ਜੱਸੀ ਨੇ ਹਾਲੇ ਬੁਰਕੀ ਤੋੜੀ ਹੀ ਸੀ ਕਿ ਫੋਨ ਦੀ ਰਿੰਗ ਵੱਜ ਗਈ ਤੇ ਫੋਨ ਵੀ ਕਿਸੇ ਖਾਸ ਦਾ ਹੀ ਸੀ ਜਿਹੜਾ ਓਹਨੇ ਚੱਕ ਝੱਟ ਦੇਣੇਂ ਕੰਨ ਨੂੰ ਲਾ ਲਿਆ ਤੇ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਈ । ਪਤਾ ਨੀਂ ਕੀ ਹੋਇਆ ਰੋਟੀ ਵਿੱਚੇ ਛੱਡ ਉੱਠ ਖੜਾ ਹੋਇਆ ਬਸ ਇੰਨਾਂ ਹੀ ਬੁੜ ਬੜਾਇਆ ਇਹ ਕੁੜੀ ਵੀ ਨਾਂ .... ਬਸ ਤੇ ਝੱਟ ਦੇਣੀਂ ਮੋਟਰ ਸਾਈਕਲ ਸਟਾਰਟ ਕਰ ਭਜਾਕੇ ਲੈ ਗਿਆ ਮੈਂ ਬਹੁਤ ਹਾਕਾਂ ਮਾਰੀਆਂ ਬਹੁਤ ਪੁੱਛਿਆ ਜੱਸੀ ਕੀ ਹੋਇਆ ? ਕੀਹਦਾ ਫੋਨ ਸੀ ? ਪਰ ਓਹਨੇ ਮੇਰੇ ਕਿਸੇ ਸਵਾਲ ਦਾ ਕੋਈ ਜਵਾਬ ਨੀਂ ਦਿੱਤਾ ਬਸ ਬਹੁਤ ਤੇਜੀ ਨਾਲ ਨਿਕਲ ਗਿਆ । ਅਸੀਂ ਤਿੰਨ ਭੈਣ ਭਰਾ ਵੱਡਾ ਵਿਆਹਿਆ ਹੋਇਆ ਮੈਂ ਤੇ ਜੱਸੀ ਕੰਵਾਰੇ ਪਿਉ ਤਾਂ ਸਾਡਾ ਬਚਪਨ ਵਿੱਚ ਹੀ ਤੁਰ ਗਿਆ ਮਾਂ ਨੇ ਲੋਕਾਂ ਦੇ ਘਰ ਕੰਮ ਕਰ ਕਰ ਸਾਨੂੰ ਪਾਲਿਆ । ਬੜਾ ਸੁਖੀ ਪਰਿਵਾਰ ਸੀ ਸਾਡਾ ਬਹੁਤ ਸੋਹਣੀਂ ਭਾਬੀ ਤੇ ਦੋ ਨੰਨੇ ਮੁੰਨੇ ਭਤੀਜੇ ਹੁਣ ਤਾਂ ਜੱਸੀ ਕਮਾਉਣ ਵੀ ਵਧੀਆ ਲੱਗ ਗਿਆ ਸੀ ਪਤਾ ਨੀਂ ਕਿਸੇ ਚੰਦਰੇ ਦੀ ਨਜਰ ਲੱਗ ਗਈ- ਜਿਵੇਂ ਸਾਰੀ ਦੁਨੀਆਂ ਦੇ ਦੁੱਖ ਸਾਡੇ ਹੀ ਘਰ ਆ ਗਏ ਹੋਣ ਬੜਾ ਕੁਲਹਿਣਾਂ ਦਿਨ ਚੜ੍ਹਿਆ ਸੀ ਓਹ ਅਸੀਂ ਤਾਂ ਜੱਸੀ ਦੀ ਪੱਕ ਠੱਕ ਕਰਕੇ ਮੁੜੇ ਸੀ ਬਹੁਤ ਖੁਸ਼ ਸੀ ਜੱਸੀ -- ਹੁੰਦਾ ਵੀ ਕਿਉ ਨਾਂ ਜੀਹਨੂੰ ਪਿਆਰ ਕਰਦਾ ਸੀ ਓਹਦੇ ਨਾਲ ਹੀ ਅੱਜ ਰੋਕਾ ਜੋ ਹੋਇਆ ਸੀ ਬੜੇ ਪਾਪੜ ਵੇਲੇ ਸੀ ਦੋਵਾਂ ਨੇ ਤਾਂ ਕਿਤੇ ਜਾ ਕੇ ਕੁੜੀ ਦਾ ਪਿਓ ਮੰਨਿਆ ਸੀ ਚਲੋ ਮਿਹਨਤ ਪੱਲੇ ਪੈ ਗਈ ਸੀ । ਘਰੇ ਆਕੇ ਮੈਂ ਤੇ ਭਾਬੀ ਜੱਸੀ ਨੂੰ ਮਖੌਲ ਕਰਦੀਆਂ ਸੀ ਕਿ ਅੱਜ ਨੱਚ ਕੇ ਦਿਖਾ ਸਾਡੇ ਏਸ ਹਾਸੇ ਠੱਠੇ ਨੂੰ ਅਣਗੌਲਿਆ ਕਰਕੇ ਵੱਡਾ ਪਤਾ ਨੀਂ ਕਦ ਘਰੋਂ ਨਿਕਲ ਗਿਆ ਕਿਸੇ ਨੂੰ ਯਾਦ ਚੇਤੇ ਹੀ ਨਹੀਂ ਸੀ ਬਸ ਥੋੜੇ ਟਾਈਮ ਬਾਅਦ ਗਵਾਂਢੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਕਿ ਓਹਨੇ ਚਿੱਟੇ ਦੀ ਓਵਰ ਡੋਜ ਲੈ ਲਈ ਤੇ ਮੜੀਆਂ ਕੋਲ ਮੂਧੇ ਮੂੰਹ ਪਿਆ ਪਤਾ ਨੀਂ ਕਿੱਥੋਂ ਚੰਦਰੇ ਨੇ ਇਹ ਚਿੱਟੇ ਦਾ ਐਬ ਲਾ ਲਿਆ ਕੋਈ ਕੰਮ ਵੀ ਨਹੀਂ ਕਰਦਾ ਸੀ ਬਸ ਸਾਰਾ ਦਿਨ ਆਪਣੇਂ ਲਫੈਂਡ ਜਿਹੇ ਆੜੀਆਂ ਨਾਲ ਫਿਰੀ ਜਾਂਦਾ ਜੱਸੀ ਬਥੇਰਾ ਸਮਝਾਉਦਾ ਸੀ ਪਰ ਕਿੱਥੇ ਅੱਜ ਚੜਾਤਾ ਚੰਨ ਬੜਾ ਚੀਕ ਚਿਹਾੜਾ ਪਿਆ ਸੀ ਸਾਡੇ ਘਰ ਜਦ ਓਹਨੂੰ ਲੈ ਕੇ ਆਏ ਮੈਨੂੰ ਤਾਂ ਹੋਸ਼ ਹੀ ਨਹੀਂ ਸੀ ਭਾਬੀ ਨੂੰ ਵੀ ਦੋ ਵਾਰ ਦੰਦਲ ਪੈਗੀ ਮਾਂ ਤਾਂ ਜਿਵੇਂ ਪੱਥਰ ਹੀ ਹੋਗੀ ਹੋਵੇ ਬੜਾ ਔਖਾ ਨਿਬੜਿਆ ਸੀ ਸਾਰਾ ਕੁੱਝ ਬੜਾ ਔਖਾ ਸਮਝਾਇਆ ਸੀ ਅਸੀਂ ਸਾਰਿਆਂ ਨੇ ਆਪਣੇਂ ਆਪ ਨੂੰ -- ਹੁਣ ਭੋਗ ਵਾਲੇ ਦਿਨ ਨਵਾਂ ਪੁਆੜਾ ਪੈ ਗਿਆ ਭਾਬੀ ਦੇ ਪੇਕੇ ਕਹਿੰਦੇ ਬਈ ਇਹਨੂੰ ਹੁਣ ਜੱਸੀ ਦੇ ਸਿਰ ਧਰੋ ... ਸਾਨੂੰ ਤਾਂ ਜਿਵੇਂ ਕਰੰਟ ਲੱਗਿਆ ਹੋਵੇ ਮੈਂ ਤੇ ਮਾਂ ਤਾਂ ਇੱਕਦਮ ਖੜੀਆਂ ਹੋ ਗਈਆਂ ਨਹੀਂ ਨਹੀਂ ਇਹ ਨੀਂ ਹੋ ਸਕਦਾ ਨਾਲੇ ਜੱਸੀ ਦਾ ਤਾਂ ਰਿਸ਼ਤਾ ਪੱਕਾ ਹੋ ਗਿਆ ਪਰ ਓਹ ਸਾਰੇ ਇੱਕੋ ਗੱਲ ਕਹੀ ਜਾਣ ਲੈ ਫੇਰ ਕੀ ਹੋਇਆ ਰਿਸ਼ਤਾ ਹੀ ਹੋਇਆ ਕਿਹੜਾ ਵਿਆਹ ਹੋਇਆ ਇਹ ਜਵਾਕੜੀ ਕੀ ਕਰੂ ? ਕਿਵੇਂ ਲੰਘਾਊ ਸਾਰੀ ਉਮਰ ? ਭੋਰਾ ਭੋਰਾ ਜਵਾਕ ਨੇ ਅੰਤ ਗੱਲ ਜੱਸੀ ਤੇ ਮੁੱਕੀ ਬਈ ਜੇ ਕਹੂ ਠੀਕ ਆ ਨਹੀਂ ਅਸੀਂ ਇਹਨੂੰ ਲੈ ਜਾਂਵਾਗੇ ਜੱਸੀ ਕਹਿੰਦਾ ਭੋਗ ਤੋਂ ਬਾਅਦ ਇਕੱਠ ਰੱਖਦੇ ਆਂ ! ਜੱਸੀ ਕੀ ਸੋਚਿਆ ਤੂੰ ਫੇਰ ? ਮਾਂ ਨੇ ਭਰੇ ਹੋਏ ਗਲ਼ ਨਾਲ ਪੁੱਛਿਆ ਸੀ । ਕਾਹਦੇ ਬਾਰੇ ਮੰਮੀ ? ਪੁੱਤ ਅੱਜ ਇਕੱਠ ਆ । ਲੈ ਸੋਚਣਾਂ ਕੀ ਆ ਮੰਮੀ ਹੁਣ ਇਹਨਾਂ ਜਵਾਂਕਾ ਦਾ ਮੇਰੇ ਬਿਨਾਂ ਹੋਰ ਕੌਣ ਆ ......ਮੇਰਾ ਪੁੱਤ ਇੰਨਾ ਸਿਆਣਾਂ-- ਮਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਜੱਸੀ ਨੇ ਹਾਂ ਕਰ ਦਿੱਤੀ ਤੇ ਆਪਣੇਂ ਪਿਆਰ ਦੀ ਕੁਰਬਾਨੀ ਦੇ ਦਿੱਤੀ !!!!! ਪਤਾ ਨੀਂ ਕੀ ਹੋ ਗਿਆ ਜਿਹੜਾ ਇੰਨੀ ਕਾਹਲੀ ਚ ਘਰੋਂ ਗਿਆ ਮੰਮੀਂ ਨੂੰ ਚਾਹ ਦੇਕੇ ਫੋਨ ਕਰਦੀਂ ਆਂ ਲੈ ਆ ਹੀ ਗਿਆ-- ਜੱਸੀ ਕੀ ਹੋ ਗਿਆ ਸੀ ? ਰੋਟੀ ਵੀ ਨੀਂ ਖਾਕੇ ਗਿਆ - ਕੁੱਝ ਨੀਂ ਓਹ ਰਚਨਾਂ ਨੇ ਫੇਰ ਅੱਜ ਆਤਮ ਹੱਤਿਆ ਕਰਨ ਦੀ ਕੋਸਿਸ ਕੀਤੀ ਓਹਦੀ ਮਾਂ ਦਾ ਹੀ ਫੋਨ ਸੀ ਕਮਲੀ ਸਮਝਦੀ ਹੀ ਨਹੀਂ ਕਿ ਹੁਣ .... ਜੱਸੀ ਅੱਖਾਂ ਜਿਹੀਆਂ ਪੂੰਝਦਾ ਅੰਦਰ ਚਲੇ ਗਿਆ !!! *ਰਘਵੀਰ ਸਿੰਘ ਲੁਹਾਰਾ*
Please log in to comment.