ਚਿੜੀਆਂ ਦੀ ਮੌਤ ,ਗਵਾਰਾ ਦਾ ਹਾਸਾ ਕਿਸਾਨ ਪੂਰੇ ਸੰਸਾਰ ਦਾ ਅੰਨਦਾਤਾ ਹੈ ।ਪਰ ਅੱਜ ਸੋਚਿਆ ਜਾਵੇ ਤਾਂ ਸਭ ਤੋਂ ਜਿਆਦਾ ਤਰਸਯੋਗ ਹਾਲਤ ਕਿਸਾਨ ਦੀ ਹੈ, ਕਿਉਂਕਿ ਉਸ ਨੂੰ ਮਹਿੰਗਾਈ ਦੇ ਨਾਲ ਨਾਲ ਕੁਦਰਤੀ ਆਫਤਾਂ ( ਸੋਕਾ ,ਹੜ੍ਹ)ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ।ਮੈਂਨੂੰ ਇਸ ਦਾ ਅੰਦਾਜ਼ਾ ਪਿਛੇ ਜਿਹੇ ਆਏ ਹੜ੍ਹਾਂ ਦੀ ਸਥਿਤੀ ਦੇਖਣ ਬਾਦ ਹੋਇਆ, ਤਾਂ ਆਪ ਮੁਹਾਰੇ ਇਕ ਤਰਲੇ ਕੱਢਦਾ ਕਿਸਾਨ ਯਾਦ ਆ ਗਿਆ । 1988 ਸਮੇਂ ਆਏ ਹੜ੍ਹਾਂ ਤੋਂ ਬਾਅਦ ਦੀ ਗੱਲ ਹੈ ।ਜਦ ਮੇਰੀ ਆਰਜ਼ੀ ਡਿਊਟੀ ਰੋਪੜ ਦੇ ਇਕ ਸਰਕਾਰੀ ਦਫ਼ਤਰ ਵਿੱਚ ਲੱਗੀ ਸੀ ।ਇਕ ਦਿਨ ਇਕ ਕਿਸਾਨ ਕਿਸੇ ਸਰਕਾਰੀ ਅਫਸਰ ਤੋਂ ਕੰਮ ਕਰਵਾਉਣ ਆਇਆ ਸੀ ।ਉਸ ਦੀ ਗਰੀਬੀ ਤੇ ਲਾਚਾਰੀ ਦਾ ਅੰਦਾਜ਼ਾ ਉਸ ਦੀ ਹਾਲਤ ਦੇਖ ਲਗਾਇਆ ਜਾ ਸਕਦਾ ਸੀ। ਉਹ ਕੋਈ ਦਸ ਕ ਵਜੇ ਆ ਗਿਆ ਸੀ । ਉਸ ਸਮੇਂ ਅਫਸਰ ਨੇ ਕਿਹਾ ,ਮੈਂ ਅਜੇ ਵਿਅਸਤ ਹਾਂ ,ਕੁਝ ਸਮਾਂ ਇੰਤਜਾਰ ਕਰੋ, ਤੁਹਾਨੂੰ ਆਵਾਜ਼ ਦੇ ਬੁਲਾ ਲਿਆ ਜਾਵੇਗਾ ।ਕਿਸਾਨ ਬਾਹਰ ਆ ਇਕ ਬੈਂਚ ਉਪਰ ਬੈਠ ਗਿਆ, ਪਰ ਉਸ ਨੂੰ ਕਿਸੇ ਅਵਾਜ਼ ਨਾ ਮਾਰੀ । ਕਰੀਬ ਡੇਢ ਜਾਂ ਪੌਣੇ ਕ ਦੋ ਵਜੇ ਕਿਸਾਨ ਅੰਦਰ ਜਾਣ ਲੱਗਾ ਤਾਂ ਸਰਕਾਰੀ ਅਫਸਰ ਬੋਲਿਆਂ ,ਕੀ ਗੱਲ ? ਦਿਸਦਾ ਨਹੀਂ ਆ ,ਮੈਂ ਰੋਟੀ ਖਾ ਰਿਹਾ । ਫਿਰ ਅਫਸਰ ਬਹੁਤ ਬੁਰਾ ਭਲਾ ਕਹੀ ਗਿਆ ਤਾਂ ਉਹ ਨਿੰਮੋਝੂਣਾ ਜਿਹਾ ਹੋ ਕੇ ਬਾਹਰ ਆ ਗਿਆ ਤੇ ਫਿਰ ਉਸੇ ਬੈਂਚ ਤੇ ਬੈਠ ਗਿਆ ।ਮੈਨੂੰ ਉਸ ਦੀ ਹਾਲਤ ਦੇਖ ਤਰਸ ਆਇਆਂ ਕਿਦਾਂ ਸਵੇਰ ਦਾ ਭੁੱਖਣ ਭਾਣਾ ਬੈਠਾ ਹੈ। ਮੈਂ ਦੋ ਕੱਪ ਚਾਹ ਮੰਗਵਾਈ ਤੇ ਕਿਸਾਨ ਕੋਲ ਜਾ ਚਾਹ ਫੜਾਉਂਦੇ ਕਿਹਾ ,ਕੀ ਗੱਲ ਹੋ ਗਈ ਬਜ਼ੁਰਗੋ , ਕੰਮ ਨੀ ਬਣਿਆ ਲੱਗਦਾ ,ਮੈਂ ਸਵੇਰ ਤੋਂ ਤੁਹਾਨੂੰ ਇਥੇ ਬੈਠੇ ਦੇਖ ਰਿਹਾ। ਕੰਮ ਦੱਸੋ ਮੇਰੇ ਕਰਨ ਵਾਲਾ ਹੋਇਆ ਤਾਂ ਮੈਂ ਕਰਵਾ ਦਿੰਦਾ ਹਾਂ ,ਨਹੀਂ ਇੰਨਾ ਦੀ ਥੋੜੀ ਜੇਬ ਗਰਮ ਕਰੋ, ਇਹ ਕੰਮ ਮਿੰਟਾਂ ਵਿਚ ਕਰ ਦੇਣਗੇ ।ਜੇਬ ਗਰਮ ਵਾਲੀ ਗੱਲ ਸੁਣ ਕਿਸਾਨ ਬੋਲਿਆਂ ,ਪੁੱਤ ਜੇਬ ਗਰਮ ਕਰਨ ਵਾਲੀ ਹਾਲਾਤ ਹੁੰਦੀ ਤਾਂ ਕਰ ਵੀ ਦਿੰਦਾ ।ਮੈਂ ਤਾਂ ਆਪ ਹੜ੍ਹ ਵਿਚ ਖਰਾਬ ਹੋਈ ਫਸਲ ਦਾ ਮੁਆਵਜਾ ਲੈਣ ਆਇਆ । ਸਾਨੂੰ ਤੇ ਰੱਬ ਨੇ ਕੱਖੋ ਹੌਲੇ ਕਰ ਦਿੱਤਾ ਇਹ ਮੁਸੀਬਤ ਪਾ ਕੇ ।ਸਭ ਨੂੰ ਅਨਾਜ ਦੇਣ ਵਾਲਿਆਂ ਘਰ ਵੀ ਭੜੋਲੇ ਖਾਲੀ ਪਏ ਆ ।ਸਭ ਕੁਝ ਰੁੜ੍ਹ ਗਿਆ । ਜਦ ਨੂੰ ਮਿਹਨਤ ਮੁਸ਼ਕਤ ਕਰ ਥੋੜ੍ਹਾ ਸੁਖਾਲੇ ਹੋਈ ਦਾ, ਉਦੋਂ ਨੂੰ ਫਿਰ ਹੜ੍ਹ ਆ ਜਾਂਦੇ ਆ। ਅਸੀਂ ਫਿਰ ਪਹਿਲਾਂ ਵਾਲੀ ਜਗ੍ਹਾ ਹੀ ਪਹੁੰਚ ਜਾਦੇ ਹਾਂ। ਜੇ ਸ਼ਾਹੂਕਾਰ ਕੋਲੋ ਪੈਸੇ ਮੰਗੀਏ ਤਾਂ ਹਾਲਾਤਾਂ ਦਾ ਫਾਇਦਾ ਲੈ ਉਹ ਜ਼ਮੀਨ ਲਿਖਵਾਉਂਦਾ ਹੈ ।ਪੁੱਤ ਚੰਦ ਪੈਸਿਆਂ ਬਦਲੇ ਕਿਦਾਂ ਵੇਚ ਦਾ ਜ਼ਮੀਨ , ਇਹ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ ਹੁਣ ਮਾਂ ਨੂੰ ਕਿਵੇਂ ਵੇਚ ਦਾ । ਕਿਸਾਨ ਦਾ ਗੱਲ ਕਰਦੇ ਗੱਚ ਭਰ ਆਇਆ ।ਰੁਕ ਕੇ ਬੋਲਦਾ , ਕੁੜੀ ਦਾ ਵਿਆਹ ਕੀਤਾ ਤਾਂ ਉਹਨਾਂ ਦਾਜ ਦੀ ਲਿਸਟ ਫੜਾ ਦਿੱਤੀ। ਉਹ ਦੇ ਕੇ ਅਜੇ ਸੌਖੇ ਨੀ ਹੋਏ ਸੀ ਕਿ ਇਹ ਮੁਸੀਬਤ ਆ ਪਈ। ਕਣਕ ਹੋਈ ਨੀ ਆਮਦਨ ਕਿਸੇ ਪਾਸੇ ਤੋਂ ਕੋਈ ਨੀ ।ਹੁਣ ਸੁਣਿਆ ਸੀ ਮੁਆਵਜਾ ਆ ਗਿਆ ਏ , ਕੁਝ ਮਦਦ ਹੋਜੂ ,ਪਰ ਇਹ ਤਾਂ ਸਿੱਧੇ ਮੂੰਹ ਗੱਲ ਵੀ ਨੀ ਕਰਦੇ ।ਇਨ੍ਹਾਂ ਨੂੰ ਕੀ ਪਤਾ ਜੱਟਾਂ ਦੀਆਂ ਮਜਬੂਰੀਆ ਦਾ ।ਸਾਰੇ ਖਰਚੇ ਸਿਰ ਆ ਅਜੇ (ਰੇਹਾ , ਸਪਰੇਆ, ਸੁਸਾਇਟੀ ਦੀ ਰਕਮ, ਬੈਂਕ ਦੀਆਂ ਕਿਸ਼ਤਾਂ , ਬੱਚੇ ਦੀਆਂ ਫੀਸਾਂ ਆਦਿ) ਜੋ ਲੈਣ ਵਾਲੇ ਤੋੜ ਤੋੜ ਖਾਦੇ ।ਕੋਈ ਚਾਰ ਕ ਵਜੇ ਕਿਸਾਨ ਨੂੰ ਅਵਾਜ ਵੱਜੀ। ਜਦ ਅੰਦਰ ਗਿਆ ਤਾਂ ਸਰਕਾਰੀ ਅਫਸਰ ਨੇ ਕਾਗਜ਼ ਦੇਖੇ ਤੇ ਕਿਸਾਨ ਨੂੰ ਕੰਮ ਕਰਨ ਦੇ ਦੋ ਹਜਾਰ ਜਮ੍ਹਾਂ ਕਰਾਉਣ ਨੂੰ ਕਿਹਾ, ਤਾਂ ਕਿਸਾਨ ਗੁੱਸੇ ਵਿਚ ਬੋਲਦਾ ਕਿ ਤੁਹਾਡੇ ਲਈ ਤਾਂ "ਚਿੜੀਆਂ ਦੀ ਮੌਤ ,ਗਵਾਰਾਂ ਦਾ ਹਾਸਾ "ਹੈ ।ਪਹਿਲਾਂ ਸਰਕਾਰ ਸਾਡੀ ਮਜਬੂਰੀ ਦਾ ਫਾਇਦਾ ਲੈ ਸਾਡਾ ਮਜਾਕ ਬਣਾਉਦੀ ਹੈ, ਤੇ ਉਸ ਵਿਚੋ ਵੀ ਥੋੜ੍ਹਾ ਥੋੜ੍ਹਾ ਕਰ ਤੁਸੀਂ ਆਪਣਾ ਹਿੱਸਾ ਮੰਗਦੇ ਹੋ ।ਸਾਡੇ ਪੱਲੇ ਤਾਂ ਜੁੱਤੀਆਂ ਦੀ ਘਸਾਈ ਵੀ ਨਹੀਂ ਪੈਂਦੀ ।ਤੁਹਾਨੂੰ ਤੇ ਮੀਹ ਜਾਵੇ ਜਾਂ ਹਨੇਰੀ ਜਾਵੇ ,ਤਨਖਾਹ ਮਿਲ ਹੀ ਜਾਣੀ ਆ। ਤੁਹਾਡੀ ਨੀਤ ਫਿਰ ਵੀ ਨਹੀਂ ਭਰਦੀ, ਤੇ ਜੋ ਤੁਸੀਂ ਸਾਡੀ ਸਾਰੀ ਫਸਲ ਬਰਬਾਦ ਹੋਣ ਮਗਰੋਂ ਵੀ ਸਾਡੇ ਤੋਂ ਮੰਗਦੇ ਹੋ ।ਇਨ੍ਹਾਂ ਕਹਿੰਦੇ ਕਿਸਾਨ ਚਲਾ ਗਿਆ ਸੀ ਤੇ ਮੈਂ ਵੀ ਛੋਟੀ ਜਿਹੀ ਗੱਲ ਸਮਝ ਭੁੱਲ ਗਿਆ ਸੀ । ਪਰ ਇਹ 2019 ਵਿੱਚ ਆਏ ਹੜ੍ਹ ਦੇ ਹਲਾਤਾਂ ਨੇ ਮੈਨੂੰ ਉਸ ਕਿਸਾਨ ਦੀ ਯਾਦ ਦਵਾ ਦਿੱਤੀ ।ਹੁਣ ਮੈਨੂੰ ਉਸਦੇ ਤਰਲੇ ਭਰੀ ਆਵਾਜ ਵਿਚ ਬਿਆਨ ਕੀਤੀ ਮਜਬੂਰੀ ਤੇ ਦਰਦ ਦਾ ਅਹਿਸਾਸ ਹੋ ਗਿਆ ਸੀ । ਸੱਚੀ ਬਹੁਤ ਜਿਗਰਾ ਦਿੱਤਾ ਹੈ ਰੱਬ ਨੇ ਇਨ੍ਹਾਂ ਕਿਸਾਨਾਂ ਨੂੰ ।
Please log in to comment.