ਮੇਰਾ ਘੁਮਿਆਰਾ ਭਾਗ 12 ਭਾਵੇਂ ਮਾਲਵੇ ਦਾ ਇਹ ਪਿੰਡ ਘੁਮਿਆਰਾ ਬਹੁਤਾਂ ਅਣਪੜ੍ਹ ਹੀ ਗਿਣਿਆ ਜਾਂਦਾ ਸੀ। ਲੋਕ ਅਗਾਂਹਵਧੂ ਨਹੀਂ ਸਨ। ਪ੍ਰੰਤੂ ਬਹੁਤ ਭੋਲੇ ਹੀ ਸਨ। ਪਿੰਡ ਦੇ ਲੋਕ ਧਾਰਮਿਕ ਸਨ। ਬਾਬੇ ਨਾਨਕ ਦੇ ਨਾਮ ਲੇਵਾ ਹੋਣ ਦੇ ਬਾਵਜੂਦ ਵੀ ਬਹੁਤ ਲੋਕ ਅਜਿਹੇ ਸਨ ਜਿਹੜੇ ਬੀੜੀਆਂ ਪੀਂਦੇ ਸਨ। ਸਿਰ ਤੇ ਪਗੜੀ ਬੰਨ੍ਹਦੇ ਅਤੇ ਆਪਣੀ ਅਣਕੁਤਰੀ ਜਾਂ ਕੁਤਰੀ ਹੋਈ ਦਾਹੜੀ ਦੇ ਬਾਵਜੂਦ ਹੀ ਬੀੜੀ ਪੀਂਦੇ। ਪਿੰਡਾਂ ਦੀਆਂ ਹੱਟੀਆਂ ਤੇ ਬਾਹਲੀ ਬਿਕਰੀ ਬੀੜੀ ਦੇ ਬੰਡਲਾਂ ਦੀ ਹੀ ਹੁੰਦੀ। ਰਾਤ ਬਰਾਤੇ ਬੀੜੀ ਦੇ ਬੰਡਲ ਦਾ ਹੀ ਗ੍ਰਾਹਕ ਆਉਂਦਾ। ਇਸੇ ਕਰਕੇ ਮੇਰੇ ਦਾਦਾ ਜੀ ਆਪਣੀ ਹੱਟੀ ਦੇਰ ਰਾਤ ਤੱਕ ਖੋਲ੍ਹਦੇ। ਉਹ ਜਾਣਦੇ ਸਨ ਕਿ ਗ੍ਰਾਹਕ ਨੂੰ ਰਾਤ ਨੂੰ ਦੁੱਧ, ਗੁੜ, ਸਿਰ ਦੁੱਖਦੇ ਦੀ ਗੋਲੀ ਬਿਨਾਂ ਸਾਰ ਸਕਦੇ ਹਨ ਪ੍ਰੰਤੂ ਬੀੜੀ ਪੀਣ ਵਾਲਾ ਬੀੜੀ ਬਿਨਾਂ ਰਾਤ ਨਹੀਂ ਲੰਘਾ ਸਕਦਾ। ਕੁਝ ਬੰਦਿਆਂ ਦੀਆਂ ਬੀੜੀਆਂ ਪੀਣ ਨਾਲ ਦਾਹੜੀਆਂ ਵੀ ਕਾਲੀਆਂ ਹੋ ਜਾਂਦੀਆਂ ਸਨ। ਸ਼ਾਫ ਨਜ਼ਰ ਆਉਂਦਾ ਕਿ ਇਹ ਬੀੜੀ ਦੇ ਧੂੰਏ ਦਾ ਕਮਾਲ ਹੈ। ਮੇਰੇ ਦਾਦਾ ਜੀ ਬੀੜੀ ਨਹੀਂ ਸੀ ਪੀਂਦੇ। ਪ੍ਰੰਤੂ ਕਈ ਜਣੇ ਹੱਟੀ ਵਿੱਚ ਹੀ ਬੀੜੀ ਦਾ ਸੂਟਾ ਲਾਉਣਾ ਸ਼ੁਰੂ ਕਰ ਦਿੰਦੇ। "ਬਾਹਰ ਜਾਕੇ ਮਰ ਲ਼ੈ।" ਦਾਦਾ ਜੀ ਵੱਡੇ ਛੋਟੇ ਦੀ ਪਰਵਾਹ ਕੀਤੇ ਬਿਨਾਂ ਹੀ ਝਿੜਕ ਦਿੰਦੇ। ਦਿਹਾੜੀ ਤੇ ਆਏ ਮਜ਼ਦੂਰਾਂ ਮਿਸਤਰੀਆਂ ਦਿਹਾੜੀਆਂ ਲਈ ਬੀੜੀ ਪੀਣਾ ਹੀ ਅਰਾਮ ਕਰਨ ਦਾ ਬਹਾਨਾ ਹੁੰਦਾ ਸੀ। ਘੁਮਿਆਰੇ ਦੇ ਇੱਕ ਦੋ ਆਦਮੀ ਚਿਲਮ ਵੀ ਪੀਂਦੇ ਸਨ। ਕਦੇ ਕਿਸੇ ਨੂੰ ਨਸ਼ਾ ਕਰਕੇ ਬੇਸੁਰਤ ਡਿੱਗਿਆ ਪਿਆ ਨਹੀਂ ਵੇਖਿਆ ਸੀ। ਹਾਂ ਪੀਤੀ ਹੋਈ ਸ਼ਰਾਬ ਨੂੰ ਖ਼ਰੀ ਕਰਨ ਲਈ ਕਈ ਲੜ੍ਹਾਈ ਝਗੜੇ ਕਰਦੇ ਘਰੇ ਵੀ ਡਾਂਗ ਸੋਟੀ ਖੜਕਾਉਂਦੇ ਤੇ ਕਈ ਜਿਹੜੇ ਬਾਹਰੋਂ ਡਰਦੇ ਸਨ ਉਹ ਆਪਣੀ ਜਨਾਨੀ ਤੇ ਹੱਥ ਹੋਲਾ ਕਰਦੇ। ਪਿੰਡ ਵਾਲੇ ਡੇਰੇ ਚੋ ਇੱਕ ਸਾਧ ਗਜਾ ਕਰਨ ਆਉਂਦਾ ਸੀ। ਸ਼ਾਮ ਨੂੰ ਬਲਬੀਰ ਭਾਈ ਜੀ ਦਾ ਭਰਾ ਜੋ ਮੇਰੇ ਤੋਂ ਇੱਕ ਦੋ ਸਾਲ ਪਿੱਛੇ ਸੀ ਉਹ ਵੀ ਗਜਾ ਕਰਨ ਆਉਂਦਾ। ਉਹ ਪੋਣੇ ਵਿੱਚ ਪ੍ਰਸ਼ਾਦੇ ਰੱਖਦਾ ਅਤੇ ਇੱਕ ਡੋਲੂ ਵਿੱਚ ਦਾਲ ਸਬਜ਼ੀ ਜੋ ਵੀ ਮਿਲਦਾ ਪੁਵਾ ਲੈਂਦਾ। ਇਸ ਤਰ੍ਹਾਂ ਉਹ ਅਜੀਬ ਜਿਹੀ ਮਿਕਸ ਵੈਜੀਟੇਬਲ ਬਣ ਜਾਂਦੀ। ਉਸ ਰਲਵੀਂ ਮਿਲਵੀ ਸਬਜ਼ੀ ਦੇ ਸੁਆਦ ਦੀ ਕਲਪਨਾ ਕਰਕੇ ਮਨ ਲਚਾਉਂਦਾ। ਉਹ ਸਾਡੇ ਘਰ ਗਜਾ ਲਈ ਨਹੀਂ ਆਉਂਦਾ ਸੀ।ਕਿਉਂਕਿ ਸਾਡੇ ਸਵੇਰੇ ਵੀ ਰੋਟੀ ਲੇਟ ਬਣਦੀ ਸੀ ਤੇ ਸ਼ਾਮੀ ਵੀ। ਇੱਕ ਦਿਨ ਘਰੇ ਜਲਦੀ ਰੋਟੀ ਬਣਵਾਕੇ ਮੈਂ ਉਸ ਨੂੰ ਗਜਾ ਲਈ ਆਪਣੇ ਘਰ ਬੁਲਵਾਇਆ। ਆਪਣੇ ਘਰੇ ਬਣੀ ਸਬਜ਼ੀ ਉਸਨੂੰ ਦੇਕੇ ਉਹ ਮਿਕਸ ਜਿਹੀ ਦਾਲ ਸਬਜ਼ੀ ਆਪਣੇ ਖਾਣ ਲਈ ਲ਼ੈ ਲਈ ਜੋ ਬਹੁਤ ਹੀ ਸੁਆਦ ਸੀ। ਪਿੰਡ ਦਾ ਚੌਕੀਦਾਰ ਵੀ ਤਕਰੀਬਨ ਸਾਰੇ ਘਰਾਂ ਚੋ ਰੋਜ਼ ਆਟਾ ਲੈਣ ਆਉਂਦਾ। ਚੌਕੀਦਾਰ ਪਟਵਾਰੀ ਪੁਲਸ ਦੇ ਆਉਣ ਦੀ ਸੂਚਨਾ ਪਿੰਡ ਨੂੰ ਦਿੰਦਾ। ਲੰਬੜਦਾਰ ਕੋਲ੍ਹ ਮਾਮਲਾ ਜਮਾਂ ਕਰਾਉਣ ਨੂੰ ਕਹਿਂਦਾ। ਉਹ ਖਾਲੀ ਪੀਪੇ ਨੂੰ ਖੜਕਾਕੇ ਮੁਸ਼ਤਰੀ ਮੁਨਾਦੀ ਕਰਦਾ। ਜਦੋਂ ਪਟਵਾਰੀ ਨੇ ਗਿਰਦਾਵਰੀ ਕਰਨੀ ਹੁੰਦੀ ਤਾਂ ਚੌਕੀਦਾਰ ਉਸਦੇ ਨਾਲ ਜਾਂਦਾ। ਉਹ ਜੰਮਣ ਮਰਨ ਦਾ ਰਿਕਾਰਡ ਰੱਖਦਾ ਅਤੇ ਨਿਸਚਿੰਤ ਸਮੇੰ ਬਾਅਦ ਥਾਣੇ ਜਮਾਂ ਕਰਵਾਉਂਦਾ। ਕਿਸੇ ਦੀ ਜਨਮ ਤਰੀਕ ਦਾ ਪਤਾ ਕਰਨ ਲਈ ਚੋਕੀਦਾਰਾ ਰਜਿਸਟਰ ਫਰੋਲਿਆ ਜਾਂਦਾ। ਅਣਪੜ੍ਹ ਚੌਕੀਦਾਰ ਕੋਲ੍ਹ ਇਹ ਵੱਡੀ ਜਿੰਮੇਵਾਰੀ ਹੁੰਦੀ ਸੀ। ਅਸੀਂ ਆਮ ਭਾਸ਼ਾ ਵਿੱਚ ਕਈ ਸ਼ਬਦ ਵਰਤਦੇ। ਜਿਵੇਂ ਨਿਆਈਂ ਵਾਲਾ ਖੇਤ ਮਤਲਬ ਜਿਹੜਾ ਖੇਤ ਪਿੰਡ ਦੇ ਜਵਾਂ ਨਾਲ ਲੱਗਦਾ ਹੋਵੇ ਤੇ ਫਿਰਨੀ ਦੇ ਉਪਰ। ਪਿੰਡ ਦੀ ਰਿੰਗ ਰੋਡ ਨੂੰ ਫਿਰਨੀ ਕਹਿੰਦੇ ਸਨ ਮਤਲਬ ਪਿੰਡ ਦੇ ਚਾਰੇ ਪਾਸੇ ਘੁੰਮਣ ਵਾਲੀ ਮੁੱਖ ਗਲੀ ਨੂੰ। ਪਿੰਡ ਦੇ ਅੰਦਰਲੇ ਰਕਬੇ ਨੂੰ ਲਾਲ ਡੋਰੀ ਅੰਦਰਲਾ ਰਕਬਾ ਕਿਹਾ ਜਾਂਦਾ ਸੀ। ਇਸ ਰਕਬੇ ਦੇ ਮਾਲ ਵਿਭਾਗ ਵਾਲੇ ਨੰਬਰ ਨਹੀਂ ਸੀ ਹੁੰਦੇ। ਇੱਕ ਗਦਾਂ ਵਾਲੇ ਖੇਤ ਦਾ ਜਿਕਰ ਵੀ ਆਉਂਦਾ। ਦੋ ਪਿੰਡਾਂ ਦੀ ਜਮੀਨ ਦੀ ਹੱਦ ਨੂੰ ਗਦਾਂ ਕਹਿੰਦੇ ਸਨ। ਇਸ ਤਰ੍ਹਾਂ ਗਦਾਂ ਵਾਲੇ ਖੇਤ ਪਿੰਡ ਤੋਂ ਕਾਫੀ ਦੂਰ ਪੈਂਦੇ ਸਨ। ਪਿੰਡ ਦਾ ਕੁਝ ਰਕਬਾ ਬਰਾਨੀ ਵੀ ਸੀ। ਜਿਸ ਤੇ ਛੋਲੇ ਜਵਾਰ ਅਤੇ ਬਾਜਰੇ ਦੀ ਕਾਸ਼ਤ ਕੀਤੀ ਜਾਂਦੀ ਸੀ। ਜੋ ਪੂਰੀ ਮੀਂਹ ਤੇ ਨਿਰਭਰ ਕਰਦੀ ਸੀ। ਬਰਾਨੀ ਖੇਤਾਂ ਚ ਜਾਣ ਲਈ ਜਿਆਦਾਤਰ ਉੱਠ ਗੱਡੀਆਂ ਹੀ ਵਰਤੀਆਂ ਜਾਂਦੀਆਂ ਬਲਦ ਬਹੁਤੇ ਰੇਤੇ ਵਿੱਚ ਚੱਲ ਨਹੀਂ ਸੀ ਸਕਦੇ।
Please log in to comment.