Kalam Kalam

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ- ਕਹਾਣੀ- ਲੇਖਕ:- ਰਾਮ ਸਿੰਘ ਭੀਖੀ ਠਕ-ਠਕ-ਠਕ। ਦਰਵਾਜਾ ਖੜਕਿਆ। ਕਿਰਨ ਨੇ ਬੈੱਡ ਲਾਈਟ ਜਗਾਈ। ਸਾਹਮਣੇ ਲੱਗੀ ਦੀਵਾਰ ਘੜੀ ਸਵੇਰ ਦੇ ਚਾਰ ਵਜਾ ਰਹੀ ਸੀ। ਅਜੇ ਉਹ ਸੋਚ ਹੀ ਰਹੀ ਸੀ, ਕੌਣ ਹੋ ਸਕਦਾ ਹੈ ਇਸ ਵੇਲੇ, ਤਦੇ ਦਰਵਾਜ਼ਾ ਫਿਰ ਖੜਕਿਆ। ਉਹ ਅਣਮੰਨੇ ਜਿਹੇ ਮਨ ਨਾਲ ਉੱਠੀ ਤੇ ਦਰਵਾਜ਼ੇ ਦੀ ਚਿਟਕਣੀ ਗਿਰਾ ਦਿੱਤੀ। ਹੌਲੀ ਜਿਹੇ ਦਰਵਾਜ਼ਾ ਖੋਹਲਿਆ, ਸਾਹਮਣੇ ਪ੍ਰੀਤ ਖੜ੍ਹੀ ਸੀ, ਉਸ ਦੀ ਧੀਅ ਹੱਥਾਂ ਵਿੱਚ ਗੁਲਦਸਤਾ ਲਈ। ਹੈਪੀ ਬਰਥ-ਡੇ ਮੌਮ। ਗੁਲਦਸਤਾ ਪ੍ਰੀਤ ਨੇ ਕਿਰਨ ਦੇ ਹੱਥਾਂ ਵਿੱਚ ਥਮਾ ਦਿੱਤਾ। ਕਿਰਨ ਹੈਰਾਨ-ਪ੍ਰੇਸ਼ਾਨ। ਇਹ ਕੀ ਬੇਟਾ? ਸਰ-ਪ੍ਰਾਈਜ਼ ਮੌਮ, ਉਹ ਚਹਿਚਾਈ। ਕਿਰਨ ਦੀ ਜਿਵੇਂ ਹਾਲੇ ਜਾਗ ਨਹੀਂ ਸੀ ਖੁੱਲ੍ਹੀ। ਉਹ ਭਮੱਤਰਿਆਂ ਵਾਂਗ ਖੜ੍ਹੀ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਅੱਜ ਉਸ ਦਾ ਜਨਮ ਦਿਨ ਹੈ। ਵਰ੍ਹਿਆਂ ਦੇ ਵਰ੍ਹੇ ਬੀਤ ਗਏ, ਉਸ ਨੂੰ ਅਪਣਾ ਜਨਮ ਦਿਨ ਮਨਾਇਆਂ । ਧੀਅ ਦੇ ਮੂੰਹੋਂ ਜਨਮ ਦਿਨ ਮੁਬਾਰਕ ਸੁਣਦਿਆਂ , ਉਸ ਨੂੰ ਜਿਵੇਂ ਕਾਂਬਾ ਛਿੜ ਗਿਆ ਸੀ। ਅਪਣੇ ਅੰਦਰ ਉਸ ਨੇ ਕੁਝ ਟੁੱਟ ਗਿਆ ਮਹਿਸੂਸ ਕੀਤਾ। ਉਸ ਦੀਆਂ ਅੱਖਾਂ ਵਿੱਚੋਂ ਦੋ ਅਨਮੋਲ ਮੋਤੀ ਗਿਰ ਕੇ ਪ੍ਰੀਤ ਦੇ ਕਦਮਾਂ ਵਿੱਚ ਜਾ ਡਿੱਗੇ। ਮੌਮ ਤੁਹਾਡੀਆਂ ਅੱਖਾਂ ਵਿੱਚ ਹੰਝੂ ? ਕੀ ਗੱਲ ਮੌਮ, ਤੁਸੀਂ ਉਦਾਸ ਕਿਉਂ ਹੋ ਗਏ ? ਪ੍ਰੀਤ ਦੇ ਸਵਾਲ ਦਾ ਛੇਤੀ ਕੀਤੇ ਕਿਰਨ ਨੂੰ ਕੋਈ ਜਵਾਬ ਨਾ ਅਹੁੜਿਆ। ਫਿਰ ਅਪਣੇ ਆਪ ਨੂੰ ਜਿਵੇਂ ਉਸ ਨੇ ਇਕੱਠਾ ਜਿਹਾ ਕੀਤਾ। ਨਹੀਂ ਬੇਟਾ, ਏਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਖ਼ੁਸ਼ੀ ਦੇ ਹੰਝੂ ਹਨ। ਕਿਰਨ ਨੇ ਪ੍ਰੀਤ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਪ੍ਰੀਤ ਕੋਈ ਦੁੱਧ ਪੀਂਦੀ ਬਾਲੜੀ ਨਹੀਂ ਸੀ। ਮਨੋ-ਵਿਗਿਆਨ ਦੀ ਸਪੈਸਲਿਸ਼ਟ ਡਾਕਟਰ ਸੀ ਉਹ। ਉਸ ਨੇ ਆਪਣੀ ਮੌਮ ਦਾ ਚਿਹਰਾ ਪੜ੍ਹ ਲਿਆ ਸੀ। ਕਿਰਨ ਦੇ ਚਿਹਰੇ ਤੇ ਉਦਾਸੀ ਦੇ ਰੰਗ ਸਾਫ਼ ਨਜ਼ਰ ਆ ਰਹੇ ਸਨ। ਕਿਰਨ ਪ੍ਰੀਤ ਨੂੰ ਉਂਝ ਹੀ ਬਾਹਵਾਂ ਵਿੱਚ ਜਕੜੀ ਬੈੱਡ ਤੇ ਲੈ ਆਈ। ਗੁਲਦਸਤਾ ਕਿਰਨ ਨੇ ਨਾਲ ਪਏ ਟੇਬਲ ਤੇ ਰੱਖ ਦਿੱਤਾ। ਪ੍ਰੀਤ ਦੇ ਮੱਥੇ ਨੂੰ ਚੁੰਮਦਿਆਂ, ਉਸ ਨੂੰ ਥੈਂਕਸ ਕਿਹਾ। ਕਿਰਨ ਨੇ ਹੱਸਦਿਆਂ ਪ੍ਰੀਤ ਨੂੰ ਪੁੱਛਿਆ, ਤੈਨੂੰ ਭਲਾ ਕਿਵੇਂ ਪਤਾ ਲੱਗਿਆ ਕਿ ਅੱਜ ਮੇਰਾ ਜਨਮ ਦਿਨ ਹੈ ? ਬਨਾਵਟੀ ਹਾਸਾ ਹੱਸਦੀ ਉਹ ਆਪਣੇ ਅੰਦਰਲੇ ਭਾਵਾਂ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ, ਪਰ ਗ਼ਮ ਕਦੋਂ ਕਿਸੇ ਨੂੰ ਹੱਸਣ ਦੀ ਖੁੱਲ੍ਹ ਦਿੰਦੇ ਹਨ। ਮਨੋ-ਵਿਗਿਆਨ ਦੀ ਡਾਕਟਰ ਬੇਟੀ ਦੇ ਸਾਹਮਣੇ ਉਸ ਦੀ ਅਵਾਜ਼ ਥਰਥਰਾ ਰਹੀ ਸੀ ਤੇ ਉਸ ਦੀ ਝੂਠੀ ਮੁਸਕਾਨ ਭਲਾ ਉਸ ਦਾ ਕਿਵੇਂ ਸਾਥ ਦੇ ਸਕਦੀ ਸੀ। ਮੌਮ, ਮੈਂ ਤੁਹਾਡਾ ਜਨਮ ਦਿਨ ਨਾਨਾ ਜੀ ਤੋਂ ਪਤਾ ਕਰ ਲਿਆ ਸੀ । ਜਦੋਂ ਤੁਸੀਂ ਮੇਰਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਉਂਦੇ ਤਾਂ ਮੇਰਾ ਵੀ ਦਿਲ ਕਰਦਾ ਕਿ ਮੈ ਵੀ ਆਪਣੀ ਪਿਆਰੀ ਮੌਮ ਦਾ ਜਨਮ ਦਿਨ ਮਨਾਵਾਂ, ਪਰ ਤੁਸੀਂ ਤਾਂ ਕਦੇ ਦੱਸਿਆ ਹੀ ਨਹੀਂ ਸੀ। ਜਦੋਂ ਵੀ ਮੈਂ ਤੁਹਾਨੂੰ ਕਦੇ ਪੁੱਛਿਆ, ਤਾਂ ਤੁਸੀਂ ਹਮੇਸ਼ਾ ਹੀ ਟਾਲ-ਮਟੋਲ ਕਰ ਦਿੰਦੇ। ਇਸ ਪਿੱਛੇ ਕੀ ਕਾਰਨ ਸੀ, ਮੈਂ ਕਦੇ ਨਾ ਸਮਝ ਸਕੀ। ਪਰ ਅੱਜ ਤੁਹਾਡੇ ਨੈਣਾਂ ਦੇ ਅੱਥਰੂਆਂ ਅਤੇ ਚਿਹਰੇ ਦੀ ਉਦਾਸੀ ਤੋਂ ਸਾਫ਼ ਹੁੰਦਾ ਹੈ ਕਿ ਤੁਸੀਂ ਆਪਣੇ ਦਿਲ ਵਿੱਚ ਕੋਈ ਗਹਿਰਾ ਰਾਜ਼ ਛੁਪਾਈ ਬੈਠੇ ਹੋ। ਕੋਈ ਅਜਿਹਾ ਦਰਦ ਜੋਂ ਹੰਝੂਆਂ ਰਾਹੀਂ ਤੁਹਾਡੇ ਦਿਲ ਵਿੱਚੋਂ ਬਾਹਰ ਆ ਰਿਹਾ ਹੈ। ਉਹ ਦਰਦ ਹੀ ਹੈ, ਜੋ ਤੁਹਾਨੂੰ ਕੋਈ ਖ਼ੁਸ਼ੀ ਮਨਾਉਣ ਨਹੀਂ ਦੇ ਰਿਹਾ। ਕੀ ਮੈਂ ਤੁਹਾਡੀ ਧੀ ਨਹੀਂ। ਮਾਵਾਂ-ਧੀਆਂ ਦੇ ਕਾਹਦੇ ਪਰਦੇ ਹੁੰਦੇ ਹਨ ? ਪਲੀਜ ਮੌਮ, ਦੱਸੋ ਨਾ ਕੀ ਗੱਲ ਹੈ ? ਕਿਰਨ ਤੋਂ ਬੋਲਣਾ ਤਾਂ ਦੂਰ ਧੀਅ ਦੇ ਸਾਹਮਣੇ ਨੀਵੀਂ ਹੀ ਨਹੀਂ ਸੀ ਚੁੱਕ ਹੋ ਰਹੀ। ਉਸ ਨੂੰ ਲੱਗਿਆ, ਜਿਵੇਂ ਉਸ ਦੀ ਚੋਰੀ ਫੜ੍ਹੀ ਗਈ ਹੋਵੇ। ਹੋਂਠ ਭਾਵੇਂ ਦਰਦ ਦੀ ਵਿਥਿਆ ਕਹਿਣ ਤੋਂ ਹਿਚਕਾਉਣ, ਪਰ ਅੱਥਰੂ ਆਪਣਾ ਹੱਕ ਅਦਾ ਕਰਨਾ ਕਦੇ ਨਹੀਂ ਭੁੱਲਦੇ। ਉਹ ਬਿਲਕੁੱਲ ਅਹਿੱਲ ਬੈਠੀ ਸੀ, ਸੰਗਮਰਮਰ ਦੀ ਮੂਰਤ ਦੀ ਤਰ੍ਹਾਂ। ਬੇਜਾਨ, ਇੱਕ ਲਾਸ਼ ਦੀ ਨਿਆਈਂ । ਭਲਾ ਪੱਥਰ ਵੀ ਕਦੇ ਰੋਂਦੇ ਨੇ, ਪ੍ਰੀਤ ਸੋਚਦੀ। ਪਰ ਨਹੀਂ, ਮੇਰੀ ਮਾਂ ਪੱਥਰ ਨਹੀਂ ਇਨਸਾਨ ਹੈ, ਜਿਉਂਦਾ ਜਾਗਦਾ ਇਨਸਾਨ, ਉਹ ਬੁੜ-ਬੜਾਈ। ਪ੍ਰੀਤ ਨੇ ਮਾਂ ਨੂੰ ਘੁੱਟ ਗਲਵੱਕੜੀ ਪਾ ਲਈ, ਜਿਵੇਂ ਉਹ ਮਾਂ ਦੇ ਦਰਦ ਨੂੰ ਪੀ ਜਾਣਾ ਚਹੁੰਦੀ ਹੋਵੇ। ਪਲੀਜ ਮੌਮ, ਮੈਨੂੰ ਮੁਆਫ਼ ਕਰ ਦਿਓ। ਸ਼ਾਇਦ ਅਣਜਾਣੇ ਵਿੱਚ ਮੈਂ ਤੁਹਾਡਾ ਦਿਲ ਦੁਖਾ ਬੈਠੀ। ਹੁਣ ਕਿਰਨ ਨੇ ਵੀ ਅਪਣੀ ਧੀਅ ਦੁਆਲੇ ਦੋਵੇਂ ਬਾਹਾਂ ਵਲਾ ਲਈਆਂ ਸਨ। ਪਰ ਅੱਥਰੂ ਸਨ ਕਿ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ। ਕਿਰਨ ਨੂੰ ਲੱਗਿਆ, ਉਹ ਐਵੇਂ ਅੱਜ ਤੱਕ ਇਹ ਹੀ ਸਮਝਦੀ ਰਹੀ ਕਿ ਉਸਦਾ ਕੋਈ ਦਰਦੀ, ਕੋਈ ਗ਼ਮਖ਼ਾਰ ਨਹੀਂ ਹੈ। ਆਪਣੀ ਜਾਨ ਤੋਂ ਪਿਆਰੀ ਧੀਅ ਦੀ ਦੋਸਤੀ ਦਾ ਤਾਂ ਕਦੇ ਖ਼ਿਆਲ ਹੀ ਨਹੀਂ ਸੀ ਆਇਆ ਉਸਨੂੰ। ਮਾਂ-ਧੀਅ ਵਿੱਚ ਕਾਹਦਾ ਪਰਦਾ, ਪ੍ਰੀਤ ਸੱਚ ਹੀ ਤਾਂ ਕਹਿ ਰਹੀ ਹੈ। ਉਸ ਨੇ ਪੱਕੇ ਮਨ ਨਾਲ ਫੈਸਲਾ ਕਰ ਲਿਆ ਕਿ ਉਹ ਆਪਣੇ ਦਿਲ ਦਾ ਸਾਰਾ ਹਾਲ ਪ੍ਰੀਤ ਨਾਲ ਸਾਂਝਾ ਕਰੇਗੀ। ਕਿਰਨ ਅਪਣੇ ਮਨ ਦਾ ਸਾਰਾ ਬੋਝ ਹਲਕਾ ਕਰ ਲੈਣਾ ਚਾਹੁੰਦੀ ਸੀ। ਜੇਕਰ , ਮੈਂ ਅੱਜ ਵੀ ਚੁੱਪ ਰਹੀ, ਤਾਂ ਇਹ ਦਿਲ ਦਾ ਨਾਸ਼ੂਰ, ਇੱਕ ਦਿਨ ਮੇਰੀ ਜਾਨ ਲੈ ਕੇ ਰਹੇਗਾ। ਇਸਦਾ ਇਲਾਜ਼, ਮੇਰੀ ਧੀਅ ਹੀ ਹੈ, ਉਸ ਮੁੜ ਸੋਚਿਆ। ਇਸ ਉਦਾਸ ਮੌਸਮ ਤੋਂ ਪ੍ਰੀਤ ਵੀ ਆਪਣੇ ਆਪ ਨੂੰ ਬਚਾ ਨਹੀਂ ਸੀ ਸਕੀ। ਉਸ ਦੀਆਂ ਅੱਖਾਂ ਵਿੱਚ ਵੀ ਨਮੀ ਸੀ। ਕਿਰਨ ਨੇ ਪ੍ਰੀਤ ਨੂੰ ਆਪਣੇ ਤੋਂ ਵੱਖ ਕਰ ਦਿੱਤਾ ਤੇ ਪੋਲੇ ਜਿਹੀ ਉਸ ਦੀ ਗੱਲ੍ਹ ਪਲੋਸੀ। ਧੀਏ, ਕੀ ਤੂੰ ਸੱਚਮੁੱਚ ਮੇਰੀ ਦੋਸਤ ਬਣੇਗੀ ? ਹਾਂ ਮੌਮ ਬਿਲਕੁੱਲ। ਪ੍ਰੀਤ, ਮੈਂ ਆਪਣੇ ਦਿਲ ਦੀਆਂ ਉਹ ਤਮਾਮ ਗੱਲਾਂ ਤੇਰੇ ਨਾਲ ਸਾਂਝੀਆਂ ਕਰਾਂਗੀ, ਜੋ ਅੱਜ ਤੱਕ ਮੈ ਕਿਸੇ ਨਾਲ ਨਾ ਕਰ ਸਕੀ। ਇਹਨਾਂ ਨੂੰ ਬੁੱਲਾਂ ਤੇ ਲਿਆਉਣ ਦਾ ਮੈਂ ਕਦੇ ਹੀਆ ਨਾ ਕਰ ਸਕੀ। ਪਰ, ਅੱਜ ਮੈਨੂੰ ਤੇਰੇ ਵਿੱਚੋਂ ਸੱਚੇ ਦੋਸਤ-ਗ਼ਮਖ਼ਾਰ ਦੀ ਝਉਲਾ ਪਿਆ ਹੈ। ਹਾਂ ਮੌਮ ਮੈਂ ਵੀ ਬੜੀ ਬੇ-ਕਰਾਰ ਹਾਂ, ਤੁਹਾਡੀ ਵਿਥਿਆ ਸੁਨਣ ਲਈ, ਜੋ ਮੇਰੇ ਪਿਆਰੇ ਮੌਮ ਨੂੰ ਹਮੇਸ਼ਾ ਉਦਾਸ ਕਰੀ ਰੱਖਦੀ ਹੈ। ਪ੍ਰੀਤ ਮੇਰੀਆਂ ਇਹਨਾਂ ਅੱਖਾਂ ਵੱਲ ਵੇਖ, ਮੈਨੂੰ ਕਦੇ ਇਹਨਾਂ ਤੋਂ ਡਰ ਲੱਗਿਆ ਕਰਦਾ ਸੀ। ਮੌਮ ਕੀ ਹੋਇਆ, ਤੁਹਾਡੀਆਂ ਅੱਖਾਂ ਨੂੰ ? ਚੰਗੀਆਂ ਭਲੀਆਂ ਤਾਂ ਹਨ। ਪ੍ਰੀਤ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ। ਪਲੀਜ਼ ਪਹੇਲੀਆਂ ਨਾ ਪਾਓ ? ਉਸਨੇ ਕਿਰਨ ਅੱਗੇ ਤਰਲਾ ਕੀਤਾ। ਦੱਸਦੀ ਹਾਂ, ਜ਼ਰਾ ਰੁਕ। ਉਹ ਉੱਠੀ ਤੇ ਰਸੋਈ ਵਿੱਚੋਂ ਪਾਣੀ ਦਾ ਗਿਲਾਸ ਲੈ ਕੇ ਮੁੜ ਬੈੱਡ ਤੇ ਬੈਠ ਗਈ। ਦੋ ਘੁੱਟਾਂ ਪਾਣੀ ਪੀ, ਉਸ ਨੇ ਗਿਲਾਸ ਟੇਬਲ ਤੇ ਰੱਖ ਦਿੱਤਾ। "ਹਾਂ ਸੁਣ", 'ਉਹ ਇੱਕ ਵਾਰ ਫੇਰ ਕੰਬੀ। "ਹਾਂ ਸੁਣ", ਉਸ ਨੇ ਏਦਾਂ ਕਿਹਾ ਜਿਵੇਂ ਕਿਸੇ ਲੰਮੇ ਸਫ਼ਰ ਤੋਂ ਥੱਕ ਕੇ ਆਈ ਹੋਵੇ। ਆਵਾਜ਼ ਵਿੱਚ ਭਾਰੀਪਨ ਦੇਖ ਕੇ ਪ੍ਰੀਤ ਨੇ ਕਿਹਾ, ਮੌਮ ਘਬਰਾਓ ਨਾ, ਮੈਂ ਤੁਹਾਡੇ ਨਾਲ ਹਾਂ। ਤੁਹਾਡੀ ਦੋਸਤ, ਤੁਹਾਡੀ ਧੀਅ। ਉਸਨੇ ਮਨ ਨੂੰ ਕੁਝ ਧਰਵਾਸ ਮਿਲਿਆ, ਤੇ ਉਸ ਨੇ ਕਹਿਣਾ ਸ਼ੁਰੂ ਕੀਤਾ, ਗੱਲ ਅੱਜ ਤੋਂ 25 ਸਾਲ ਪਹਿਲਾਂ ਦੀ ਹੈ। ਮੈਂ ਤੇਰੇ ਨਾਨਾ ਜੀ ਨਾਲ ਚੰਡੀਗੜ੍ਹ ਜਾ ਰਹੀ ਸੀ। ਗੱਡੀ ਮੈਂ ਚਲਾ ਰਹੀ ਸੀ। ਖਰੜ ਦੇ ਟੀ-ਪੁਆਇੰਟ ਤੇ ਅਸੀ ਗੱਡੀ ਚੰਡੀਗੜ੍ਹ ਨੂੰ ਮੋੜਨ ਹੀ ਲੱਗੇ ਸੀ, ਇੱਕ ਮਿੰਨੀ ਟਰੱਕ ਦੀ ਸਾਈਡ, ਮੇਰੇ ਪਾਸੇ ਟਕਰਾ ਗਈ। ਸਾਡੀ ਗੱਡੀ ਘੁੰਮ ਕੇ ਦੂਜੇ ਪਾਸੇ ਜਾ ਪਈ। ਭਾਵੇਂ ਇਸ ਹਾਦਸੇ ਨਾਲ ਸਾਡੇ ਦੋਵਾਂ ਦੇ ਸੱਟਾਂ ਤਾਂ ਮਾਮੂਲੀ ਹੀ ਲੱਗੀਆਂ ਸਨ, ਪਰ ਗੱਡੀ ਦੇ ਟੁੱਟੇ ਸ਼ੀਸ਼ਿਆਂ ਦੀ ਕਿਰਚਾਂ ਮੇਰੀਆਂ ਦੋਵਾਂ ਅੱਖਾਂ ਦੀ ਰੌਸ਼ਨੀ ਲੈ ਬੈਠੀਆਂ। ਮੇਰੀ ਦੁਨੀਆਂ ਸਿਖਰ ਦੁਪਿਹਰੇ ਹੀ ਹਨੇਰੀ ਹੋ ਗਈ। ਖਰੜ ਸਿਵਲ ਹਸਪਤਾਲ ਵਾਲਿਆਂ ਨੇ ਮੈਨੂੰ ਮੁਢਲੀ ਸਹਾਇਤਾ ਦੇ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਅੱਖਾਂ ਦੀਆਂ ਦੋਵੇਂ ਝਿੱਲੀਆਂ ਬਦਲਣੀਆਂ ਪੈਣਗੀਆਂ। ਜਿਸ ਦਿਨ ਮੇਰਾ ਐਕਸੀਡੈਂਟ ਹੋਇਆ, ਉਸ ਤੋਂ ਅਗਲੇ ਦਿਨ ਮੇਰਾ ਜਨਮ ਦਿਨ ਸੀ। ਹਾਦਸੇ ਵਾਲੇ ਦਿਨ ਅੱਖਾਂ ਦਾ ਪ੍ਰਬੰਧ ਨਾ ਹੋ ਸਕਿਆ। ਦੂਜੇ ਦਿਨ ਦੁਪਿਹਰ ਦੇ 12 ਕੁ ਵਜੇ ਦਾ ਵਕਤ ਹੋਵੇਗਾ, ਜਦੋਂ ਤੇਰੇ ਨਾਨਾ ਜੀ ਮੇਰੇ ਕਮਰੇ ਵਿੱਚ ਆਏ, ਮੈਨੂੰ ਹੈਪੀ ਬਰਥ-ਡੇ ਕਿਹਾ। ਉਹਨਾਂ ਦੇ ਬੋਲਾਂ ਵਿੱਚ ਖ਼ੁਸ਼ੀ ਦਾ ਰੰਗ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਹਨਾਂ ਨੇ ਦੱਸਿਆ, ਕਿ ਅੱਖਾਂ ਦਾ ਪ੍ਰਬੰਧ ਹੋ ਗਿਆ ਹੈ। ਉਹਨਾਂ ਨੇ ਮੇਰਾ ਮੱਥਾ ਪਲੋਸਦਿਆਂ ਕਿਹਾ, ਤੂੰ ਫੇਰ ਵੇਖ ਸਕੇਂਗੀ, ਕਿਰਨ। ਤੈਨੂੰ ਤੇਰੇ ਜਨਮ ਦਿਨ ਤੇ ਅੱਖਾਂ ਦੀ ਰੌਸ਼ਨੀ ਇੱਕ ਤੋਹਫੇ ਦੇ ਰੂਪ ਵਿੱਚ ਮਿਲ ਜਾਵੇਗੀ। ਤਕਰੀਬਨ ਦੋ ਕੁ ਵਜੇ ਮੇਰੀਆਂ ਅੱਖਾਂ ਦਾ ਉਪਰੇਸ਼ਨ ਕਰਕੇ ਉਹਨਾਂ ਨੇ ਦੋਵੇਂ ਝਿੱਲੀਆਂ ਬਦਲ ਦਿੱਤੀਆਂ ਤੇ ਉਪਰੇਸ਼ਨ ਕਾਮਯਾਬ ਰਿਹਾ। 24 ਘੰਟੇ ਬਾਦ ਹੀ ਮੇਰੀਆਂ ਪੱਟੀਆਂ ਖੋਲ੍ਹ ਦਿੱਤੀਆਂ। ਮੇਰੀ ਖ਼ੁਸ਼ੀ ਦਾ ਕੋਈ ਅੰਤ ਨਾ ਰਿਹਾ। ਮੈਨੂੰ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਸੀ। ਮੇਰੀ ਹਨੇਰੀ ਹੋ ਚੁੱਕੀ ਦੁਨੀਆਂ ਮੁੜ ਰੌਸ਼ਨ ਹੋ ਚੁੱਕੀ ਸੀ। ਰਾਉਂਡ ਤੇ ਆਏ ਡਾਕਟਰ ਦੇ ਧੰਨਵਾਦ ਲਈ ਮੇਰੇ ਦੋਵੇਂ ਹੱਥ ਆਪ ਮੁਹਾਰੇ ਜੁੜ ਗਏ। ਮੇਰਾ ਸਾਰਾ ਜਿਸਮ ਉਹਨਾਂ ਦੇ ਸਤਿਕਾਰ ਵਿੱਚ ਝੁਕ ਗਿਆ। ਅੰਕਲ, ਮੇਰੇ ਕੋਲ ਸ਼ਬਦ ਨਹੀਂ, ਜਿਹਨਾਂ ਨਾਲ ਮੈਂ ਤੁਹਾਡਾ ਸ਼ੁਕਰੀਆ ਕਰ ਸਕਾਂ। ਤੁਸੀਂ ਮੇਰੀ ਹਨੇਰੀ ਹੋ ਚੁੱਕੀ ਜ਼ਿੰਦਗੀ ਨੂੰ ਮੁੜ ਰੌਸ਼ਨੀਆਂ ਨਾਲ ਭਰ ਦਿੱਤਾ। ਡਾਕਟਰ ਜਿਵੇਂ ਇਸ ਕੰਮ ਦਾ ਕੋਈ ਕਰੈਡਿੱਟ ਨਹੀਂ ਸੀ ਲੈਣਾ ਚਾਹੁੰਦਾ। ਉਹ ਬੋਲਿਆ, ਨਹੀਂ ਬੇਟਾ ਮੇਰੇ ਲਈ ਕਿਸੇ ਤਕੱਲਫ਼ ਦੀ ਜ਼ਰੂਰਤ ਨਹੀਂ। ਇਹ ਮੇਰਾ ਫ਼ਰਜ਼ ਸੀ, ਜੋ ਮੈਂ ਅਦਾ ਕੀਤਾ। ਧੰਨਵਾਦ ਦਾ ਪਾਤਰ ਤਾਂ ਉਹ ਇਨਸਾਨ ਹੈ, ਜੋ ਮਰ ਕੇ ਵੀ ਤੁਹਾਡੀ ਦੁਨੀਆਂ ਰੌਸ਼ਨ ਕਰ ਗਿਆ। ਜੇ ਅੱਖਾਂ ਦਾ ਪ੍ਰਬੰਧ ਨਾ ਹੁੰਦਾ ਤਾਂ ਮੈਂ ਤੁਹਾਡੀ ਕੋਈ ਵੀ ਮੱਦਦ ਨਹੀਂ ਕਰ ਸਕਦਾ ਸੀ। ਇਹੋ ਜਿਹੇ ਦਾਨੀਆਂ ਦੀ ਬਦਲੌਤ ਹੀ ਦੁਨੀਆਂ ਦੇ ਅਨੇਕਾਂ ਅੱਖਾਂ ਗੁਆ ਚੁੱਕੇ ਲੋਕਾਂ ਦੀ ਰੌਸ਼ਨੀ ਕਾਇਮ ਹੈ। ਮੈਂ ਉਸ ਅਣਜਾਣ ਵਿਅਕਤੀ ਦਾ ਦਿਲੋਂ ਧੰਨਵਾਦ ਕਰ ਰਹੀ ਸੀ। ਮੇਰੇ ਲਈ ਉਹ ਕਿਸੇ ਫਰਿਸਤੇ ਤੋਂ ਘੱਟ ਨਹੀਂ ਸੀ। ਫਿਰ ਡਾਕਟਰ ਨੇ ਦੱਸਿਆ ਕਿ ਭੋਗ ਵਾਲੇ ਦਿਨ ਤੁਹਾਨੂੰ ਉਹਨਾਂ ਦੇ ਘਰ ਲੈ ਕੇ ਚੱਲਾਂਗੇ। ਹੁਣ ਮੈਂ ਬਿਲਕੁੱਲ ਠੀਕ ਸੀ। ਹਸਪਤਾਲ ਤੋਂ ਛੁੱਟੀ ਕਰ ਅਸੀਂ ਤੀਜੇ ਦਿਨ ਘਰ ਆ ਗਏ। ਡਾਕਟਰ ਨੇ ਭਾਵੇਂ ਸ਼ੀਸ਼ਾ ਵੇਖਣਾ ਮਨ੍ਹਾਂ ਕੀਤਾ ਸੀ। ਪਰ ਪਤਾ ਨਹੀਂ ਕੀ ਗੱਲ ਸੀ ਕਿ ਮੈਂ ਡਾਕਟਰ ਦੀ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਸ਼ੀਸ਼ੇ ਅੱਗੇ ਜਾ ਖੜ੍ਹੀ। ਜਿਵੇਂ ਅਰਜਨ ਨੂੰ ਤੀਰ-ਅੰਦਾਜ਼ੀ ਦੇ ਇਮਤਿਹਾਨ ਵੇਲੇ ਮੱਛੀ ਨਹੀਂ, ਮੱਛੀ ਦੀ ਅੱਖ ਹੀ ਦਿਖੀ ਸੀ, ਮੈਨੂੰ ਵੀ ਕੇਵਲ ਤੇ ਕੇਵਲ ਅੱਖਾਂ ਹੀ ਦਿਸੀਆਂ। ਚਮਕਦੀਆਂ ਹੋਈਆਂ ਅੱਖਾਂ। ਮੈਨੂੰ ਲੱਗਿਆ, ਜਿਵੇਂ ਮੈਂ ਇਹ ਅੱਖਾਂ ਕਿਤੇ ਪਹਿਲਾਂ ਵੀ ਦੇਖੀਆਂ ਹੋਣ। ਪਰ ਕਿੱਥੇ, ਕੁਝ ਵੀ ਸਮਝ ਵਿੱਚ ਨਹੀਂ ਸੀ ਆ ਰਿਹਾ। ਉਪਰੇਸ਼ਨ ਹੋਏ ਨੂੰ ਨੌਂ ਦਿਨ ਹੋ ਗਏ ਸੀ। ਡਾਕਟਰ ਦਾ ਫੋਨ ਆਇਆ ਕਿ ਆਪਾਂ ਕੱਲ੍ਹ ਭੋਗ ਤੇ ਜਾਣਾ ਹੈ। ਮੈਂ ਤਾਂ ਪਹਿਲਾਂ ਹੀ ਬਹੁਤ ਉਤਾਵਲੀ ਸੀ। ਦੂਜੇ ਦਿਨ ਅਸੀਂ ਉੱਥੇ ਪਹੁੰਚ ਗਏ। ਸੜ੍ਹਕ ਤੋਂ ਗੱਡੀ ਜਦ ਪਿੰਡ ਦੀ ਫਿਰਨੀ ਮੁੜੀ ਤਾਂ ਮੈਂ ਕਿਹਾ, ਮੈਨੂੰ ਇੰਝ ਲੱਗਦਾ ਹੈ, ਜਿਵੇਂ ਇਹਨਾਂ ਥਾਵਾਂ ਤੇ ਮੈਂ ਕਦੇ ਪਹਿਲਾਂ ਵੀ ਆ ਚੁੱਕੀ ਹਾਂ। ਹਾਂ ਬੇਟਾ, ਤੇਰੀਆਂ ਅੱਖੀਆਂ ਵਿਚਲੀਆਂ ਝਿੱਲੀਆਂ ਇਹਨਾਂ ਰਾਹਾਂ ਤੋਂ ਵਾਕਿਫ ਹਨ, ਕਿਉਂਕਿ ਇਹ ਉਹ ਉਸੇ ਇਨਸਾਨ ਦਾ ਪਿੰਡ ਹੈ। ਗੱਡੀ ਤੋਂ ਉੱਤਰ ਕੇ ਅਸੀਂ ਪੈਦਲ ਚੱਲ ਪਏ। ਮੇਰੇ ਪੈਰਾਂ ਵਿੱਚ ਮਿਕਨਾਤੀਸ਼ੀ ਖਿੱਚ ਸੀ। ਮੈਨੂੰ ਲੱਗਿਆ ਜਿਵੇਂ ਮੈਂ ਦੌੜੀ ਜਾ ਰਹੀ ਹੋਵਾਂ। ਜਦੋਂ ਅਸੀਂ ਮਿਰਤਕ ਦੇ ਘਰ ਦੇ ਨੇੜੇ ਆਏ ਤਾਂ ਅੰਦਰੋਂ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਸਾਰੇ ਲੋਕ ਉਹ ਮਰਨ ਵਾਲੇ ਨੌਜਵਾਨ ਦੀਆਂ ਗੱਲਾਂ ਕਰ ਰਹੇ ਸਨ। ਸਾਨੂੰ ਆਇਆਂ ਤੱਕ ਕੁਝ ਲੋਕ ਸਾਨੂੰ ਥਾਂ ਦੇਣ ਲਈ ਉੱਠ ਕੇ ਬਾਹਰ ਚਲੇ ਗਏ। ਭਰ ਜੁਆਨੀ ਵਿੱਚ, ਸਾਨੂੰ ਬੇ-ਸਹਾਰਾ ਛੱਡ ਆਪ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ। ਮਿਰਤਕ ਦੀ ਮਾਂ ਤੇ ਭੈਣਾਂ ਲਗਾਤਾਰ ਵਿਰਲਾਪ ਕਰ ਰਹੀਆਂ ਸਨ। ਡਾਕਟਰ ਨੇ ਮਿਰਤਕ ਦੀ ਮਾਂ ਨੂੰ ਦਿਲਾਸਾ ਦਿੰਦਿਆਂ ਕਿਹਾ, ਭੈਣੇ ਤੁਹਾਡਾ ਪੁੱਤਰ ਮਰਿਆ ਨਹੀ, ਉਹ ਤਾਂ ਅੱਜ ਵੀ ਇਸ ਦੁਨੀਆਂ ਨੂੰ ਵੇਖ ਰਿਹਾ ਹੈ। ਤੁਹਾਡੇ ਪੁੱਤਰ ਦੀਆਂ ਅੱਖਾਂ ਇਸ ਕੁੜੀ ਦੇ ਪਾਈਆਂ ਨੇ, ਡਾਕਟਰ ਨੇ ਮੇਰੇ ਵੱਲ ਇਸ਼ਾਰਾ ਕੀਤਾ। ਭਾਵੇਂ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਸਨ ਕਿ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਪਰ ਡਾਕਟਰ ਦੀ ਗੱਲ ਸੁਣਦਿਆਂ, ਉਸ ਨੇ ਚੁੰਨੀ ਨਾਲ ਅਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਮੇਰੇ ਵੱਲ ਬਿਟ-ਬਿਟ ਵੇਖਣ ਲੱਗੀ। ਫਿਰ ਉਸਨੇ ਮੈਨੂੰ ਘੁੱਟ ਗਲਵੱਕੜੀ ਪਾ ਲਈ, ਗਲਵੱਕੜੀ ਵਿੱਚ ਜਿਵੇਂ ਮੈਂ ਨਹੀਂ, ਸਗੋਂ ਉਸਦਾ ਪੁੱਤਰ ਹੋਵੇ। ਉਹ ਫੇਰ ਰੋਣ ਲੱਗੀ, ਤੇ ਮੇਰੀਆਂ ਅੱਖਾਂ ਵਿੱਚੋਂ ਵੀ ਪਾਣੀ ਦਾ ਝਰਨਾ ਵਹਿ ਤੁਰਿਆ। ਭਾਵੇਂ ਡਾਕਟਰ ਨੇ ਮੈਨੂੰ ਰੋਣ ਤੋਂ ਵਰਜਿਆ ਸੀ, ਪਰ ਇਹ ਮੇਰੇ ਵੱਸ ਤੋਂ ਬਾਹਰ ਸੀ। ਨਾਲੇ ਮੈਂ ਏਨੀ ਅਹਿਸਾਨ-ਫਰਾਮੋਸ਼ ਕਿਵੇਂ ਹੋ ਸਕਦੀ ਸੀ, ਕਿ ਮੇਰੀਆਂ ਅੱਖਾਂ ਚੋਂ ਹੰਝੂ ਨਾ ਡਿੱਗਣ। ਮੈਂ ਦੁਖੀ ਮਾਂ ਨੂੰ ਦਿਲਾਸਾ ਦੇਣਾ ਚਾਹੁੰਦੀ ਸੀ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਸੀ, ਪਰ ਹੋਠਾਂ ਨੂੰ ਜਿਵੇਂ ਕਿਸੇ ਨੇ ਤਾਲਾ ਮਾਰ ਦਿੱਤਾ ਹੋਵੇ। ਮੈਂ ਕੁਝ ਨਾ ਬੋਲ ਸਕੀ। ਭੋਗ ਗੁਰਦੁਆਰੇ ਪੈਣਾ ਸੀ, ਅਸੀਂ ਸਾਰੇ ਗੁਰਦੁਆਰੇ ਜਾਣ ਲਈ ਉੱਠ ਖੜ੍ਹੇ ਹੋਏ। ਦਰਬਾਰ ਸਾਹਿਬ ਖਚਾਖਚ ਭਰਿਆ ਹੋਇਆ ਸੀ। ਕਿਸੇ ਦੇ ਭੋਗ ਤੇ ਏਨਾ ਵੱਡਾ ਇਕੱਠ ਪਹਿਲਾਂ ਕਦੇ ਨਹੀਂ ਸੀ ਦੇਖਿਆ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਲਈ ਝੁਕੀ, ਉੱਥੇ ਪਈ ਫੋਟੋ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਗਸ਼ ਖਾ ਕੇ ਡਿੱਗ ਪਈ। ਉੱਥੇ ਮੌਜੂਦ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਆਇਆ ਕਿ ਹੋ ਕੀ ਗਿਆ। ਮੇਰੇ ਪਰਿਵਾਰ ਤੇ ਉੱਥੇ ਮੌਜੂਦ ਲੋਕਾਂ ਨੂੰ ਡਾਕਟਰ ਨੇ ਸਮਝਾਇਆ ਕਿ ਏਦਾਂ ਹੋਣਾ ਕੁਦਰਤੀ ਹੈ। ਜਿਉਂਦੀਆਂ ਅੱਖਾਂ ਤੋਂ ਆਪਣੀ ਮੌਤ ਦਾ ਮੰਜ਼ਰ ਨਹੀਂ ਵੇਖਿਆ ਗਿਆ। ਪਰ ਅਸਲ ਕਾਰਨ ਕੀ ਸੀ, ਮੇਰੇ ਤੋਂ ਇਲਾਵਾ ਕੋਈ ਨਹੀਂ ਸੀ ਜਾਣਦਾ। ਜਦੋਂ ਮੈਨੂੰ ਹੋਸ਼ ਆਈ, ਤਾਂ ਮੈਂ ਆਪਣੇ ਘਰ ਬੈੱਡ ਤੇ ਲੇਟੀ ਹੋਈ ਸੀ। ਡਾਕਟਰ ਨੇ ਪਰਿਵਾਰ ਨੂੰ ਉੱਥੇ ਵਾਪਰੀ ਘਟਨਾ ਦਾ ਜਿਕਰ ਕਰਨ ਤੋਂ ਵਰਜ਼ ਦਿੱਤਾ ਸੀ, ਇਸ ਲਈ ਮੈਂ ਘਰਦਿਆਂ ਦੇ ਸਵਾਲਾਂ ਤੋਂ ਬਚ ਗਈ। ਕਿਰਨ ਜਿਵੇਂ ਅਤੀਤ ਦੇ ਵਰਕੇ ਫਰੋਲਦੀ ਥੱਕ ਗਈ ਹੋਵੇ। ਉਹ ਲੰਮੇ ਲੰਮੇ ਸਾਹ ਲੈ ਰਹੀ ਸੀ। ਉਸ ਨੇ ਟੇਬਲ ਤੇ ਪਿਆ ਬਾਕੀ ਪਾਣੀ ਇੱਕੋ ਡੀਕ ਵਿੱਚ ਪੀ ਲਿਆ। ਪ੍ਰੀਤ ਭਾਵੇਂ ਹੁਣ ਤੱਕ ਦੀ ਸੁਣੀ ਵਿਥਿਆ ਸਹਾਰੇ ਅਸਲੀਅਤ ਤੱਕ ਪਹੁੰਚ ਚੁੱਕੀ ਸੀ, ਪਰ ਉਹ ਬਾਕੀ ਕਿੱਸਾ ਵੀ ਮਾਂ ਦੀ ਜ਼ੁਬਾਨੀ ਸੁਨਣਾ ਚਾਹੁੰਦੀ ਸੀ। ਮੌਮ, ਫਿਰ ਅਸਲ ਕਾਰਨ ਕੀ ਸੀ। ਦੱਸਦੀ ਹਾਂ, ਜ਼ਰਾ ਰੁਕ। ਕਿਰਨ ਨੇ ਲੰਮਾ ਸਾਹ ਲਿਆ ਤੇ ਫਿਰ ਗੱਲ ਦੀ ਲੜੀ ਤੋਰਦਿਆਂ ਬੋਲੀ, "ਮੇਰੇ ਚਿਹਰੇ ਵਿੱਚ ਚਮਕਦੀਆਂ ਅੱਖਾਂ ਵਾਲੇ ਦਾ ਨਾਂ ਰਵਿੰਦਰ ਸੀ। ਗੱਲ ਉਦੋਂ ਦੀ ਹੈ, ਜਦੋਂ ਮੈਂ ਬੀ.ਏ ਭਾਗ ਪਹਿਲਾ ਵਿੱਚ ਕਾਲਜ ਦਾਖਲਾ ਲਿਆ। ਉਹ ਮੇਰੇ ਕਾਲਜ ਦਾ ਵਿਦਿਆਰਥੀ ਨਹੀਂ ਸੀ। ਪਰ ਉਸ ਦਾ ਕਾਲਜ ਵਿੱਚ ਆਮ ਆਉਣ-ਜਾਣ ਸੀ। ਉਸ ਦੀ ਬਹੁਤ ਸਾਰੇ ਸਟਾਫ ਨਾਲ ਜਾਣ ਪਹਿਚਾਣ ਸੀ। ਉਹ ਮੈਨੂੰ ਆਨੀ-ਬਹਾਨੀ ਤੱਕਦਾ ਰਹਿੰਦਾ। ਉਹ ਅਕਸਰ ਲਾਇਬਰੇਰੀ ਆ ਜਾਂਦਾ। ਅਖਬਾਰ ਪੜ੍ਹਦਿਆਂ, ਉਸ ਦਾ ਮੇਰੇ ਵੱਲ ਵੇਖਣਾ, ਮੈਨੂੰ ਬੜਾ ਅਜੀਬ ਲੱਗਣਾ। ਪਰ ਉਹ ਕਦੇ ਵੀ ਖੁੱਲ੍ਹ ਕੇ ਸਾਹਮਣੇ ਨਾ ਆਉਂਦਾ। ਕਈ ਵਾਰ ਮਨ ਵਿੱਚ ਆਇਆ ਕਿ ਇਸ ਦੀ ਸ਼ਿਕਾਇਤ ਕਰਾਂ। ਪਰ ਕਿਵੇਂ ਕਰਦੀ, ਉਸ ਨੇ ਤਾਂ ਮੈਨੂੰ ਕਦੇ ਬੁਲਾਇਆ ਤੱਕ ਨਹੀਂ ਸੀ। ਉਹ ਬੜਾ ਸ਼ਰਮਾਕਲ ਜਿਹੀ ਕਿਸਮ ਦਾ ਮੁੰਡਾ ਸੀ। ਉਹ ਮੈਨੂੰ ਚਾਹੁੰਣ ਲੱਗਿਆ ਸੀ, ਪਰ ਆਪਣੇ ਪਿਆਰ ਦਾ ਪ੍ਰਗਟਾਵਾ ਮੇਰੇ ਅੱਗੇ ਕਦੇ ਖੁੱਲ੍ਹ ਕੇ ਨਾ ਕਰ ਸਕਿਆ। ਇੱਕ ਦਿਨ ਜਦੋਂ ਮੈਂ ਅਲਮਾਰੀ ਵਿੱਚ ਕਿਤਾਬਾਂ ਕੱਢ ਰਹੀ ਸੀ ਤਾਂ ਪਤਾ ਨਹੀਂ ਉਸ ਨੇ ਕਿਸ ਵੇਲੇ ਇੱਕ ਪੱਤਰ ਮੇਰੀ ਕਿਤਾਬ ਵਿੱਚ ਰੱਖ ਦਿੱਤਾ। ਉਸ ਪੱਤਰ ਦੀ ਇਬਾਰਤ ਮੋਤੀਆਂ ਵਰਗੀ ਸੀ। ਖ਼ਤ ਦਾ ਇੱਕ ਇੱਕ ਅੱਖਰ ਉਸ ਦੇ ਸੱਚੇ ਪਿਆਰ ਦੀ ਗਵਾਹੀ ਦੇ ਰਿਹਾ ਸੀ। ਭਾਵੇਂ ਉਸ ਦਾ ਪਿਆਰ ਕਿੰਨਾ ਵੀ ਸੱਚਾ ਸੀ, ਪਰ ਮੈਨੂੰ ਉਹ ਫਿਰ ਵੀ ਪਸੰਦ ਨਹੀਂ ਸੀ। ਮੈਂ ਉਸ ਨੂੰ ਚਾਹੁੰਦੀ ਵੀ ਨਹੀਂ ਸੀ, ਤੇ ਉਸ ਦਾ ਦਿਲ ਵੀ ਤੋੜਨਾ ਨਹੀਂ ਸੀ ਚਾਹੁੰਦੀ। ਮੈਂ ਉਸ ਨੂੰ ਅਖਵਾ ਭੇਜਿਆ ਕਿ ਮੈਨੂੰ ਇਹ ਸਭ ਬਿਲਕੁੱਲ ਵੀ ਪਸੰਦ ਨਹੀਂ ਤੇ ਮੈਂ ਮਾਂ-ਪਿਉ ਦੀ ਪੱਗ ਨੂੰ ਰੋਲ ਨਹੀਂ ਸਕਦੀ। ਫਿਰ ਉਹ ਦੋ ਮਹੀਨੇ ਕਾਲਜ ਨਾ ਆਇਆ। ਅੱਜ ਦੀ ਹੀ ਤਰੀਕ ਸੀ, ਜਦੋਂ ਮੈਨੂੰ ਉਸ ਦਾ ਖ਼ਤ ਮਿਲਿਆ। ਮੇਰੇ ਮਨ ਵਿੱਚ ਆਇਆ ਕਿ ਖ਼ਤ ਦੇ ਟੋਟੇ-ਟੋਟੇ ਕਰਕੇ ਕੂੜੇਦਾਨ ਵਿੱਚ ਢੇਰ ਕਰ ਦਿਆਂ। ਪਰ ਮੇਰੀ ਹਿੰਮਤ ਨਾ ਪਈ। ਖ਼ਤ ਖੋਹਲਿਆ, ਖ਼ਤ ਵਿੱਚ ਜਨਮ ਦਿਨ ਦੀਆਂ ਮੁਬਾਰਕਾਂ ਵਾਲਾ ਕਾਰਡ ਤੇ ਇੱਕ ਛੋਟਾ ਜਿਹਾ ਤੋਹਫ਼ਾ ਸੀ। ਖ਼ਤ ਵਿਚ ਉਸ ਨੇ ਖ਼ਤ ਲਿਖਣ ਦੀ ਗੁਸ਼ਤਾਖੀ ਦੀ ਮੁਆਫ਼ੀ ਤੋਂ ਬਿਨਾਂ ਕੁਝ ਹੋਰ ਨਹੀਂ ਸੀ ਲਿਖਿਆ। ਮੈਂ ਸਮਝਿਆ, ਉਹ ਮੈਨੂੰ ਏਦਾਂ ਕਰਕੇ ਭਰਮਾ ਲੈਣਾ ਚਾਹੁੰਦਾ ਹੈ। ਨਫ਼ਰਤ ਨਾਲ ਮੇਰੇ ਮੱਥੇ ਤੇ ਤਿਉੜੀਆਂ ਪੈ ਗਈਆਂ। ਮੇਰੀ ਇੱਕ ਸਹੇਲੀ ਸੀ ਰੇਖਾ। ਜਿਸ ਤੋਂ ਪਤਾ ਲੱਗਿਆ ਕਿ ਉਹ ਆਪਣੇ ਘਰ ਵੀ ਮੇਰਾ ਜਨਮ ਦਿਨ ਮਨਾਉਂਦਾ ਹੈ। ਮੇਰੇ ਜਨਮ ਦਿਨ ਤੇ ਉਹ ਆਪਣਾ ਜਨਮ ਦਿਨ ਕਹਿ, ਦੋਸਤਾਂ ਨੂੰ ਪਾਰਟੀ ਕਰ ਛੱਡਦਾ ਤੇ ਕਿਸੇ ਅੱਗੇ ਮੇਰਾ ਜਿਕਰ ਤੱਕ ਨਾ ਕਰਦਾ। ਇੱਕ ਵਾਰ ਤਾਂ ਹੱਦ ਹੀ ਕਰ ਦਿੱਤੀ ਉਸਨੇ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਮੇਰਾ ਜਨਮ ਦਿਨ ਬੜੇ ਆਦਰਸ਼ ਭਾਵ ਨਾਲ ਮਨਾਇਆ। ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵੀ ਛਲਕ ਪਏ ਤੇ ਮੈਂ ਉਸ ਦੀ ਇਸ ਤਰ੍ਹਾਂ ਦੀ ਦੀਵਾਨਗੀ ਦੀ ਕਾਇਲ ਵੀ ਹੋਈ, ਪਰ ਮੇਰਾ ਮਨ ਉਸ ਪ੍ਰਤੀ ਪਿਆਰ ਲਈ ਨਾ ਝੁਕ ਸਕਿਆ। ਮੇਰੇ ਦਿਲ ਉਸ ਪ੍ਰਤੀ ਬੇ-ਰੁਖੀ ਵਧਦੀ ਗਈ ਤੇ ਉਸ ਦੇ ਦਿਲ ਵਿਚ ਮੇਰੇ ਲਈ ਪਿਆਰ। ਕਾਲਜ ਤੋਂ ਬੱਸ ਸਟਾਪ ਤੱਕ ਉਸਦਾ ਮੇਰੇ ਪਿੱਛੇ ਪਿੱਛੇ ਆਉਣਾ ਤੇ ਦੂਰ ਖੜ੍ਹ ਟਿਕਟਿਕੀ ਲਾ ਮੈਨੂੰ ਵਿੰਹਦੇ ਰਹਿਣਾ ਉਸ ਦੀ ਨਿੱਤ ਦੀ ਆਦਤ ਸੀ। ਪ੍ਰੀਤ ਸੁਣ ਰਹੀ ਏਂ ਨਾ, ਪ੍ਰੀਤ ਨੂੰ ਹੁੰਘਾਰਾ ਨਾ ਭਰਦੀ ਦੇਖ ਕਿਰਨ ਨੇ ਪੁੱਛਿਆ। ਹਾਂ ਮੌਮ, ਸੁਣ ਰਹੀ ਹਾਂ, ਉਹ ਕਿਰਨ ਦੀ ਗੋਦੀ ਵਿੱਚ ਲੇਟ ਗਈ। ਮੈਂ ਤੈਨੂੰ ਕਿਹਾ ਸੀ ਨਾ, ਇਹਨਾਂ ਅੱਖਾਂ ਤੋਂ ਕਦੇ ਮੈ ਬੇ-ਸ਼ੁਮਾਰ ਡਰਿਆ ਕਰਦੀ ਸੀ। ਉਹ ਬੜੇ ਗਹੁ ਨਾਲ ਮੈਨੂੰ ਨਿਹਾਰਦਾ ਰਹਿੰਦਾ, ਜਿਵੇਂ ਉਹ ਮੇਰੇ ਅੰਤਰੀਵ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮੇਰੇ ਦਿਲ ਵਿੱਚ ਕੀ ਸੀ ਉਹ ਕਦੇ ਨਾ ਜਾਣ ਸਕਿਆ। ਮੈਂ ਉਸ ਦੇ ਲਈ ਇੱਕ ਬੁਝਾਰਤ ਸੀ, ਜਿਸ ਨੂੰ ਸੁਲਝਾਉਂਦਾ-ਸੁਲਝਾਉਂਦਾ ਉਹ ਖ਼ੁਦ ਬੁਝਾਰਤ ਬਣ ਗਿਆ। ਜਿਉਂਦੇ ਜੀਅ ਭਾਵੇਂ ਉਹ ਮੈਨੂੰ ਜਨਮ ਦਿਨ ਮੁਬਾਰਕ ਆਖਣਾ ਕਦੇ ਨਹੀਂ ਸੀ ਭੁੱਲਿਆ, ਪਰ ਮਰ ਕੇ ਵੀ ਉਸ ਨੇ ਇਹ ਰੀਤ ਟੁੱਟਣ ਨਾ ਦਿੱਤੀ। ਉਹ ਮੈਨੂੰ ਮੇਰੇ ਜਨਮ ਦਿਨ ਤੇ ਅੱਖਾਂ ਦਾ ਇਹ ਬੇਸ਼ਕੀਮਤੀ ਤੋਹਫ਼ਾ ਦੇ ਗਿਆ, ਜੋ ਦੁਨੀਆਂ ਦੀ ਕਿਸੇ ਮੰਡੀ ਵਿੱਚੋਂ ਮੁੱਲ ਨਹੀਂ ਮਿਲਦਾ। ਪ੍ਰੀਤ ਸੁਣੀ ਹੈ ਨਾ ਉਹ ਗ਼ਜ਼ਲ, ਜਿਸ ਦੇ ਬੋਲ ਉਸ ਦੇ ਪਿਆਰ ਦੀ ਤਰਜ਼ਮਾਨੀ ਕਰਦੇ ਰਹਿਣਗੇ, ਯੇ ਜ਼ਿੰਦਗੀ ਤੋ ਪਿਆਰ ਕੀ ਲੀਏ ਥੋੜ੍ਹੀ ਹੈ, ਮੈਂ ਤੋਂ ਮਰ ਕਰ ਵੀ ਮੇਰੀ ਜਾਨ ਤੁਝੇ ਚਾਹੂੰਗਾ। ਪ੍ਰੀਤ ਇੱਕ ਮੈਂ ਸੀ ਜੋ ਉਸਦੇ ਦਿਲੋ-ਜਜ਼ਬਾਤ ਨਾਲ ਹਮੇਸ਼ਾ ਖੇਡਦੀ ਰਹੀ। ਗੁਨਾਹਗਾਰ ਹਾਂ ਮੈਂ ਉਸਦੀ, ਬਹੁਤ ਵੱਡੀ ਗੁਨਾਹਗਾਰ। ਰੱਬ ਦੀ ਕਚੈਹਰੀ ਵਿਚ ਵੀ ਮੈਂ ਬਖ਼ਸੀ ਨਹੀਂ ਜਾਵਾਂਗੀ। ਉਹ ਦੋਵੇਂ ਮਾਵਾਂ-ਧੀਆਂ ਰੋ ਰਹੀਆਂ ਸਨ, ਤੇ ਉਹਨਾਂ ਨੂੰ ਚੁੱਪ ਕਰਾਉਣ ਤੇ ਹੰਝੂ ਪੂੰਝਣ ਵਾਲਾ ਉੱਥੇ ਕੋਈ ਨਹੀਂ ਸੀ।

Please log in to comment.

More Stories You May Like