#ਮਾਸੀ_ਦਾ_ਘਰ ਆਹ ਗੋਲ ਜਿਹੇ ਘੇਰੇ ਅਤੇ ਵੱਡੇ ਸਾਰੇ ਗੇਟ ਵਾਲੀ ਕੋਠੀ ਜੋ ਡੱਬਵਾਲੀ ਰੇਲਵੇ ਸਟੇਸ਼ਨ ਦੇ ਸ਼ਾਹਮਣੇ ਸੀ, ਸਾਡੇ ਲਈ ਮੁਕੇਸ਼ ਅੰਬਾਨੀ ਦੇ ਇੰਟੈਲੀਆ ਤੋਂ ਘੱਟ ਨਹੀਂ ਸੀ ਹੁੰਦੀ। ਅਸੀਂ ਹੀ ਨਹੀਂ ਮੇਰੇ ਨਾਨਕੇ ਪਰਿਵਾਰ ਦਾ ਹਰ ਜੀਅ ਇਸ ਕੋਠੀ ਦੇ ਮਾਲਿਕਾਂ ਦਾ ਰਿਸ਼ਤੇਦਾਰ ਹੋਣ ਤੇ ਮਾਣ ਕਰਦਾ ਸੀ। ਕਿਉਂਕਿ ਇਸ ਦੀ ਮਾਲਕਿਨ ਮੇਰੀ ਸਕੀ ਮਾਸੀ ਸੰਤੋ ਸੀ ਜਿਸਨੂੰ ਉਸਦਾ ਸਾਹੁਰਾ ਪਰਿਵਾਰ ਮਾਲਣ ਕਹਿੰਦਾ ਸੀ। ਉਹ ਮੇਰੀ ਮਾਂ ਦੀ ਵੱਡੀ ਭੈਣ। ਮੇਰੇ ਮਾਮਿਆਂ ਦੇ ਮੁੰਡਿਆਂ ਦੀ ਸਕੀ ਭੂਆ। ਮੇਰੇ ਮਾਸੜ ਚੋ ਰਾਮਧਨ ਦਾਸ ਸੇਠੀ ਸ਼ਹਿਰ ਦੀ ਮੰਨੀ ਪ੍ਰਮੰਨੀ ਸਖਸ਼ੀਅਤ ਸਨ। ਉਹਨਾਂ ਨੇ ਆਪਣੀ ਜਿੰਦਗੀ ਇੱਕ ਤੋਲੇ (ਆੜਤ ਦੀ ਦੁਕਾਨ ਤੇ ਕੰਡੇ ਨਾਲ ਜਿੰਮੀਦਾਰਾਂ ਦੀ ਫਸਲ ਤੋਲਣ ਵਾਲਾ ਕਰਿੰਦਾ) ਤੋਂ ਸ਼ੁਰੂ ਕੀਤੀ ਸੀ। ਫਿਰ ਆਪਣੀ ਕੱਚੀ ਤੇ ਪੱਕੀ ਆੜਤ ਸ਼ੁਰੂ ਕੀਤੀ। ਵੜਿੰਗ ਖੇੜੇ ਵਾਲੇ ਸਰਦਾਰ ਉਸ ਕੋਲ੍ਹ ਆੜਤ ਆਉਣ ਲੱਗੇ। ਬਾਕੀ ਇਹ ਸਾਡੀ ਮਾਸੀ ਦਾ ਹੀ ਪ੍ਰਤਾਪ ਸੀ ਕਿ ਸਾਡਾ ਮਾਸੜ ਜਿਸ ਚੀਜ਼ ਨੂੰ ਹੱਥ ਲਾਉਂਦਾ ਉਹ ਸੋਨਾ ਹੋ ਜਾਂਦੀ। ਹੋਲੀ ਹੋਲੀ ਮਾਸੜ ਦੋ ਸਿਨੇਮਿਆਂ ਦਾ ਮਾਲਿਕ ਬਣ ਗਿਆ। ਆਪਣਾ ਰੂੰ ਦਾ ਕਾਰਖਾਨਾ, ਪੈਟਰੋਲ ਪੰਪ ਲਗਾ ਲਿਆ। ਵੱਡੀ ਬੈੰਕ ਬਿਲਡਿੰਗ ਅਤੇ ਹੋਰ ਦਰਜਨਾਂ ਦੁਕਾਨਾਂ ਦਾ ਮਾਲਿਕ। ਡੱਬਵਾਲੀ ਸਿਰਸਾ ਤੋਂ ਇਲਾਵਾ ਕਾਨਪੁਰ ਅਤੇ ਕਈ ਹੋਰ ਸ਼ਹਿਰਾਂ ਵਿੱਚ ਆਪਣੀਆਂ ਬ੍ਰਾਂਚਾਂ ਖੋਲ੍ਹ ਲਈਆਂ। ਸਿਆਸੀ ਆਗੂਆਂ ਦੀ ਡੋਰ ਵੀ ਮੇਰੇ ਮਾਸੜ ਦੇ ਹਿਲਾਏ ਤੋਂ ਹਿਲਦੀ। ਮੰਤਰੀ ਸੰਤਰੀ ਅਤੇ ਸੂਬੇ ਦੀ ਅਫਸਰਸ਼ਾਹੀ ਮਾਸੜ ਜੀ ਦੀ ਹਾਜ਼ਰੀ ਭਰਦੀ। ਜਦੋਂ ਸਾਡੇ ਘਰ ਬਿਜਲੀ ਵੀ ਨਹੀਂ ਸੀ ਤਾਂ ਮਾਸੀ ਘਰੇ ਏਸੀ ਚਲਦੇ ਸਨ। ਮੇਰੀ ਮਾਂ ਘਰੇ ਗੋਹੇ ਦਾ ਪੋਚਾ ਫੇਰਦੀ ਸੀ ਤੇ ਮਾਸੀ ਦੇ ਘਰੇ ਕੰਮਵਾਲੀ ਚਿਪਸ ਦੇ ਫਰਸ਼ ਤੇ ਫਰਨੈਲ ਦੇ ਪੋਚੇ ਲਾਉਂਦੀ। ਜਦੋਂ ਨੂੰ ਅਸੀਂ ਸਾਈਕਲ ਤੋਂ ਮੋਟਰ ਸਾਈਕਲ ਤੇ ਪਾਹੁੰਚੇ ਮਾਸੀ ਦੇ ਜੁਆਕ ਸਕੂਟਰਾਂ ਤੋਂ ਕਾਰਾਂ ਵਾਲੇ ਹੋ ਗਏ। ਸਾਨੂੰ ਮਾਸੀ ਦੇ ਪਰਿਵਾਰ ਦਾ ਹਰ ਸਾਲ ਪਹਾੜਾਂ ਤੇ ਘੁੰਮਣ ਜਾਣਾ ਅਜੀਬ ਲੱਗਦਾ ਸੀ ਕਿਉਂਕਿ ਅਸੀਂ ਸਾਲ ਚ ਇੱਕ ਵਾਰੀ ਨਾਨਕੇ ਜਾਕੇ ਹੀ ਖੁਸ਼ ਹੋ ਜਾਂਦੇ ਸੀ। ਮਾਸੀ ਦੀ ਇਹ ਕੋਠੀ ਮੇਰੀ ਸੁਰਤ ਤੋਂ ਪਹਿਲਾਂ ਦੀ ਬਣੀ ਹੈ ਯਾਨੀ 1966_67 ਤੋਂ ਵੀ ਪਹਿਲਾਂ ਦੀ। ਅੱਜ ਵੀ ਕੋਠੀ ਦੇ ਫਰਸ਼ ਲਿਸ਼ਕਦੇ ਪਏ ਹਨ। ਓਦੋਂ 165 ਲੀਟਰ ਦਾ ਫਰਿਜ਼ ਮਾਸੀ ਦੀ ਅਮੀਰੀ ਬਿਆਨ ਕਰਦਾ ਸੀ। ਮਾਸੀ ਘਰੇ ਜਾਣਾ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੁੰਦੀ ਸੀ। ਬੱਸ ਅਸੀਂ ਮਾਸੀ ਤੇ ਪਰਾਊਡ ਫੀਲ ਕਰਦੇ ਸੀ। 1994 ਵਿੱਚ ਦਿਮਾਗ ਦੀ ਨਾੜੀ ਫਟਣ ਨਾਲ ਮਾਸੀ ਸਾਨੂੰ ਸਦਾ ਲਈ ਅਲਵਿਦਾ ਆਖ ਗਈ। ਉਹ ਸਭ ਕੁਝ ਆਪਣੇ ਨਾਲ ਹੀ ਲੈ ਗਈ। ਬੱਸ ਮਾਸੀ ਦੇ ਜਾਣ ਨਾਲ ਹੀ ਮਾਸੀ ਦੀ ਵਿਸ਼ਾਲ ਰਿਆਸਤ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਲੱਛਮੀ ਮਾਤਾ ਨੇ ਵਾਪਿਸ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ। ਉਸ ਪਰਿਵਾਰ ਤੇ ਕਾਂਗਰਸ ਵਾਲੇ ਦਿਨ ਆ ਗਏ। ਬੱਸ ਮਾਸੀ ਦੀ ਨਿਸ਼ਾਨੀ ਇਹ ਆਨੰਦ ਭਵਨ ਹੀ ਬਚਿਆ ਸੀ। ਕਹਿੰਦੇ ਹੁਣ ਇਸਦੇ ਸ਼ੇਅਰ ਵੀ ਕਿਸੇ ਹੋਰ ਨੇ ਖਰੀਦ ਲਏ। ਹੁਣ ਸ਼ਾਇਦ ਮਾਸੀ ਦੇ ਕਿਲ੍ਹੇ ਵਾਲ਼ੀ ਜਗ੍ਹਾ ਤੇ ਕੋਈ ਨਵੀਂ ਮਾਰਕੀਟ ਬਣੇਗੀ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233
Please log in to comment.