#ਰੰਗੀਨ_ਸ਼ਾਮ। ਦੀਵਾਲੀ ਦਾ ਮਤਲਬ ਪਟਾਕੇ ਚਲਾਉਣਾ ਹੀ ਨਹੀਂ। ਇਹ ਅੰਦਰਲੀ ਅਤੇ ਬਾਹਰਲੀ ਸਫ਼ਾਈ ਦਾ ਤਿਉਹਾਰ ਵੀ ਹੈ। ਖੇਸ ਸੰਭਾਲਕੇ ਰਜਾਈਆਂ ਕੱਢਣ ਦਾ ਸਮਾਂ। ਖੁਸ਼ੀਆਂ ਮਿਠਾਈ ਅਤੇ ਤੋਹਫ਼ਿਆਂ ਦੀ ਅਦਲਾ ਬਦਲੀ ਦਾ ਤਿਉਹਾਰ। ਅਮੂਮਨ ਹਰ ਛੋਟੀ ਮਛਲੀ ਆਪਣੀ ਵੱਡੀ ਮਛਲੀ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਪ੍ਰੰਤੂ ਸਮਝਦਾਰ ਲੋਕ ਵੱਡੀਆਂ ਅਤੇ ਛੋਟੀਆਂ ਮਛਲੀਆਂ ਨਾਲ ਮਿਲਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਇਸੇ ਕੜੀ ਵਿੱਚ ਕੰਪਨੀ ਦੇ ਡਰਾਈਵਰ ਅਤੇ ਸਹਾਇਕ ਅਤੇ ਜਾਣਕਾਰ ਸ੍ਰੀ ਗੁਰਲਾਲ ਸਿੰਘ ਸਾਡੇ ਮੇਜ਼ਬਾਨ ਬਣੇ ਅਤੇ ਸਾਨੂੰ ਉਸਦੇ ਦੇ ਮਹਿਮਾਨ ਬਣਨ ਦਾ ਮੌਕਾ ਮਿਲਿਆ। ਬਠਿੰਡਾ ਦੇ ਨਾਲ ਲੱਗਦੇ ਪਿੰਡ ਬਾਹੋ ਸੀਬੀਆਂ ਵਿੱਚ ਉਹਨਾਂ ਦੇ ਘਰ ਮੂਹਰੇ ਜਾ ਅਸੀਂ ਗੱਡੀ ਦੀ ਪੋਂ ਪੋਂ ਵਜਾਈ। ਸ਼ਾਇਦ ਮੇਜ਼ਬਾਨ ਨੂੰ ਸਾਡੇ ਆਉਣ ਦੀ ਬਿੜਕ ਪਹਿਲ਼ਾਂ ਹੀ ਲੱਗ ਚੁਕੀ ਸੀ। ਛੋਟੀ ਬਾਲੜੀ ਜਸ਼ਨ ਨੇ ਖੂਬ ਮਹਿਮਾਨ ਨਿਵਾਜੀ ਕੀਤੀ। ਗੋਲ ਗੱਪੇ ਪਾਸਤਾ ਲਿਮਕਾ ਕੌਫ਼ੀ ਤੇ ਹੋਰ ਲਟਰਮ ਪਟਰਮ ਦੇ ਭਾਰ ਨਾਲ ਵਿਚਾਰਾ ਮੇਜ਼ ਵੀ ਪ੍ਰੇਸ਼ਾਨ ਹੋ ਗਿਆ। ਪੂਰੇ ਪਰਿਵਾਰ ਦਾ ਚਾਅ ਵੇਖਣ ਵਾਲਾ ਸੀ। ਬਹੁਤ ਸਾਲਾਂ ਤੋਂ ਸੰਭਾਲਕੇ ਰੱਖੇ ਦਾਦੀ ਵਾਲੇ ਸੰਦੂਕ ਦੇ ਦਰਸ਼ਨ ਵੀ ਕੀਤੇ। ਕੋਈਂ ਅੱਠ ਨੌ ਦਹਾਕੇ ਪੁਰਾਣਾ ਸੰਦੂਕ ਅੱਜ ਵੀ ਵਰਤੋਂ ਵਿੱਚ ਹੈ। ਆਪਣੀਆਂ, ਆਪਣੇ ਪੇਕਿਆਂ ਅਤੇ ਨਾਨਕਿਆਂ ਦੀਆਂ ਗੱਲਾਂ ਕਰਦੀ ਗੁਰਲਾਲ ਦੀ 65 ਸਾਲਾ ਬੇਬੇ ਨੇ ਵਾਹਵਾ ਗੱਲਾਂ ਸੁਣਾਈਆਂ। ਰਾਜਸਥਾਨ ਦੇ ਢਾਬਾਂ ਪਿੰਡ ਨਾਲ ਜੁੜੀ ਉਸਦੀ ਬੇਬੇ ਨੂੰ ਢਾਬਾਂ ਦੇ ਬਣੇ ਘੜੇ ਅੱਜ ਵੀ ਚੰਗੇ ਲੱਗਦੇ ਹਨ। ਨਿੱਕੇ ਨਿੱਕੇ ਪੱਕੇ ਪਲਸਤਰ ਕੀਤੇ ਕਮਰਿਆਂ ਦੇ ਹੁੰਦਿਆਂ ਪੁਰਾਣੀਆਂ ਵੱਡਿਆਂ ਸਵਾਤਾਂ ਦੀ ਯਾਦ ਨਹੀਂ ਭੁੱਲਦੀ। ਮਰੂੰਡੇ ਭੂਤਪਿੰਨੇ ਗੁੜ ਦੇ ਚੌਲ ਅਜੇ ਵੀ ਚੇਤਿਆਂ ਵਿੱਚ ਵੱਸੇ ਹੋਏ ਹਨ। ਪੁਰਾਣੇ ਵੇਲਿਆਂ ਨੂੰ ਚੇਤੇ ਕਰਕੇ ਬੁੱਢੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਪਰਿਵਾਰ ਪੁਰਾਣੀਆਂ ਰੀਤਾਂ ਦੀਵਾਲੀ ਦਾ ਦੀਵਾ ਜਗਾਉਣਾ, ਪੂਜਾ ਕਰਨੀ ਅਤੇ ਪੰਜ ਕਾਪੜੀ ਦੇਣੀ ਨੂੰ ਬੜੀ ਸ਼ਰਧਾ ਨਾਲ ਮਨਾਉਂਦਾ ਹੈ। ਪਰ ਹੁਣ ਤਾਂ ਪਿੰਡਾਂ ਦਾ ਮਾਹੌਲ ਸ਼ਹਿਰੀ ਮਾਹੌਲ ਵਰਗਾ ਹੋਣ ਦੀ ਫ਼ਿਰਾਕ ਵਿੱਚ ਹੈ। 600 ਯੂਨਿਟ ਵਾਲੀ ਲਿਮਟ ਨੂੰ ਪਾਰ ਕਰਨ ਦੀ ਪਰਵਾਹ ਕੀਤੇ ਬਿਨਾਂ ਏ ਸੀ ਲਗਵਾਉਣ ਨੂੰ ਪਹਿਲ ਦਿੰਦੇ ਹਨ। ਜੇ ਖਰਚ ਹੀ ਨਹੀਂ ਕਰਨਾ ਤਾਂ ਕਮਾਉਂਦੇ ਕਿਸ ਲਈ ਹਾਂ ਇਹ ਬਦਲੀ ਹੋਈ ਸੋਚ ਹੈ। ਕੁਲ ਮਿਲਾਕੇ ਇਹ ਸ਼ਾਮ ਰੰਗੀਨ ਸੀ। #ਰਮੇਸ਼ਸੇਠੀਬਾਦਲ
Please log in to comment.