Kalam Kalam

ਗੱਲ ਪੇਕਿਆਂ ਸਹੁਰਿਆਂ ਦੀ

#ਗੱਲ_ਪੇਕਿਆਂ_ਸਹੁਰਿਆਂ_ਦੀ "ਚੱਲ ਜੇ ਤੂੰ ਚਾਹ ਨਹੀਂ ਪੀਣੀ ਤਾਂ ਤੈਨੂੰ ਇੱਕ ਚੀਜ਼ ਹੋਰ ਪਿਆਉਂਦੀ ਹਾਂ।" ਇੰਨਾ ਕਹਿਕੇ ਮਾਮੀ ਨੇ ਫਰਿਜ਼ ਵਿੱਚ ਪਈ ਇੱਕ ਬੋਤਲ ਖੋਲ੍ਹਕੇ ਇੱਕ ਢੱਕਣ ਗਿਲਾਸ ਵਿੱਚ ਪਾਇਆ ਤੇ ਵਿੱਚ ਠੰਡਾ ਪਾਣੀ ਪਾਕੇ ਮੈਨੂੰ ਦੇ ਦਿੱਤਾ। ਇਹ ਤੇਜ਼ ਜਿਹੀ ਸਿਕੰਜਵੀ ਵਰਗਾ ਸੀ। "ਸਵਾਦ ਹੈ ਨਾ? ਇਹ ਜਲਜੀਰਾ ਹੈ ਵੀਰ ਦੇ ਗਿਆ ਸੀ।" ਇਹ ਮਾਮੀ ਦੀ ਆਦਤ ਸੀ ਉਹ ਹਰ ਗੱਲ ਵਿੱਚ ਬਹਾਨੇ ਨਾਲ ਆਪਣੀ ਭਰਾ ਦੀ ਵਡਿਆਈ ਕਰਦੀ। ਵੀਰ ਇੰਜ ਤੇ ਵੀਰ ਇੰਜ। ਬੱਸ ਆਪਣੇ ਵੀਰ ਦੇ ਹੀ ਗੁਣ ਗਾਉਂਦੀ। ਬਾਕੀ ਉਹ ਸਹੁਰਾ ਪਰਿਵਾਰ ਚੋ ਕਿਸੇ ਨੂੰ ਚੰਗਾ ਨਾ ਕਹਿੰਦੀ। ਪਹਿਲਾ ਪਹਿਲਾਂ ਤਾਂ ਖੋਰੇ ਮਾਮੇ ਨੂੰ ਗੁੱਸਾ ਆਉਂਦਾ ਹੋਊ। ਪਰ ਫਿਰ ਤਾਂ ਸੁਣ ਸੁਣ ਕੇ ਮਾਮੇ ਦੇ ਕੰਨ ਵੀ ਪੱਕ ਗਏ। ਉਹ ਕੁਝ ਨਾ ਬੋਲਦਾ।@ ਸਗੋਂ ਮਾਮੀ ਦੀ ਗੱਲ ਦੀ ਪੁਸ਼ਟੀ ਕਰਦਾ। "ਚੱਲ ਮੈਂ ਤਾਂ ਬਾਊ ਆਲਾ ਸੂਟ ਹੀ ਸੰਵਾ ਲੈਂਦੀ ਹਾਂ।" ਇੱਕ ਦਿਨ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਕਿਹਾ। ਮੇਰੀ ਸੁਰਤ ਵਿੱਚ ਮੇਰੇ ਮਾਮੇ ਨੇ ਮੇਰੀ ਮਾਂ ਨੂੰ ਪਹਿਲਾਂ ਸੂਟ ਦਿੱਤਾ ਸੀ। ਉਂਜ ਮੇਰੇ ਮਾਮੇ ਮੇਰੀ ਮਾਂ ਨੂੰ ਕਦੇ ਸੂਟ ਨਹੀਂ ਸੀ ਦਿੰਦੇ। ਹਰ ਬਾਰ ਉਹ ਨਕਦ ਪੈਸੇ ਹੀ ਦਿੰਦੇ। ਮੇਰੇ ਪੰਜੇ ਮਾਮੇ ਸੋਚਦੇ ਸਨ ਕਿ ਭੈਣ ਪਤਾ ਨਹੀਂ ਕਿੰਨੇ ਕੁ ਮਹਿੰਗੇ ਸੂਟ ਪਾਉਂਦੀ ਹੈ। ਪਸੰਦ ਨਾਪਸੰਦ ਦੇ ਚੱਕਰ ਵਿੱਚ ਨਾ ਪੈਕੇ ਉਹ ਨਕਦ ਨਰਾਇਣ ਦੇਕੇ ਫਾਰਗ ਹੋ ਜਾਂਦੇ। "ਨਾ ਅੱਗੇ ਤੂੰ ਬਾਊ ਦੇ ਦਿੱਤੇ ਹੀ ਪਾਉਂਦੀ ਹੈਂ?" ਬਾਊ ਮਾਮੇ ਦਾ ਨਾਮ ਸੁਣਕੇ ਪਾਪਾ ਜੀ ਦਾ ਮਰਦਪੁਣਾ ਜਾਗ ਪਿਆ। ਕੋਈ ਮਰਦ ਆਪਣੇ ਤੋਂ ਸਿਵਾਏ ਕਿਸੇ ਹੋਰ ਦੀ ਮਹਿਮਾ ਸੁਣਕੇ ਰਾਜੀ ਨਹੀਂ ਹੁੰਦਾ। ਪਾਪਾ ਜੀ ਗੁੱਸੇ ਹੋ ਗਏ ਤੇ ਘਰੇ ਬੇਲੋੜਾ ਕਲੇਸ਼ ਪੈ ਗਿਆ। ਮਾਤਾ ਨੂੰ ਪੇਕਿਆਂ ਦੇ ਸੂਟ ਦਾ ਜ਼ਿਕਰ ਕੀਤਾ ਮਹਿੰਗਾ ਪੈ ਗਿਆ। ਮੇਰਾ ਇੱਕ ਮਸੇਰ ਹੈ। ਉਸਦਾ ਆਪਣੇ ਮੰਮੀ ਡੈਡੀ ਤੇ ਭਰਾ ਦੇ ਪਰਿਵਾਰ ਨਾਲ ਛੱਤੀ ਦਾ ਅੰਕੜਾ ਹੈ। ਪ੍ਰੰਤੂ ਉਸਦਾ ਮਜੀਠੀਆ ਉਸਦਾ ਸਲਾਹਕਾਰ ਤੇ ਪਾਰਟਨਰ ਹੈ। ਇਸ ਲਈ ਮੇਰੇ ਮਸੇਰ ਨੂੰ ਆਪਣੇ ਸਹੁਰਿਆਂ ਦਾ ਰੰਗ ਬਹੁਤ ਹੀ ਗੂੜ੍ਹਾ ਚੜਿਆ ਹੋਇਆ ਹੈ। ਉਹ ਵੀ ਹਰ ਗੱਲ ਤੇ ਆਪਣੀ ਘਰਵਾਲੀ ਦੇ ਪੇਕਿਆਂ ਦੇ ਗੁਣ ਹੀ ਗਾਉਂਦਾ ਹੈ। 'ਸਾਡੀ ਮਿਸੇਜ ਦੇ ਮਾਮਾ ਜੀ ਇੰਜ ਹਨ।' 'ਸਾਡੀ ਮਿਸੇਜ ਦੀ ਮਾਸੀ ਦਾ ਜਵਾਈ ਇੰਨਾ ਵਧੀਆ ਹੈ।' 'ਸਾਡੀ ਮਿਸੇਜ ਦਾ ਨਾਨਾ ਦੇਵਤਾ ਸੀ। ਲੋਕ ਉਸਦੀ ਪੂਜਾ ਕਰਦੇ ਸਨ।' ਗੱਲ ਕੀ ਉਸਨੂੰ ਆਪਣੇ ਮਾਮੇ, ਮਾਸੀਆਂ, ਭੂਆ, ਫੁਫੜਾਂ, ਚਾਚੇ, ਤਾਇਆਂ ਵਿੱਚ ਕੋਈ ਗੁਣ ਨਜ਼ਰ ਨਹੀਂ ਆਉਂਦਾ। ਬੱਸ ਸਹੁਰੇ ਪਰਿਵਾਰ ਦਾ ਹਰ ਜੀਅ ਉਸਨੂੰ ਮਰਿਆਦਾ ਪਰਸ਼ੋਤਮ ਹੀ ਨਜ਼ਰ ਆਉਂਦਾ ਹੈ। ਆਹੋ ਭਾਈ ਗੱਲ ਵੀ ਸਹੀ ਹੈ। ਦਬਦਬਾ ਜੋ 'ਸਾਡੀ ਮਿਸੇਜ' ਦਾ ਹੈ ਘਰ ਵਿੱਚ। ਫਿਰ ਬੋਲੀ ਤਾਂ ਹਰਿਆਣਵੀ ਬੋਲਣੀ ਹੋਈ। ਇਹ ਕੋਈ ਇੱਕ ਘਰ ਦੀ ਕਹਾਣੀ ਨਹੀਂ। ਜਿਸ ਘਰ ਦਾ ਅਮਿਤ ਸ਼ਾਹ ਮਜਬੂਤ ਹੁੰਦਾ ਹੈ। ਫਿਰ ਉਸ ਘਰ ਵਿੱਚ ਸਹੁਰਿਆਂ ਦੀ ਮੋਦੀ ਮੋਦੀ ਹੁੰਦੀ ਹੀ ਹੈ। ਇੱਕ ਗੱਲ ਹੋਰ ਇੱਥੇ ਇੱਕ ਨਵੀਂ ਵਿਆਹੀ ਆਈ ਬੀਬੀ ਦੀ ਕੇਜਰੀਵਾਲ ਵਾਂਗੂ ਚਲਦੀ ਹੈ। ਉਹ ਸਾਰਾ ਦਿਨ ਆਪਣੇ ਮਾਮੇ ਮਾਸੀਆਂ ਤਾਏ ਚਾਚਿਆਂ ਭੂਆ ਫੁਫੜਾਂ ਦੇ ਚਾਲੀਸੇ ਪੜ੍ਹੀ ਜਾਂਦੀ ਹੈ। ਉਸਨੂੰ ਆਪਣੇ ਸਹੁਰੇ ਪਰਿਵਾਰ ਦਾ ਕੋਈ ਰਿਸ਼ਤੇਦਾਰ ਚੰਗਾ ਨਹੀਂ ਲੱਗਦਾ। ਅਖੇ ਮੈਂ ਤਾਈ ਜੀ ਘਰੇ ਗਈ ਮੈਨੂੰ ਪਾਣੀ ਵੀ ਨਹੀਂ ਪੁੱਛਿਆ। ਫਲਾਣੀ ਭੂਆ ਨੇ ਮੈਨੂੰ ਢੰਗ ਦੀ ਰੋਟੀ ਵੀ ਨਹੀਂ ਖੁਆਈ। ਉਸ ਵੀਰੇ ਨੇ ਮੈਨੂੰ ਢੰਗ ਨਾਲ ਨਹੀਂ ਬੁਲਾਇਆ। ਉਹ ਫੁਕਰੀ ਹੈ ਉਹ ਡਿਫਾਲਟਰ ਹੈ ਵਗੈਰਾ ਵਗੈਰਾ। ਮਤਲਬ ਕੀ ਸਾਰੇ ਨਿਕੰਮੇ ਅੜਬ ਲਾਪਰਵਾਹ ਰਿਸ਼ਤੇਦਾਰ ਸਹੁਰਿਆਂ ਵਾਲੇ ਪਾਸੇ ਹਨ ਯਾਨੀ ਕੌਰਵਾਂ ਦੀ ਭੀੜ ਹੈ ਤੇ ਪੇਕੇ ਪਰਿਵਾਰ ਵਿੱਚ ਸਾਰੇ ਹੀ ਪਾਂਡਵ ਹਨ। ਇਹੋ ਜਿਹੀਆਂ ਬੀਬੀਆਂ ਅਕਸਰ ਸਾਰਾ ਦਿਨ ਪੇਕਿਆਂ ਦੇ ਗੁਣ ਗਾਉਂਦੀਆਂ ਰਹਿੰਦੀਆਂ ਹਨ। ਸਾਡੇ ਉਥੇ ਇੰਜ ਸੀ। ਅਸੀਂ ਇੰਜ ਖਰਚਦੇ ਸੀ। ਇੰਜ ਖਾਂਦੇ ਸੀ। ਕਾਰਾਂ ਸੀ ਕੋਠੀਆਂ ਸਨ। ਮੇਰਾ ਵੀਰਾ, ਮੇਰਾ ਬਾਪੂ, ਮੇਰੀ ਭੈਣ ਤੇ ਮੇਰਾ ਜੀਜਾ। ਤੇ ਜਦੋਂ ਘਰ ਵਾਲੇ ਦੀ ਗੱਲ ਛਿੜੇ ਤਾਂ ਹਰਿਦਵਾਰ ਦੇ ਪੰਡਿਤਾਂ ਵਾਂਗੂ ਔਗੁਣਾਂ ਦੀ ਬਹੀ ਖੋਲ੍ਹਕੇ ਬਹਿ ਜਾਂਦੀਆਂ ਹਨ। ਪੁੱਛਣ ਵਾਲਾ ਹੋਵੇ ਬੀਬਾ ਤੈਨੂੰ ਤੇਰੇ ਘਰ ਵਾਲੇ ਦਾ ਹੀ ਭਾਅ ਹੈ। ਜੀਜੇ ਤੇ ਵੀਰੇ ਦੀਆਂ ਕਾਰਾਂ ਕੋਠੀਆਂ ਤੇਰੇ ਕੀ ਕੰਮ। ਪਰ ਕੌਣ ਸਮਝਾਵੇ। ਪੇਕਿਆਂ ਦਾ ਮੋਹ ਸਭ ਨੂੰ ਹੋਣਾਂ ਚਾਹੀਦਾ ਹੈ ਤੇ ਹੁੰਦਾ ਵੀ ਹੈ। ਪ੍ਰੰਤੂ ਜਿੱਥੇ ਰਹਿਣਾ ਤੇ ਜਿਨ੍ਹਾਂ ਕੋਲ੍ਹ ਰਹਿਣਾ ਓਹਨਾ ਤੇ ਤਵਾ ਲਾਉਣਾ ਸਹੀ ਨਹੀਂ ਹੁੰਦਾ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233

Please log in to comment.