ਕਹਾਣੀ ਦੋ ਗਲਾਸ ਦੁਧ ਦੇ ਸਤੀਸ਼ ਕੁਮਾਰ ਹਰ ਰੋਜ਼ ਅਖਬਾਰ ਵੰਡਣ ਜਾਇਆ ਕਰਦਾ ਸੀ, ਇਹ ਉਸਦਾ ਨੇਮ ਵੀ ਸੀ ਅਤੇ ਮਜ਼ਬੂਰੀ ਵੀ, ਕਿਉਂਕਿ ਘਰ ਵਿਚ ਪਿਤਾ ਦੀ ਕਮਾਈ ਨਾਲ ਗੁਜ਼ਾਰਾ ਮਸਾਂ ਚਲਦਾ ਸੀ ਤੇ ਉਸਨੂੰ ਪੜੵਣ ਦਾ ਬੜਾ ਸ਼ੌਕ ਵੀ ਸੀ ਇਸ ਕਰਕੇ ਆਪਨਾ ਖਰਚਾ ਅਖਬਾਰਾਂ ਵੇਚ ਕੇ ਕਮਾਇਆ ਕਰਦਾ ਸੀ। ਇਕ ਦਿਨ ਕੀ ਹੋਇਆ ਕਿ ਜਦੋਂ ਉਹ ਇਕ ਘਰ ਅਖਬਾਰ ਦੇਣ ਗਿਆ ਤਾਂ ਉਸਨੂੰ ਬਹੁਤ ਜੋਰ ਦੀ ਭੁਖ ਲੱਗੀ ਹੋਈ ਸੀ ,ਸ਼ਾਇਦ ਉਸਨੇ ਰਾਤ ਰੱਜ ਕੇ ਖਾਣਾ ਨਾ ਖਾਧਾ ਹੋਵੇ। ਸਵੇਰੇ ਉਠਦਿਆਂ ਹੀ ਭੁਖ ਨੇ ਸਤਾਉਣਾ ਸ਼ੁਰੂ ਕਰ ਦਿਤਾ ਸੀ।ਜਦ ਉਹ ਇਕ ਘਰ ਅਖਬਾਰ ਦੇ ਰਿਹਾ ਸੀ ਤਾਂ ਉਸ ਘਰੋਂ ਇਕ ਲੜਕੀ ਬਾਹਰ ਆਈ ਤੇ ਅਖਬਾਰ ਲੈ ਲਿਆ।ਉਸ ਵਕਤ ਸਤੀਸ਼ ਕੁਮਾਰ ਨੇ ਕਿਹਾ ਕਿ ਭੈਣ ਜੀ ਮੈਨੂੰ ਭੁਖ ਬਹੁਤ ਲੱਗੀ ਹੋਈ ਏ ਜੇਕਰ ਇਕ ਗਲਾਸ ਦੁਧ ਦਾ ਮਿਲ ਜਾਏ ਤਾਂ ਭੁਖ ਮਿਟ ਜਾਇਗੀ। ਉਸ ਲੜਕੀ ਨੇ ਸਤੀਸ਼ ਵੱਲ ਇਕ ਨਜ਼ਰ ਭਰ ਕੇ ਵੇਖਿਆ ਕਿ ਵਾਕਿਆ ਹੀ ਇਸਨੂੰ ਭੁਖ ਲੱਗੀ ਹੋਈ ਹੈ ।ਉਹ ਅੰਦਰ ਗਈ ਤੇ ਦੋ ਗਲਾਸ ਦੁਧ ਦੇ ਲੈ ਆਈ । ਇਕ ਗਲਾਸ ਤਾਂ ਸਤੀਸ਼ ਨੇ ਪੀ ਲਿਆ ਤਾਂ ਲੜਕੀ ਨੇ ਦੂਜਾ ਗਲਾਸ ਵੀ ਸਤੀਸ਼ ਵੱਲ ਕਰ ਦਿਤਾ ਤੇ ਕਿਹਾ ਕਿ ਇਹ ਵੀ ਪੀ ਲਉ ,ਫਿਰ ਸਤੀਸ਼ ਨੇ ਕਿਹਾ ਕਿ ਭੈਣ ਜੀ ਮੈਂ ਤਾਂ ਇਕ ਗਲਾਸ ਹੀ ਮੰਗਿਆ ਏ ਪਰ ਆਪ ਤਾਂ ਦੋ ਗਲਾਸ ਲੈ ਆਏ ਤਾਂ ਲੜਕੀ ਨੇ ਕਿਹਾ ਇਕ ਤਾਂ ਆਪ ਭੈਣ ਜੀ ਕਹਿੰਦੇ ਹੋ ਤੇ ਇਹ ਫਿਰ ਦੂਸਰਾ ਗਲਾਸ ਆਪਨੇ ਵੱਲੋਂ ਆਪਣੇ ਵੀਰ ਨੂੰ ਪਿਲਾ ਰਹੀ ਹਾਂ। ਆਪ ਇਹ ਵੀ ਪੀ ਲਵੋ ਫਿਰ ਦੂਸਰਾ ਗਲਾਸ ਦੁਧ ਦਾ ਪੀ ਕੇ ਸਤੀਸ਼ ਅਗੇ ਅਖਬਾਰ ਪਾਓਣ ਚਲਿ ਗਿਆ। ਇਸ ਤਰਾਂ ਸਤੀਸ਼ ਹਰ ਰੋਜ਼ ਅਖਬਾਰ ਪਾਉਂਦਾ ਹੋਇਆ ਨਾਲੋਂ ਨਾਲ ਪੜਾਈ ਕਰੀ ਗਿਆ ।ਉਸਨੇ ਦਸਵੀਂ ਪਾਸ ਕਰਕੇ +2 ਵਿਚ ਦਾਖਲਾ ਲੈ ਲਿਆ ਤੇ ਨਾਨ ਮੈਡੀਕਲ ਦੀ ਪੜਾਈ ਸ਼ੁਰੂ ਕਰ ਦਿਤੀ ਜਿਸਨੇ ਡਾਕਟਰ ਬਨਣਾ ਹੋਵੇ ਉਸਨੂੰ ਮੈਡੀਕਲ ਪੜਨਾ ਜਰੂਰੀ ਹੋ ਜਾਂਦਾ ਹੈ ਤੇ ਸਾਇੰਸ ਦੀ ਟਵੀਸ਼ਨ ਰੱਖਣੀ ਪਈ ਪਰ ਸਤੀਸ਼ ਨੇ ਹਿੰਮਤ ਨਹੀਂ ਹਾਰੀ।ਪੜਾਈ ਦੇ ਨਾਲ ਨਾਲ ਅਪਨਾ ਖਰਚਾ ਵੀ ਆਪ ਹੀ ਉਠਾਉਂਦਾ ਰਿਹਾ । ਬਹੁਤ ਦਿਲ ਲਾਕੇ ਪੜਾਈ ਕਰਦਾ ਰਿਹਾ । +2 ਚ ਅੱਛੇ ਨੰਬਰ ਲੈਕੇ ਪਾਸ ਹੋਇਆ ।ਉਹ ਕਲਾਸ ਵਿਚੋਂ ਮੈਰਿਟ ਤੇ ਆ ਚੁਕਾ ਸੀ। ਸਤੀਸ਼ ਨੇ ਹੁਣ ਮੈਡੀਕਲ ਵਿਚ ਦਾਖਲਾ ਲੈਣਾ ਸੀ ਉਸ ਦੀ ਜੇਬ ਇਜਾਜ਼ਤ ਨਹੀਂ ਦੇ ਰਹੀ ਸੀ ਪਰ ਫਿਰ ਵੀ ਉਸਨੇ ਹਿੰਮਤ ਕਰਕੇ ਆਪਨੀ ਕਾਬਲੀਅਤ ਨਾਲ ਦਾਖਲਾ ਲੈ ਹੀ ਲਿਆ ।ਪੰਜ ਸਾਲ ਸਤੀਸ਼ ਨੇ ਬਹੁਤ ਹਿੰਮਤ ਕੀਤੀ ਤੇ ਚੰਗੇ ਨੰਬਰਾਂ ਤੇ ਪਾਸ ਹੁੰਦਾ ਰਿਹਾ । ਹੁਣ ਉਸਨੇ MBBS ਪਾਸ ਕਰ ਲਈ ਸੀ ਤੇ MD ਵਿਚ ਦਾਖਲਾ ਲੈ ਲਿਆ ਸੀ ਔਖੇ ਸੌਖੇ ਉਸਨੇ MD ਵੀ ਪਾਸ ਕਰ ਲਈ ਤੇ ਇਕ ਵਧੀਆ ਡਾਕਟਰ ਦੇ ਤੌਰ ਤੇ ਉਸਨੂੰ ਇਕ ਮੰਨੇ ਪਰਮੰਨੇ ਹਸਪਤਾਲ ਵਿਚ ਨੌਕਰੀ ਮਿਲ ਗਈ ਤੇ ਬੜੇ ਲਗਨ ਨਾਲ ਮਰੀਜਾਂ ਦੀ ਦੇਖ ਭਾਲ ਤੇ ਇਲਾਜ਼ ਕਰਦਾ ਰਿਹਾ ।ਉਹ ਐਨਾ ਮਸ਼ਹੂਰ ਹੋ ਗਿਆ ਕਿ ਉਸਨੂੰ ਬਤੌਰ ਮੁਖ ਡਾਕਟਰ ਦੇ ਤੌਰ ਤੇ ਹਸਪਤਾਲ ਵਿਚ ਥਾਂ ਮਿਲ ਗਈ ਤੇ ਹਸਪਤਾਲ ਆਪਨੀ ਕਾਮਯਾਬੀ ਨਾਲ ਸਿਖਰਾਂ ਦੀਆਂ ਬੁਲੰਦੀਆਂ ਛੂਹਣ ਲੱਗ ਪਿਆ ।ਬੜੇ ਬੜੇ ਮਰੀਜ਼ ਜਿਹੜੇ ਦੂਸਰੇ ਵਿਚੋਂ ਠੀਕ ਨਾ ਹੁੰਦੇ ਉਹ ਇਸ ਹਸਪਤਾਲ ਵਿਚ ਆਕੇ ਠੀਕ ਹੋ ਜਾਂਦੇ । ਇਕ ਦਿਨ ਇਕ ਮਰੀਜ਼ ਜੋ ਕਿ ਔਰਤ ਸੀ ਉਹ ਵੀ ਕਈ ਹਸਪਤਾਲਾਂ ਚੋਂ ਹੁੰਦੀ ਹੋਈ ਉਸ ਹਸਪਤਾਲ ਵਿਚ ਪਹੁੰਚ ਗਈ ਪਰ ਉਸਨੂੰ ਬੇਹੋਸ਼ੀ ਦੀ ਹਾਲਤ ਵਿਚ ਲਿਆਂਦਾ ਗਿਆ । ਪਹਿਲਾਂ ਤਾਂ ਹਸਪਤਾਲ ਦੇ ਦੂਸਰੇ ਡਾਕਟਰ ਉਸਦਾ ਇਲਾਜ਼ ਕਰਦੇ ਰਹੇ ।ਉਹਨਾ ਕਈ ਟੈਸਟ ਕੀਤੇ ਤੇ ਕਈ ਤਰਾਂ ਦੇ ਚੈੱਕਅਪ ਤੇ ਟੈਸਟ ਕੀਤੇ ਗਏ ਪਰ ਉਸਦੀ ਬੀਮਾਰੀ ਦਾ ਕੋਈ ਪਤਾ ਨਹੀਂ ਲੱਗਿਆ ਪਰ ਉਸਦਾ ਇਲਾਜ਼ ਕਰੀ ਗਏ ।ਕਈ ਦਿਨ ਬੀਤ ਗਏ ਇਲਾਜ਼ ਦੇ ਚਲਦਿਆਂ ਨੂੰ ਪਰ ਕੋਈ ਫਰਕ ਨਹੀਂ ਪਿਆ ।ਇਲਾਜ਼ ਤੇ ਪੈਸਾ ਪਾਣੀ ਵਾਂਗ ਰੁੜ ਰਿਹਾ ਸੀ ਪਰ ਕੋਈ ਫਾਇਦਾ ਨਹੀਂ ਹੋ ਰਿਹਾ ਸੀ । ਜਦੋਂ ਡਾਕਟਰਾਂ ਨੇ ਆਪਨੀ ਸਾਰੀ ਵਾਹ ਲਾ ਲਈ ਤਾਂ ਡਾਕਟਰ ਸਤੀਸ਼ ਨੂੰ ਬੁਲਾਇਆ ਗਿਆ ,ਸਾਰਿਆਂ ਨੇ ਰਲ ਕੇ ਉਸ ਲੜਕੀ ਦੇ ਜਿਨੇ ਵੀ ਟੈਸਟ ਲਏ ਸਨ ਵੇਖੇ ਗਏ ਦੇਖ ਕੇ ਡਾਕਟਰ ਸਤੀਸ਼ ਕਹਿਣ ਲੱਗਾ ਮੈਂ ਇਲਾਜ਼ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਸ ਮਰੀਜ਼ ਨੂੰ ਵੇਖਣਾ ਚਾਹਾਂਗਾ । ਡਾਕਟਰ ਸਤੀਸ਼ ਉਸ ਲੜਕੀ ਦੇ ਕਮਰੇ ਵਿਚ ਗਏ ਤੇ ਦੇਖਿਆ ਤੇ ਦੇਖਦਾ ਹੀ ਰਹਿ ਗਿਆ ਜਿਵੇਂ ਕਿ ਉਸਦਾ ਆਪਣਾ ਹੀ ਕੋਈ ਹੋਵੇ ਪਰ ਡਾਕਟਰ ਸਤੀਸ਼ ਨੇ ਬੜੇ ਸੋਚ ਵਿਚਾਰ ਕਰਕੇ ਇਲਾਜ਼ ਸ਼ੁਰੂ ਕਰ ਦਿਤਾ । ਅਜ ਹੋਰ ਤੇ ਕੱਲ ਹੋਰ ਕੁਝ ਹੀ ਦਿਨਾ ਵਿਚ ਉਸਨੂੰ ਕਾਫੀ ਫਾਇਦਾ ਹੋ ਚੁਕਾ ਸੀ ਜਿਵੇਂ ਜਿਵੇਂ ਇਲਾਜ਼ ਚਲਦਾ ਗਿਆ ਮਰੀਜ਼ ਠੀਕ ਹੁੰਦਾ ਗਿਆ ਤੇ ਕੁਝ ਹੀ ਦਿਨਾ ਵਿਚ ਉਹ ਬਿਲਕੁਲ ਠੀਕ ਹੋ ਗਈ । ਜਦੋਂ ਉਸਨੂੰ ਛੁਟੀ ਦਿਤੀ ਜਾਣੀ ਸੀ ਤਾਂ ਉਹ ਇਹ ਸੋਚ ਕੇ ਘਬਰਾ ਗਈ ਕਿ ਮੇਰੇ ਇਲਾਜ਼ ਤੇ ਬਹੁਤ ਪੈਸਾ ਖਰਚ ਹੋ ਚੁਕਾ ਏ ਪਹਿਲਾ ਹੀ ਮੇਰੇ ਪਿਤਾ ਨੇ ਬਹੁਤ ਸਾਰਾ ਪੈਸਾ ਕਰਜੇ ਦੇ ਰੂਪ ਵਿਚ ਚੁਕਿਆ ਹੋਇਆ ਸੀ ਹੁਣ ਹੋਰ ਪੈਸਾ ਕਿਥੋਂ ਆਵੇਗਾ ਇਹ ਸੋਚ ਕੇ ਉਹ ਰੋ ਰਹੀ ਸੀ ਤੇ ਡਾਕਟਰ ਸਤੀਸ਼ ਨੂੰ ਕਹਿ ਰਹੀ ਸੀ ਕਿ ਤੁਸਾਂ ਮੈਨੂੰ ਕਿਉਂ ਬਚਾਇਆ ਮੈਨੂੰ ਮਰ ਜਾਣ ਦਿਤਾ ਜਾਂਦਾ । ਮੇਰੇ ਤੇ ਜਿਹੜਾ ਖਰਚਾ ਹੋਇਆ ਏ ਉਹ ਨਾ ਹੁੰਦਾ ਤੇ ਹੁਣ ਹਸਪਤਾਲ ਦਾ ਬਿੱਲ ਕਿਥੋਂ ਆਵੇਗਾ ਸਾਡੇ ਕੋਲ ਹੁਣ ਤਾਂ ਕੁਛ ਵੀ ਨਹੀਂ ਹੈ ਪਰ ਡਾਕਟਰ ਸਤੀਸ਼ ਨੇ ਕਿਹਾ ਕਿ ਆਪ ਬਿਲਕੁਲ ਫਿਕਰ ਨਾ ਕਰੋ ਬਿੱਲ ਬਹੁਤ ਜਿਆਦਾ ਨਹੀਂ ਹੋਵੇਗਾ ਜਿਨਾ ਆਪ ਦੇ ਸਕਦੇ ਹੋ ਉਨਾ ਹੀ ਹੋਵੇਗਾ। ਡਾਕਟਰ ਸਤੀਸ਼ ਨੇ ਕਲੱਰਕ ਨੂੰ ਬਿੱਲ ਬਨਾਉਣ ਵਾਸਤੇ ਕਿਹਾ । ਬਿੱਲ ਬਣਕੇ ਆ ਗਿਆ ਡਾਕਟਰ ਸਤੀਸ਼ ਨੇ ਦੇਖਿਆ ਤੇ ਬਿੱਲ ਤੇ ਦਸਤਖਤ ਕਰ ਦਿਤੇ ਤੇ ਨਾਲ ਹੀ ਇਹ ਲਿਖ ਦਿਤਾ ਕਿ ਇਹ ਬਿੱਲ ਮੈਂ ਅਦਾ ਕਰਾਂਗਾ ਤੇ ਹੇਠਾਂ ਟੋਟਲ ਵਾਲੀ ਥਾਂ ਤੇ ਲਿਖ ਦਿਤਾ ਕਿ ਇਸ ਬਿੱਲ ਦਾ ਟੋਟਲ ਹੈ । ਦੋ ਗਲਾਸ ਦੁੱਧ ਦੇ ਇਹ ਬਿੱਲ ਵੇਖ ਕੇ ਲੜਕੀ ਹੈਰਾਨ ਹੋ ਗਈ ਤੇ ਕਿਸੀ ਡੂੰਘੀ ਸੋਚ ਵਿਚ ਗੁਆਚ ਚੁੱਕੀ ਸੀ। ਬਲਬੀਰ ਸਿੰਘ ਪਰਦੇਸੀ9465710205
Please log in to comment.