Kalam Kalam

ਠਿਕਾਣੇ ਬਦਲਦੇ ਰਹੇ

ਬੰਦਾ ਸਾਰੀ ਉਮਰ ਜ਼ਮੀਨ ਜਾਇਦਾਦ ਬਣਾਉਣ ਵਿੱਚ ਲਗਾ ਦਿੰਦਾ, ਪਰ ਅੱਗੇ ਉਸ ਦਾ ਅਸਲ ਟਿਕਾਣਾ ਕੀ ਹੋਣਾ , ਉਹ ਨਹੀਂ ਜਾਣਦਾ । ਮੈਂ ਇੱਕ ਥਾਂ ਤੋਂ ਦੂਜੀ ਥਾਂ ਸਮਾਨ ਪਹੁੰਚਾਉਣ ਦਾ ਕੰਮ ਕਰਦਾ ਸੀ ।ਇੱਕ ਵਾਰ ਮੈਂ ਬਿਰਧ ਆਸ਼ਰਮ ਵਿੱਚ ਸਮਾਨ ਪਹੁੰਚਾਉਣ ਗਿਆ ।ਉਥੇ ਕੰਮ ਕਰਦੇ ਨੌਜਵਾਨ ਸਮਾਨ ਲਾਉਣ ਲੱਗ ਗਏ ।ਮੈਨੂੰ ਉਥੇ ਦੇ ਮੈਨੇਜਰ ਨੇ  ਅੰਦਰ ਬਿਠਾ ਦਿੱਤਾ  ਤੇ ਚਾਹ ਭੇਜਦਾ ਕਹਿ, ਆਪ ਬਾਹਰ ਚਲਾ ਗਿਆ । ਮੈਨੂੰ ਇਕੱਲੇ ਬੈਠੇ ਚੰਗਾ ਨਹੀਂ ਲੱਗ ਰਿਹਾ ਸੀ । ਮੈਨੂੰ ਸਾਹਮਣੇ ਇਕ ਬਜ਼ੁਰਗ ਬੈਠਾ ਦਿਸਿਆ , ਤਾਂ ਮੈਂ ਉਸ ਕੋਲ ਜਾ ਬੈਠਾ ।ਕੁਝ ਸਮਾਂ ਅਸੀਂ ਚੁੱਪ ਬੈਠੇ ਰਹੇ, ਫਿਰ ਮੈਂ  ਉਹਨਾਂ ਨਾਲ ਗੱਲਾਂ ਕਰਨ ਲੱਗਿਆ ।ਉਹਨਾਂ ਪੁੱਛਿਆ ਪੁੱਤ ਕਿਥੋਂ ਆਇਆ,  ਜਦ ਮੈਂ ਕਿਹਾ ਕਿ ਮੇਰਾ ਪਿੰਡ ਅੰਬਰਸਰ ਦੇ ਵਾਹਘਾ ਬਾਰਡਰ ਕੋਲ ਹੈ ਤਾਂ ਬਜ਼ੁਰਗ ਨੇ ਮੈਨੂੰ ਆਸ ਪਾਸ ਦੇ ਸਾਰੇ ਪਿੰਡਾਂ ਦੇ ਨਾਮ ਦੱਸੇ ।ਮੈਂ ਪੁਛਿਆ ਤੁਸੀਂ ਇਧਰ ਆਏ ਸੀ ਕਦੀ ।ਬਜ਼ੁਰਗ ਨੇ ਫਿਰ ਦੱਸਿਆ ਕਿ ਪੁੱਤ , ਦੇਸ਼ ਦੀ ਵੰਡ  ਸਮੇਂ ਮੈਂ ਦਸ ਕੁ ਸਾਲ ਦਾ ਸੀ ।ਸਾਡਾ ਪਿਛੋਕੜ ਪਾਕਿਸਤਾਨ ਦਾ ਹੈ ।ਉਜਾੜੇ ਕਰਕੇ ਸਾਨੂੰ ਇਧਰ ਆਉਣਾ ਪਿਆ ।ਉਦੋਂ ਦੇ ਉਜੜੇ ਫਿਰ ਕਦੀ ਢੰਗ ਨਾਲ ਵਸਨਾ ਨਸੀਬ ਨਹੀਂ ਹੋਇਆ ਮੈਨੂੰ ।ਇਧਰ ਕੁਝ ਸਮਾਂ ਸਾਨੂੰ ਸਰਕਾਰੀ ਕੈਪਾਂ ਵਿਚ ਰੱਖਿਆ ਗਿਆ ।ਫਿਰ ਅੰਬਰਸਰ ਦੇ ਨੇੜੇ ਸਾਨੂੰ ਕੁਝ ਥਾਂ ਤੇ ਜ਼ਮੀਨ ਅਲਾਟ ਹੋਈ ,ਉਹ ਜ਼ਮੀਨ ਬੰਜਰ ਸੀ ਜਿਥੇ ਸਿਰਫ  ਉੱਚੇ ਉੱਚੇ ਟਿੱਬੇ ਹੀ ਟਿੱਬੇ ਨਜਰ ਆਉਂਦੇ ਸੀ । ਮੈਂ ਉਦੋਂ ਪੜ੍ਹਨ ਲੱਗ ਗਿਆ ਤੇ ਸਕੂਲ ਤੋਂ ਆ ਕੇ ਆਪਣੇ ਪਿਤਾ ਜੀ ਨਾਲ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਵਿਚ ਮਦਦ ਕਰਦਾ ।ਪਹਿਲਾਂ ਅਸੀਂ ਕੁਝ ਆਮਦਨ ਹੋਵੇ ਉਨੀ ਕ ਜ਼ਮੀਨ ਨੂੰ ਖੇਤੀ ਲਾਇਕ ਬਣਾਇਆ ।ਜਿਨ੍ਹਾਂ ਕ ਯਾਦ ਵੀ ਅਸੀਂ ਉਦੋਂ ਕੋਈ ਦੋ ਤਿੰਨ ਸਾਲ ਦੀ ਮਿਹਨਤ ਮਗਰੋਂ ਸਾਰੀ ਜ਼ਮੀਨ ਨੂੰ ਉਪਜਾਊ ਜ਼ਮੀਨ ਬਣਾ ਲਿਆ।ਅਜੇ ਘਰ ਦੇ ਹਾਲਾਤ ਜਿਆਦਾ ਸੁਧਰੇ ਨਹੀਂ ਸੀ, ਪਰ ਇੰਨਾ ਜਰੂਰ ਸੀ ਕੇ ਹੁਣ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ । ਫਿਰ ਇਕ ਦਿਨ ਐਲਾਨ  ਹੁੰਦਾ  ਕਿ ਕੁਝ ਜ਼ਮੀਨ ਸਰਕਾਰੀ ਕਬਜ਼ੇ ਵਿੱਚ ਆ ਗਈ, ਉਹਨੂੰ ਬਚਾਉਣ ਲਈ ਰੋਜ਼ ਸਰਕਾਰੀ ਦਫਤਰਾਂ ਵਿੱਚ ਗੇੜੇ ਮਾਰੇ, ਪਰ ਫਿਰ ਵੀ ਕਿਸੇ ਨਹੀਂ ਸੁਣੀ ।ਹੁਣ ਜੋ ਥੋੜ੍ਹੀ ਜ਼ਮੀਨ ਕੋਲ ਸੀ, ਉਸ ਤੋਂ ਆਮਦਨ ਬਹੁਤ ਘੱਟ ਸੀ ।ਮੇਰੀ ਪੜ੍ਹਾਈ ਪੂਰੀ ਹੋਗੀ ਸੀ । ਮੈਂ ਨੌਕਰੀ ਲਈ ਤਿਆਰੀ ਕੀਤੀ ਤਾਂ ਫੌਜ ਵਿਚ ਭਰਤੀ ਹੋ ਗਿਆ ।ਹੁਣ ਜਿੰਦਗੀ ਲੀਹੇ ਪੈ ਗਈ ਸੀ ।ਘਰ ਇਕ ਛੁੱਟੀ ਆਏ ਦਾ  ਦਿਨਾਂ ਵਿਚ ਹੀ ਵਿਆਹ ਕਰ ਦਿੱਤਾ ।ਮੇਰੀ ਧਰਮ ਪਤਨੀ ਦਾ ਸੁਭਾਅ ਬਹੁਤ ਵਧੀਆ ਸੀ,  ਜਲਦੀ ਸਾਰੇ ਪਰਿਵਾਰ ਨਾਲ ਘੁੱਲ ਮਿਲ ਗਈ । ਮੇਰੇ ਘਰ ਪੁੱਤ ਦਾ ਜਨਮ ਹੋਇਆ ।ਸਭ ਬਹੁਤ ਖੁਸ਼ ਸਨ ।ਜਦ ਉਹ ਚਾਰ ਕ ਸਾਲ ਦਾ ਹੋਇਆ, ਮਾਂ ਤੇ ਪਿਤਾ ਜੀ ਦਰਬਾਰ ਸਾਹਿਬ ਸੁੱਖ ਲਾਉਣ ਗਏ। ਬਦਕਿਸਮਤੀ ਨੂੰ ਜਦ ਹਕੂਮਤ ਵੱਲੋਂ ਅਟੈਕ  ਹੋਇਆਂ, ਦੋਨੋਂ ਉਥੇ ਸਨ। ਉਸ ਵਿਚ ਦੋਨੋਂ ਸਾਨੂੰ ਛੱਡ ਗਏ ਤਾਂ ਸਾਡੀ ਜਿੰਦਗੀ ਜੋ ਲੀਹੇ ਪਈ ਸੀ, ਫਿਰ ਪਟੜੀ ਤੋਂ ਲਹਿ ਗਈ। ਹੁਣ ਫਿਰ ਸਾਰਾ ਕੁਝ ਉਵੇਂ ਛੱਡ ਆਪਣੇ ਪੁੱਤ ਤੇ ਧਰਮ ਪਤਨੀ ਨੂੰ ਆਪਣੇ ਕੋਲ ਲਿਜਾ ਸਰਕਾਰੀ ਕੁਆਰਟਰ ਲੈ ਰਹਿਣ ਲੱਗਾ ।ਫਿਰ ਇਵੇਂ ਹੀ ਮੇਰੇ ਨਾਲ ਨਾਲ ਮੇਰੇ ਪਰਿਵਾਰ ਦੀ ਵੀ ਬਦਲੀ ਹੁੰਦੀ ਰਹੀ ।ਪੁੱਤ ਪੜ੍ਹ ਲਿਖ ਕੇ ਨੌਕਰੀ ਲੱਗ  ਗਿਆ ਸੀ, ਉਹਨੇ ਵਿਆਹ ਵੀ ਆਵਦੇ ਨਾਲ ਨੌਕਰੀ ਕਰਦੀ ਕੁੜੀ ਨਾਲ ਕਰਵਾ ਲਿਆ ਸੀ । ਉਦੋ ਜਿਹੇ ਮੈਂ ਰਿਟਾਇਰ ਹੋਇਆ ਫੌਜ ਵਿਚੋਂ ,ਸੋਚਿਆ ਹੁਣ ਸਾਰਾ ਸਮਾਂ ਸਿਰਫ ਪਰਿਵਾਰ ਨੂੰ ਦੇਣਾ ਜੋ  ਇੰਨੇ  ਰੁਝੇਵਿਆਂ ਵਿਚ ਨਹੀਂ ਦੇ ਸਕਿਆ ਸੀ ।ਕੁਝ ਸਮੇਂ ਬਾਦ ਮੇਰੀ ਧਰਮ ਪਤਨੀ ਕੁਝ ਦਿਨ ਬਿਮਾਰ ਹੋਣ ਮਗਰੋਂ  ਮੈਨੂੰ ਸਦਾ ਲਈ ਛੱਡ ਗਈ ।ਹੁਣ ਸਾਰਾ ਦਿਨ ਘਰ ਇਕੱਲਾ ਪਿਆ ਰਹਿੰਦਾ ।ਜਦ ਕਦੇ ਨੂੰਹ ਨੂੰ ਕੋਈ ਕੰਮ ਕਹਿੰਦਾ ਤਾਂ ਉਹ ਕਲੇਸ਼ ਪਾ ਲੈਦੀ ਤੇ ਕਹਿੰਦੀ, ਮੈਂ  ਕੰਮ ਤੋਂ ਥੱਕੀ ਆਉਦੀ, ਮੇਰੇ ਤੋਂ ਨਹੀਂ ਬੁੜ੍ਹੇ ਦੀਆਂ ਫਰਮਾਇਸ਼ਾ ਪੂਰੀਆਂ ਹੁੰਦੀਆਂ ।ਮੇਰਾ ਪੁੱਤ ਇਕ ਦਿਨ ਮੈਨੂੰ ਇਥੇ ਛੱਡ ਗਿਆ ।ਜਿਸ ਦੀ ਜਿੰਦਗੀ ਬਣਾਉਣ ਲਈ ਮੈਂ ਸਾਰੀ ਉਮਰ ਲਾ ਆਪਣੇ ਠਿਕਾਣੇ ਬਦਲਦੇ ਨੇ ਲੰਘਾ ਦਿੱਤੀ, ਤੇ ਅੱਜ ਉਹੀ ਮੈਨੂੰ ਮੇਰੇ ਸਹੀ ਠਿਕਾਣੇ ਤੇ ਛੱਡ ਗਏ ।ਚਾਰ ਸਾਲ ਹੋ ਗਏ  ਇਥੇ ਆਏ ਨੂੰ ,ਹੁਣ ਮਰਨ ਤੱਕ ਮੇਰਾ ਅਸਲੀ ਠਿਕਾਣਾ ਇਹੀ ਹੈ । ਇੰਨੇ ਨੂੰ ਮੁੰਡਿਆਂ ਸਮਾਨ ਲਾਹ ਕੇ ਮੈਨੂੰ ਅਵਾਜ਼ ਦੇ ਦਿੱਤੀ ਤੇ ਮੈਂ ਆਗਿਆ ਲੈ ਉਥੋਂ ਚਾਲੇ ਪਾ ਲੲੇ । ਸਾਰੇ ਰਸਤੇ ਇਹੀ ਸੋਚਦਾ ਰਿਹਾ ਵੀ ਬੰਦਾ ਸਾਰੀ ਉਮਰ ਆਪਣੇ ਬੱਚਿਆਂ ਦੇ ਲਈ ਪਾਈ ਪਾਈ ਕਰਕੇ ਧਨ ਜੋੜਦਾ ਤੇ ਉਹੀ ਬੱਚੇ ਉਸ ਦੁਆਰਾ ਖੂਨ ਪਸੀਨਾ ਇਕ ਕਰਕੇ ਬਣਾੲੇ ਘਰ ਨੂੰ ਆਪਣਾ ਠਿਕਾਣਾ ਬਣਾ ਉਹਨਾਂ ਨੂੰ ਬੇਘਰ ਕਰ ਦਿੰਦੇ ।ਪਤਾ ਉਹਨਾਂ ਨੂੰ ਵੀ  ਨਹੀਂ ਕੇ ਕਦ ਉਹਨਾਂ ਦੇ ਵੀ ਠਿਕਾਣੇ ਬਦਲ ਦਿੱਤੇ ਜਾਣਗੇ ।

Please log in to comment.