Kalam Kalam

ਪਸ਼ਚਾਤਾਪ

#ਪਸ਼ਚਾਤਾਪ ਇਤਿਹਾਸ ਗਵਾਹ ਹੈ ਮਾਂ ਪਿਓ ਸ਼ੁਰੂ ਤੋਂ ਹੀ ਜੁਆਕਾਂ ਦੀ ਖੁੜਕੈਂਤਰੀ ਕਰਦੇ ਹੀ ਆਏ ਹਨ। ਗਾਲ੍ਹਾਂ ਝਿੜਕਾਂ ਤਾਂ ਸਾਰਾ ਦਿਨ ਬੇਰੋਕ ਚਲਦੀਆਂ ਹੀ ਰਹਿੰਦੀਆਂ ਸਨ । ਮਾਂ ਪਿਓ ਤੋਂ ਇਲਾਵਾ ਚਾਚੇ ਤਾਏ ਦਾਦਾ ਦਾਦੀ ਫੁਫੜ ਮਾਸੜ ਮਾਮੇ ਨੂੰ ਵੀ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਸੀ। ਯੁੱਗ ਬਦਲਦਾ ਗਿਆ ਜੁਆਕ ਕੁੱਟਣ ਵਾਲਾ ਧੰਦਾ ਸਭ ਨੇ ਹੀ ਛੱਡ ਦਿੱਤਾ ਤੇ ਸਰਕਾਰ ਨੇ ਇਹ ਅਧਿਕਾਰ ਮਾਸਟਰਾਂ ਭੈਣਜੀਆਂ ਤੋਂ ਵੀ ਵਾਪਿਸ ਲੈ ਲਿਆ। ਮਾਂ ਪਿਓ ਕਦੇ ਕਦੇ ਉੱਚਾ ਬੋਲਕੇ ਆਪਣਾ ਹੱਕ ਵਿਖਾ ਹੀ ਦਿੰਦੇ ਸਨ। ਫਿਰ ਹੋਲੀ ਹੋਲੀ ਅੱਗੋਂ ਬੋਲਣ ਉੱਚਾ ਬੋਲਣ ਟੋਕਣ ਦੇ ਸਾਰੇ ਅਧਿਕਾਰ ਬੱਚਿਆਂ ਨੇ ਮਾਂ ਪਿਓ ਤੋਂ ਖੋਹ ਲਏ। ਬੱਚੇ ਸ਼ਰੇਆਮ ਮਾਂ ਪਿਓ ਨੂੰ ਉੱਚਾ ਬੋਲਣ ਲੱਗੇ। ਕੁੱਝ ਕ਼ੁ ਤਾਂ ਚੰਗੀ ਬੇਜਿੱਤੀ ਕਰਨ ਵਿਚ ਮਾਹਿਰ ਹੋ ਗਏ। ਇੱਕ ਜੁਆਕ ਹੈ ਸੋਚਕੇ ਮਾਂ ਪਿਓ ਹੋਲੀ ਹੋਲੀ ਬੇਸ਼ਰਮੀ ਵੱਲ ਵਧਣ ਲੱਗ ਪਏ। ਮੇਰੇ ਯਾਦ ਹੈ ਇੱਕ ਦਿਨ ਅਸੀਂ ਪਾਨੀਪਤ ਨੌਕਰੀ ਕਰਦੇ ਛੋਟੇ ਬੇਟੇ ਨਾਲ ਫੋਨ ਤੇ ਗੱਲ ਕਰ ਰਹੇ ਸੀ। ਅਸੀਂ ਘਰ ਵਿੱਚ ਹੋਈ ਛੋਟੀ ਜਿਹੀ ਦੁਰਘਟਨਾ ਬਾਰੇ ਉਸ ਨੂੰ ਨਹੀਂ ਸੀ ਦੱਸਣਾ ਚਾਹੁਂਦੇ। ਅਸੀਂ ਮੇਰੇ ਮਾਤਾ ਜੀ ਨਾਲ ਰਹਿੰਦੇ ਸੀ ਤੇ ਉਹ ਵੀ ਪੋਤੇ ਨਾਲ ਜਰੂਰ ਗੱਲ ਕਰਦੇ ਸਨ। ਪੋਤੇ ਨੂੰ ਵੀ ਆਪਣੀ ਦਾਦੀ ਨਾਲ ਗੱਲ ਕਰਨ ਤੇ ਹਾਲਚਾਲ ਜਾਨਣ ਦੀ ਇੱਛਾ ਰਹਿੰਦੀ ਸੀ। ਅਸੀਂ ਛੋਟੀ ਜਿਹੀ ਗੱਲ ਕਰਕੇ ਫੋਨ ਮੇਰੇ ਮਾਤਾ ਜੀ ਨੂੰ ਫੜਾ ਦਿੱਤਾ। ਰੋਟੀ ਪਾਣੀ ਦਾ ਪੁੱਛ ਕੇ ਮਾਤਾ ਜੀ ਨੇ ਦਿਨ ਵਾਲਾ ਵਾਕਿਆ ਵੀ ਦੱਸ ਦਿੱਤਾ ਜੋ ਕਿ ਅਸੀਂ ਦੱਸਣਾ ਨਹੀਂ ਸੀ ਚਾਹੁਂਦੇ। ਮੈਂ ਮਾਤਾ ਜੀ ਨਾਲ ਬਹੁਤ ਗੁੱਸੇ ਹੋਇਆ। ਉੱਚਾ ਵੀ ਬੋਲਿਆ ਤੇ ਸ਼ਾਇਦ ਗਲਤ ਵੀ। ਕਿਉਂਕਿ ਮੈਨੂੰ ਪਤਾ ਸੀ ਕਿ ਉਹ ਦਿਨ ਵਾਲੀ ਗੱਲ ਸੁਣਕੇ ਉਸੇ ਵੇਲੇ ਹੀ ਕਾਰ ਚੁੱਕਕੇ ਡਬਵਾਲ਼ੀ ਨੂੰ ਚੱਲ ਪਵੇਗਾ। ਆਪਣੀ ਗਲਤੀ ਦਾ ਮਾਤਾ ਜੀ ਨੂੰ ਵੀ ਅਹਿਸਾਸ ਹੋ ਗਿਆ। ਪਰ ਉਸ ਨਾਲੋਂ ਵੱਧ ਮੇਰੇ ਬੋਲੇ ਸ਼ਬਦਾਂ ਦਾ ਦੁੱਖ ਵੀ ਹੋਇਆ। ਮਾਤਾ ਜੀ ਆਪਣੇ ਕਮਰੇ ਵਿੱਚ ਚਲੇ ਗਏ ਤੇ ਮੈਂ ਆਪਣੇ ਕਮਰੇ ਵਿੱਚ ਲੇਟ ਗਿਆ। ਮੈਨੂੰ ਨੀਂਦ ਕਿੱਥੇ ਆਉਣੀ ਸੀ। ਮਨ ਬੇਚੈਨ ਸੀ ਕਿ ਮੈਂ ਮਾਤਾ ਜੀ ਨੂੰ ਇੰਨਾ ਗਰਮ ਬੋਲ ਬੈਠਾ। ਬੋਲੇ ਸ਼ਬਦ ਵਾਪਿਸ ਵੀ ਨਹੀਂ ਸੀ ਆ ਸਕਦੇ। "ਹੁਣ ਕਿੰਨੀ ਕ਼ੁ ਦੇਰ ਪ੍ਰੇਸ਼ਾਨ ਰਹੋਗੇ। ਜਾਕੇ ਮਾਤਾ ਕੋਲੋਂ ਮਾਫ਼ੀ ਮੰਗ ਆਉਂ। ਨਾਲੇ ਉਹ ਸੁੱਖ ਦੀ ਨੀਂਦ ਸੌਂ ਜਾਣਗੇ। ਤੁਸੀਂ ਓਹਨਾ ਦੇ ਬੁਢੇਪੇ ਦੀ ਵੀ ਲਿਹਾਜ਼ ਨਹੀਂ ਕਰਦੇ। ਇੰਨਾ ਵੀ ਕਾਹਦਾ ਗੁੱਸਾ ਆਦਮੀ ਆਪਣੀ ਮਾਂ ਨੂੰ ਹੀ ਗਲਤ ਬੋਲੇ।" ਮੇਰੀ ਸ਼ਰੀਕ ਏ ਹੈਯਾਤ ਨੇ ਲੰਬਾ ਲੈਕਚਰ ਦਿੰਦੀ ਹੋਈ ਨੇ ਬਾਂਹ ਫੜ੍ਹ ਕੇ ਮੈਨੂੰ ਉਠਾ ਦਿੱਤਾ। ਮੈਂ ਬੜਾ ਸ਼ਰਮਸ਼ਾਰ ਹੁੰਦਾ ਹੋਇਆ ਨਾਲ ਲਗਦੇ ਮਾਤਾ ਜੀ ਦੇ ਕਮਰੇ ਵਿੱਚ ਗਿਆ। ਮਾਤਾ ਜੀ ਦੀਆਂ ਅੱਖਾਂ ਵਿੱਚ ਪਾਣੀ ਸੀ ਤੇ ਉਹ ਛੱਤ ਵਾਲੇ ਪੱਖੇ ਵੱਲ ਝਾਕ ਰਹੇ ਸੀ। ਮੈਂ ਵੀ ਰੋ ਪਿਆ। ਆਪਣੀ ਗਲਤੀ ਦਾ ਪਛਤਾਵਾ ਕੀਤਾ। ਪਰ ਮੈਥੋਂ ਕੋਈ ਗੱਲ ਨਾ ਹੋਈ। ਪਰ ਮੇਰੇ ਜਾਣ ਨਾਲ ਮਾਤਾ ਜੀ ਦਾ ਗੁੱਸਾ ਤੇ ਪ੍ਰੇਸ਼ਾਨੀ ਦੂਰ ਹੋ ਗਈ। ਫਿਰ ਮੈਂ ਨਿੱਤ ਵਾਂਗੂ ਓਹਨਾ ਨੂੰ ਪੀਣ ਲਈ ਦੁੱਧ ਦਾ ਗਿਲਾਸ ਦਿੱਤਾ ਤੇ ਉਸਨੇ ਬਿਨਾਂ ਨਾ ਨੁਕਰ ਦੇ ਪੀ ਲਿਆ। ਇਸ ਤੋਂ ਬਾਦ ਉਹ ਨਿਸਚਿੰਤ ਹੋ ਕੇ ਗਹਿਰੀ ਨੀਂਦ ਵਿਚ ਸੋ ਗਏ। ਆਪਣੇ ਕਮਰੇ ਵਿਚ ਆ ਕੇ ਮੈਂ ਵੀ ਸੋ ਗਿਆ। ਮੇਰੇ ਸਿਰ ਤੋਂ ਵੀ ਗਲਤੀ ਵਾਲਾ ਬੋਝ ਉਤਰ ਗਿਆ ਸੀ। ਹਮਸਫਰ ਦੀ ਸਲਾਹ ਨੇ ਸਾਨੂੰ ਮਾਂ ਪੁੱਤਾਂ ਨੂੰ ਦੋਸ਼ ਮੁਕਤ ਕਰ ਦਿੱਤਾ। ਪਰ ਅੱਜ ਕੱਲ੍ਹ ਜੁਆਕ ਉੱਚੀ ਬੋਲਣ ਲੱਗਿਆਂ ਨਹੀਂ ਸੋਚਦੇ। ਗੁੱਸਾ ਓਹਨਾ ਦੇ ਨੱਕ ਉਪਰ ਹੀ ਬੈਠਾ ਹੁੰਦਾ ਹੈ। ਸ਼ਾਇਦ ਇਹ ਛੋਟੇ ਪਰਿਵਾਰਾਂ ਦਾ ਹੀ ਖਮਿਆਜਾ ਹੈ ਜੋ ਅਸੀਂ ਖੁਦ ਭੁਗਤ ਰਹੇ ਹਾਂ। "ਯ ਸਾਡਾ ਔਲਾਦ ਪ੍ਰਤੀ ਅੰਨ੍ਹਾ ਪਿਆਰ ਇਸ ਦਾ ਜਿੰਮੇਦਾਰ ਹੈ। #ਰਮੇਸ਼ਸੇਠੀਬਾਦਲ 9876627233 in

Please log in to comment.

More Stories You May Like