Kalam Kalam

ਬਹਿਸ ਜਾਂ ਸਕ੍ਰਿਪਟ

ਖ਼ਬਰਾਂ ਦੇ ਚੈਨਲ ਤੇ ਬਹੁਤ ਹੀ ਭਖਵੀਂ ਬਹਿਸ ਚੱਲ ਰਹੀ ਸੀ । ਆਪੋ ਆਪਣੀ ਪਾਰਟੀ ਦੇ ਪੱਖ ਵਿਚ ਦਲੀਲਾਂ ਤੇ ਪਿਛੋਕੜ ਵਿਚ ਹੋਏ ਘਟਨਾਕ੍ਰਮ ਨੂੰ ਅਧਾਰ ਬਣਾ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ । ਇਸ ਭਖਵੀਂ ਬਹਿਸ ਨੂੰ ਸੁਣਦਿਆਂ ਭਾਵੁਕ ਹੋ ਪਤਨੀ ਨੇ ਕਿਸੇ ਇੱਕ ਪਾਰਟੀ ਦਾ ਪੱਖ ਲੈਂਦੇ ਹੋਏ ਬਾਹਰੋਂ ਕੰਮ ਕਾਰ ਤੋਂ ਵਾਪਸ ਆਏ ਪਤੀ ਨੂੰ ਦੇਖ ਉਸਦੀ ਪਾਰਟੀ ਦਾ ਪੱਖ ਪੂਰਨਾ ਸ਼ੁਰੂ ਕਰ ਦਿੱਤਾ --------- ਆਹ ਦੇਖੋ ਵਿਚਾਰਾ ਕਿੰਨੇ ਠਰੰਮੇ ਨਾਲ ਗੱਲ ਕਰ ਰਿਹਾ ਹੈ ਅਤੇ ਸਹੀ ਦਲੀਲਾਂ ਵੀ ਦੇ ਰਿਹਾ ਹੈ। ਉਹ ਦੂਜੀ ਪਾਰਟੀ ਵਾਲਾ ਤਾਂ ਊਂ ਈ ਗਲ ਨੂੰ ਪੈ ਰਿਹਾ ਹੈ ਦਲੀਲ ਤਾਂ ਕੋਈ ਆ ਨਹੀਂ ਰਹੀ। ਜਿੰਨੀਆਂ ਗੱਲਾਂ ਕਰ ਰਿਹਾ ਹੈ ਸਾਰੀਆਂ ਬਿਨਾਂ ਸਿਰ ਪੈਰ ਤੋਂ ਕਰ ਰਿਹਾ ਹੈ। ਬੂਟ ਉਤਾਰ ਕੇ ਕੱਪੜੇ ਬਦਲਦੇ ਹੋਏ ਪਤੀ ਨੇ ਪਤਨੀ ਦੀ ਗੱਲ ਸੁਣ ਸਮਝਾਉਣ ਦੇ ਲਹਿਜ਼ੇ ਨਾਲ ਕਿਹਾ ------- ਦੇਖ ਸੀਰਤ ਇਹ ਜਿਹੜੇ ਬਹਿਸ ਕਰ ਰਹੇ ਹਨ ਇਹਨਾਂ ਦਾ ਤੋਰੀ ਫੁਲਕਾ ਇਸੇ ਜ਼ੁਬਾਨ ਦੇ ਸਿਰ ਤੇ ਚੱਲਦਾ ਹੈ। ਇਹ ਇਹਨਾਂ ਦੀ ਵਿਚਾਰਧਾਰਾ ਨਹੀਂ ਹੈ । ਇਹਨਾਂ ਦੀਆਂ ਅੱਖਾਂ ਤੇ ਮੁਲੰਮਾ ਚੜਿਆ ਹੋਇਆ ਹੈ। ਇਹਨਾਂ ਦੇ ਹਿੱਤ ਜਿੰਨਾ ਚਿਰ ਇਸ ਪਾਰਟੀ ਨਾਲ ਜੁੜੇ ਹੋਏ ਹਨ ਉਨ੍ਹਾਂ ਚਿਰ ਇਹ ਇਹਦੇ ਗੁਣਗਾਨ ਕਰਨਗੇ। ਜਦੋਂ ਉਸ ਪਾਰਟੀ ਦੀ ਬਜਾਏ ਦੂਜੀ ਪਾਰਟੀ ਨੇ ਵੱਡਾ ਅਹੁਦਾ ਜਾਂ ਲਾਲਚ ਦੇ ਦਿੱਤਾ ਤਾਂ ਇਹ ਉਹਦੇ ਹੋ ਜਾਣਗੇ । ਇਹੀ ਠਰੰਮੇ ਨਾਲ ਬੋਲਣ ਵਾਲਾ ਦੂਜੀ ਪਾਰਟੀ ਦੇ ਗੁਣਗਾਨ ਕਰਦਾ ਦਿਖਾਈ ਦੇਵੇਗਾ । ਇਹਨਾਂ ਦੀ ਬਹਿਸ ਵਿਚ ਭਾਵੁਕ ਹੋਣ ਦੀ ਲੋੜ ਨਹੀਂ। ਇਹ ਆਮ ਜਨਤਾ ਨੂੰ ਲੜਵਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਸੀਰਤ ਨੇ ਰਸੋਈ ਵਿਚੋਂ ਪਾਣੀ ਦਾ ਗਲਾਸ ਭਰ ਕੇ ਲਿਆਉਂਦੇ ਹੋਏ ਕਿਹਾ -------- ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ । ਕਈ ਵਾਰ ਅਸੀਂ ਇਹਨਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ ਤੇ ਇਹਨਾਂ ਪਿੱਛੇ ਬਹਿਸ ਕਰਦੇ ਕਰਦੇ ਆਪਸ ਵਿਚ ਲੜ ਪੈਂਦੇ ਹਾਂ। ਜਦੋਂ ਕਿ ਇਹਨਾਂ ਦੀ ਬਹਿਸ, ਬਹਿਸ ਨਹੀਂ ਹੁੰਦੀ ਇੱਕ ਸਕ੍ਰਿਪਟ ਹੁੰਦੀ ਹੈ ਤੇ ਇਹ ਕਲਾਕਾਰ ਆਪਣਾ ਰੋਲ ਨਿਭਾ ਰਹੇ ਹੁੰਦੇ ਹਨ। ------- ਬਿਲਕੁਲ ਸਹੀ, ਇਹਨਾਂ ਨਾਲੋਂ ਤਾਂ ਗਿਆਨ ਵਰਧਕ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਮੈਗਜ਼ੀਨ ਦਾ ਪੱਤਰਾ ਪਰਤਦੇ ਹੋਏ ਪਤੀ ਨੇ ਕਿਹਾ। ਗੁਰਵਿੰਦਰ ਸਿੰਘ ਐਡਵੋਕੇਟ

Please log in to comment.

More Stories You May Like