ਪਿਛਲੇ ਸਾਲ ਦੀ ਗੱਲ ਹੈ ਕਿ ਮੈਂ ਆਪਣੀ ਜਮਾਤ ਵਿੱਚ ਕੀੜੀਆਂ ਦੇ ਗੁਣਾਂ ਬਾਰੇ ਬੱਚਿਆਂ ਨੂੰ ਦੱਸਣਾ ਸੀ ।ਮੈਂ ਰਾਤ ਨੂੰ ਅਗਲੇ ਦਿਨ ਕਰਾਈ ਜਾਣ ਵਾਲੀ ਪੜ੍ਹਾਈ ਬਾਰੇ ਪੜ੍ਹਨ ਲੱਗੀ । ਉਸ ਜਮਾਤ ਦੀ ਕਿਤਾਬ ਚੁੱਕ ਕੇ ਕੀੜੀਆਂ ਵਾਲਾ ਪਾਠ ਪੜ੍ਹਿਆਂ ਤਾਂ ਮੈਨੂੰ ਕੁਝ ਅਧੂਰਾ ਲੱਗਾ । ਮੈਂ ਫੋਨ ਚੁੱਕ ਕੇ ਕੀੜੀਆਂ ਦੇ ਗੁਣ ਖੋਜਣ ਲੱਗੀ ।ਮੈਨੂੰ ਪਤਾ ਲੱਗਾ ਕਿ ਕੀੜੀ ਦੇਖਣ ਨੂੰ ਜਿੰਨੀ ਨਿੱਕੀ ਹੈ ਉਸ ਤੋਂ ਕਿਤੇ ਜਿਆਦਾ ਗੁਣ ਉਸ ਦੇ ਸਰੀਰ ਵਿੱਚ ਸਮਾਏ ਹੋਏ ਹਨ । ਨਿੱਕਾ ਜਿਹਾ ਜੀਵ ਹੋ ਕੇ ਜਿੰਨੇ ਗੁਣ ਕੀੜੀਆਂ ਵਿੱਚ ਹਨ ਉਨੇ ਗੁਣ ਸੋਚਣ ਸਮਝਣ ਵਾਲੇ ਮਨੁੱਖਾਂ ਕੋਲ ਵੀ ਨਹੀਂ ਹਨ । ਮੇਰੀ ਕੀੜੀਆਂ ਬਾਰੇ ਹੋਰ ਜਿਆਦਾ ਜਾਣਨ ਦੀ ਉਤਸੁਕਤਾ ਵੱਧਦੀ ਗਈ।ਮੈਨੂੰ ਕੀੜੀਆਂ ਦਾ ਤਾਲਮੇਲ ਦਾ ਗੁਣ ਪਤਾ ਲੱਗਾ ,ਕਿ ਕੀੜੀਆਂ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਦੀਆਂ ਹਨ ।ਕੀੜੀਆਂ ਵਿੱਚ ਵਿਸ਼ਵਾਸ ਬਹੁਤ ਹੁੰਦਾ ਜੋ ਇਸ ਸਮੇਂ ਮਨੁੱਖਾਂ ਵਿੱਚ ਬਿਲਕੁੱਲ ਹੀ ਖਤਮ ਹੋ ਚੁੱਕਾ ।ਕੀੜੀਆਂ ਆਪਣਾ ਭੋਜਨ ਲੈ ਕੇ ਆਪਣੀ ਖੁੱਡ ਦੇ ਬਾਹਰ ਰੱਖ ਕੇ ਵਾਪਸ ਹੋਰ ਭੋਜਨ ਲੈਣ ਚੱਲ ਜਾਂਦੀ ਕਿਉਂਕਿ ਉਸਨੂੰ ਸਾਥੀ ਕੀੜੀਆਂ ਉੱਪਰ ਅਟੁੱਟ ਵਿਸ਼ਵਾਸ ਹੁੰਦਾ । ਮੈਂ ਜਿਦਾਂ ਜਿਦਾਂ ਕੀੜੀਆਂ ਬਾਰੇ ਪੜ੍ਹਦੀ ਤਾਂ ਮੈਨੂੰ ਇਦਾਂ ਲੱਗਦਾ ਕਿ ਸੱਚਮੁਚ ਹੀ ਕੀੜੀਆਂ ਮੇਰੇ ਸਾਹਮਣੇ ਉਹ ਕੰਮ ਕਰ ਰਹੀਆਂ ,ਪਰ ਅਫਸੋਸ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਜਿਸ ਕਰਕੇ ਹੁਣ ਕੀੜੀ ਵੀ ਕਿਤੇ ਹੀ ਦੇਖਣ ਨੂੰ ਮਿਲਦੀਆਂ ।ਸਾਇਦ ਆਪਾਂ ਵੀ ਕੀੜੀਆਂ ਦੇ ਕੰਮ ਦੇਖ ਕੇ ਕੋਈ ਸਿੱਖਿਆ ਲੈ ਸਕਦੇ ਕਿਉਂਕਿ ਕੀੜੀਆਂ ਵਿੱਚ ਅਜਿਹਾ ਗੁਣ ਹੈ ਕਿ ਉਹ ਆਪਣੇ ਸ਼ਾਤ ਸੁਭਾਅ ਵਿੱਚ ਰਹਿ ਕੇ ਹਰ ਕਿਸੇ ਨੂੰ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਖਿੱਚ ਲੈਂਦੀਆ ਹਨ । ਕੀੜੀਆਂ ਵਿੱਚ ਅਨੁਸ਼ਾਸਨ ਬਹੁਤ ਹੁੰਦਾ ਉਹ ਬੇਰੋਕ ਵਾਰੋ ਵਾਰੀ ਇਕ ਲਾਈਨ ਵਿੱਚ ਮਸਤੀ ਭਰੀ ਚਾਲ ਨਾਲ ਚੱਲਦੀਆਂ ਰਹਿੰਦੀਆਂ।ਇਸ ਨਾਲ ਸੰਬੰਧਿਤ ਮੈਂ ਇਕ ਵੀਡੀਓ ਦੇਖੀ ਜਿਸ ਵਿੱਚ ਦਿਖਾਇਆ ਸੀ ਕਿ ਸੁਲਤਾਨਪੁਰ ਜਾਂਦੇ ਰਸਤੇ ਵਿੱਚ ਇਕ ਉਜਾੜ ਥਾਂ ਉੱਪਰ ਕੀੜੀਆਂ ਨੇ ਤੁਰ ਤੁਰ ਲੀਹਾਂ ਦੇ ਰੂਪ ਵਿੱਚ ਸੜਕਾਂ ਬਣਾਈਆਂ ,ਸਾਰੇ ਪਾਸਿਓਂ ਸਿਰਫ ਇਕ ਇਕ ਲੀਹ ਸੀ ਅਤੇ ਇਕ ਜਗ੍ਹਾ ਉਹ ਸਾਰੀਆ ਲੀਹਾਂ ਮਿਲਦੀਆਂ ਸੀ ।ਮਨੁੱਖਾਂ ਕੋਲ ਪਤਾ ਨੀ ਕਿੰਨੀਆਂ ਸੜਕਾਂ ਦਾ ਜਾਲ ਵਿਛਿਆ ਹੋਇਆ ਪਰ ਉਹ ਫਿਰ ਵੀ ਜਲਦੀ ਦੀ ਦੌੜ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗਵਾ ਜਾਂਦੇ । ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ "ਨਾਮ ਜਪੋ ,ਕਿਰਤ ਕਰੋ,ਵੰਡ ਛੱਕੋ " ਕੀੜੀਆਂ ਇਸ ਉਪਦੇਸ਼ ਦਾ ਪਾਲਣ ਬਾਖੂਬੀ ਕਰਦੀਆਂ ।ਕੀੜੀਆਂ ਵਿਚ ਬੇਸ਼ੱਕ ਭੋਜਨ ਜਮ੍ਹਾਂ ਕਰਨ ਦੀ ਖਾਸੀਅਤ ਵੀ ਹੈ ਜੋ ਉਸਦੇ ਔਖੇ ਸਮੇਂ ਕੰਮ ਆਉਦਾ ਹੈ ।ਫਿਰ ਵੀ ਉਹ ਆਪਣੇ ਸਾਥੀਆਂ ਨਾਲ ਵੰਡ ਕੇ ਭੋਜਨ ਕਰਦੀਆਂ ।ਕੀੜੀਆਂ ਵਿੱਚ ਸਬਰ ਬਹੁਤ ਹੁੰਦਾ ਉਹ ਜਿਆਦਾ ਦੀ ਤਾਂਘ ਵਿੱਚ ਨਹੀਂ ਰਹਿੰਦੀਆਂ ਸਗੋ ਜੋ ਉਨ੍ਹਾਂ ਕੋਲ ਹੈ ਜਾ ਜਿਨ੍ਹਾਂ ਮਿਲ ਗਿਆ ਉਸ ਵਿੱਚ ਖੁਸ਼ ਰਹਿੰਦੀਆਂ ਹਨ । ਕੀੜੀਆਂ ਵਿੱਚ ਅਨੁਸ਼ਾਸਨ ਭਾਵਨਾ ਦੇਖ ਕੇ ਇਦਾਂ ਲੱਗਾ ਜਿਦਾਂ ਕੋਈ ਕਮਾਡੋ ਦੀ ਟੁੱਕੜੀ ਪਰੇਡ ਕਰਦੀ ਜਾ ਰਹੀ ਹੋਵੇ । ਮਨੁੱਖ ਬੱਸਾਂ ,ਬਜ਼ਾਰਾਂ ਅਤੇ ਹੋਟਲਾਂ ਵਿੱਚ ਜਾ ਕੇ ਵੀ ਇਕ ਦੂਜੇ ਤੋਂ ਪਹਿਲਾਂ ਦੀ ਹੋੜ ਵਿੱਚ ਧੱਕਾਮੁੱਕੀ ਕਰਦਾ ਨਜ਼ਰ ਆਉਦਾ । ਮਨੁੱਖ ਦੀ ਲਾਈਨ ਤਾਂ ਕਿਧਰੇ ਦਿਸਦੀ ਹੀ ਨਹੀਂ ਸਿਰਫ਼ ਝੁੰਡ ਹੀ ਨਜ਼ਰ ਆਉਦਾ । ਕੀੜੀਆਂ ਕਦੇ ਵੀ ਥੱਕਦੀਆਂ ਨਹੀਂ ਉਹ ਆਪਣੀ ਲਗਨ ਵਿੱਚ ਲਗਾਤਾਰ ਕੰਮ ਕਰਨ ਲੱਗੀਆਂ ਰਹਿੰਦੀਆਂ ਹਨ ।ਕੀੜੀਆਂ ਅਣਥੱਕ ਮਿਹਨਤ ਕਰਦੀਆਂ । ਕੀੜੀਆਂ ਕਦੇ ਵੀ ਪਰਮਾਤਮਾ ਨਾਲ ਜਾ ਕਿਸੇ ਨਾਲ ਵੀ ਕੋਈ ਗਿਲਾ ਨਹੀਂ ਕਰਦੀਆਂ ।ਕੀੜੀਆਂ ਦਾ ਕੱਦ ਬੇਸ਼ੱਕ ਬਹੁਤ ਛੋਟਾ ਪਰ ਗੁਣ ਬਹੁਤ ਵੱਡੇ ਹਨ । ਕੀੜੀਆਂ ਦੇ ਇਨ੍ਹਾਂ ਗੁਣਾਂ ਕਰ ਕੇ ਹੀ ਗੁਰਬਾਣੀ ਵਿਚ ਕੀੜੀਆਂ ਦਾ ਜ਼ਿਕਰ ਦਾ ਆਉਦਾ । "ਚੀਟੀਂ ਅਤੇ ਕੰਚੁਰ ਅਸਥੂਲਾਂ" ਭਾਵ ਜੋ ਕੰਮ ਕੀੜੀਆਂ ਕਰ ਸਕਦੀਆਂ ਉਹ ਵੱਡੇ ਤੋਂ ਵੱਡਾ ਜੀਵ ਵੀ ਨਹੀਂ ਕਰ ਸਕਦਾ ।ਜਿਵੇਂ ਕੀੜੀਆਂ ਕੋਲ ਰੇਤ ਵਿਚੋਂ ਖੰਡ ਚੁਣਨ ਦਾ ਗੁਣ ਵੀ ਹੈ ਪਰ ਇਹ ਕੰਮ ਹਾਥੀ ਵੀ ਨਹੀਂ ਕਰ ਸਕਦਾ ਹੈ । ਇਸ ਤੋਂ ਇਹ ਸਿੱਖਿਆ ਮਿਲਦੀ ਕਿ ਸਾਨੂੰ ਕਿਸੇ ਦਾ ਛੋਟਾ ਹੋਣ ਕਰਕੇ ਮਜਾਕ ਨਹੀਂ ਬਣਾਉਣਾ ਚਾਹੀਦਾ ਕਿਉਂ ਕਿ ਉਸ ਜੀਵ ਜੇ ਆਪਣੇ ਗੁਣ ਹੁੰਦੇ ਹਨ । ਬਹੁਤ ਥਾਵਾਂ ਤੇ ਉਸ ਤੋਂ ਕੰਮ ਲਿਆ ਜਾ ਸਕਦਾ ।ਕਹਿੰਦੇ ਆ ਨਾ ਕਿ ਕਦੇ ਨਾ ਕਦੇ ਖੋਟਾ ਸਿੱਕਾ ਵੀ ਚੱਲ ਜਾਂਦਾ । ਤਿੰਨ ਤਿੰਨ ਮੰਜਿਲਾਂ ਕੋਠੀਆਂ ਅਤੇ ਕਨਾਲ ਕਨਾਲ ਦੇ ਵਿਹੜੇ ਹੋਣ ਤੇ ਵੀ ਮਨੁੱਖ ਆਪਣੇ ਮਾਂ ਬਾਪ ਨੂੰ ਨਾਲ ਨਹੀਂ ਰੱਖ ਸਕਦਾ ,ਧੰਨ ਜਿਗਰਾ ਕੀੜੀਆਂ ਦਾ ਜੋ ਨਿੱਕੀ ਜਿਹੀ ਖੁੱਡ ਵਿੱਚ ਰਹਿੰਦੀਆ ਤੇ ਮੁਸੀਬਤ ਵਿੱਚ ਆਪਣੇ ਦੋਸਤਾਂ ਨੂੰ ਵੀ ਉਥੇ ਹੀ ਰਹਿਣ ਲਈ ਕਹਿੰਦੀਆਂ । ਕੀੜੀਆਂ ਨੂੰ ਵੀ ਕੁਦਰਤੀ ਆਫਤਾਂ ਅਤੇ ਮੌਸਮ ਦੇ ਮਜਾਜ ਦਾ ਸਾਹਮਣਾ ਕਰਨਾ ਪੈਦਾ ।ਮੀਂਹ ਕਣੀ ਦੇ ਮੌਸਮ ਲਈ ਇਹਨਾਂ ਨੂੰ ਭੋਜਨ ਪਹਿਲਾਂ ਇਕੱਠਾ ਕਰਕੇ ਰੱਖਣਾ ਪੈਂਦਾ ।ਭੁਚਾਲ ਆਉਣ ਦਾ ਅੰਦਾਜ਼ਾ ਕੀੜੀਆਂ ਨੂੰ ਪਹਿਲਾਂ ਹੀ ਹੋ ਜਾਂਦਾ ਅਤੇ ਉਹ ਕਤਾਰ ਬਣਾ ਕੇ ਨਵੀ ਥਾਂ ਦੀ ਭਾਲ ਵਿੱਚ ਤੁਰ ਪੈਂਦੀਆਂ ਹਨ ।ਪੁਰਾਣੇ ਸਮੇਂ ਵਿੱਚ ਕੀੜੀਆਂ ਦੇ ਸਥਾਨ ਬਦਲਣ ਤੋਂ ਹੀ ਲੋਕ ਹਮਝ ਜਾਂਦੇ ਸੀ ਕਿ ਹੜ੍ਹ ਆਉਣ ਵਾਲੇ ਹਨ । ਕੀੜੀਆਂ ਕੋਲ ਬੇਸ਼ੱਕ ਅੱਖਾਂ ਨਹੀਂ ਹੁੰਦੀਆਂ ਪਰ ਉਹ ਫਿਰ ਵੀ ਹਮੇਸ਼ਾਂ ਸਹੀ ਫੈਸਲਾ ਕਰ ਕੇ ਅੱਗੇ ਵੱਧਦੀਆਂ ਹਨ ।ਮਨੁੱਖ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਸਦਾ ਭਟਕਦਾ ਰਹਿੰਦਾ ਅਤੇ ਗਲਤ ਰਾਹ ਚੁਣ ਲੈਦਾ । ਮਨੁੱਖ ਸਾਰੀ ਉਮਰ ਮਹਿਲ (ਘਰ ) ਬਣਾਉਣ ਵਿੱਚ ਲਗਾ ਦਿੰਦਾ ਪਰ ਆਜਿਹੇ ਘਰ ਦਾ ਕੀ ਫਾਇਦਾ ਜਿਥੇ ਸਾਰਾ ਟੱਬਰ ਰਲ ਕੇ ਰਹਿ ਹੀ ਨਹੀਂ ਸਕਦਾ ਇਸ ਦੇ ਉਲਟ ਕੀੜੀਆਂ ਸਦਾ ਰਲਮਿਲ ਕੇ ਰਹਿੰਦੀਆ । ਬੇਸ਼ੱਕ ਹਰ ਇਕ ਵਿੱਚ ਗੁਣਾਂ ਦੇ ਨਾਲ ਨਾਲ ਔਗੁਣ ਵੀ ਹੁੰਦੇ ਹਨ ਪਰ ਕੀੜੀਆਂ ਵਿੱਚ ਇੰਨੇ ਸਾਰੇ ਗੁਣ ਦੇਖ ਕੇ ਉਹਨਾਂ ਦੇ ਔਗੁਣ ਲੱਭਣਾ ਆਟੇ ਵਿਚੋਂ ਲੂਣ ਲੱਭਣ ਵਾਂਗ ਹੋਵੇਗਾ । ਹੁਣ ਮੈਂ ਇੰਨਾ ਕੁਝ ਨਵਾਂ ਜਾਣ ਕੇ ਬਹੁਤ ਖੁਸ਼ ਸੀ ।ਮੈਂ ਬੇਸਬਰੀ ਨਾਲ ਅਗਲੇ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਜੋ ਇਹ ਸਾਰੀ ਜਾਣਕਾਰੀ ਮੈਂ ਬੱਚਿਆਂ ਨਾਲ ਸਾਂਝੀ ਕਰ ਸਕਾ । ਰਾਤ ਬਹੁਤ ਹੋ ਗਈ ਸੀ ਫਿਰ ਮੈਂ ਕੀੜੀਆਂ ਤੋਂ ਮਿਲੀ ਸਿੱਖਿਆ ਬਾਰੇ ਸੋਚਣ ਲੱਗੀ ਕਿ ਮੈਂ ਵੀ ਕੀੜੀਆਂ ਤੋਂ ਮਿਲੀ ਸਿੱਖਿਆ ਉੱਪਰ ਅਮਲ ਕਰਨਾ ਸ਼ੁਰੂ ਕਰੂਗੀ ।ਕਿਉਂ ਕਿ ਕੁਝ ਸਿੱਖਣ ਦਾ ਉਸ ਸਮੇਂ ਤੱਕ ਕੋਈ ਫਾਇਦਾ ਨਹੀਂ ਹੁੰਦਾ ਜਦ ਤੱਕ ਉਸ ਉੱਪਰ ਅਮਲ ਨਾ ਕੀਤਾ ਜਾਵੇ । ਸੋਚਦੇ ਸੋਚਦੇ ਮੈਂ ਕਦ ਸੌ ਗਈ ਪਤਾ ਨਹੀਂ ਲੱਗਿਆ ।
Please log in to comment.