#ਅਣਡਿਲੀਵਰਡ_ਕੋਰੀਅਰ। ਉਹ ਸਵੇਰੇ ਸਵੇਰੇ ਲੋਕਾਂ ਦੇ ਕੋਰੀਅਰ ਵੰਡਕੇ, ਅਣਵੰਡੇ ਕੋਰੀਅਰ ਲੈਕੇ ਘਰ ਰੋਟੀ ਖਾਣ ਆਇਆ ਸੀ। ਭਾਵੇਂ ਉਸ ਨੇ ਆਉਣਸਾਰ ਆਪਣੀ ਪਤਨੀ ਨੂੰ ਰੋਟੀ ਪਾਉਣ ਦਾ ਆਖ ਦਿੱਤਾ ਸੀ ਪ੍ਰੰਤੂ ਉਸਦੀ ਤਾਂ ਜਿਵੇਂ ਭੁੱਖ ਹੀ ਮਰੀ ਪਈ ਸੀ। ਇਹਨਾਂ ਦਿਨਾਂ ਵਿੱਚ ਉਸਨੂੰ ਜਿਆਦਾ ਥਕਾਵਟ ਹੁੰਦੀ ਹੈ। ਕਿਉਂਕਿ ਜੁਲਾਈ ਮਹੀਨੇ ਦੇ ਅਖੀਰ ਵਿੱਚ ਅਤੇ ਅਗਸਤ ਦੇ ਪਹਿਲੇ ਹਫਤੇ ਕੰਮ ਜਿਆਦਾ ਹੁੰਦਾ ਹੈ। ਅੱਜ ਕੱਲ੍ਹ ਹਰ ਕੋਈ ਬਾਹਰ ਰਹਿੰਦਾ ਹੈ ਤੇ ਲੋਕ ਰੱਖੜੀਆਂ ਕੋਰੀਅਰ ਰਾਹੀਂ ਹੀ ਭੇਜਦੇ ਹਨ। ਤਕਰੀਬਨ ਹਰ ਰੋਜ ਦੋ ਸੌ ਦੇ ਕਰੀਬ ਡਲੀਵਰੀਆਂ ਹੋ ਜਾਂਦੀਆਂ ਹਨ। ਹਜ਼ਾਰਾਂ ਲੋਕਾਂ ਨੂੰ ਰੱਖੜੀਆਂ ਪਹੁੰਚਾਉਣ ਵਾਲੇ ਦਾ ਗੁੱਟ ਹਰ ਸਾਲ ਸੁੰਨਾ ਹੀ ਰਹਿ ਜਾਂਦਾ ਹੈ। ਕਈ ਵਾਰੀ ਤਾਂ ਉਹ ਰੱਖੜੀਆਂ ਦੇ ਕੋਰੀਅਰ ਵੰਡਦਾ ਹੋਇਆ ਅੱਖਾਂ ਭਰ ਲੈਂਦਾ ਹੈ। ਹੁਣ ਉਸਦੀ ਰੱਖੜੀ ਕਦੇ ਨਹੀਂ ਆਵੇਗੀ। ਅਸਲ ਵਿੱਚ ਬਹੁਤ ਸਾਲ ਪਹਿਲਾਂ ਉਸਨੇ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ ਕਿ ਪਹਿਲੇ ਬੱਚੇ ਨੂੰ ਜਨਮ ਦੇਣ ਸਮੇਂ ਭੈਣ ਚੱਲ ਬਸੀ। ਤਿੰਨ ਕੁ ਦਿਨ ਰੋਂਦਾ ਰੋਂਦਾ ਉਸਦਾ ਨਵ ਜੰਮਿਆਂ ਭਾਣਜਾ ਵੀ ਪੂਰਾ ਹੋ ਗਿਆ। ਹੋਲੀ ਹੋਲੀ ਉਸਦਾ ਭੈਣ ਦੇ ਘਰ ਨਾਲੋਂ ਨਾਤਾ ਟੁੱਟ ਗਿਆ ਤੇ ਉਸਦੇ ਜੀਜੇ ਨੇ ਨਵਾਂ ਵਿਆਹ ਕਰਵਾ ਲਿਆ। ਉਸਨੂੰ ਤਾਂ ਪਤਨੀ ਮਿਲ ਗਈ ਪਰ ਇਸ ਭਰਾ ਨੂੰ ਭੈਣ ਨਾ ਮਿਲੀ। ਕਈ ਸਾਲਾਂ ਬਾਅਦ ਅੱਜ ਵਾਲੀ ਘਟਨਾ ਨੇ ਤਾਂ ਉਸਨੂੰ ਝੰਜੋੜ ਕੇ ਰੱਖ ਦਿੱਤਾ। ਰੱਖੜੀ ਵਾਲਾ ਕੋਰੀਅਰ ਦੇਣ ਲਈ ਜਦੋਂ ਉਸਨੇ 279 ਨੰਬਰ ਫਲੈਟ ਦੀ ਬੈੱਲ ਮਾਰੀ ਤਾਂ ਇੱਕ ਸਨੁੱਖੀ ਜਿਹੀ ਜਨਾਨੀ ਬਾਹਰ ਆਈ। "ਭੈਣ ਜੀ ਕੋਰੀਅਰ।" ਕਹਿਕੇ ਉਸਨੇ ਹਥਲਾ ਲਿਫ਼ਾਫ਼ਾ ਅੱਗੇ ਵਧਾ ਦਿੱਤਾ। ਉਸ ਔਰਤ ਨੇ ਬੇਧਿਆਨੀ ਜਿਹੀ ਨਾਲ ਦਸਖਤ ਕਰਕੇ ਲਿਫ਼ਾਫ਼ਾ ਲੈ ਲਿਆ ਤੇ ਉਸਤੇ ਲਿਖਿਆ ਪੜ੍ਹਨ ਲੱਗੀ। "ਆਹ ਤਾਂ ਤੂੰ ਵਾਪਿਸ ਹੀ ਕਰ ਦੇ। ਅਸੀਂ ਨਹੀਂ ਰੱਖਣੀਆਂ ਇਹ ਰੱਖੜੀਆਂ। ਉਹ ਤਾਂ ਵੇਹਲੀ ਹੈ ਤੀਏ ਦਿਨ ਰੱਖੜੀਆਂ ਭੇਜ ਦਿੰਦੀ ਹੈ ਪੇਹੈ ਲੈਣ ਦੀ ਮਾਰੀ।" ਕਹਿੰਦੀ ਹੋਈ ਉਸ ਜਨਾਨੀ ਨੇ ਲਿਫ਼ਾਫ਼ਾ ਵਗਾਹਕੇ ਬਾਹਰ ਮਾਰਿਆ। "ਭੈਣ ਜੀ ਇਹ ਰੱਖੜੀਆਂ ਹਨ। ਜੋ ਤੁਹਾਡੀ ਨਨਾਣ ਨੇ ਭੇਜੀਆਂ ਹੋਣਗੀਆਂ ਸ਼ਾਇਦ। ਰੱਖ ਲੋ। ਵਿਚਾਰੀ ਪ੍ਰੇਸ਼ਾਨ ਹੋਵੇਗੀ।" ਉਸਨੇ ਲਿਫ਼ਾਫ਼ਾ ਚੁੱਕਕੇ ਉਸ ਔਰਤ ਨੂੰ ਦਿੰਦੇ ਹੋਏ ਨੇ ਮਿਨਤ ਜਿਹੀ ਨਾਲ ਕਿਹਾ। "ਲੈ ਜਾ। ਤੂੰ ਹੀ ਬੰਨ ਲਵੀ। ਜੇ ਤੈਨੂੰ ਭੈਣ ਦਾ ਬਹੁਤਾ ਵੈਰਾਗ ਆਉਂਦਾ ਹੈ ਤਾਂ।" ਇਨ੍ਹਾਂ ਕਹਿੰਦੀ ਹੋਈ ਉਸਨੇ ਕੋਠੀ ਦਾ ਗੇਟ ਪਟੱਕ ਦਿਨੇ ਬੰਦ ਕੀਤਾ ਤੇ ਅੰਦਰ ਚਲੀ ਗਈ। ਕੁਝ ਦੇਰ ਉਹ ਡੋਰ ਭੋਰ ਜਿਹਾ ਹੋਇਆ ਕੋਠੀ ਮੂਹਰੇ ਖੜ੍ਹਾ ਰਿਹਾ ਤੇ ਫਿਰ ਬਾਕੀ ਦੇ ਕੋਰੀਅਰ ਸ਼ਾਮ ਦੀ ਸ਼ਿਫਟ ਵਿੱਚ ਵੰਡਣ ਦਾ ਸੋਚਕੇ ਉਹ ਰੋਟੀ ਖਾਣ ਦੇ ਬਹਾਨੇ ਘਰ ਆ ਗਿਆ। ਇੰਨੇ ਨੂੰ ਘਰਵਾਲੀ ਰੋਟੀ ਪਾ ਲਿਆਈ ਤੇ ਉਸਨੇ ਅਣਮਣੇ ਜਿਹੇ ਮਨ ਤੇ ਕਾਹਲੀ ਨਾਲ ਰੋਟੀ ਨਿਬੇੜ ਦਿੱਤੀ। ਹੱਥ ਧੋਕੇ ਉਸਨੇ ਉਹ ਕੋਰੀਅਰ ਵਾਲਾ ਲਿਫ਼ਾਫ਼ਾ ਖੋਲ੍ਹ ਲਿਆ। ਜਿਸ ਵਿੱਚ ਚਾਰ ਪੰਜ ਸੁੰਦਰ ਸੁੰਦਰ ਰੱਖੜੀਆਂ ਤੋਂ ਇਲਾਵਾ ਰੋਲੀ ਮੋਲੀ ਤੇ ਹੋਰ ਕਾਫੀ ਲਟਰਮ ਪਟਰਮ ਸੀ। ਨਾਲ ਇੱਕ ਖ਼ਤ ਵੀ ਸੀ। ਜਿਸ ਵਿੱਚ ਇੱਕ ਰੋਂਦੀ ਹੋਈ ਭੈਣ ਭਰਾ ਭਰਜਾਈ ਨਾਲ ਵਰਤਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਉਂਦੀ ਸੀ ਤੇ ਉਹ ਆਪਣੇ ਮਰੇ ਹੋਏ ਮਾਂ ਬਾਪ ਤੇ ਆਪਣੀ ਗਰੀਬੀ ਦਾ ਹਵਾਲਾ ਦਿੱਤਾ ਸੀ। ਖ਼ਤ ਪੜ੍ਹਕੇ ਉਸਨੂੰ ਇੰਜ ਲੱਗਿਆ ਜਿਵੇਂ ਉਸ ਦੀ ਮਰੀ ਹੋਈ ਭੈਣ ਜਿੰਦਾ ਹੋ ਗਈ ਹੋਵੇ। ਉਸਨੇ ਰੱਬ ਦਾ ਸ਼ੁਕਰਾਨਾ ਕੀਤਾ ਤੇ ਨਾਲ ਹੀ ਖ਼ਤ ਵਿੱਚ ਦਿੱਤੇ ਹੋਏ ਪਤੇ ਤੇ ਉਸਨੂੰ ਸ਼ਗਨ ਭੇਜਣ ਦਾ ਫੈਸਲਾ ਕੀਤਾ। ਉਸਨੂੰ ਲੱਗਿਆ ਕਿ ਉਸ ਦਾ ਭੇਜਿਆ ਹੋਇਆ ਸ਼ਗਨ ਇੱਕ ਭੈਣ ਭਰਾ ਦੇ ਰਿਸ਼ਤੇ ਨੂੰ ਟੁੱਟਣੋਂ ਬਚਾ ਲਵੇਗਾ। ਹੁਣ ਉਹ ਇਸੇ ਖੁਸ਼ੀ ਦੇ ਨਸ਼ੇ ਵਿੱਚ ਸ਼ਾਮ ਵਾਲੇ ਕੋਰੀਅਰ ਵੰਡਣ ਲਈ ਉੱਡਦਾ ਹੋਇਆ ਜਾ ਰਿਹਾ ਸੀ। #ਰਮੇਸ਼ਸੇਠੀਬਾਦਲ 9976627233
Please log in to comment.