#ਮੇਰਾ_ਘੁਮਿਆਰਾ। (ਭਾਗ_3) ਮੇਰਾ ਪਿੰਡ ਘੁਮਿਆਰਾ ਡੱਬਵਾਲੀ ਤੋਂ ਅਬੋਹਰ ਸੀਤੋ ਰੋਡ ਤੇ ਸਥਿਤ ਹੈ। ਮੇਨ ਸੜ੍ਹਕ ਤੋਂ ਪਿੰਡ ਵਿੱਚ ਜਾਣ ਲਈ ਤਿੰਨ ਰਾਹ ਹਨ। ਪਹਿਲਾ ਬਰਾਨੀ ਛੱਪੜ ਕੋਲ੍ਹ ਦੀ ਜਾਂਦਾ ਹੈ ਇਹ ਪਿੰਡ ਵਿੱਚ ਹਰੀਜਨ ਬਸਤੀ ਵਿੱਚ ਜਾਂਦਾ ਹੈ। ਇੱਕ ਇੰਟਰੀ ਵਿਚਾਲੇ ਹੈ ਇਸ ਰਾਹ ਤੇ ਬੱਸ ਅੱਡਾ ਬਣਿਆ ਹੋਇਆ ਹੈ। ਇਹ ਨਵੇਂ ਗੁਰਦੁਆਰੇ ਕੋਲ੍ਹ ਦੀ ਸਕੂਲ ਦੇ ਨੇੜੇ ਦੀ ਵੱਡੇ ਛੱਪੜ ਕੋਲ੍ਹ ਦੀ ਜਾਂਦਾ ਹੈ। ਤੀਜੀ ਇੰਟਰੀ ਸਿਵਿਆਂ ਕੋਲ੍ਹ ਦੀ ਹੈ। ਮਿਡੂ ਖੇੜਾ ਵੱਲ ਜਾਣ ਲਈ ਵਧੀਆ ਹੈ। ਉਂਜ ਪਿੰਡ ਤੋਂ ਲੋਹਾਰੇ ਵੜਿੰਗ ਖੇੜੇ ਫੱਤਾਕੇਰਾ ਅਤੇ ਮਿਡੂ ਖੇੜੇ ਨੂੰ ਵੱਖ ਵੱਖ ਰਾਹ ਜਾਂਦੇ ਹਨ। ਅਸੀਂ ਰਾਹ ਨੂੰ ਪਹੀਆਂ ਆਖਦੇ ਸੀ। ਹੁਣ ਸ਼ਾਇਦ ਲਿੰਕ ਰੋਡਸ ਬਣੀਆਂ ਹਨ। ਪਹਿਲ਼ਾਂ ਪਿੰਡ ਵਿੱਚ ਇੱਕ ਡੂੰਘਾ ਬਰਾਨੀ ਛੱਪੜ, ਇੱਕ ਵੱਡਾ ਛੱਪੜ ਜੋ ਸਕੂਲ ਦੇ ਨਾਲ ਲੱਗਦਾ ਸੀ, ਇੱਕ ਸਿਵਿਆਂ ਵਾਲਾ ਛੱਪੜ ਤੇ ਇੱਕ ਖੂਹ ਵਾਲਾ ਛੱਪੜ ਹੁੰਦਾ ਸੀ। ਬਰਾਨੀ ਅਤੇ ਵੱਡੇ ਛੱਪੜ ਦੇ ਨਾਲ ਇੱਕ ਕੱਚੀ ਡਿੱਗੀ ਵੀ ਹੁੰਦੀ ਸੀ। ਬਾਅਦ ਵਿੱਚ ਇਹ ਤਿੰਨੇ ਮਿਲਕੇ ਇੱਕ ਹੋ ਗਏ ਸਨ। ਕਹਿੰਦੇ ਵੱਡੇ ਛੱਪੜ ਚੋ ਲੋਕ ਬਰੇਤੀ ਕੱਢਦੇ ਸਨ। ਖੂਹ ਵਾਲੇ ਛੱਪੜ ਚ ਗਾਰ ਬਹੁਤ ਹੁੰਦੀ ਸੀ ਪਰ ਅਸੀਂ ਬਰਾਨੀ ਛੱਪੜ ਨੂੰ ਛੱਡਕੇ ਬਾਕੀ ਸਾਰਿਆਂ ਵਿੱਚ ਨਹਾਉਣ ਦਾ ਮਜ਼ਾ ਲਿਆ ਹੋਇਆ ਹੈ। ਗਰਮੀ ਦੇ ਦਿਨਾਂ ਵਿੱਚ ਜਦੋਂ ਛੱਪੜ ਸੁੱਕ ਜਾਂਦੇ ਲੋਕ ਗਾਰੇ ਨੂੰ ਇਕੱਠਾ ਕਰਕੇ ਇੱਟਾਂ ਬਣਾਉਂਦੇ ਓਹਣਾਂ ਨੂੰ ਪਾਲੀ ਦੀਆਂ ਇੱਟਾਂ ਕਹਿੰਦੇ ਸਨ। ਉਂਜ ਵੀ ਲੋਕ ਛੱਪੜ ਤੋਂ ਗਾਰਾ ਲਿਆਕੇ ਆਪਣੀਆਂ ਕੱਚੀਆਂ ਕੰਧਾਂ ਲਿੱਪਦੇ। ਪੱਕੇ ਮਕਾਨ ਤਾਂ ਵਿਰਲੇ ਹੀ ਸਨ। ਵੱਡੇ ਘਰਾਂ ਕੋਲ੍ਹ ਇੱਕ ਚੋਰਸ ਡਿੱਗੀ ਹੁੰਦੀ ਸੀ ਜਿਸ ਦੇ ਅੰਦਰ ਪੌੜ੍ਹੀਆਂ ਬਣੀਆਂ ਹੋਈਆਂ ਸਨ। ਪੁਰਾਣੇ ਗੁਰਦੁਆਰਾ ਸਾਹਿਬ ਕੋਲ੍ਹ ਇੱਕ ਗੋਲ ਡਿੱਗੀ ਹੁੰਦੀ ਸੀ। ਉਥੇ ਬਾਲਟੀਆਂ ਲਮਕਾ ਕੇ ਪਾਣੀ ਕੱਢਣਾ ਪੈਦਾ ਸੀ। ਪਿੰਡ ਵਿੱਚ ਪੰਜ ਚਾਰ ਨਲਕੇ ਵੀ ਸਨ। ਝਿਊਰ ਘਰਾਂ ਵਿੱਚ ਪਾਣੀ ਪਾਉਣ ਵੀ ਆਉਂਦੇ ਸਨ । ਬਾਅਦ ਵਿੱਚ ਖੂਹ ਦੇ ਨੇੜੇ ਹੀ ਵਾਟਰ ਵਰਕਸ ਬਣ ਗਿਆ। ਪਹਿਲ਼ਾਂ ਪਿੰਡ ਵਿੱਚ ਇਕੋ ਸ੍ਰੀ ਗੁਰਦੁਆਰਾ ਸਾਹਿਬ ਸੀ ਤੇ ਇੱਕ ਬਾਬਾ ਬਿਸ਼ਨ ਦਾਸ ਦਾ ਡੇਰਾ ਸੀ। ਹੋਰ ਕੋਈਂ ਧਾਰਮਿਕ ਜਗ੍ਹਾ ਨਹੀਂ ਸੀ। ਪਿੰਡ ਦੇ ਵਿਚਾਲੇ ਇੱਕ ਥਿਆਈ ਸੀ। ਬਾਅਦ ਵਿੱਚ ਇੱਕ ਧਰਮਸ਼ਾਲਾ ਖੂਹ ਵਾਲੇ ਪਾਸੇ ਬਣਾਈ ਗਈ। ਖੂਹ ਮੇਰੇ ਦੇਖਣ ਵਿੱਚ ਬੰਦ ਹੀ ਸੀ। ਕਿਉਂਕਿ ਪਾਣੀ ਬਹੁਤ ਨੀਵਾਂ ਸੀ। ਪਹਿਲ਼ਾਂ ਇੱਕੋਂ ਸਕੂਲ ਸੀ ਜੋ ਮਿਡਲ ਤੱਕ ਸੀ ਫਿਰ ਉਹ ਹਾਈ ਅਤੇ ਫਿਰ ਸੀਨੀਅਰ ਸਕੈਂਡਰੀ ਬਣਿਆ। ਨਾਲ ਹੀ ਪ੍ਰਾਇਮਰੀ ਸਕੂਲ ਦੀ ਇਮਾਰਤ ਅਲੱਗ ਬਣਾਈਂ ਗਈ। ਸਕੂਲ ਮੂਹਰੇ ਬਹੁਤ ਵੱਡਾ ਤੇ ਊਚਾ ਆਵਾ ਸੀ। ਮਤਲਬ ਸੁਆਹ ਅਤੇ ਕੰਕਰੀਟ ਦਾ ਢੇਰ। 1972_73 ਵਿੱਚ ਉਸ ਸਮੇਂ ਦੇ ਹੈਡ ਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਨੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਉਸ ਆਵੇ ਨੂੰ ਪੱਧਰਾ ਕਰਕੇ ਅੱਧੇ ਛੱਪੜ ਨੂੰ ਭਰਿਆ ਗਿਆ ਅਤੇ ਨਵੇਂ ਗਰਾਉਂਡ ਬਣਾਏ ਗਏ। ਕੋਈਂ ਪੰਦਰਾਂ ਵੀਹ ਦਿਨ ਊਠਾਂ ਅਤੇ ਬਲਦਾਂ ਮਗਰ ਕਰਾਹੇ ਜੋੜਕੇ ਇਹ ਕੰਮ ਚਲਦਾ ਰਿਹਾ। ਪਹਿਲ਼ਾਂ ਪਿੰਡ ਵਿੱਚ ਗਿਣਤੀ ਦੀਆਂ ਹੀ ਹੱਟੀਆਂ ਸਨ। ਜਿਵੇਂ ਬਾਬੇ ਹਰਗੁਲਾਲ ਦੀ ਹੱਟੀ, ਹਰਬੰਸ ਮਿੱਡੇ ਦੀ ਹੱਟੀ, ਬਾਬੇ ਆਤਮੇ ਦੀ ਹੱਟੀ, ਤਾਰੀ ਦੀ ਹੱਟੀ ਬਾਈ ਬਲਬੀਰੇ ਦੀ ਹੱਟੀ ਤੋਂ ਇਲਾਵਾ ਇੱਕ ਬਲੰਗਨਾਂ ਦੇ ਵੇਹੜੇ ਮੋਦੀ ਦੀ ਹੱਟੀ ਹੁੰਦੀ ਸੀ। ਬਾਕੀ ਇੱਕ ਦੋ ਹੱਟੀਆਂ ਹੋਰ ਵੀ ਸਨ ਜਿੰਨਾ ਦਾ ਬਹੁਤਾਂ ਨਾਮ ਨਹੀਂ ਸੀ। ਬਾਬਾ ਭਾਨਾ ਪਿੰਡ ਵਿੱਚ ਸਾਈਕਲ ਤੇ ਸਬਜ਼ੀ ਵੇਚਦਾ ਸੀ ਤੇ ਦੋ ਘਰ ਸੁਨਿਆਰਾਂ ਦੇ ਵੀ ਸਨ। ਇੱਕ ਦੋ ਘਰ ਪੰਡਿਤਾਂ ਤੋਂ ਇਲਾਵਾ ਪੂਰਾ ਪਿੰਡ ਪਰਜਾਪਤਾਂ ਦਾ ਸੀ। ਬਹੁਤੇ ਘਰਾਂ ਕੋਲ੍ਹ ਚੰਗੀਆਂ ਜ਼ਮੀਨਾਂ ਤੇ ਟਰੈਕਟਰ ਸਨ। ਉਂਜ ਪਿੰਡ ਦਾ ਵੇਹੜਾ ਵੀ ਬਹੁਤ ਵੱਡਾ ਸੀ। ਵੇਹੜੇ ਵਾਲਿਆਂ ਦੀ ਆਪਣੀ ਕਾਫੀ ਵੱਸੋਂ ਸੀ। ਕਮਾਲ ਦੀ ਗੱਲ ਇਹ ਸੀ ਕਿ ਪਿੰਡ ਵਿੱਚ ਇੱਕ ਵੀ ਘਰ ਜੱਟਾਂ ਦਾ ਨਹੀਂ ਸੀ ਤੇ ਨਾ ਹੀ ਕੋਈਂ ਘਰ ਮਿੱਟੀ ਦੇ ਭਾਂਡੇ ਬਣਾਉਂਦਾ ਸੀ। ਪਿੰਡ ਵਿੱਚ ਇਤਫ਼ਾਕ ਸੀ ਬਹੁਤੇ ਲੋਕ ਭੋਲੇ ਤੇ ਸਿੱਧੇ ਸਨ। ਅਨਪੜ੍ਹਤਾ ਭਾਰੂ ਸੀ ਪਰ ਫਿਰ ਵੀ ਲੋਕ ਸਮਝਦਾਰ ਤੇ ਮਿਲਣਸਾਰ ਸਨ। ਊੰ ਗੱਲ ਆ ਇੱਕ। #ਰਮੇਸ਼ਸੇਠੀਬਾਦਲ
Please log in to comment.