ਬੇਗਾਨੀ ਧਰਤੀ, ਆਪਣਿਆਂ ਤੋਂ ਕੋਹਾਂ ਦੂਰ, ਜ਼ਿੰਦਗੀ ਨਾਲ ਸੰਘਰਸ਼ ਕਰਦੇ ਕਰਦੇ, ਪਤਾ ਹੀ ਨਹੀਂ ਲੱਗਿਆ। ਕਦ ਜਵਾਨੀ ਸੈਟਲ ਹੁੰਦੇ ਅੱਧੋ ਵੱਧ ਲੰਘ ਗਈ। ਪਿੰਡੋਂ ਵਿਦੇਸ਼ ਆਏ ਨੂੰ ਲਗਭਗ ਵੀਹ ਸਾਲ ਹੋ ਗਏ। ਬਹੁਤ ਮਿਹਨਤ ਕੀਤੀ। ਦਿਨ ਰਾਤ ਕੰਮ ਵੀ ਕਰਨਾ ਤੇ ਪੜ੍ਹਾਈ ਵੀ ਕਰਨੀ। ਜਦ ਮਨ ਉਦਾਸ ਹੋ ਜਾਂਦਾ ਤਾਂ ਖਿਆਲਾਂ ਵਿੱਚ ਪਿੰਡ ਆ ਜਾਂਦਾ ।ਬਚਪਨ ਯਾਦ ਕਰਦਾ, ਤਾਂ ਮੇਰਾ ਪੱਕਾ ਆੜੀ ਟੱਲੀ ਯਾਦ ਆ ਜਾਂਦਾ। ਵੈਸੇ ਉਸ ਦਾ ਨਾਂ ਮੰਗਾ ਸੀ, ਉਹ ਸਕੂਲ ਸਾਈਕਲ ਤੇ ਹੀ ਆਉਂਦਾ ਤੇ ਸਾਰੇ ਰਾਹ ਟੱਲੀਆਂ ਮਾਰਦਾ ਜਾਂਦਾ। ਟੱਲੀ ਮਾਰਨਾ ਉਸਦੀ ਆਦਤ ਜਹੀ ਬਣ ਗਈ ਸੀ। ਜਿਸ ਕਰਕੇ ਸਾਰੇ ਉਸਨੂੰ ਟੱਲੀ ਹੀ ਆਖਦੇ। ਮੈਨੂੰ ਚੰਗੀ ਤਰ੍ਹਾਂ ਯਾਦ ਏ। ਜਦ ਟੱਲੀ ਦਾ ਬਾਪੂ ਉਸ ਨੂੰ ਪੰਜਵੀਂ ਕਲਾਸ ਵਿੱਚੋਂ ਹਟਾ ਕੇ ਲੈ ਗਿਆ ।ਪਤਾ ਨਹੀਂ ਕੀ ਮਜਬੂਰੀ ਸੀ, ਪਰ ਟੱਲੀ ਨੂੰ ਸਕੂਲੋਂ ਹਟਣ ਦਾ ਜਰਾ ਵੀ ਦੁੱਖ ਨਹੀਂ ਸੀ। ਸਗੋਂ ਉਸ ਦੇ ਚਿਹਰੇ ਤੇ ਤਾਂ ਖੁਸ਼ੀ ਸੀ। ਜਾਂਦੇ ਜਾਂਦੇ ਟੱਲੀ ਨੇ ਇੱਕ ਗੱਲ ਆਖੀ ਲੈ ਵੀ ਮੱਲਾ ਤੂੰ ਤਾਂ ਫਸ ਗਿਆ ਤੇ ਆਪਾਂ ਤਾਂ ਨਿਕਲ ਗਏ। ਖਾਈ ਜਾਓ ਮਾਸਟਰਾਂ ਕੋਲੋਂ ਡੰਡੇ ,ਤੇ ਏਨਾ ਆਖ ਟੱਲੀ ਆਪਣੇ ਬਾਪੂ ਦੇ ਨਾਲ ਘਰ ਨੂੰ ਹੋ ਤੁਰਿਆ। ਨਾਲ ਦੇ ਜਮਾਤੀ ਜਿਵੇਂ ਜਿਵੇਂ ਵੱਡੇ ਹੁੰਦੇ ਗਏ। ਜ਼ਿੰਦਗੀ ਦੇ ਪੈਂਡਿਆਂ ਨੇ ਅਲੱਗ ਕਰ ਦਿੱਤੇ। ਸਮਾਂ ਚੱਲਦਾ ਗਿਆ ।ਅੱਜ ਵੀਹਾਂ ਸਾਲਾਂ ਬਾਅਦ। ਪਿੰਡ ਦੀ ਧਰਤੀ ਤੇ ਮੈਂ ਆਣ ਪੈਰ ਧਰਿਆ। ਸਕੂਲ ਕੋਲ ਆਇਆ ਤਾਂ ਬਚਪਨ ਯਾਦ ਆਉਣ ਲੱਗਾ। ਕੁਝ ਪਲ ਲਈ ਅੱਖਾਂ ਮੀਚ ਅਤੀਤ ਦੇ ਖਲਾਅ ਵਿੱਚੋਂ ਟੱਲੀ ਨੂੰ ਲੱਭਣ ਲੱਗ ਪਿਆ। ਵਾਰ ਵਾਰ ਟੱਲੀ ਵੱਜਣ ਲੱਗੀ। ਕੋਲ ਦੀ ਸਾਈਕਲ ਲੰਘਿਆ ,ਟੱਲੀਆਂ ਮਾਰਦਾ, ਤਾਂ ਅੱਖਾਂ ਖੋਲ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, ਓਏ ਟੱਲੀ। ਸਾਈਕਲ ਰੁਕ ਗਿਆ। ਅਨੇਕਾਂ ਜਿੰਮੇਵਾਰੀਆਂ, ਪਰੇਸ਼ਾਨੀਆਂ ਜਿੰਦਗੀ ਦੀ ਖਿੱਚੋ ਤਾਣ ਨਾਲ ਭਰਿਆ ਚਿਹਰਾ ਮੇਰੇ ਕੋਲ ਆਇਆ। ਉਹ ਟੱਲੀ ਹੀ ਸੀ ।ਮਨ ਭਰ ਗਿਆ। ਟੱਲੀ ਨੂੰ ਘੁੱਟ ਜੱਫੀ ਪਾਈ ।ਦੋਨੋਂ ਕਿੰਨਾ ਸਮਾਂ ਗਲ ਲੱਗ ਮਿਲ਼ੇ।ਟੱਲੀ ਦੇ ਹਾਲਾਤ ਮਾੜੇ ਸੀ। ਟੱਲੀ ਨੇ ਫਿਰ ਅੱਜ ਉਹੀ ਗੱਲ ਦੁਹਰਾਈ, ਪਰ ਅੱਜ ਅਰਥ ਬਦਲ ਗਏ। ਓਏ ਯਾਰਾ ਮੈਂ ਤਾਂ ਫਸ ਗਿਆ, ਪਰ ਤੂੰ ਨਿਕਲ ਗਿਆ। ਕਾਸ਼ ਪੜ੍ਹਾਈ ਨਾ ਛੱਡਦਾ ਤਾਂ ਮੈਂ ਵੀ ਚੰਗੀ ਜ਼ਿੰਦਗੀ ਬਤੀਤ ਕਰਦਾ। ਜਿੰਦਗੀ ਦਾ ਅਸਲ ਸ਼ੀਸ਼ਾ ਤਾਂ ਮਿਹਨਤ ਤੇ ਚੰਗੀ ਸਿੱਖਿਆ ਹੀ ਦਿਖਾਉਂਦੀ ਏ। ਪਰ ਇਸ ਗੱਲ ਦਾ ਅਹਿਸਾਸ ਹੁਣ ਹੁੰਦਾ ਏ। ਟੱਲੀ ਨੇ ਅੱਜ ਫਿਰ ਇੱਕ ਗੱਲ ਆਖੀ ,ਓਏ ਯਾਰਾ, ਜ਼ਿੰਦਗੀ ਵਿੱਚ ਬੜਾ ਵੱਡਾ ਘਾਟਾ ਖਾਦਾ। ਪਰ ਹੁਣ ਨਹੀਂ। ਉਹ ਦੇਖ। ਮੈਂ ਪਲਟ ਕੇ ਵੇਖਿਆ ਤਾਂ ਸਕੂਲ ਵਿੱਚੋਂ ਟੱਲੀ ਦਾ ਬੱਚਾ ਪੜ ਕੇ ਆ ਰਿਹਾ ਸੀ। ਅਹਿਸਾਸ ਹੋਇਆ। ਜਿਵੇਂ ਟੱਲੀ ਨੇ ਵਰਿਆਂ ਪਹਿਲਾਂ ਕਹੀ ਗੱਲ ਦੇ ਅੱਜ ਅਰਥ ਬਦਲ ਦਿੱਤੇ। ਕੁਲਵੰਤ ਘੋਲੀਆ 95172-90006
Please log in to comment.