*ਪਛਤਾਵਾ* ਮਹਿੰਦਰ ਨੇ ਸ਼ਾਮ ਨੂੰ ਸਮੇੰ ਸਿਰ ਹੀ ਰੋਟੀ ਖਾ ਕੇ ਸੈਰ ਕਰ ਲਈ ਸੀ।ਹੁਣ ਉਹ ਅਰਾਮਦਾਇਕ ਅਵਸਥਾ ਚ ਲੇਟਿਆ ਹੋਇਆ ਆਪਣੇ ਅੱਜ ਦੇ ਕੀਤੇ ਸਵੇਰ ਤੋਂ ਦੁਪਹਿਰ ਤੱਕ ਦੇ ਸਫਰ ਦਾ ਵਿਸ਼ਲੇਸ਼ਣ ਕਰਨ ਲੱਗਾ।ਮਹਿੰਦਰ ਇੱਕ ਬਿਜਨਸਮੈਨ ਸੀ ਤੇ ਸੁਭਾਅ ਦਾ ਕਾਹਲਾ ਸੀ ਪਰ ਬੰਦਾ ਚੰਗਾ ਸੀ।।ਮਹਿੰਦਰ ਕੰਮ ਦੇ ਸਿਲਸਿਲੇ ਵਿੱਚ ਬਾਹਰ ਆਉਂਦਾ ਜਾਦਾਂ ਰਹਿੰਦਾ ਸੀ।ਅੱਜ ਵੀ ਉਹ ਦੁਪਹਿਰੀ ਲੁਧਿਆਣੇ ਤੋਂ ਮੁੜਿਆ ਸੀ।ਉੁਸ ਦੀ ਸੋਚਾਂ ਦੀ ਲੜੀ ਵਿੱਚ ਸ਼ੁਰੂਆਤ ਉਸ ਕੈਬ ਡਰਾਇਵਰ ਤੋਂ ਹੋਈ ਜਿਸ ਨੇ ਸਫਰ ਦੌਰਾਨ ਬਹੁਤ ਤੇਜ਼ੀ ਨਾਲ ਗੱਡੀ ਚਲਾਈ ਤੇ ਸਫਰ ਜਲਦੀ ਮੁਕਾਇਆ ਸੀ।ਜਿਸ ਤੋ ਖੁਸ਼ ਹੋ ਕੇ ਮਹਿੰਦਰ ਨੇ ਕੈਬ ਡਰਾਈਵਰ ਨੂੰ 100 ਦਾ ਨੋਟ ਬਣਦੇ ਕਿਰਾਏ ਤੋਂ ਵੱਧ ਦਿੱਤਾ ਸੀ।ਹਾਲੇ ਕਿ ਕੈਬ ਡਰਾਈਵਰ ਨੇ ਸਫਰ ਦੌਰਾਨ ਕੋਈ ਗੱਲਬਾਤ ਨਹੀ ਸੀ ਕੀਤੀ ਕਿਉਕੀ ਉਹ ਆਪਣੇ ਆਪ ਵਿੱਚ ਰਹਿਣ ਵਾਲਾ ਬੰਦਾ ਸੀ। ਫਿਰ ਮਹਿੰਦਰ ਨੇ ਕੈਬ ਤੋਂ ਉਤਰ ਕੇ ਇੱਕ ਭੀੜੀ ਗਲੀ ਵਿੱਚੋ ਲੰਘ ਕੇ ਘਰ ਪਹੁੰਚਣ ਤੱਕ ਲਈ ਈਰਿਕਸ਼ਾ ਲਿਆ ਜਿਸ ਦਾ ਕਿਰਾਇਆ ਸਿਰਫ 15 ਰਪਏ ਸੀ। ਟ੍ਰੈਫਿਕ ਜ਼ਿਆਦਾ ਹੋਣ ਕਾਰਨ 15 ਮਿੰਟ ਦਾ ਸਫਰ 30 ਮਿੰਟ ਵਿੱਚ ਨਿਭੜਿਆ, ਜਿਸ ਵਿੱਚ ਈਰਿਕਸ਼ਾ ਡਰਾਈਵਰ ਦਾ ਕੋਈ ਕਸੂਰ ਨਹੀ ਸੀ।ਮਹਿੰਦਰ ਦੇ ਕਾਹਲੇ ਸੁਭਾਅ ਕਾਰਨ ਤੇ ਥਕਾਵਟ ਹੋਣ ਕਾਰਨ, ਮਹਿੰਦਰ ਨੂੰ ਈਰਿਕਸ਼ਾ ਡਰਾਈਵਰ ਤੇ 15 ਮਿੰਟ ਜਿਆਦਾ ਲੱਗਣ ਤੇ ਗੁੱਸਾ ਵੀ ਸੀ।ਹਾਲੇ ਕਿ ਈਰਿਕਸ਼ਾ ਚਾਲਕ ਖੁਸ਼ਦਿਲ ਬੰਦਾ ਸੀ।ਮਹਿੰਦਰ ਨੇ ਪਰਸ ਚ ਵੇਖਿਆ 10 ਦੇ ਕਈ ਨੋਟ ਸਨ ਪਰ ਨਾ ਕੋਈ 5 ਦਾ ਨੋਟ ਸੀ ਨਾ ਕੋਈ 5 ਦਾ ਥੀਪਾ।ਮਹਿੰਦਰ ਨੇ 10 ਦਾ ਨੋਟ ਈਰਿਕਸ਼ਾ ਡਰਾਈਵਰ ਨੂੰ ਦਿੱਤਾ ਸੀ। ਡਰਾਈਵਰ ਨੇ ਮਹਿੰਦਰ ਨੂੰ ਕਿਹਾ ਸੀ, "ਸਾਬ ਜੀ, 15 ਰੁਪਏ ਕਿਰਾਇਆ ਬਣਦਾ ਹੈ ਜੀ"।"ਇੱਕ ਤਾ ਮੇਰੇ ਕੋਲ 5 ਰਪਏ ਟੁੱਟੇ ਨਹੀ ਹਨ ਤੇ ਦੂਜਾ ਤੂੰ ਵੈਸੇ ਵੀ ਸਮਾ ਬਹੁਤ ਲਗਾਇਆ ਹੈ, ਇੰਨੇ ਹੀ ਬਣਦੇ ਨੇ ਤੇਰੇ" ਕਹਿ ਕੇ ਮਹਿੰਦਰ ਘਰ ਵੱਲ ਮੁੜ ਗਿਆ ਸੀ।"ਸਾਬ ਜੀ ਟ੍ਰੈਫਿਕ ਕਰਕੇ ਹੀ ਸਮਾਂ ਲੱਗਾ ਹੈ ਜੀ,...." ਡਰਾਈਵਰ ਸਪਸ਼ਟੀਕਰਨ ਦੇ ਰਿਹਾ ਸੀ।ਮਹਿੰਦਰ ਨੇ ਡਰਾਈਵਰ ਦੀ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ ਸੀ।ਡਰਾਈਵਰ ਰੱਬ ਦਾ ਭਾਣਾ ਮੰਨ ਕੇ ਈਰਿਕਸ਼ਾ ਮੋੜ ਕੇ ਵਲਾ ਗਿਆ ਸੀ।ਹੁਣ ਮਹਿੰਦਰ ਦੀ ਸੋਚ ਅਟਕ ਗਈ ਕਿ ਯਾਰ ਮੈ 100 ਰੁਪਏ ਵੱਧ ਉਸ ਕੈਬ ਡਰਾਈਵਰ ਨੂੰ ਦਿੱਤੇ ਜਿਹੜੇ ਉਸਦੇ ਬਣਦੇ ਵੀ ਨਹੀ ਸੀ ਤੇ ਨਾ ਹੀ ਮੇਰਾ ਕੋਈ ਉਸ ਨੇ ਧੰਨਵਾਦ ਕੀਤਾ ਸੀ ਤੇ ਮੈ 5 ਰੁਪਏ ਈਰਿਕਸ਼ਾ ਡਰਾਈਵਰ ਨੂੰ ਘੱਟ ਦਿੱਤੇ ਜੋ ਉਸਦੇ ਬਣਦੇ ਸਨ ਤੇ ਹੀ ਉਸਨੇ ਮੇਰੇ ਨਾਲ ਕੋਈ ਬਹਿਸ ਵੀ ਨਹੀ ਕੀਤੀ ਤੇ ਰੱਬ ਦਾ ਭਾਣਾ ਮੰਨ ਕੇ ਚਲਾ ਗਿਆ ਸੀ।ਮਹਿੰਦਰ ਨੂੰ ਲੱਗ ਰਿਹਾ ਸੀ ਕਿ ਉਸਨੇ ਕਿਸੇ ਦਾ ਹੱਕ ਮਾਰ ਲਿਆ ਹੋਵੇ।ਹੁਣ ਮਹਿੰਦਰ ਨੂੰ ਥਕਾਵਟ ਦੇ ਨਾਲ-ਨਾਲ ਪਛਤਾਵਾ ਵੀ ਹੋ ਰਿਹਾ ਸੀ। *ਜਸਬੀਰ ਥਿੰਦ*
Please log in to comment.