ਭਲਾਂ ਮੈਨੂੰ ਇਹ ਦੱਸੋ ਕਿ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਧੀਆਂ ਭੈਣਾਂ ਤੇ ਸਾਡੇ ਬੁੱਢੇ ਮਾਪੇ ਕਿੱਥੇ ਜਾਇਆ ਕਰਨਗੇ। ਬਿਲਕੁਲ ਸੱਚੀ ਕਹਾਣੀ ਏ। ਮੇਰੇ ਪਿੰਡੋਂ ਮਲਕੀਤ ਕੌਰ ਦਾ ਪਿਛਲੇ ਸਾਲ ਵਿਆਹ ਹੋਇਆ ਤੇ ਉਸ ਦਾ ਭਰਾ ਪਹਿਲਾਂ ਹੀ ਵਿਆਹਿਆ ਹੋਇਆ ਸੀ। ਭਰਜਾਈ ਨੂੰ ਲੱਗਾ ਚਲੋ ਨਿਬੜਿਆ ਕੰਮ ਵਿਆਹੀ ਗਈ ਇਹ ਤਾਂ ਪਰ ਧੀ ਭੈਣ ਪੇਕੇ ਨੀਂ ਆਊ ਹੋਰ ਜਾਊ ਕਿੱਥੇ ਪਰ ਮੈਂ ਮਲਕੀਤ ਨੂੰ ਘੱਟ ਹੀ ਆਇਆਂ ਵੇਖਦੀ ਸੀ ਇਹ ਕਹਿ ਕੇ ਸਾਰ ਦਿੰਦੀ ਸੀ ਮੇਰੀ ਸੱਸ ਦੇ ਗੋਡੇ ਦੁੱਖਦੇ ਨੇ ਮੇਰੇ ਤਾਂ ਘਰ ਨਹੀਂ ਸਰਦਾ। ਕੁਝ ਟਾਈਮ ਬਾਅਦ ਹੀ ਮਲਕੀਤ ਦੇ ਬੱਚਾ ਠਹਿਰ ਗਿਆ ਤੇ ਉਹ ਇੱਕ ਵਾਰੀ ਬੱਸ ਸੱਤਵੇਂ ਮਹੀਨੇ ਹੀ ਆਈ ਤੇ ਉਹ ਵੀ ਕੁਝ ਦਿਨ ਰਹਿ ਕੇ ਹੀ ਪੁੱਠੀ ਮੁੜ ਗਈ ਕਿਉਂਕਿ ਭਾਬੀ ਨੇ ਤਾਂ ਉਸ ਨੂੰ ਬੁਲਾਇਆ ਹੀ ਨਾਂ ਵੀ ਕਿਤੇ ਇੱਥੇ ਨਾਂ ਆ ਜਾਵੇ ਜਾਪਾ ਕਰਨ ਚਲੋ ਦਿਨ ਪੈਂਦੇ ਗਏ ਤੇ ਜਣੇਪੇ ਦਾ ਟਾਇਮ ਨਜ਼ਦੀਕ ਆਉਂਦਾ ਗਿਆ ਤੇ ਮਾਵਾਂ ਧੀਆਂ ਨੂੰ ਫ਼ਿਕਰ ਵੱਢ ਵੱਢ ਖਾਣ ਲੱਗਾ ਕਿ ਹੁਣ ਸਹੁਰਿਆਂ ਨੂੰ ਕੀ ਕਹੇ। ਮਲਕੀਤ ਦੀ ਸੱਸ ਤਾਂ ਰੋਜ਼ ਗੱਲ ਛੇੜ ਲੈਂਦੀ ਕਿ ਆਪਣੇ ਪੇਕੇ ਚਲੀ ਜਾਵੀਂ ਉੱਥੇ ਦੋ ਜਣੀਆਂ ਨੇ ਕੰਮ ਵਾਲੀਆਂ ਤੇਰੀ ਵਧੀਆ ਸੰਭਾਲ ਹੋ ਜਾਊ।ਪਰ ਮਲਕੀਤ ਅੱਗੋਂ ਚੁੱਪ ਕਰ ਜਾਂਦੀ ਵਿਚਾਰੀ। ਇੱਕ ਦਿਨ ਮਲਕੀਤ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਆਪਣੇ ਭਰਾ ਨੂੰ ਭੇਜ ਦੇਣ ਲਈ ਕਿਹਾ। ਜਦੋਂ ਮਲਕੀਤ ਘਰ ਆਈ ਤਾਂ ਭਾਬੀ ਨੇ ਤਾਂ ਬੁਲਾਈ ਹੀ ਨਾਂ ਕਈ ਦਿਨਾਂ ਦੀ ਕਲੇਸ਼ ਕਰੀ ਜਾਂਦੀ ਸੀ ਕਿ ਮੈਥੋਂ ਨੀ ਸਮਦੀ ਕੁੜੀ ਇੱਥੇ ਨਾਂ ਆਵੇ।ਪਰ ਮਲਕੀਤ ਸਹੁਰਿਆਂ ਨੂੰ ਕੀ ਭੇਤ ਦੇਵੇ ਅਜੇ ਤਾਂ ਵਿਆਹ ਨੂੰ ਵੀ ਸਾਲ ਵੀ ਨਹੀਂ ਹੋਇਆ। ਮਲਕੀਤ ਆਈ ਨੂੰ ਦਸ ਕੁ ਦਿਨ ਹੋ ਗਏ ਸਨ ਉਹ ਸਾਰਾ ਦਿਨ ਮੇਰੇ ਕੋਲ ਹੀ ਕੱਢਦੀ ਕਈ ਦਿਨ ਪਹਿਲਾਂ ਮਲਕੀਤ ਨੂੰ ਦਰਦ ਸ਼ੁਰੂ ਹੋ ਗਏ ਚਲੋ ਮਾਂ ਪੁੱਤ ਦੋਵੇਂ ਮੰਡੀ ਲੈ ਗਏ ਮਲਕੀਤ ਨੂੰ। ਡਾਕਟਰ ਨੇ ਕਿਹਾ ਕਿ ਬੱਚਾ ਰਾਤ ਤੱਕ ਹੋ ਜਾਊ। ਰਾਤ ਨੂੰ ਬੱਚਾ ਹੋਇਆ ਤੇ ਤੜਕੇ ਨੂੰ ਘਰ ਵਿੱਚ ਰੌਲਾ ਪੈ ਗਿਆ ਕਿ ਉਹਨਾਂ ਪਿੱਛੋਂ ਘਰ ਵਿੱਚ ਚੋਰੀ ਹੋ ਗਈ।ਬਹੂ ਦੀਆਂ ਟੂਮਾਂ ਚੁਕੀਆਂ ਗਈਆਂ ।ਆਂਢ ਗੁਆਂਢ ਇੱਕਠਾ ਹੋਇਆ ਤੇ ਮੁੰਡਾ ਵੀ ਸ਼ਹਿਰੋਂ ਘਰੇ ਸੱਦ ਲਿਆ ਜਦੋਂ ਮੁੰਡੇ ਨੇ ਘਰ ਆ ਕੇ ਵੇਖਿਆ ਤਾਂ ਜੋ ਜਾਂਦੀ ਹੋਈ ਮਲਕੀਤ ਟੂਮਾਂ ਤੇ ਪੈਰਾਂ ਵਾਲੀਆਂ ਝਾਂਜਰਾਂ ਲਾਹ ਕੇ ਗਈ ਸੀ ਉਹ ਵੀ ਅਲਮਾਰੀ ਵਿੱਚ ਹੀ ਪਈਆਂ ਸਨ ਤੇ ਜੋ ਮਲਕੀਤ ਦੀ ਮਾਂ ਦੇ ਗਹਿਣੇ ਤੇ ਕਬੀਲਦਾਰੀ ਲਈ ਰੱਖੇ ਪੈਸੇ ਉਹ ਵੀ ਉੱਥੇ ਹੀ ਪਏ ਸਨ ਤੇ ਕੋਲੋਂ ਇੱਕਲੀ ਬਹੂ ਦੀਆਂ ਟੂਮਾਂ ਹੀ ਚੁਕੀਆਂ ਗਈਆਂ ਸਨ।ਇਹ ਵੇਖ ਕੇ ਸਾਰੇ ਹੈਰਾਨ ਸਨ ਕਿ ਚੋਰ ਨੇ ਜਦੋਂ ਚੋਰੀ ਕੀਤੀ ਉਸ ਨੂੰ ਇਹ ਕਿਵੇਂ ਪਤਾ ਲੱਗਾ ਕਿ ਇਹਨਾਂ ਵਿੱਚੋਂ ਬਹੂ ਦੀਆਂ ਟੂਮਾਂ ਕਿਹੜੀਆਂ ਨੇ ਇਹ ਮੈਂ ਨਹੀਂ ਹਰ ਕੋਈ ਵੇਖਣ ਵਾਲਾ ਹੀ ਕਹਿ ਰਿਹਾ ਸੀ ਤੇ ਜੋ ਕੋਈ ਵੀ ਮੌਕਾ ਵੇਖ ਕੇ ਸਾਡੇ ਬੂਹੇ ਅੱਗੋਂ ਲੰਘ ਰਿਹਾ ਸੀ ਉਹ ਤਾਂ ਹਰੇਕ ਇਹੀ ਕਹਿੰਦਾ ਜਾ ਰਿਹਾ ਸੀ ਕਿ ਬਹੂ ਨੇ ਚਿੱਚਰ ਖੇਡਿਆ ਏ ਕਿ ਕੁੜੀ ਕਿਤੇ ਜਾਪਾ ਕਰਕੇ ਘਰੇ ਨਾਂ ਆ ਜਾਵੇ। ਮੈਂ ਸਮਾਜ ਨੂੰ ਪੁੱਛਣਾ ਚਾਹੁੰਦੀ ਆਂ ਕਿ ਹੋਰ ਫੇਰ ਧੀਆਂ ਭੈਣਾਂ ਜਾਣਗੀਆਂ ਕਿੱਥੇ ਕੀ ਬਣੂ ਇਸ ਤੋਂ ਅੱਗੇ ਜ਼ਮਾਨੇ ਦਾ। ਵਾਹਿਗੁਰੂ ਜੀ।
Please log in to comment.