ਅੱਜ ਬਾਪੂ ਦੇ ਚਿਹਰੇ 'ਤੇ ਸਾਫ਼ ਚਿੰਤਾ ਝਲਕ ਰਹੀ ਸੀ।ਵਿਆਹ ਦੇ ਦੋ ਸਾਲ ਬਾਅਦ ਮੈਂ ਪੈਦਾ ਹੋਈ 'ਤੇ ਫੇਰ ਨਿੱਕੀ। ਸ਼ਾਇਦ ਦੋ ਧੀਆਂ ਦੇ ਜੰਮਣ 'ਤੇ ਬਾਪੂ ਨੂੰ ਫਿਕਰ ਜਿਹਾ ਪੈ ਗਿਆ।ਪਤਾ ਨਹੀਂ ਕਿਉਂ ਬਾਪੂ ਦੇ ਮਨ ਵਿੱਚ ਪੁੱਤ ਦੀ ਲਾਲਸਾ ਜ਼ਿਆਦਾ ਸੀ।ਜਦ ਮੈਂ ਪੈਦਾ ਹੋਈ ਤਾਂ ਬਾਪੂ ਨੇ ਚਾਵਾਂ ਨਾਲ ਵਿਹੜੇ ਵਿੱਚ ਨਿੰਮ ਲਗਾ ਦਿੱਤੀ 'ਤੇ ਅੱਜ ਬਾਪੂ ਉਸੇ ਨਿੰਮ ਦੀ ਛਾਵੇਂ ਉਦਾਸ ਬੈਠਾ ਸੀ। ਮਾਂ ਆਪਣੇ ਪੇਕੇ ਪਿੰਡ ਸੀ। ਸਾਨੂੰ ਵੀ ਇਸ ਵਾਰ ਆਸ ਸੀ ,ਕਿ ਮਾਂ ਜਰੂਰ ਵੀਰਾ ਹੀ ਲੈ ਕੇ ਆਵੇਗੀ 'ਤੇ ਫੇਰ ਸੁਨੇਹਾ ਆਇਆ ਕਿ ਧੀ ਪੈਦਾ ਹੋਈ ਏ।ਬਾਪੂ ਤਾਂ ਥਾਏਂ ਹੀ ਸੁੰਨ ਜਿਹਾ ਹੋ ਗਿਆ।ਅੱਖਾਂ ਭਰ ਰੱਬ ਨੂੰ ਤਾਨਾ ਮਾਰਿਆ 'ਰੱਬਾ ਤੇਰਾ ਮੈਂ ਕੀ ਵਗਾੜਿਆ, ਇੱਕ ਪੁੱਤ ਹੀ ਮੰਗਿਆ।ਜੋ ਬੁੱਢੇ ਵੇਲੇ ਸਾਡਾ ਸਹਾਰਾ ਬਣੇ।ਉਸ ਦਿਨ ਬਾਪੂ ਬਹੁਤ ਰੋਇਆ। ਨਿੱਕੀ ਤਾਂ ਸੌਂ ਗਈ ਪਰ ਮੈਨੂੰ ਨੀਂਦ ਨਾ ਆਈ।ਗੁੱਸਾ ਸੀ ਸਮਾਜ ਦੇ ਇਸ ਚਿਹਰੇ 'ਤੇ ਜਿੱਥੇ ਧੀਆਂ ਨੂੰ ਪੁੱਤਰਾਂ ਬਰਾਬਰ ਸਮਝਿਆ ਹੀ ਨਹੀਂ ਜਾਂਦਾ। ਅਚਾਨਕ ਬਾਹਰ ਵਿਹੜੇ ਵਿੱਚ ਖੜਕਾ ਹੋਇਆ ਮੈਂ ਦੌੜ ਕੇ ਗਈ ਤਾਂ ਨਿੰਮ ਦਾ ਟਾਹਣਾ ਟੁੱਟ ਬਾਪੂ ਤੇ ਡਿੱਗ ਗਿਆ।ਜਦ ਮੈਂ ਥੋੜ੍ਹਾ ਹੋਰ ਕੋਲ ਗਈ ਤਾਂ ਮੇਰੀ ਤਾਂਹ ਨਿਕਲ ਗਈ। ਬਾਪੂ ਨੇ ਸਾਡੇ ਪੀਘ ਵਾਲੇ ਰੱਸੇ ਨੂੰ ਗਲੇ ਦਾ ਫੰਦਾ ਬਣਾ ਲਿਆ ਸੀ।ਪਰ ਉਸ ਨਿੰਮ ਦਾ ਟਾਹਣਾ ਟੁੱਟ ਗਿਆ।ਅੱਜ ਸਮਾਜ ਦੀ ਇਸ ਭੈੜੀ ਰੀਤ ਦਾ ਸਤਾਇਆ ਕਮਜ਼ੋਰ ਇਨਸਾਨ ਮੇਰੇ ਸਾਹਮਣੇ ਮੇਰੇ ਬਾਪ ਦੇ ਰੂਪ ਵਿੱਚ ਬੈਠਾ ਸੀ।ਇੱਕ ਜਵਾਨ ਧੀ ਲਈ ਉਸ ਦੇ ਬਾਪ ਤੋਂ ਵਧ ਕੇ ਕੁਝ ਵੀ ਨਹੀਂ ਹੁੰਦਾ।ਮੈਂ 'ਤੇ ਬਾਪੂ ਕਿੰਨਾ ਚਿਰ ਇੱਕ ਦੂਜੇ ਨੂੰ ਗਲਵੱਕੜੀ ਪਾਈ ਰੋਈ ਗਏ।ਥੋੜ੍ਹੀ ਸੁਰਤ ਜਿਹੀ ਸੰਭਲੀ ਤਾਂ ਮੈਂ ਬਾਪੂ ਦਾ ਗਲ ਵਿੱਚ ਪਿਆ ਪਰਨਾ ਫਿਰ ਬਾਪੂ ਦੇ ਸਿਰ ਬੰਨ੍ਹ ਦਿੱਤਾ 'ਤੇ ਕਿਹਾ ਬਾਪੂ ਤੂੰ ਕਿਉਂ ਦੁਖੀ ਹੁੰਦਾ ਏਂ, ਤੂੰ ਸਾਨੂੰ ਧੀਆਂ ਨਾ ਸਮਝ, ਸਗੋਂ ਪੁੱਤ ਹੀ ਸਮਝ ਅਸੀਂ ਕਿਹੜਾ ਤੇਰਾ ਕੁਝ ਵੰਡਾਉਣਾ ਏ।ਮੈਂ 'ਤੇ ਨਿੱਕੀ ਕਿੰਨਾ ਕਿੰਨਾ ਚਿਰ ਪੀਂਘ ਝੂਟਦੀਆਂ ਹਾਂ, ਪਰ ਕਦੇ ਨਿੰਮ ਦਾ ਟਾਹਣਾ ਨਹੀਂ ਟੁੱਟਿਆ।ਪਰ ਅੱਜ ਬਾਪੂ ਤੂੰ ਝੂਟਿਆ ਤਾਂ ਟਾਹਣਾ ਟੁੱਟ ਗਿਆ।ਅੱਜ ਫਿਰ ਆਪਣੇ ਘਰ ਇੱਕ ਕਰੂੰਬਲ ਫੁੱਟੀ ਏ।'ਤੇ ਉਹ ਕਰੂੰਬਲ ਵੱਡੀ ਹੋ ਤੈਨੂੰ ਛਾਂ ਹੀ ਦੇਵੇਗੀ ।ਤੇਰੇ ਗਲ ਦਾ ਫੰਦਾ ਨਹੀਂ ਬਣਦੀ ਬਾਪੂ।ਇਨ੍ਹਾਂ ਕਰੂੰਬਲਾਂ ਨੂੰ ਸਮਾਜ ਦੀ ਭੈੜੀ ਰੀਤ ਪਿੱਛੇ ਨਾ ਪੁੱਟ ਸਗੋਂ ਛਾਵਾਂ ਕਰਨ ਦਾ ਮੌਕਾ ਤਾਂ ਦੇ। ਬਾਪੂ ਨੇ ਘੁੱਟ ਮੈਨੂੰ ਸੀਨੇ ਨਾਲ ਲਾ ਲਿਆ।ਸਵੇਰ ਹੋਈ ਤਾਂ ਬਾਪੂ ਘਰ ਨਹੀਂ ਸੀ, ਪਰ ਵਿਹੜੇ ਵਿੱਚ ਇੱਕ ਨਵਾਂ ਰੁੱਖ ਹੋਰ ਲੱਗ ਗਿਆ ਸੀ । ਕੁਲਵੰਤ ਘੋਲੀਆ 95172-90006
Please log in to comment.