Kalam Kalam

ਪੇਕੇ ਹੁੰਦੇ

#ਪੇਕੇ_ਹੁੰਦੇ ●●●●●। "ਆਪਾਂ ਦੀਦੀ ਨੂੰ ਲੈ ਆਈਏ। ਪਿਛਲੀ ਵਾਰੀ ਤਾਂ ਊਂ ਹੀ ਉਲਝ ਗਏ।" ਇੱਕ ਦਿਨ ਸੌਣ ਵੇਲੇ ਮੈਨੂੰ ਮੇਰੇ ਨਾਲਦੀ ਨੇ ਕਿਹਾ। ਸੱਚ ਹੈ ਵੱਡੀ ਭੈਣ ਮਾਵਾਂ ਵਰਗੀ ਹੁੰਦੀ ਹੈ। ਸਾਲ ਵਿੱਚ ਭੈਣ ਦੋ ਜਾਂ ਤਿੰਨ ਗੇੜੇ ਮਾਰ ਹੀ ਲੈਂਦੀ ਹੈ ਤੇ ਪੰਜ ਸੱਤ ਦਿਨ ਲਾ ਜਾਂਦੀ ਹੈ। ਇਸ ਨਾਲ ਉਸਦਾ ਵੀ ਪਾਸਾ ਥੱਲਿਆ ਜਾਂਦਾ ਹੈ ਤੇ ਇਹ ਵੀ ਦੋਨੇ ਨਨਾਣ ਭਰਜਾਈ ਦਿਲ ਦਾ ਗੁਭ ਗੁਭਾਟ ਕੱਢ ਲੈਂਦੀਆਂ ਹਨ। ਇਹਨਾਂ ਦੀ ਆਪਸੀ ਘੁਸਰ ਮੁਸਰ ਨਾਲ ਮਨ ਹੋਲਾ ਹੋ ਜਾਂਦਾ ਹੈ। ਪਿਛਲੇ ਵਾਰੀ ਸਤਾਰਾਂ ਦਸੰਬਰ ਨੂੰ ਅਸੀਂ ਪ੍ਰੋਗਰਾਮ ਬਣਾਕੇ ਭੈਣ ਨੂੰ ਬਠਿੰਡਾ ਲੈ ਆਏ। ਉੱਨੀ ਨੂੰ ਅਚਾਨਕ ਬੇਗਮ ਨੂੰ ਹਸਪਤਾਲ ਦਾਖਲ ਕਰਾਉਣਾ ਪੈ ਗਿਆ। ਮੇਲ ਮਿਲਾਪ ਤਾਂ ਇੱਕ ਪਾਸੇ ਰਿਹਾ ਹੋਰ ਹੀ ਬਿਪਤਾ ਸਿਰ ਪੈ ਗਈ। ਬਿਮਾਰੀ ਹਸਪਤਾਲ ਡਾਕਟਰਾਂ ਦੀ ਘੁੰਮਣ ਘੇਰੀ ਵਿੱਚ ਪੈ ਗਏ।ਏ ਉਹ ਪੰਜ ਦਿਨ ਦਾਖਲ ਰਹੀ ਤੇ ਫਿਰ ਭੈਣ ਨੂੰ ਭਾਣਜਾ ਆਕੇ ਲੈ ਗਿਆ। ਭੈਣ ਇੱਥੇ ਆਕੇ ਵੀ ਘਰ ਸੰਭਾਲ ਲੈਂਦੀ ਹੈ। ਮੰਜੇ ਤੇ ਬਹਿਕੇ ਹੁਕਮ ਨਹੀਂ ਚਲਾਉਂਦੀ। ਸਿਆਣੇ ਬੰਦੇ ਦੀਆਂ ਸਿਆਣੀਆਂ ਗੱਲਾਂ। ਮੈਨੂੰ ਵੀ ਰੱਬ ਵਰਗਾ ਆਸਰਾ ਹੋ ਜਾਂਦਾ ਹੈ। ਸਾਡੇ ਤੋਂ ਵੱਡੀ ਹੈ ਫਿਰ ਵੀ ਆਪਣਾ ਆਪ ਸੰਭਾਲ ਲੈਂਦੀ ਹੈ। ਜੋ ਖਾਣਾ ਹੈ ਆਪੇ ਬਣਾ ਲੈਂਦੀ ਹੈ। ਵੱਡਿਆਂ ਦਾ ਕਿਰਦਾਰ ਵਧੀਆ ਨਿਭਾਉਂਦੀ ਹੈ। ਗਲਤ ਗੱਲ ਤੇ ਝੱਟ ਟੋਕ ਦਿੰਦੀ ਹੈ। ਹੁਣ ਤਾਂ ਭੈਣ ਦੀ ਦਿੱਖ ਜਵਾਂ ਮਾਤਾ ਨਾਲ ਮਿਲਦੀ ਹੈ। ਓਹੋ ਜਿਹਾ ਚੇਹਰਾ। ਓਹੀ ਰੰਗ ਢੰਗ ਤੇ ਓਹੀ ਸਾਰਾ ਦਿਨ ਗੁਰੂ ਗੁਰੂ। ਮੈਂ ਪਹਿਲਾਂ ਭੈਣ ਦਾ ਨਾਮ ਲੈਂਦਾ ਸੀ ਤੇ ਉਹ ਦੀਦੀ ਆਖਦੀ ਹੈ। ਹੁਣ ਅਸੀਂ ਜੁਆਕਾਂ ਦੀ ਰੀਸ ਨਾਲ ਉਸ ਦਾ ਜਿਕਰ ਭੂਆ ਆਖਕੇ ਹੀ ਕਰਦੇ ਹਾਂ। ਇਹੀ ਚੰਗਾ ਲੱਗਦਾ ਹੈ। ਜਿਵੇਂ ਅਸੀਂ ਉਸਦਾ ਸਨਮਾਨ ਕਰਦੇ ਹੋਈਏ। ਭੂਆ ਦਾ ਸਰੀਰ ਭਾਰਾ ਹੈ ਪਰ ਹਿੰਮਤ ਬਰਕਰਾਰ ਹੈ। ਉਹ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ। ਰੋਟੀ ਖਾਕੇ ਥਾਲੀ ਆਪ ਰਸੋਈ ਰੱਖ ਆਉਂਦੀ ਹੈ। ਹੋਰ ਵੀ ਭਾਂਡੇ ਚੁੱਕ ਦਿੰਦੀ ਹੈ। ਜੁਆਕ ਅਤੇ ਅਸੀਂ ਗੁੱਸੇ ਹੁੰਦੇ ਹਾਂ। "ਭੂਆ ਡਿੱਗ ਨਾ ਪਈਂ। ਤੂੰ ਇਹ ਕੁੱਝ ਨਾ ਕਰਿਆ ਕਰ।" ਪਰ ਭੂਆ ਕਿੱਥੇ ਮੰਨਦੀ ਹੈ। ਅਕਸਰ ਕਈ ਵਾਰੀ ਭੂਆ ਦੀ ਟੋਕਾਟਾਕੀ ਤੇ ਗੁੱਸਾ ਆ ਜਾਂਦਾ ਹੈ। ਫਿਰ ਮਨ ਕਹਿੰਦਾ ਹੈ ਵੱਡੀ ਹੈ ਮਾਵਾਂ ਵਰਗੀ ਹੈ। ਪੂਰੇ ਪਰਿਵਾਰ ਦੀ ਮੁਖੀਆ ਹੈ। ਉਸਨੂੰ ਗੁੱਸੇ ਹੋਣ ਦਾ, ਟੋਕਣ ਦਾ ਹੱਕ ਹੈ। ਜੇ ਪੇਕੇ ਆਕੇ ਵੀ ਉਹ ਇਹ ਅਧਿਕਾਰ ਨਾ ਜਮਾਵੇ ਤਾਂ ਕਾਹਦੇ ਪੇਕੇ। ਇਸੇ ਘਰ ਦੀ ਜੰਮੀ ਹੈ ਭੂਆ (ਵੱਡੀ ਭੈਣ)। ਹੁਣ ਜਿਵੇਂ ਇਸ ਘਰ ਦੀਆਂ ਜੰਮੀਆਂ ਸੁਖਮਣੀ ਤੇ ਰੌਣਕ ਹਨ ਕਦੇ ਭੂਆ ਵੀ ਉਹਨਾਂ ਵਾਂਗੂ ਘਰ ਦੀ ਲਾਡਲੀ ਸੀ। ਦਾਦੇ ਦੀ ਪੋਤੀ ਸੀ। ਪਾਪਾ ਦੀ ਪਰੀ ਸੀ। ਹੁਣ ਉਮਰ ਨਾਲ ਸਾਰੀਆਂ ਜਿੰਮੇਵਾਰੀਆਂ ਉਸ ਦੇ ਸਿਰ ਹਨ। ਅਧਿਕਾਰਾਂ ਨੂੰ ਫਰਜ਼ਾਂ ਨੇ ਦਬਾ ਲਿਆ। ਕਹਿੰਦੇ ਹਨ "ਪੇਕੇ ਹੁੰਦੇ ਮਾਵਾਂ ਨਾਲ।" ਜਾਂ "ਤੁਰ ਜਾਣ ਤੋਂ ਬਾਅਦ ਯਾਦ ਆਉਂਦੀਆਂ ਹਨ ਮਾਵਾਂ।" ਇਹ ਗੱਲ ਸਹੀ ਹੁੰਦੀ ਹੋਵੇਗੀ ਕਿਸੇ ਜਮਾਨੇ ਵਿੱਚ। ਅੱਜਕਲ੍ਹ ਤਾਂ ਮਾਵਾਂ ਵੀ ਬੇਬੱਸ ਨਜ਼ਰ ਆਉਂਦੀਆਂ ਹਨ। ਕੁੰਜੀ ਮੁਖਤਿਆਰ ਜੋ ਭਰਜਾਈਆਂ ਹੁੰਦੀਆਂ ਹਨ। ਪਰ ਜੇ ਭਰਜਾਈਆਂ ਚੰਗੀਆਂ ਹੋਣ ਤਾਂ ਮਾਂ ਵੀ ਯਾਦ ਨਹੀਂ ਆਉਂਦੀ। ਉਂਜ ਵੀ ਮਾਪੇ ਸਦਾ ਨਾਲ ਨਹੀਂ ਨਿਭ ਦੇ। ਪੇਕੇ ਤਾਂ ਭਰਾ ਭਰਜਾਈਆਂ ਦੇ ਨਾਲ ਰਹਿ ਗਏ ਤੇ ਕਈ ਜਗ੍ਹਾ ਪੇਕਿਆਂ ਦੇ ਨਾਮ ਤੇ ਭਤੀਜੇ ਹੀ ਬਚੇ ਹਨ। ਬਾਕੀ ਭਰਾ ਵੀ ਭਰਜਾਈ ਦੀ ਰਮਜ਼ ਸਮਝਦੇ ਹਨ। ਭਰਾਵਾਂ ਦੇ ਰੀਮੋਟ ਭਰਜਾਈਆਂ ਕੋਲ੍ਹ ਹਨ। ਜੇ ਭਰਜਾਈਆਂ ਚੰਗੀਆਂ ਹੋਣ ਤਾਂ ਔਰਤ ਦੇ ਪੇਕੇ ਕਦੇ ਨਹੀਂ ਮੁੱਕਦੇ। ਚੰਗੀਆਂ ਅਤੇ ਨਾ ਚੰਗੀਆਂ ਭਰਜਾਈਆਂ ਵੀ ਸਾਡੇ ਸਮਾਜ ਦਾ ਹਿੱਸਾ ਹਨ। ਸ਼ਾਇਦ ਕੋਈ ਲਿਖ ਦੇਵੇ ਕਿ ਪੇਕੇ ਹੁੰਦੇ ਭਰਜਾਈਆਂ ਨਾਲ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233

Please log in to comment.

More Stories You May Like