ਮਿੰਨੀ ਕਹਾਣੀ < ਸ਼ਨੀਵਾਰ > ਬੜੀ ਠੰਡੀ ਤੇ ਹਨੇਰੀ ਰਾਤ ਸੀ, ਸਮੇਂ ਅਨੁਸਾਰ ਸ਼ਨੀਵਾਰ ਸ਼ੁਰੂ ਹੋਣ ਕਿਨਾਰੇ ਸੀ। ਸੜਕ ਕਿਨਾਰੇ, ਲੱਗਭਗ ਚੌੰਕ ਦੇ ਲਾਗੇ ਇੱਕ ਝੁੱਗੀ ਵਿੱਚ ਕਾਕੂ ਆਪਣੇ ਪਿਤਾ ਲਾਗੇ ਲੇਟਿਆ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਭੁੱਖ ਨਾ ਮਿਟਣ ਕਰਕੇ ਨੀੰਦ ਨਹੀ ਸੀ ਆ ਰਹੀ। ਅੱਜ ਕਾਕੂ ਦੇ ਪਿਤਾ ਨੂੰ ਨਾ ਕੁਝ ਖਾਣ ਪੀਣ ਲਈ ਮਿਲਿਆ ਸੀ ਨਾ ਹੀ ਕੋਈ ਪੈਸਾ। ਦੋਵੇਂ ਪਿਉ ਪੁੱਤਰ ਨੇ ਥੋੜ੍ਹਾ ਬਹੁਤ ਸਵੇਰ ਦਾ ਹੀ ਖਾਧਾ ਹੋਇਆ ਸੀ। ਕਾਕੂ 15 ਕੁ ਸਾਲ ਦਾ ਬੱਚਾ ਸੀ ਜੋ ਆਪਣੇ ਪਿਤਾ ਰਮੇਸ਼ ਨਾਲ ਰਹਿੰਦਾ ਸੀ, ਉਹ ਮਾ ਤੋੰ ਮਰਹੂਮ ਸੀ। ਸੌਣ ਦੀ ਕੋਸ਼ਿਸ਼ ਕਰਦਿਆਂ ਕਾਕੂ ਨੇ ਚੌੰਕ ਵੱਲੋਂ ਆਉੰਦੀ ਕਿਸੇ ਦੀ ਹੌਲੀ ਆਵਾਜ਼ ਸੁਣੀ। ਕਾਕੂ ਨੇ ਉੱਠ ਕੇ ਝੁੱਗੀ ਦੇ ਵਿੱਚੋਂ ਬਾਹਰ ਝਾਕਿਆ। ਕੋਈ ਦੋ ਜਾਣੇ ਆਪਣੀ ਪਛਾਣ ਛੁਪਾਈ, ਕਾਹਲੀ ਨਾਲ ਚੌੰਕ ਵਿੱਚ ਕੁਝ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਕਾਕੂ ਨੇ ਆਪਣੇ ਪਿਤਾ ਨੂੰ ਹਿਲਾਇਆ। ਰਮੇਸ਼ ਵੀ ਕੱਚੀ ਨੀੰਦ ਚ ਸੀ, ਜਲਦੀ ਉੱਠ ਗਿਆ ਤੇ ਬਾਹਰ ਚੌੰਕ ਵੱਲ ਝਾਤੀ ਮਾਰੀ। ਰਮੇਸ਼, ਕਾਕੂ ਵਿਚਾਰੇ ਨੂੰ ਕੀ ਦੱਸੇ ਕੀ ਉਹ ਅਣਪਛਾਤੇ ਆਪਣੀ ਬਿਪਤਾ ਲਾਹ ਕੇ ਦੂਸਰੇ ਦੇ ਗਲ ਪਾਉਣ (ਟੂਣਾ ਕਰਨ) ਦੀ ਕੋਸ਼ਿਸ਼ ਕਰ ਰਹੇ ਹਨ। ਰਮੇਸ਼ ਨੇ ਕਾਕੂ ਨੂੰ ਸ਼ਾਤ ਰਹਿਣ ਲਈ ਕਿਹਾ। ਕੁਝ ਸਮੇਂ ਬਾਅਦ ਚੌੰਕ ਵਿੱਚ ਆਏ ਦੋਵੇ ਅਣਪਛਾਤੇ ਚੌੰਕ ਵਿੱਚ ਕੁਝ ਰੱਖ ਕੇ ਚਲਦੇ ਬਣੇ। ਰਮੇਸ਼ ਦੇ ਦਿਮਾਗ ਵਿੱਚ ਕੁਝ ਸੋਚ ਆਈ। ਰਮੇਸ਼ ਤੇ ਕਾਕੂ ਠੰਢ ਨਾਲ ਠੁਠਰਦਿਆਂ ਆਪਣੇ ਆਪ ਨੂੰ ਲਪੇਟੀ ਚੌੰਕ ਵਿੱਚ ਪਹੁੰਚੇ। ਉਨਾਂ ਦੋਵਾਂ ਵੇਖਿਆ ਚੌੰਕ ਵਿੱਚ ਇੱਕ ਨਵਾ ਝਾੜੂ ਖਲਾਰਿਆ ਹੋਇਆ ਸੀ ਤੇ ਲਿਫਾਫੇ ਵਿੱਚ ਕੁਝ ਖਾਣ ਵਾਲੀ ਚੀਜ਼ ਪਈ ਸੀ। ਰਮੇਸ਼ ਨੇ ਝਾੜੂ ਦੀਆਂ ਤੀਲਾ ਇੱਕਠੀਆਂ ਕੀਤੀਆਂ ਤੇ ਲਿਫਾਫਾ ਚੁੱਕ ਲਿਆ। ਰਮੇਸ਼ ਨੇ ਕੁਝ ਸੋਚਿਆ ਤੇ ਕਾਕੂ ਨੂੰ ਲੈ ਕੇ ਅਗਲੇ ਚੌੰਕ ਵੱਲ ਤੁਰ ਪਇਆ। ਅਗਲੇ ਚੌੰਕ ਵਿੱਚ ਖਿਲਰਿਆ ਝਾੜੂ, ਕੁਝ ਖਾਣ ਦਾ ਸਮਾਨ ਤੇ ਨਵਾ ਜਿੰਦਰਾ ਚਾਬੀ ਸਮੇਤ ਮਿਲਿਆ, ਉਨ੍ਹਾਂ ਉਹ ਵੀ ਚੁੱਕ ਲਏ। ਠੰਢ ਵੱਧ ਗਈ ਸੀ, ਦੋਵੇ ਪਿਉ-ਪੁੱਤ ਉਥੋਂ ਮੁੜ ਆਏ। ਘਰ ਆ ਕੇ ਲਿਆਦਾ ਸਮਾਨ ਝਾੜੂ, ਜਿੰਦਰਾ ਆਦਿ ਇੱਕ ਪਾਸੇ ਰੱਖ ਕੇ, ਖਾਣ ਵਾਲੇ ਸਮਾਨ ਦੇ ਲਿਫਾਫੇ ਆਪਣੇ ਲਾਗੇ ਰੱਖ ਲਏ। ਮਨ ਚ ਥੋੜ੍ਹਾ ਡਰ ਵੀ ਸੀ ਪਰ ਭੁੱਖ ਅੱਗੇ ਵਹਿਮ ਹਾਰ ਗਿਆ। ਪਿਉ-ਪੁੱਤਰ ਨੇ ਲਿਫਾਫੇ ਚੋਂ ਖਾਣ ਵਾਲਾ ਸਮਾਨ ਕੱਢਿਆ ਤੇ ਆਪਣੀ ਭੁੱਖ ਮਿਟਾਈ, ਕੁਝ ਬਚਿਆ ਸਵੇਰ ਲਈ ਰੱਖ ਲਿਆ। ਹੁਣ ਠੰਢ ਵੱਧ ਸੀ ਤੇ ਭੁੱਖ ਮਿਟੀ ਹੋਈ, ਤਾਂ ਨੀੰਦ ਆਉਣੀ ਸੁਭਾਵਕ ਸੀ। ਸਵੇਰੇ ਉੱਠ ਦੋਵਾਂ ਪਿਉ-ਪੁੱਤਰ ਨੇ ਰਾਤ ਦਾ ਬਚਿਆ ਖਾਧਾ। ਰਮੇਸ਼ ਨੇ ਦੋਵੇ ਝਾੜੂ ਬੰਨ ਕੇ ਵਧੀਆ ਬਣਾ ਲਏ ਬਿਲਕੁੱਲ ਨਵਿਆਂ ਵਾਂਗ। ਰਮੇਸ਼ ਨੂੰ ਉਸ ਦੁਕਾਨ ਦਾ ਪਤਾ ਸੀ ਜਿਥੇ ਸ਼ਨੀਵਾਰ ਸ਼ਾਮ ਨੂੰ ਕੁਝ ਵਿਆਕਤੀ ਸਾਰੇ ਦਿਨ ਦੌਰਾਨ ਘਰ-ਘਰ ਤੋੰ ਇਕੱਠਾ ਕੀਤਾ ਸਰੋਂ ਦਾ ਤੇਲ ਵੇਚਿਆ ਕਰਦੇ ਸੀ। ਰਮੇਸ਼ ਉਥੇ ਪਹੁੰਚਿਆ ਤੇ ਦੋਵੇ ਝਾੜੂ ਤੇ ਜਿੰਦਰਾਂ ਦੁਕਾਨਦਾਰ ਨੂੰ ਵੇਚ ਦਿੱਤੇ। ਰਮੇਸ਼ ਨੇ ਲਗਭਗ 150 ਰੁਪਏ ਕਮਾ ਲਏ ਸੀ ਤੇ ਅੱਜ ਦੇ ਖਾਣੇ ਦਾ ਪ੍ਰਬੰਧ ਹੋ ਚੁੱਕਾ ਸੀ। ਹੁਣ ਰਮੇਸ਼ ਨੂੰ ਸ਼ਨੀਵਾਰ ਦਾ ਰੁਜ਼ਗਾਰ ਪੱਕਾ ਮਿਲ ਗਿਆ ਸੀ, ਜਿੰਨੀ ਮੇਹਨਤ ਉਨ੍ਹੀ ਕਮਾਈ। ਹੁਣ ਹਰੇਕ ਸ਼ਨੀਵਾਰ ਹੁੰਦਿਆ ਸਾਰ ਰਮੇਸ਼ ਦੀ 5-7 ਚੌਕਾਂ ਦੀ ਫੇਰੀ, ਵੇਚਣ ਲਈ ਸਮਾਨ ਤੇ ਖਾਣ ਵਾਲੇ ਸਮਾਨ ਦਾ ਪ੍ਰਬੰਧ ਹੋਣਾ ਸ਼ੁਰੂ ਹੋ ਗਿਆ। ਇਸ ਨਾਲ ਸ਼ਨੀਵਾਰ ਤਿੰਨ ਜਾਣਿਆਂ ਨੂੰ ਫਾਇਦਾ ਹੋਣ ਲੱਗਾ ਪਹਿਲਾ ਰਮੇਸ਼ ਦਾ ਜਿਸਨੂੰ ਸ਼ਨੀਵਾਰ ਦਾ ਪੱਕਾ ਰੁਜ਼ਗਾਰ ਮਿਲ ਗਿਆ ਸੀ, ਦੂਜਾ ਜਿਸਨੇ ਸਵੇਰੇ ਟੂਣਾ ਕੀਤਾ ਹੁੰਦਾ ਸੀ ਉਸ ਨੂੰ ਦੁਬਾਰਾ ਫੇਰਾ ਮਾਰਨ ਤੇ ਸਮਾਨ ਗਾਇਬ ਮਿਲਦਾ ਤੇ ਤੀਸਰਾ ਉਨਾਂ ਲੋਕਾ ਨੂੰ ਜੋ ਉਨਾਂ ਚੌੰਕਾ ਵਿੱਚੋਂ ਲੰਘਦੇ ਸੀ ਕਿਉਕੀ ਉਨਾਂ ਨੂੰ ਚੌੰਕ ਟੂਣਾ-ਰਹਿਤ ਮਿਲਦਾ ਸੀ। ਕਿਹਾ ਜਾ ਸਕਦਾ ਹੈ, ਕਿਸੇ ਦੀ ਮਾੜੀ ਨੀਅਤ ਨਾਲ ਕੀਤਾ ਕੰਮ, ਕਈ ਚੰਗੀ ਨੀਅਤ ਵਾਲਿਆਂ ਦਾ ਮਾੜਾ ਕਰਨ ਦੀ ਬਜਾਏ ਭਲਾ ਕਰ ਦਿੰਦਾ ਹੈ। # ਜਸਬੀਰ ਥਿੰਦ #
Please log in to comment.