ਸੁਖਦੇਵ ਸਿੰਘ ਬਹੁਤ ਹੀ ਮਿਹਨਤੀ ਇਨਸਾਨ ਸੀ।ਹਰ ਰੋਜ਼ ਸਵਖਤੇ ਉੱਠ ਕੇ ਆਪ ਪਸ਼ੂ ਡੰਗਰ ਦਾ ਕਰਦਾ ਬੁੜੀਆਂ ਦੇ ਕੀਤੇ ਤੇ ਤਾਂ ਯਕੀਨ ਹੀ ਨਹੀਂ ਸੀ ਕਰਦਾ। ਮੈਂ ਜਦੋਂ ਸਵੇਰੇ ਉੱਠ ਕੇ ਬਾਹਰ ਆਉਂਦਾ ਤਾਂ ਉਹ ਦੁੱਧ ਦੀ ਢੋਲੀ ਭਰੀ ਜਾਂਦਾ ਹੁੰਦਾ। ਤੇ ਹਰ ਰੋਜ਼ ਮੇਰਾ ਹਾਲ ਚਾਲ ਪੁੱਛਦਾ। ਦੂਰੋਂ ਹੀ ਕਹਿ ਦਿੰਦਾ ਕਿਵੇਂ ਓਂ ਪਟਵਾਰੀ ਸਾਹਬ। ਮੈਂ ਤਾਂ ਦਸ ਵਰ੍ਹਿਆਂ ਦਾ ਰਿਟਾਇਰ ਹੋਇਆ ਸੀ ਪਰ ਉਹ ਮੈਨੂੰ ਅਜੇ ਵੀ ਪਟਵਾਰੀ ਸਾਹਬ ਨਾਂ ਨਾਲ ਬੁਲਾਉਂਦਾ ਸੀ।ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮੈਂ ਜਦ ਬਾਹਰ ਆਇਆ ਤਾਂ ਵੇਖਿਆ ਕਿ ਮੌਸਮ ਬਹੁਤ ਖਰਾਬ ਸੀ।ਪੁਰੇ ਦੀ ਹਵਾ ਪੂਰੀ ਤੇਜ ਚੱਲ ਰਹੀ ਸੀ ਤੇ ਕੋਈ - ਕੋਈ ਕਣੀ ਵੀ ਡਿੱਗ ਰਹੀ ਸੀ। ਮੈਂ ਜਦ ਬਾਹਰ ਆਇਆ ਤਾਂ ਵੇਖਿਆ ਕਿ ਅੱਜ ਵੀ ਸੁਖਦੇਵ ਰੋਜ਼ਾਨਾ ਦੇ ਰੁਟੀਨ ਚ ਦੁੱਧ ਪਾਉਣ ਜਾ ਰਿਹਾ ਸੀ।ਜਦ ਉਸ ਨੇ ਮੈਨੂੰ ਬੁਲਾਇਆ ਤਾਂ ਮੈਂ ਕਿਹਾ ਮੀਂਹ ਹਟੇ ਤੋਂ ਚਲਾ ਜਾਂਦਾ ਇੰਨੀ ਕਾਹਲੀ ਕਾਹਦੀ ਸੀ ਆਜਾ ਮੇਰੇ ਘਰ ਨਾਲੇ ਚਾਹ ਪੀਂਦੇ ਹਾਂ ਤੱਤੀ ਜਿਹੀ।ਪਰ ਉਸ ਨੇ ਕਿਹਾ ਨਹੀਂ ਜੀ ਇੰਨੇ ਚਿਰ ਚ ਤਾਂ ਮੈਂ ਮੁੜ ਵੀ ਆਵਾਂਗਾ। ਹੁਣ ਤਾਂ ਘਰ ਜਾ ਕੇ ਹੀ ਪੀਵਾਂਗੇ ਚਾਹ ਪਾਣੀ। ਮੀਂਹ ਕਾਫੀ ਤੇਜ਼ ਹੋ ਗਿਆ ਸੀ ਤੇ ਸੁਖਦੇਵ ਭਿੱਜਦਾ ਜਾ ਰਿਹਾ ਸੀ। ਜ਼ਿਆਦਾ ਮੀਂਹ ਆਉਂਦਾ ਦੇਖ ਮੈਂ ਵੀ ਅੰਦਰ ਚਲਿਆ ਗਿਆ। ਮੈਂ ਅਜੇ ਪਾਸ਼ਾ ਹੀ ਭਮਾਇਆ ਸੀ ਕਿ ਬਹੁਤ ਜ਼ੋਰ ਨਾਲ ਗਰਜ ਲਿਸ਼ਕ ਦੀ ਆਵਾਜ਼ ਆਈ ਤੇ ਖੰਭੇ ਦੀਆਂ ਤਾਰਾਂ ਨੇ ਪਟਾਕੇ ਪਾ ਦਿੱਤੇ।ਮੇਰੀ ਪਤਨੀ ਨੇ ਕਿਹਾ ਪਰਮਾਤਮਾ ਸੁੱਖ ਰੱਖੀਂ ਆਹ ਤਾਂ ਕਿਸੇ ਦਾ ਨੁਕਸਾਨ ਹੋ ਗਿਆ ਲੱਗਦਾ। ਸੁਖਦੇਵ ਨੇ ਜਾ ਕੇ ਦੁਕਾਨ ਤੇ ਆਪ ਹੀ ਢੋਲੇ ਵਿੱਚ ਦੁੱਧ ਉਲਟਾ ਦਿੱਤਾ ਤੇ ਕੁੱਪੀ ਭਰ ਕੇ ਦੁੱਧ ਦੀ ਫੈਟ ਕੱਢਣ ਵਾਲੀ ਮਸ਼ੀਨ ਵਿੱਚ ਧਰਨ ਲੱਗ ਪਿਆ। ਬੜੀ ਕਾਹਲੀ ਵਿੱਚ ਰਹਿੰਦਾ ਸੀ ਕਿਤੇ ਦੁੱਧ ਵਾਲਾ ਭਾਈ ਟਾਇਮ ਨਾਂ ਲਾ ਦੇਵੇ ਇਸ ਲਈ ਆਪ ਹੀ ਫੈਟ ਲਾਉਣ ਲੱਗ ਜਾਂਦਾ।ਪਰ ਅੱਜ ਜਦੋਂ ਸੁਖਦੇਵ ਕੁੱਪੀ ਮਸ਼ੀਨ ਵਿੱਚ ਧਰਨ ਲੱਗਾ ਤਾਂ ਬਿਜਲੀ ਖੰਭੇ ਤੇ ਡਿੱਗਣ ਕਾਰਨ ਮਸ਼ੀਨ ਵਿੱਚ ਕਰੰਟ ਆ ਗਿਆ ਸੀ ਤੇ ਉਸ ਕਰੰਟ ਨੇ ਸੁਖਦੇਵ ਦੇ ਸਾਰੇ ਸਰੀਰ ਵਿੱਚੋਂ ਅੱਗ ਕੱਢ ਦਿੱਤੀ। ਕਿਉਂਕਿ ਸੁਖਦੇਵ ਦੇ ਕੱਪੜੇ ਗਿੱਲੇ ਸਨ ਇਸ ਲਈ ਜਲਦੀ ਲਾਇਟ ਨੇ ਪਕੜ ਵਿੱਚ ਲੈ ਲਿਆ। ਜਦੋਂ ਦੁੱਧ ਵਾਲੇ ਭਾਈ ਨੂੰ ਖੜਕਾ ਤੇ ਪਹਿਲੀ ਚੀਕ ਸੁਣੀ ਤਾਂ ਉਸ ਨੇ ਰੌਲਾ ਪਾ ਦਿੱਤਾ ਕਿ ਕੀ ਹੋ ਗਿਆ। ਇਹ ਸੁਣ ਕੇ ਅਸੀਂ ਵੀ ਉਹਨਾਂ ਦੇ ਘਰ ਚਲੇ ਗਏ।ਪਰ ਕੋਈ ਕੁਝ ਵੀ ਨਹੀਂ ਕਰ ਪਾ ਰਿਹਾ ਸੀ ਹਰ ਇੱਕ ਚੀਜ਼ ਵਿੱਚ ਕਰੰਟ ਆਇਆ ਹੋਇਆ ਸੀ ਸਾਰੀ ਗਲ਼ੀ ਦੇ ਹਰ ਇੱਕ ਇਲੈਕਟ੍ਰਾਨਿਕ ਚੀਜ਼ ਵਿੱਚ ਕਰੰਟ ਸੀ ਮੈਨੂੰ ਯਾਦ ਆਇਆ ਕਿ ਮੇਰੀ ਮੋਬਾਇਲ ਵਿੱਚ ਗਰਿੱਡ ਦਾ ਨੰਬਰ ਸੀ ਮੈਂ ਫੋਨ ਕਰਕੇ ਲਾਇਟ ਬੰਦ ਕਰਨ ਲਈ ਕਿਹਾ ਤਾਂ ਜਾ ਕੇ ਸੁਖਦੇਵ ਨੂੰ ਮਸ਼ੀਨ ਨੇ ਛੱਡਿਆ। ਉਦੋਂ ਤੱਕ ਉਸ ਦੇ ਸਰੀਰ ਦੇ ਚਿੱਤਰੇ ਉੱਡ ਚੁੱਕੇ ਸਨ। ਐਂਬੂਲੈਂਸ ਬੁਲਾਈ ਤੇ ਸੁਖਦੇਵ ਨੂੰ ਹਸਪਤਾਲ ਪਹੁੰਚਾਇਆ ਗਿਆ।ਪਰ ਉਹਨਾਂ ਨੇ ਸਾਨੂੰ ਹਸਪਤਾਲ ਦੇ ਬਾਰ ਵਿੱਚੋਂ ਹੀ ਵਾਪਸ ਮੋੜ ਦਿੱਤਾ ਕਿ ਭਾਈ ਇਸ ਦੀ ਲਾਸ਼ ਨੂੰ ਨਾ ਰੋਲੋ ਛੇਤੀ ਸੰਸਕਾਰ ਕਰੋ ਇਸ ਦਾ ਇਹ ਸੁਣ ਕੇ ਮੇਰੀ ਰੂਹ ਕੰਬ ਗਈ ਕਿ ਦੋ ਮਿੰਟ ਪਹਿਲਾਂ ਮਿਲੇ ਬੰਦੇ ਦਾ ਇੰਨੀ ਛੇਤੀ ਸੰਸਕਾਰ ਇਹ ਕੀ ਬਣ ਗਿਆ। ਮੈਨੂੰ ਇਸ ਗੱਲ ਦਾ ਅਫਸੋਸ ਸੀ ਕਿ ਮੈਂ ਜ਼ਬਰਦਸਤੀ ਉਸ ਨੂੰ ਘਰ ਕਿਉਂ ਨਾ ਲੈ ਗਿਆ ਕੀ ਪਤਾ ਉਸ ਦੀ ਹੋਣੀ ਟਲ ਜਾਂਦੀ। ਸੁਖਦੇਵ ਦੀ ਉਮਰ ਸਾਰੀ ਚਾਲੀ ਪੰਤਾਲੀ ਸਾਲ ਦੀ ਸੀ ਦੋ ਛੋਟੇ -ਛੋਟੇ ਬੱਚੇ ਸਨ ਇੱਕ ਕੁੜੀ ਤੇ ਇੱਕ ਮੁੰਡਾ। ਪਤਾ ਨੀ ਕਿਸ ਦੇ ਸਹਾਰੇ ਛੱਡ ਗਿਆ ਸੀ ਉਨ੍ਹਾਂ ਨੂੰ ਘਰ ਵਿੱਚ ਉਸ ਦੀ ਪਤਨੀ ਸਮੇਤ ਤਿੰਨ ਜੀਅ ਹੀ ਰਹਿ ਗਏ ਸਨ। ਧੰਨਵਾਦ ਜੀ।
Please log in to comment.