ਕੁਲਜੀਤ ਥਾਣੇ ਵਿਚੋਂ ਰਿਹਾ ਹੋ ਕੇ ਸਿੱਧਾ ਆਪਣੇ ਦੋਸਤ ਸਵਰਨ ਨੂੰ ਮਿਲਣ ਉਹਦੇ ਘਰ ਚਲਾ ਗਿਆ। ਖਾੜਕੂਵਾਦ ਦੇ ਦੌਰ ਅੰਦਰ ਅਕਸਰ ਹੀ ਜਦੋਂ ਕਦੇ ਫੈਡਰੇਸ਼ਨ ਵੱਲੋਂ ਬੰਦ ਦੀ ਕਾਲ ਹੁੰਦੀ ਜਾਂ ਨੇੜੇ ਤੇੜੇ ਕੋਈ ਵਾਰਦਾਤ ਹੋ ਜਾਂਦੀ ਤਾਂ ਕੁਲਜੀਤ ਨੂੰ ਪੁਲਿਸ ਫੜ ਕੇ ਲੈ ਜਾਂਦੀ ਸੀ ਅਤੇ ਦੋ ਤਿੰਨ ਦਿਨ ਪੁੱਛ ਪੜਤਾਲ ਕਰਕੇ ਬਿਨਾਂ ਗ੍ਰਿਫਤਾਰੀ ਪਾਏ ਛੱਡ ਦਿੰਦੀ ਸੀ। ਸਵਰਨ ਇਹਦਾ ਬੀ ਏ ਵੇਲੇ ਦਾ ਕਲਾਸ ਫੈਲੋ ਸੀ। ਜਦੋਂ ਸਵਰਨ ਬੀ ਏ ਫਾਈਨਲ ਵਿਚ ਸੀ ਤਾਂ ਉਦੋਂ ਇਹਦਾ ਬੀ ਏ ਪਹਿਲੇ ਭਾਗ ਦਾ ਅੰਗਰੇਜ਼ੀ ਦਾ ਪੇਪਰ ਪਾਸ ਨਹੀਂ ਸੀ ਹੋਇਆ। ਜਦੋਂ ਸਵਰਨ ਦਾ ਬੀ ਏ ਭਾਗ ਪਹਿਲਾ ਦਾ ਅੰਗਰੇਜ਼ੀ ਦਾ ਪੇਪਰ ਪਾਸ ਕਰਨ ਦਾ ਆਖਰੀ ਮੌਕਾ ਸੀ ਤਾਂ ਉਦੋਂ ਕੁਲਜੀਤ ਨੇ ਇਹਦੀ ਜਗਾ ਤੇ ਜਾ ਕੇ ਪੇਪਰ ਦਿੱਤਾ ਸੀ ਤੇ ਇਹਨੂੰ ਚੰਗੇ ਨੰਬਰਾਂ ਨਾਲ ਪਾਸ ਕਰਵਾ ਦਿੱਤਾ ਸੀ। ਜੇਕਰ ਇਹ ਉਸ ਟਾਈਮ ਵੀ ਪਾਸ ਨਾ ਹੁੰਦਾ ਤਾਂ ਇਹਦੀ ਬੀ ਏ ਵਿਚ ਬੈਕ ਲੱਗ ਜਾਣੀ ਸੀ। ਸਵਰਨ ਉਸ ਟਾਈਮ ਤੱਕ ਪੁਲਿਸ ਵਿਚ ਭਰਤੀ ਹੋ ਗਿਆ ਸੀ। ਸਵਰਨ ਨੇ ਕੁਲਜੀਤ ਨੂੰ ਅੰਦਰ ਬਿਠਾ ਕੇ ਚਾਹ ਮੰਗਵਾ ਲਈ । ਸਵਰਨ ਵੀ ਉਦੋਂ ਹੀ ਬਾਹਰੋਂ ਆਇਆ ਸੀ। ਚਾਹ ਆਉਂਦੇ ਤੱਕ ਉਹ ਵੀ ਵਰਦੀ ਉਤਾਰ ਕੇ ਕੁਲਜੀਤ ਕੋਲ ਆ ਕੇ ਬਹਿ ਗਿਆ। ਚਾਹ ਦੀ ਚੁਸਕੀ ਲੈਂਦਿਆਂ ਕੁਲਜੀਤ ਨੇ ਸਵਰਨ ਨੂੰ ਦੱਸਿਆ ਕਿ ਪਰਸੋਂ ਜਦੋਂ ਮੈਂ ਹਵਾਲਾਤ ਵਿਚ ਸੀ ਤਾਂ ਤੂੰ ਉਸੇ ਥਾਣੇ ਵਿਚ ਗਿਆ ਸੀ ਤਾਂ ਮੈਂ ਅਵਾਜ਼ ਮਾਰੀ ਤੇ ਤੂੰ ਸੁਣੀ ਹੀ ਨਹੀਂ। ਸਵਰਨ ਨੇ ਗੱਲ ਕੱਟਦਿਆਂ ਦੱਸਿਆ ਕਿ ਅਵਾਜ਼ ਤਾਂ ਸੁਣ ਲਈ ਸੀ ਪਰ ਮੈਂ ਜਾਣ ਬੁੱਝ ਕੇ ਤੇਰੇ ਵੱਲ ਨਹੀਂ ਵੇਖਿਆ ਕਿਉਂਕਿ ਵੱਡੇ ਅਫਸਰ ਪੁੱਛਤਾਛ ਕਰਦੇ ਹਨ ਕਿ ਤੂੰ ਇਹਨੂੰ ਕਿਵੇਂ ਜਾਣਦਾ ਹੈਂ। ਇਹ ਸੁਣਦਿਆਂ ਹੀ ਕੁਲਜੀਤ ਨੂੰ ਸੱਤੇ ਕੱਪੜੀਂ ਅੱਗ ਲੱਗ ਗਈ ਤੇ ਉਹ ਲੋਹਾ ਲਾਖਾ ਹੋ ਕੇ ਬੋਲਿਆ ------ ਤੂੰ ਇਹ ਨਹੀਂ ਸੀ ਦੱਸ ਸਕਦਾ ਕਿ ਮੇਰਾ ਇਹ ਕਲਾਸ ਫੈਲੋ ਹੈ। ਅਹਿਸਾਨ ਫਰਾਮੋਸ਼ ਬੰਦਿਆ ਮੈਂ ਉਦੋਂ ਪੇਪਰ ਦਿੰਦੇ ਸਮੇ ਪਰਵਾਹ ਨਹੀਂ ਕੀਤੀ। ਮੇਰੇ ਤੇ ਤਾਂ ਧੋਖੇਬਾਜ਼ੀ ਦਾ ਪਰਚਾ ਵੀ ਦਰਜ਼ ਹੋ ਸਕਦਾ ਸੀ। ਇੰਨਾ ਕਹਿ ਕੁਲਜੀਤ ਚਾਹ ਦਾ ਕੱਪ ਵਿਚੇ ਛੱਡ ਬਾਹਰ ਨੂੰ ਨਿੱਕਲ ਗਿਆ। ਗੁਰਵਿੰਦਰ ਸਿੰਘ ਐਡਵੋਕੇਟ
Please log in to comment.