ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ| ਸਿੱਖ ਕਦੀ ਕਿਸੇ ਕੋਲੋਂ ਭੀਖ ਨਹੀਂ ਮੰਗਦਾ| ਉਹ ਕਿਸੇ ਤੇ ਜੁਲਮ ਨਹੀਂ ਕਰਦਾ, ਜੁਲਮ ਦੀ ਕਮਾਈ ਨਹੀਂ ਖਾਂਦਾ| ਸਿੱਖ, ਧਰਮ ਦੀ ਕਿਰਤ ਕਰਦਾ ਹੈ| ਆਪਣੀ ਹੱਕ ਦੀ ਕਮਾਈ ਵਿਚੋਂ ਦੂਜਿਆਂ ਦੀ ਮਦਦ ਕਰਦਾ ਹੈ| ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਹਿੱਤ ਦਿੰਦਾ ਹੈ| ਇਸ ਦਸਵੇਂ ਹਿੱਸੇ ਨੂੰ ਦਸਵੰਧ ਕਹਿੰਦੇ ਹਨ| ਮਿਹਨਤ ਕਰਕੇ ਕਮਾਈ ਕਰਨ ਵਾਲੇ ਨੂੰ ਗੁਰੂ ਜੀ ਪਿਆਰ ਕਰਦੇ ਹਨ| ਐਮਨਾਬਾਦ ਵਿਖੇ ਐਸਾ ਇਕ ਸਿੱਖ ਭਾਈ ਲਾਲੋ ਸੀ, ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ| ਭਾਈ ਲਾਲੋ ਤਰਖਾਣ ਸੀ| ਭਾਵੇਂ ਆਪ ਬਹੁਤ ਗਰੀਬ ਸੀ ਪਰ ਫਿਰ ਵੀ ਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖੁਆਉਂਦਾ ਸੀ| ਲੋਕ ਉਸ ਨੂੰ ਨੀਚ ਜਾਤ ਦਾ ਕਹਿੰਦੇ ਸਨ ਪਰ ਗੁਰੂ ਨਾਨਕ ਦੇਵ ਜੀ ਉਸ ਨਾਲ ਪਿਆਰ ਕਰਦੇ ਸਨ, ਉਸ ਦੇ ਘਰ ਜਾ ਕੇ ਰਹਿੰਦੇ ਸਨ| ਬ੍ਰਾਹਮਣ, ਖੱਤਰੀ ਤੇ ਆਪਣੇ ਆਪ ਨੂੰ ਉਚ-ਜਾਤੀਏ ਸਮਝਣ ਵਾਲੇ ਇਸ ਗੱਲ ਤੋਂ ਸੜਦੇ ਤੇ ਗੁਰੂ ਜੀ ਵਿਰੁੱਧ ਪ੍ਰਚਾਰ ਕਰਦੇ ਰਹਿੰਦੇ ਸਨ| ਐਮਨਾਬਾਦ ਦੇ ਹਾਕਮ ਦਾ ਇਕ ਅਹਿਲਕਾਰ ਸੀ ਜਿਸਦਾ ਨਾਂ ਸੀ ਮਲਕ ਭਾਗੋ| ਉਹ ਬੜਾ ਰਿਸਵਤਖੋਰ ਸੀ| ਗਰੀਬ ਲੋਕ ਮਲਕ ਭਾਗੋ ਕੋਲੋਂ ਬਹੁਤ ਦੁਖੀ ਸਨ| ਪਰ ਉਹ ਹਰ ਸਾਲ ਧਰਮੀ ਬਣਨ ਦਾ ਨਾਟਕ ਰਚਦਾ ਸੀ| ਉਹ ਬ੍ਰਹਮ-ਭੋਜ ਕਰਦਾ ਤੇ ਇਲਾਕੇ ਦੇ ਬ੍ਰਾਹਮਣਾਂ, ਸਾਧਾਂ-ਸੰਤਾਂ ਤੇ ਪਤਵੰਤੇ ਸੱਜਣਾਂ ਨੂੰ ਭੋਜਨ ਛਕਾਉਂਦਾ, ਜਿਸ ਵਿਚ ਅਨੇਕਾਂ ਪ੍ਰਕਾਰ ਦੇ ਪਕਵਾਨ ਹੁੰਦੇ| ਉਹ ਬਾਹਮਣਾਂ ਤੇ ਸਾਧਾਂ ਨੂੰ ਦਾਨ ਵੀ ਦਿੰਦਾ| ਉਹ ਜੱਸ ਕਰਦੇ ਤੇ ਉਸ ਨੂੰ ਇਕ ਵੱਡਾ ਧਰਮੀ ਆਖਦੇ| ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਜਾ ਠਹਿਰੇ | ਮਲਕ ਭਾਗੋ ਨੇ ਉਨ੍ਹੀਂ ਦਿਨੀਂ ਹੀ ਬ੍ਰਹਮ-ਭੋਜ ਕੀਤਾ| ਉਸ ਨੇ ਗੁਰੂ ਸਾਹਿਬ ਨੂੰ ਵੀ ਸੱਦਾ ਭੇਜਿਆ, ਪਰ ਗੁਰੂ ਜੀ ਨਾ ਆਏ| ਮਲਕ ਭਾਗੋ ਨੇ ਇਸ ਵਿਚ ਆਪਣੀ ਬੇਇਜਤੀ ਸਮਝੀ| ਬ੍ਰਹਮਣਾਂ, ਖੱਤਰੀਆਂ ਨੇ ਉਸ ਨੂੰ ਹੋਰ ਭੜਕਾਇਆ| ਗੁੱਸੇ ਵਿਚ ਭਰੇ ਪੀਤੇ ਨੇ ਫਿਰ ਆਦਮੀ ਭੇਜਿਆ| ਗੁਰੂ ਜੀ, ਭਾਈ ਮਰਦਾਨਾ ਜੀ ਦੇ ਨਾਲ ਆ ਗਏ| ਪਰ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ| ਮਲਕ ਭਾਗੋ ਨੇ ਪੁੱਛਿਆ, ”ਤੁਸੀਂ ਮੇਰੇ ਬ੍ਰਹਮ ਭੋਜ ਵਿਚ ਕਿਉਂ ਸਾਮਲ ਨਹੀਂ ਹੋਏ ? ਖੱਤਰੀ ਹੋ ਕੇ ਸੂਦਰ ਲਾਲੋ ਦੇ ਘਰੋਂ ਰੋਟੀ ਕਿਉਂ ਖਾਂਦੇ ਹੋ? ਸੂਦਰਾਂ ਕੋਲ ਜਾਣ ਨਾਲ ਤਾਂ ਸਾਡਾ ਧਰਮ ਭ੍ਰਿਸਟ ਹੋ ਜਾਦਾ ਹੈ|” ਗੁਰੂ ਜੀ ਨੇ ਉੱਤਰ ਦਿੱਤਾ, ”ਭਾਈ ਲਾਲੋ ਸੂਦਰ ਨਹੀਂ, ਮੇਰਾ ਪਿਆਰਾ ਸਿੱਖ ਹੈ| ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ| ਧਰਮ ਦੀ ਕਿਰਤ ਕਰਦਾ ਹੈ| ਉਸ ਦੀ ਰੋਟੀ ਭਾਵੇਂ ਕੋਧਰੇ ਦੀ ਹੈ ਤੇ ਉਹ ਗਰੀਬ ਹੈ ਪਰ ਫਿਰ ਵੀ ਉਸ ਵਿਚ ਦੁੱਧ ਹੈ| ਤੇਰੀ ਕਮਾਈ ਧਰਮ ਦੀ ਨਹੀਂ| ਤੂੰ ਲੋਕਾਂ ਤੇ ਜੁਲਮ ਕਰਦਾ ਹੈਂ ਰਿਸਵਤ ਲੈ ਕੇ ਗਰੀਬਾਂ ਦਾ ਖੂਨ ਚੂਸਦਾ ਹੈਂ, ਤੇਰੀਆਂ ਪੂੜੀਆਂ ਗਰੀਬਾਂ ਦੇ ਖੂਨ ਨਾਲ ਬਣੀਆਂ ਹਨ| ਇਸ ਲਈ ਮੈਨੂੰ ਤੇਰੇ ਭੋਜਨ ਨਾਲੋਂ ਲਾਲੋ ਦੀ ਸੂਕੀ ਰੋਟੀ ਵਧੇਰੇ ਸੁਆਦ ਲੱਗਦੀ ਹੈ| ਮੈਂ ਤੇਰੀਆਂ ਖੂਨ ਨਾਲ ਭਰੀਆਂ ਪੂੜੀਆਂ ਨਹੀਂ ਖਾ ਸਕਦਾ|” ਭਰੀ ਸਭਾ ਵਿਚ ਇਹ ਗੁਰੂ ਜੀ ਦਾ ਵੱਡੀ ਦਲੇਰੀ ਵਾਲਾ ਉੱਤਰ ਸੀ| ਮਲਕ ਭਾਗੋ ਨੇ ਜਦੋਂ ਗੁਰੂ ਜੀ ਪਾਸੋਂ ਸੱਚੀਆਂ ਗੱਲਾਂ ਸੁਣੀਆਂ ਤਾਂ ਬੜਾ ਸਰਮਿੰਦਾ ਹੋਇਆ| ਉਸ ਦੇ ਕੀਤੇ ਗੁਨਾਹ ਉਸ ਦੀਆਂ ਅੱਖਾਂ ਸਾਹਮਣੇ ਆ ਗਏ| ਉਸਦਾ ਉੱਚੀ ਜਾਤ ਦਾ ਘਮੰਡ ਵੀ ਜਾਂਦਾ ਰਿਹਾ| ਗੁਰੂ ਜੀ ਨੇ ਸਮਝਾਇਆ ਕਿ ਕੋਈ ਮਨੁੱਖ ਜਨਮ ਕਰਕੇ ਨੀਵਾਂ ਨਹੀਂ ਹੋ ਸਕਦਾ| ਨੀਵਾਂ ਉਹ ਹੈ ਜੋ ਨੀਵੇਂ ਕੰਮ ਕਰੇ| ਗਰੀਬਾਂ ਦਾ ਖੂਨ ਚੂਸ ਕੇ ਕਮਾਈ ਦੋਲਤ ਦੇ ਬ੍ਰਹਮ-ਭੋਜ ਨਾਲ ਪਰਮਾਤਮਾ ਖੁਸ ਨਹੀਂ ਹੁੰਦਾ| ਪਰਮਾਤਮਾ ਤਾਂ ਹੀ ਖੁਸ ਹੁੰਦਾ ਹੈ ਜੇ ਮਿਹਨਤ ਨਾਲ ਕੀਤੀ ਕਮਾਈ ਦੁਆਰਾ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ| ਸਿਖਿਆ :- ਅਸੀਂ ਵੀ ਭਾਈ ਲਾਲੋ ਵਾਗ ਸੱਚੇ ਸਿੱਖ ਬਣਨਾ ਹੈ| ਧਰਮ ਦੀ ਸੱਚੀ-ਸੁੱਚੀ ਕਿਰਤ ਕਰਨੀ ਹੈ| ਮਿਹਨਤ ਕਰਕੇ ਹੱਕ ਦੀ ਕਮਾਈ ਕਰਨੀ ਹੈ| ਦੂਜਿਆਂ ਦਾ ਹੱਕ ਮਾਰ ਕੇ ਜਾਂ ਰਿਸਵਤ ਦੀ ਕਮਾਈ ਨਾਲ, ਧਨ ਇਕੱਤਰ ਨਹੀਂ ਕਰਨਾ| ਜਾਤ-ਪਾਤ ਦੇ ਭੇਦ-ਭਾਵ ਨੂੰ ਨਹੀਂ ਮੰਨਣਾ| ਸਭ ਦੀ ਇਕੋ ਹੀ ਜਾਤ ਹੈ-ਮਨੁੱਖਤਾ| ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
Please log in to comment.