Kalam Kalam

ਆਜ਼ਾਦ

ਪਿੱਪਲ ਥੱਲੇ, ਵੱਡੀ ਦਲਾਨ ਵਿੱਚ ਦਿਆਲਾ ਜੁੱਤੀਆਂ ਗੰਢਦਾ। ਕਿਸੇ ਨੇ ਭਾਵੇਂ ਨਵੀਂ ਜੁੱਤੀ ਬਣਾਉਣੀ ਜਾਂ ਟੁੱਟੀ ਚੱਪਲ ਗਢਾਉਣੀ ਉਸੇ ਵੇਲੇ ਗੰਢ ਦਿੰਦਾ। ਐਨਕ ਦੀ ਇੱਕ ਡੰਡੀ ਨੂੰ ਟੁੱਟਿਆ। ਕਿੰਨੇ ਦਿਨ ਬੀਤ ਗਏ। ਉਖੇ ਸੌਖੇ ਨੱਕ ਤੇ ਟਿਕਾ ਐਨਕ ,ਸ਼ਾਮਾਂ ਦਲਾਨਾਂ ਵਿੱਚ ਆ ਗਿਆ। ਆਹ ਦੇਖੀ ਦਿਆਲਿਆ, ਐਨਕ ਦੀ ਡੰਡੀ ਟੁੱਟ ਗਈ। ਆਹ ਮੋਟਾ ਚੰਗਾ ਧਾਗਾ ਬੰਨ੍ਹ ਦੇ, ਆਪੇ ਗਲੇ ਵਿੱਚ ਲਮਕਾਈ ਰੱਖੂ। ਇਹ ਵੀ ਘਰ ਦੇ ਜੀਆਂ ਵਾਂਗੂੰ ਗੁਆਚੀ। ਫਿਰ ਕਿਧਰੇ ਲੱਭਦੀ ਨਹੀਂ । ਉਹ ਬਹਿ ਜਾ ਸ਼ਾਮ ਸਿਆ ਬਿੰਦ ਝੱਟ। ਉਹ ਵੇਖ ਬਾਹਰ, ਬਲਦ ਖੜਾਂ ਨਾ, ਇਹ ਕਿਸੇ ਨੇ ਸਾਰੀ ਉਮਰ ਵਰਤ ਕੇ ਛੱਡ ਦਿੱਤਾ। ਹੁਣ ਵਿਚਾਰਾ ਬੁੱਢਾ ਜੋ ਹੋ ਗਿਆ ਸੀ। ਆਹ ਉਹਦੇ ਨੱਕ ਵਿੱਚ ਪਾਈ ਨੱਥ ਡਾਢੀ ਤੰਗ ਕਰਦੀ ਸੀ ਉਹਨੂੰ। ਹੁਣੇ ਹੀ ਰੰਬੀ ਨਾਲ ਕੱਟੀ ਆ। ਵਿਚਾਰਾ ਗੁਲਾਮੀ ਤੋਂ ਆਜ਼ਾਦ ਹੋ ਗਿਆ। ਬੜੇ ਨਿਰਦਈ ਨੇ ਲੋਕ, ਸਾਰੀ ਉਮਰ ਕੀਤਾ ਕਰਾਇਆ ਬੁੱਢੇ ਵੇਲੇ ਖੇਹ ਕਰ ਦਿੰਦੇ ਨੇ। ਇੱਕੋ ਦਮ ਸ਼ਾਮੇ ਦਾ ਅਤੀਤ ਉਸਦੇ ਦੁਆਲੇ ਘੁੰਮ ਗਿਆ। ਕੀ ਕੁਝ ਨਹੀਂ ਕੀਤਾ ਔਲਾਦ ਲਈ। ਦਿਲ ਬਥੇਰਾ ਕਰਦਾ। ਬਿੰਦ ਘੜੀ ਕਿਸੇ ਨਾਲ ਗੱਲਾਂ ਕਰਾਂ। ਨੂੰਹ ਪੁੱਤ ਬੁਲਾ ਕੇ ਰਾਜ਼ੀ ਨਹੀਂ। ਦਬੇ ਪੈਰੀ ਕੋਲੋਂ ਲੰਘ ਜਾਂਦੇ ,ਕਿ ਕਿਧਰੇ ਪਾਣੀ ਦੀ ਘੁੱਟ ਨਾ ਮੰਗ ਲਵੇ ।ਬਸ ਇੱਕ ਕੋਨੇ ਮੰਜੇ ਤੇ ਪਿਆ ਰਹਿੰਨਾ।ਨਾਲਦੀ ਨੂੰ ਗੁਜਰਿਆਂ ਵੀ ਵਰੇ ਬੀਤ ਗਏ। ਸੋਚਦਾ ਸੋਚਦਾ ਸ਼ਾਮਾਂ ਗੋਡਿਆਂ ਨੂੰ ਹੱਥ ਪਾ ਖੜਾ ਹੋ ਗਿਆ। ਲਿਆ ਸ਼ਾਮਿਆ ਤੇਰੀ ਐਨਕ ਠੀਕ ਕਰਦਿਆਂ। ਉਹ ਨਾਂ ਦਿਆਲਿਆ, ਅੱਖੋਂ ਅੰਨਾ ਹੀ ਠੀਕ ਹਾਂ , ਜੇ ਅੱਖੋਂ ਦਿਸਦਾ ਰਿਹਾ ਤਾਂ ਦੁੱਖ ਵਧੇਰੇ ਲੱਗਣਗੇ। ਉਪਰਾਪਨ ਬਾਹਲ਼ਾ ਮਹਿਸੂਸ ਹੋਊਗਾ। ਸਾਰਾ ਦਿਨ ਬਸ ਗੁਲਾਮ ਵਾਂਗ ਮੰਜੇ ਨਾਲ ਹੀ ਬੰਨਿਆ ਰਹਿਨਾ। ਜਿਨਾਂ ਨੂੰ ਉਂਗਲ ਫੜ ਤੁਰਨਾ ਸਿਖਾਇਆ। ਅੱਜ ਉਹ ਮੇਰਾ ਹੱਥ ਫੜ ਦੋ ਕਦਮ ਤੁਰਨ ਲਈ ਵੀ ਤਿਆਰ ਨਹੀਂ। ਸ਼ਾਮਾਂ ਟੁੱਟੀ ਐਨਕ ਨੂੰ ਮਰੋੜ ਕੇ ਰਾਹ ਵਿੱਚ ਹੀ ਸੁੱਟ ਗਿਆ। ਜਿਵੇਂ ਬਲਦ ਵਾਂਗੂੰ ,ਆਜ਼ਾਦ ਹੋ ਗਿਆ ਹੋਵੇ। ਕੁਲਵੰਤ ਘੋਲੀਆ 95172-90006

Please log in to comment.