ਮੇਰਾ ਘੁਮਿਆਰਾ ਭਾਗ 21 ਉਹਨਾਂ ਦਿਨਾਂ ਵਿੱਚ ਅੱਜ ਵਾਂਗੂ ਪੜ੍ਹਾਈ ਦੀ ਕੀਮਤ ਨਹੀ ਸੀ ਪਤਾ। ਬਹੁਤੇ ਘਰ ਆਪਣੇ ਸਾਰੇ ਬੱਚਿਆਂ ਨੂੰ ਤਾਲੀਮ ਨਹੀਂ ਸੀ ਦਿੰਦੇ। ਇੱਕ ਮੁੰਡਾ ਸਕੂਲ ਭੇਜਿਆ ਜਾਂਦਾ ਸੀ ਤੇ ਦੂਜੇ ਨੂੰ ਘਰੇ ਖੇਤੀ ਅਤੇ ਦੂਸਰੇ ਕੰਮਾਂ ਲਈ ਵਹਿਲਾ ਰੱਖਿਆ ਜਾਂਦਾ ਸੀ। ਅਖੇ ਪੜ੍ਹ ਲ਼ੈ ਨਹੀਂ ਤਾਂ ਬੱਕਰੀਆਂ ਚਾਰਣ ਭੇਜ ਦੇਵਾਂਗੇ। ਆਮ ਮੁੰਡੇ ਬੱਕਰੀਆਂ ਚਾਰਣ ਜਾਂਦੇ। ਕਈ ਗਰੀਬ ਪਰਿਵਾਰ ਦੂਜਿਆਂ ਦੀਆਂ ਬੱਕਰੀਆਂ ਚਾਰਣ ਜਾਂਦੇ। ਸਾਡੇ ਪਿੰਡ ਭੇਡਾਂ ਘੱਟ ਸਨ। ਮੇਰੇ ਯਾਦ ਹੈ ਕਿ ਸਾਡੇ ਗੁਆਂਢੀ ਤਾਏ ਚਤਰੇ ਦਾ ਵੱਡਾ ਮੁੰਡਾ ਬਿੱਲੂ ਪੜ੍ਹਕੇ ਬੀਏ ਕਰ ਗਿਆ ਤੇ ਛੋਟਾ ਮਿਸ਼ਰੀ ਨਿਰੋਲ ਅਣਪੜ੍ਹ ਸੀ। ਉਹ ਬੀਏ ਕਰਕੇ ਮਲੇਰੀਆ ਵਿਭਾਗ ਵਿੱਚ ਲੱਗਿਆ ਤੇ ਉਸਨੇ ਨੌਕਰੀ ਇਸ ਲਈ ਛੱਡ ਦਿੱਤੀ ਕਿ ਜਿਹੜੇ ਪਿੰਡ ਉਸਦੀ ਡਿਊਟੀ ਸੀ ਉੱਥੇ ਕੁੱਤੇ ਜਿਆਦਾ ਸਨ। ਫਿਰ ਉਹ ਝੋਲਾ ਛਾਪ ਡਾਕਟਰ ਬਣ ਗਿਆ ਤੇ ਰਾਜਸਥਾਨ ਦੇ ਕਿਸੇ ਪਿੰਡ ਵਿੱਚ ਪ੍ਰੈਕਟਿਸ ਕਰਨ ਲੱਗ ਗਿਆ। ਤਾਈ ਧੰਨੋ ਦਾ ਵੱਡਾ ਮੁੰਡਾ ਮੇਜਰ ਦਸ ਕੁ ਪੜ੍ਹਕੇ ਡਾਕਟਰ ਬਣ ਗਿਆ ਤੇ ਉਹ ਵੀ ਰਾਜਸਥਾਨ ਸ਼ਿਫਟ ਹੋ ਗਿਆ। ਉਸਦੇ ਬਾਕੀ ਭਰਾ ਅਣਪੜ੍ਹ ਹੀ ਰਹੇ। ਬਾਬੇ ਹਾਕਮ ਸਿੰਘ ਦੇ ਮੁੰਡੇ ਜੀਤਾ, ਤੇਜਾ, ਤਾਰਾ ਅਤੇ ਛੋਟਾ ਸ਼ਾਇਦ ਰਮੇਸ਼ ਬਹੁਤਾਂ ਨਹੀਂ ਪੜ੍ਹੇ ਤੇ ਇਕੱਲੇ ਸੁਰਜੀਤ ਨੇ ਕਾਲਜ ਦਾ ਮੂੰਹ ਵੇਖਿਆ। ਫਿਰ ਉਹ ਵੀ ਡਾਕਟਰ ਬਣ ਗਿਆ। ਇਹ ਵੀ ਇੱਕ ਚਲਣ ਹੀ ਸੀ ਕਿ ਕਿਸੇ ਚੰਗੇ ਹਸਪਤਾਲ ਚ ਜਾਂ ਡਾਕਟਰੀ ਦੀ ਪ੍ਰੈਕਟਿਸ ਕਰਦੇ ਆਰ ਐਮ ਪੀ ਡਾਕਟਰ ਕੋਲ੍ਹ ਸਾਲ ਕੁ ਲਾਕੇ ਅਗਲਾ ਡਾਕਟਰ ਬਣ ਜਾਂਦਾ ਸੀ। ਪਿੰਡ ਘੁਮਿਆਰਾ ਨੇ ਅਜਿਹੇ ਕਈ ਡਾਕਟਰ ਪੈਦਾ ਕੀਤੇ। ਤਾਏ ਜਸਵੰਤ ਦਾ ਮੁੰਡਾ ਹਰਦਮ ਪਟਵਾਰੀ ਬਣ ਗਿਆ ਤੇ ਛੋਟਾ ਮੰਦਰੀ ਸ਼ਾਇਦ ਅੱਠਵੀਂ ਵੀ ਨਹੀਂ ਲੰਘਿਆ। ਇਹ ਇੱਕ ਦੋ ਘਰਾਂ ਦੀ ਗੱਲ ਨਹੀਂ ਸੀ। ਕਈ ਸਮਝਦਾਰ ਪਰਿਵਾਰ ਵੀ ਸਨ ਜੋ ਪੜ੍ਹਾਈ ਦੀ ਕੀਮਤ ਸਮਝਦੇ ਸਨ। ਤਾਏ ਗੁਰਬਚਨ ਦਾ ਵੱਡਾ ਮੁੰਡਾ ਸੁਖਦੇਵ ਚੰਡੀਗੜ੍ਹ ਕੋਈਂ ਵੱਡਾ ਅਫਸਰ ਸੀ ਵਿਚਕਾਰਲਾ ਬਲਦੇਵ ਬੀਡੀਪੀਓੰ ਦਫਤਰ ਵਿੱਚ ਸੀ ਤੇ ਛੋਟਾ ਗੁਰਮੀਤ ਜੋ ਮੇਰਾ ਸਹਿਪਾਠੀ ਸੀ ਨਹਿਰੀ ਪਟਵਾਰੀ ਬਣਿਆ। ਇਹ੍ਹਨਾਂ ਦੀ ਵੱਡੀ ਭੈਣ ਜਿਸਨੂੰ ਸਾਰੇ ਬੀਰਾਂ ਆਖਦੇ ਸਨ ਓਹਨਾ ਦਿਨਾਂ ਵਿੱਚ ਅਬੋਹਰ ਕਾਲਜ ਵਿੱਚ ਪੜ੍ਹਦੀ ਸੀ ਤੇ ਹੋਸਟਲ ਰਹਿੰਦੀ ਸੀ। ਚਾਚੀ ਜਸ ਕੁਰ ਦੇ ਦੋਨੇ ਮੁੰਡੇ ਤੇਜਾ ਤੇ ਜਗਰੀ ਪੜ੍ਹਾਈ ਵੱਲੋਂ ਕੋਰੇ ਸਨ ਤੇ ਅੰਬੋ ਕੌੜੀ ਦੇ ਗੁਰਦੇਵ ਤੇ ਦੋਲੇ ਹੁਰੀ ਚਾਚੀ ਨਿੱਕੋ ਦੇ ਮੁੰਡੇ ਵੀ ਸ਼ਾਇਦ ਹੀ ਕਦੇ ਸਕੂਲ ਗਏ ਹੋਣ। ਪਿੰਡ ਵਿਚਲੇ ਸੁਨਿਆਰਾ ਦੇ ਦੋਨੇ ਘਰਾਂ ਚੋਂ ਤਾਇਆ ਮਿਲਖੀ ਅਤੇ ਮਿੱਠੂ ਸਕੂਲ ਤੱਕ ਪੜ੍ਹੇ ਸਨ ਪ੍ਰੰਤੂ ਉਹਨਾਂ ਦੀ ਅਗਲੀ ਪੀੜ੍ਹੀ ਹਜ਼ਾਰੀ ਡੀਸੀ ਅਤੇ ਗੁਲਾਬ ਨੇ ਕਾਲਜ ਦਾ ਮੂੰਹ ਨਹੀਂ ਦੇਖਿਆ। ਕਹਿੰਦੇ ਸੁਨਿਆਰਾਂ ਦੇ ਮੁੰਡਿਆਂ ਨੂੰ ਪੜ੍ਹਨ ਦੀ ਲੋੜ ਨਹੀਂ ਹੁੰਦੀ ਉਹ ਉਂਜ ਹੀ ਹੁਸ਼ਿਆਰ ਹੁੰਦੇ ਹਨ ਤੇ ਆਪਣੇ ਧੰਦੇ ਨਾਲ ਚੰਗੀ ਰੋਟੀ ਬਣਾ ਲੈਂਦੇ ਹਨ। ਮਹਾਜਨਾਂ ਦੀਆਂ ਹੱਟੀਆਂ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀਆਂ ਰਹੀਆਂ। ਹੁਣ ਤਾਂ ਕਹਿੰਦੇ ਪਿੰਡ ਘੁਮਿਆਰੇ ਵਿੱਚ ਵੀ ਫਾਸਟ ਫੂਡ ਦੀ ਬਿਮਾਰੀ ਨੇ ਪੈਰ ਪਸਾਰ ਲਏ ਹਨ। ਹੁਣ ਬਹੁਤੀ ਜਮੀਨ ਬਰਾਨੀ ਤੋਂ ਨਹਿਰੀ ਹੋ ਗਈ। ਛੋਲਿਆਂ ਦੀ ਪੈਦਾਵਾਰ ਘਟ ਗਈ। ਨਰਮੇ ਕਪਾਹ ਦੀ ਫਸਲ ਅਮਰੀਕਨ ਸੁੰਡੀ ਅਤੇ ਤੇਲੇ ਦੇ ਹਮਲੇ ਤੋਂ ਅੱਕੇ ਕਿਸਾਨ ਝੋਨੇ ਵੱਲ ਹੋ ਗਏ ਹਨ। ਫਿਰ ਛੋਲੂਏ ਤੇ ਹੋਲਾਂ ਦੀ ਉਮੀਦ ਕਿੱਥੇ? ਪਿੰਡ ਰਹਿੰਦੇ ਛੋਲੂਏ ਨੂੰ ਛਟੀਆਂ ਤੇ ਭੁੰਨਕੇ ਹੋਲਾਂ ਖਾਣ ਦਾ ਮਜ਼ਾ ਨਿਰਾਲਾ ਸੀ। ਭਾਵੇਂ ਹੱਥਾਂ ਦੇ ਨਾਲ ਨਾਲ ਮੂੰਹ ਵੀ ਕਾਲਾ ਹੋ ਜਾਂਦਾ ਸੀ ਤੇ ਕਈ ਵਾਰੀ ਹੋਲਾਂ ਦੇ ਭੁਲੇਖੇ ਕੋਈਂ ਕੋਇਲਾ ਮੂੰਹ ਵਿੱਚ ਵੀ ਚਲਾ ਜਾਂਦਾ ਸੀ। ਕਣਕ ਦੀਆਂ ਤਿਆਰ ਵੱਲੀਆਂ ਨੂੰ ਭੁੰਨਕੇ ਡੱਡਰੇ ਬਣਾਕੇ ਖਾਣ ਨੂੰ ਅੱਜ ਵੀ ਦਿਲ ਕਰਦਾ ਹੈ। ਬਰਗਰ ਨੂਡਲ ਖਾਣ ਵਾਲੀ ਪੀੜੀ ਇਸ ਸੁਆਦ ਤੋਂ ਸੱਖਣੀ ਹੈ। ਛੋਲਿਆਂ ਦੇ ਕੱਚੇ ਬੂਟੇ ਤੋੜਕੇ ਬਣਾਈ ਚੱਟਣੀ ਤੇ ਸਾਗ ਹੁਣ ਸੁਫ਼ਨੇ ਲੱਗਦੇ ਹਨ। ਇਹ ਸੁਆਦ ਘੁਮਿਆਰੇ ਦੀਆਂ ਯਾਦਾਂ ਨੂੰ ਤਰੋਤਾਜ਼ਾ ਕਰਦੇ ਹਨ। ਰਮੇਸ਼ਸੇਠੀਬਾਦਲ 9876627233
Please log in to comment.