Kalam Kalam
Profile Image
Raghveer Singh
1 month ago

ਠੱਗੀ

ਵੇ ! ਬਿੱਲੂ ਰਹਿਣ ਦਿਓ ਕਿਉ ਬੇਜੁਬਾਨ ਨਾਲ ਧੱਕਾ ਕਰਦੇ ਓ - ਕਿਤੇ ਵਿਚਾਰੀ ਦੀ ਲੱਤ ਲੁੱਤ ਹੀ ਨਾਂ ਤੋੜ ਦਿਓ - ਮਾਤਾ ਤੂੰ ਚੁੱਪ ਕਰਕੇ ਅੰਦਰ ਚਲੀ ਜਾਹ ਅਸੀਂ ਪਹਿਲਾਂ ਹੀ ਬਹੁਤ ਖਪੇ ਪਏ ਆਂ !!! ਮੈਂ ਤੇ ਬਿੱਲੂ ਮਾਮਾ ਮੱਝ ਨੂੰ ਟਰਾਲੀ ਚ ਚਾੜ ਰਹੇ ਸੀ ਤਾਂ ਨਾਨੀ ਰੌਲਾ ਪਾ ਰਹੀ ਸੀ ਜਦ ਵੀ ਕਿਸੇ ਡੰਗਰ ਨੂੰ ਮਾਮਾ ਜੀ ਹੋਰੀਂ ਵੇਚਦੇ ਤਾਂ ਐ ਹੀ ਰੌਲਾ ਪਾਉਦੀ ਬਹੁਤ ਮੋਹ ਸੀ ਓਹਦਾ ਸਾਰੀਆਂ ਮੱਝਾਂ ਗਾਵਾਂ ਨਾਲ ਪਰ ਮਾਮਾਂ ਜੀ ਹੋਰੀ ਤਾਂ ਆਪਣੇਂ ਹਿਸਾਬ ਨਾਲ ਚੱਲਦੇ ਸੀ ਹੁਣ ਇਹ ਮੱਝ ਨੂੰ ਵੀ ਵੇਚਣ ਚੱਲੇ ਸੀ ਮੰਡੀ ਚ ਕਿਉਕਿ ਦੁੱਧ ਥੋੜਾ ਦਿੰਦੀ ਸੀ ਤੇ ਬਾਕੀ ਮੱਝਾਂ ਨੂੰ ਮਾਰਦੀ ਵੀ ਸੀ । ਮੈਂ ਦਸਵੀਂ ਦੇ ਪੇਪਰ ਦੇ ਕੇ ਵਹਿਲਾ ਸੀ ਮਾਮੇ ਕੋਲ ਆ ਗਿਆ ਮੇਰੀ ਬਿੱਲੂ ਮਾਮੇ ਨਾਲ ਬਹੁਤ ਬਣਦੀ ਸੀ ਦੋਵੇਂ ਸਾਰਾ ਦਿਨ ਇਕੱਠੇ ਰਹਿੰਦੇ ਚੱਲ ਸੁੱਕਰ ਆ ਚੜ੍ਹਗੀ - ਚੰਗੀ ਤਰਾਂ ਬੰਨਦੇ ਬਿੰਦਰ ਸੰਗਲ ਰਹਿਣਦੇ ਰੱਸਾ ਹੀ ਪਾਵੀਂ ਠੀਕ ਆ ਮਾਮਾ ਜੀ ਮੈਂ ਫਟਾ ਫਟ ਰੱਸਾ ਪਾ ਕੇ ਨੂੜਤੀ ਮਾਮਾ ਜੀ ਟਰੈਕਟਰ ਮੈਂ ਚਲਾਵਾਂ ? ਹੋਰ ਕੌਣ ਚਲਾਊ ? ਚੱਲ ਛੇਤੀ ਮਾਰ ਸੈਲਫ - ਅਸੀਂ ਬੜੇ ਚਾਅ ਨਾਲ ਮੰਡੀ ਪਹੁੰਚੇ ਸੀ ਮਾਮੇ ਨੇ ਮਿੱਟੀ ਦੀ ਢੇਰੀ ਨੂੰ ਟਰਾਲੀ ਦੀ ਪਿੱਠ ਲਾ ਦਿੱਤੀ ਤੇ ਮੈਂ ਮੱਝ ਥੱਲੇ ਉਤਾਰ ਲਈ ਕਈ ਗਾਹਕ ਆਏ ਪਰ ਮਾਮੇ ਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਸੀ ਦੁਪਿਹਰ ਹੋਗੀ ਤਾਂ ਦੋ ਜਣੇ ਆਏ ਓਹਨਾਂ ਨੇ ਕੁੱਝ ਵਧੀਆ ਰੇਟ ਲਾਇਆ ਮਾਮਾ ਜੀ ਨੇ ਸੌਦਾ ਕਰ ਲਿਆ ਰੁਪਈਏ ਗਿਣਕੇ ਸਾਂਭ ਲਏ ਮਾਮਾ ਬਹੁਤ ਖੁਸ਼ ਸੀ - ਬਿੰਦਰ ਚੱਲ ਰੋਟੀ ਖਾਕੇ ਆਉਨੇ ਆ ਯਾਰ ਅੱਜ ਡੰਗਰ ਵਧੀਆ ਆਏ ਆ ਇੱਕ ਝੋਟੀ ਖਰੀਦ ਵੀ ਲਈਏ ਨਾਲੇ ਤੇਰੀ ਨਾਨੀ ਖੁਸ਼ ਹੋਜੂ ਮੰਡੀ ਚ ਭੀੜ ਵਧ ਚੁੱਕੀ ਸੀ ਕਾਫੀ ਗੇੜੇ ਮਾਰਨ ਤੋਂ ਬਾਅਦ ਮਾਮੇ ਨੂੰ ਇੱਕ ਮੱਝ ਪਸੰਦ ਆ ਗਈ ਥੋੜੀ ਬਹੁਤ ਸੌਦੇਬਾਜੀ ਹੋਣ ਤੋ ਬਾਅਦ ਪੰਜ ਕੁ ਹਜ਼ਾਰ ਕੋਲੋਂ ਪਾਕੇ ਖਰੀਦ ਲਈ ਬੜਾ ਵਧੀਆ ਰੰਗ ਬਰੰਗਾ ਰੱਸਾ ਗਲ ਚ ਵੀ ਡੋਰੀ ਪਾਈ ਹੋਈ ਸੀ ਮੈਨੂੰ ਵੀ ਬਹੁਤ ਸੋਹਣੀਂ ਲੱਗੀ ਸਾਹ ਕਾਲੀ ਜਿਹੜੀ ਵੇਚੀ ਸੀ ਓਹ ਤਾਂ ਡੱਬ ਖੜੱਬੀ ਜਿਹੀ ਸੀ ਮੱਥੇ ਤੇ ਵੀ ਚਿੱਟੀ ਧਾਰੀ ਸੀ ਚਲ ਟਾਈਮ ਨਾਲ ਵਹਿਲੇ ਹੋਕੇ ਘਰੇ ਆ ਗਏ ਟਰੈਕਟਰ ਦੀ ਅਵਾਜ ਸੁਣ ਨਾਨੀ ਵੀ ਬਾਹਰ ਆ ਗਈ ਅਸੀਂ ਬੜੇ ਚਾਅ ਨਾਲ ਮੱਝ ਟਰਾਲੀ ਚੋਂ ਲਾਹੀ ਨਾਨੀ ਹਾਲੇ ਗੌਹ ਨਾਲ ਦੇਖ ਹੀ ਰਹੀ ਸੀ ਕਿ ਮੱਝ ਨੇ ਮੈਨੂੰ ਝਟਕਾ ਜਿਹਾ ਮਾਰ ਰੱਸਾ ਛਡਾ ਲਿਆ ਤੇ ਭੱਜ ਕੇ ਖੁਰਲੀ ਤੇ ਚਲੇ ਗਈ ਜਿੱਥੋਂ ਓਹ ਖੋਲਕੇ ਵੇਚੀ ਸੀ ਓਸੇ ਜਗ੍ਹਾ - ਵੇ ਬਿੱਲੂ ਹੁਣ ਇਹਨੂੰ ਮੋੜ ਕਿਉ ਲਿਆਏ - ਲੈ ਨਾਨੀ ਇਹ ਹੋਰ ਖਰੀਦੀ ਆ ਆਂਪਾਂ ਮੈਂ ਬੜੇ ਚਾਅ ਨਾਲ ਕਿਹਾ ਵੇ ਫੋਟ ਮੇਰੇ ਨਾਲ ਮਸਖਰੀਆਂ ਨਾਂ ਕਰ ਓਹੀ ਆ ਜੀਹਨੂੰ ਲੈ ਕੇ ਗਏ ਸੀ ਸਾਡੀ ਨਾਨੀ ਦੋਹਤੇ ਦੀ ਬਹਿਸ ਚੋਂ ਮਾਮੇ ਨੂੰ ਪਤਾ ਨੀਂ ਕੀ ਸੁਰਾਗ ਮਿਲ ਗਿਆ ਓਹਨੇ ਪਾਣੀਂ ਦਾ ਕੱਪ ਲੈ ਕੇ ਜਦ ਮੱਝ ਦਾ ਸਿਰ ਧੋਤਾ ਤਾਂ ਕਾਲਸ ਜਿਹੀ ਲੈਹ ਗਈ ਤੇ ਉੱਚੀ ਦੇਣੇਂ ਕਹਿੰਦਾ ਹਾਏ ਓਏ ਰੱਬਾ ਠੱਗੀ ਵੱਜਗੀ ......... !!!!!! ਰਘਵੀਰ ਸਿੰਘ ਲੁਹਾਰਾ

Please log in to comment.