੇ ਚੁੱਪ ਕਰਵਾ ਦਿੱਤਾ। ਆਪਣੀ ਵੱਡੀ ਸਾਲੀ ਪਟਿਆਲੇ ਵਾਲੀ ਨੂੰ ਵੀ ਆਪਣੀਆਂ ਦਲੀਲਾ ਦੇ ਕੇ ਚੁੱਪ ਕਰਵਾ ਦਿੱਤਾ। ਪ੍ਰੀਤੀ ਤਾਂ ਵਿਚਾਰੀ ਗਊ ਸੀ ਉਸਨੇ ਬਥੇਰੇ ਹੱਥ ਪੈਰ ਮਾਰੇ। ਡੈਡੀ ਕੋਲ ਸਿਫਾਰਿਸ਼ਾਂ ਵੀ ਪਵਾਈਆਂ। ਸਕੂਲੋਂ ਵੱਡੀ ਮਾਸਟਰਨੀ ਵੀ ਸਪੈਸ਼ਲ ਕਹਿਣ ਲਈ ਆਈ ਪਰ ਡੈਡੀ ਨਾ ਮੰਨਿਆਂ। ਵੱਡੀ ਸਰਦਾਰੀ ਤੇ। ਜਿਆਦਾ ਮੁਰੱਬਿਆਂ ਦੀ ਮਾਲਕੀ ਨੇ ਸਲਾਹਾਂ ਤੇ ਪਾਣੀ ਫੇਰ ਦਿੱਤਾ ਤੇ ਪ੍ਰੀਤੀ ਰੋਟੀ ਟੁੱਕ, ਚਾਦਰਾਂ-ਖੇਸਾਂ ਤੇ ਦਰੀਆਂ ਆਦਿ ਵਿੱਚ ਉਲਝ ਗਈ। ਸੰਤਾ ਸਿੰਘ ਨੂੰ ਹੁਣ ਸਿਰਫ ਉਸ ਦਾ ਵਿਆਹ ਹੀ ਨਜਰ ਆਉਦਾ ਸੀ। ਕਈ ਸਰਦਾਰਾਂ ਦੇ ਕਾਕੇ ਦੇਖੇ ਗਏ। ਮੁਰੱਬੇ ਕਿੱਲੇ ਗਿਣੇ ਗਏ।ਟਰੈਕਟਰਾਂ ਦੀ ਗਿਣਤੀ ਤੇ ਹਿੱਸੇ ਆਉਂਦੀ ਜਮੀਨ ਦੇ ਹਿਸਾਬ ਕਿਤਾਬ ਵਿੱਚ ਸੰਤਾ ਸਿੰਘ ਉਲਝਿਆ ਰਿਹਾ। ਆਖਿਰ ਘੱਟ ਜਮੀਨ ਦਾ ਮਾਲਿਕ, ਪੰਜ ਭਰਾਵਾਂ ਚੋਂ ਸਭ ਤੋਂ ਛੋਟਾ, ਇੱਕ ਉੱਚ ਅਹੁਦੇ ਦਾ ਮਾਲਿਕ ਸਰਦਾਰ ਹਰਦੀਪ ਸਿੰਘ ਉਸ ਨੂੰ ਜਚ ਗਿਆ। ਸਰਕਾਰੀ ਠਾਠ ਬਾਠ, ਉੱਚ ਅਧਿਕਾਰੀਆਂ ਤੱਕ ਪਹੁੰਚ ਤੇ ਚੰਡੀਗੜ੍ 'ਚ ਮਿਲੀ ਸਰਕਾਰੀ ਕੋਠੀ ਨੂੰ ਵੇਖ ਕੇ ਸੰਤਾ ਸਿੰਘ ਉਸਨੂੰ ਆਪਣਾ ਜਵਾਈ ਮੰਨ ਬੈਠਾ।ਬੜੇ ਚਾਵਾਂ ਤੇ ਰੀਝਾਂ ਨਾਲ ਉਸਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ। ਸੋਨੇ ਨਾਲ ਲੱਦੀ ਆਪਣੀ ਧੀ ਨੂੰ ਉਸਨੇ ਨਵੀਂ ਨੁੱਕ ਵੱਡੀ ਗੱਡੀ ਦੇਕੇ ਵਿਦਾ ਕੀਤਾ। ਬਾਕੀ ਸਮਾਨ ਲਈ ਉਸਨੇ ਲੱਖਾਂ ਰੁਪਈਆ ਨਕਦ ਦੇ ਦਿੱਤਾ। ਜਦੋਂ ਆਪਣੀ ਧੀ ਨੂੰ ਰਾਜ ਕਰਦੀ ਤੇ ਮਤਾਹਿਤ ਮੁਲਾਜਮਾਂ ਤੇ ਰੋਹਬ ਝਾੜਦੀ ਦੇਖਦਾ ਤਾਂ ਸੰਤਾ ਸਿੰਘ ਆਪਣੀ ਸਿਆਣਪ ਦੇ ਹੀ ਗੁਣ ਗਾਉਂਦਾ। ਜੇ ਉਹ ਧੀ ਨੂੰੰ ਸਕੂਲਾਂ ਕਾਲਜਾਂ ਦੇ ਚੱਕਰ ਵਿੱਚ ਪਾ ਦਿੰਦਾ ਤਾਂ ਸ਼ਾਇਦ ਉਸਨੂੰ ਅਜਿਹਾ ਰਿਸ਼ਤਾ ਨਾ ਮਿਲਦਾ। ਅਚਾਨਕ ਦਿਲ ਦੇ ਦੌਰੇ ਨਾਲ ਹਰਦੀਪ ਸਿੰਘ ਉਹਨਾਂ ਨੂੰ ਸਦਾ ਲਈ ਛੱਡ ਗਿਆ। ਹੁਣ ਸਰਕਾਰੀ ਬੰਗਲਾ ਵੀ ਖੁਸ ਜਾਣਾ ਹੈ। ਸਿਰ ਛੁਪਾਉਣ ਨੂੰ ਉਸ ਕੋਲ ਆਪਣਾ ਕੋਈ ਘਰ ਨਹੀਂ ਹੈ। ਹੁਣ ਪ੍ਰੀਤੀ ਬੱਚਿਆਂ ਦੀ ਪੜ੍ਹਾਈ ਵਧੀਆ ਸਕੂਲ ਵਿੱਚ ਜਾਰੀ ਨਹੀਂ ਰੱਖ ਸਕੇਗੀ। ਮਾਮੂਲੀ ਪੈਨਸ਼ਨ ਨਾਲ ਪਰਿਵਾਰ ਦਾ ਗੁਜਾਰਾ ਕਿਵੇ ਹੋਵੇਗਾ। ਚੰਡੀਗੜ੍ਹ ਦੇ ਤਾਂ ਕਿਰਾਏ ਹੀ ਨਹੀਂ ਮਾਣ। ਜਦੋਂ ਕਲ੍ਹ ਗੱਲਾਂ ਚੱਲੀਆਂ ਤਾਂ ਭੋਗ ਤੇ ਆਏ ਅਫਸਰਾਂ ਨੇ ਦੱਸਿਆ ਸੀ ਕਿ ਅਗਰ ਪ੍ਰੀਤੀ ਬੀ.ਏ. ਹੁੰਦੀ ਤਾਂ ਸਰਕਾਰ ਨੇ ਤਰਸ ਦੇ ਅਧਾਰ ਤੇ ਉਸਨੂੰ ਨੋਕਰੀ ਦੇ ਦੇਣੀ ਸੀ। ਹੁਣ ਉਸਨੂੰ ਦਰਜਾ ਚਾਰ ਦੀ ਨੌਕਰੀ ਹੀ ਮਿਲ ਸਕਦੀ ਹੈ। ਬੱਚੇ ਵੀ ਅਜੇ ਛੋਟੇ ਹਨ ਨਹੀਂ ਤਾਂ ਇੱਕ ਬੱਚੇ ਨੂੰ ਹੁਣ ਨੌਕਰੀ ਮਿਲ ਸਕਦੀ ਸੀ। ਸੰਤਾ ਸਿੰਘ ਨੂੰ ਆਪਣੀ ਰੋਂਦੀ ਹੋਈ ਪ੍ਰੀਤੀ ਇਓ ਲਗਦੀ ਸੀ ਜਿਵੇਂ ਉਹ ਆਪ ਕਹਿ ਰਹੀ ਹੋਵੇ ਡੈਡੀ ਜੇ ਮੈਨੂੰ ਪੜ੍ਹਾਇਆ ਹੁੰਦਾ ਤਾਂ ਮੈ ਅੱਜ ਇਸ ਦੁੱਖ ਦੇ ਪਹਾੜ ਨੂੰ ਸਹਿ ਲੈਂਦੀ। ਇਹਨਾਂ ਬੱਚਿਆਂ ਨੂੰ ਪਿਓ ਦਾ ਪਿਆਰ ਦਿੰਦੀ ਤੇ ਪਿਓ ਬਣ ਕੇ ਵਿਖਾਉਂਦੀ। ਪਰ ਕੀ ਕਰਾਂ ਤੇਰੇ ਸਰਦਾਰੀ ਦੇ ਫੈਸਲੇ ਨੇ ਮੈਨੂੰ ਅਪਾਹਿਜ ਬਣਾ ਦਿੱਤਾ। ਸੰਤਾ ਸਿੰਘ ਨੂੰੰ ਆਪਣੇ ਫੈਸਲੇ ਅਤੇ ਆਪਣੀ ਜਿੱਦ ਤੇ ਬਹੁਤ ਹੀ ਅਫਸੋਸ ਹੋਇਆ। ਉਸਨੂੰ ਲੱਗਿਆ ਕਿ ਜਿੰਨਾਂ ਕਹਿਰ ਰੱਬਨੇ ਉਸਦੀ ਧੀ ਤੇ ਵਰਤਾਇਆ ਹੈ ਉਸ ਨਾਲੋ ਜਿਆਦਾ ਕਹਿਰ ਉਸਨੇ ਆਪਣੀ ਧੀ ਨੂੰ ਨਾ ਪੜ੍ਹਾ ਕੇ ਵਰਤਾਇਆ ਹੈ, ਉਹ ਪਿਉ ਨਹੀਂ ਬਲਕਿ ਧੀ ਦਾ ਦੁਸ਼ਮਨ ਹੈ। ਉਹ ਆਪਣੀ ਦੋਹਤੀ ਨੂੰ ਜਰੂਰ ਪੜ੍ਏਗਾ ਚਾਹੇ ਉਸ ਲਈ ਉਸਨੂੰ ਪਿੰਡ ਛੱਡ ਕੇ ਚੰਡੀਗੜ੍ ਹੀ ਕਿਉਂ ਨਾ ਰਹਿਣਾ ਪਵੇ। ਰਮੇਸ਼ ਸੇਠੀ ਬਾਦਲ ਮੋ 98 766 27 233
Please log in to comment.