Kalam Kalam

ਜਿੰਦਗੀ ਦਾ ਲੁਤਫ਼

ਅੱਜ ਦਾ ਮਨੁੱਖ ਪੈਸੇ ਦੀ ਦੌੜ ਵਿੱਚ ਇੰਨਾ ਜਿਆਦਾ ਵਿਅਸਥ ਹੋ ਗਿਆ ਹੈ।ਜਦ ਵਿਹਲਾ ਹੁੰਦਾ ਹੈ ਤਾਂ ਉਹ ਸਮਾਂ ਸ਼ੋਸ਼ਲ ਮੀਡੀਆ ਉੱਪਰ ਵਿਅਸਥ ਰਹਿੰਦਾ ਹੈ ।ਕੁਝ ਇਹੀ ਹਾਲ ਕਮਲ ਦਾ ਸੀ ।ਕਮਲ ਦੀ ਪਤਨੀ ਰੀਤੂ ਨੂੰ ਟਿੱਕ ਟੌਕ ਤੋਂ ਹੀ ਵਿਹਲ ਨਹੀਂ ਸੀ । ਕਮਲ ਇੱਕ ਕੰਪਨੀ ਵਿੱਚ ਨੌਕਰੀ ਕਰਦਾ । ਕਮਲ ਨੂੰ ਵਧੀਆ ਤਨਖਾਹ ਮਿਲ ਜਾਂਦੀ ।ਕਮਲ ਦੀ ਪਤਨੀ ਰੀਤੂ ਘਰ ਹੀ ਰਹਿੰਦੀ । ਰੀਤੂ ਨੇ ਅਵੱਲੇ ਹੀ ਸ਼ੌਕ ਪਾਲੇ ਹਨ। ਕਮਲ ਰੀਤੂ ਦੀ ਇੱਕ ਫਰਮਾਇਸ਼ ਪੂਰੀ ਕਰਦਾ ਤਾਂ ਉਹ ਨਾਲ ਹੀ ਦੋ ਚਾਰ ਫਰਮਾਇਸ਼ਾ ਹੋਰ ਗਿਣਾ ਦਿੰਦੀ ।ਰੀਤੂ ਵੱਡੇ ਲੋਕਾਂ ਦੀ ਤਰ੍ਹਾਂ ਬਣ ਠਣ ਕੇ ਅਤੇ ਮਹਿੰਗੇ ਬਰੈਡ ਪਾ ਕੇ ਰਹਿਣਾ ਪਸੰਦ ਕਰਦੀ । ਕਮਲ ਨੂੰ ਜਿਆਦਾ ਪੈਸਾ ਕਮਾਉਣ ਦਾ ਭੂਤ ਸਵਾਰ ਸੀ । ਕਮਲ ਦੇ ਇੱਕ ਦੋਸਤ ਨੇ ਪੈਸੇ ਦੀ ਮੰਗ ਕਰਦੇ ਕਿਹਾ ਕਿ ਮੈਂ ਰਕਮ ਤੇ ਬਣਦਾ ਵਿਆਜ ਵੀ ਦਿਆਂਗਾ ।ਕਮਲ ਨੇ ਦੋਸਤ ਨੂੰ ਵਿਆਜ ਉਪਰ ਪੈਸੇ ਦਿੱਤੇ । ਕਮਲ ਦਾ ਦੋਸਤ ਤਿੰਨ ਮਹੀਨੇ ਬਾਅਦ ਸਾਰੀ ਰਕਮ ਵਿਆਜ ਸਮੇਤ ਵਾਪਸ ਕਰ ਗਿਆ ।ਕਮਲ ਦੀਆਂ ਅੱਖਾਂ ਵਿੱਚ ਚਮਕ ਆ ਗਈ ਕਿ  ਬੈਕ ਤਾਂ ਵਿਆਜ ਬਹੁਤ ਘੱਟ ਦਿੰਦਾ ਪਰ ਮੈਂ ਲੋਕਾਂ ਨੂੰ  ਪੈਸੇ ਦੇ ਕੇ ਅਤੇ ਬੈਕ ਤੋਂ ਜਿਆਦਾ ਵਿਆਜ ਲਗਾ ਕੇ ਪੈਸੇ ਕਮਾ ਸਕਦਾ ਹਾਂ ।ਹੌਲੀ ਹੌਲੀ ਬਹੁਤ ਸਾਰੇ ਲੋਕ ਕਮਲ ਕੋਲ ਵਿਆਜ ਉੱਪਰ ਪੈਸੇ ਲੈਣ ਆਉਣ ਲੱਗੇ ।ਕਮਲ ਮੋਟੀ ਰਕਮ ਵਿਆਜ ਉੱਪਰ ਦਿੰਦਾ ਤੇ ਚਾਰ ਪੰਜ ਰੁਪਏ ਵਿਆਜ ਦੇ ਲੈਦਾ । ਪੈਸੇ ਸਮੇਂ ਸਿਰ ਵਾਪਸ ਕਰਕੇ ਲੋਕਾਂ ਨੇ ਕਮਲ ਦਾ ਭਰੋਸਾ ਜਿੱਤ ਲਿਆ । ਕਮਲ ਦੇ ਦੋਸਤ ਰਾਮੂ  ਨੇ ਇਕ ਸਾਲ ਲਈ ਕਮਲ ਤੋਂ ਪੰਦਰਾਂ ਲੱਖ ਰੁਪਏ ਵਿਆਜ ਉੱਪਰ ਲਏ। ਡੇਢ ਸਾਲ ਬੀਤ ਜਾਣ ਤੇ ਵੀ ਉਸ ਦੋਸਤ ਨੇ ਪੈਸੇ ਵਾਪਸ ਨਾ ਕੀਤੇ । ਕਮਲ ਨੇ ਜਰੂਰਤ ਪੈਣ ਉੱਪਰ ਰਾਮੂ ਤੋਂ ਪੈਸੇ ਦੀ ਮੰਗ ਕੀਤੀ ਤਾਂ ਕਮਲ ਟਾਲ ਮਟੋਲ ਕਰਨ ਲੱਗਾ ।ਕਮਲ ਨੇ ਜਦ ਵਾਰ ਵਾਰ ਆਪਣੀ ਰਕਮ ਲੈਣ ਲਈ ਗੇੜੇ ਮਾਰੇ ਤਾਂ ਉਹ ਸਾਫ ਮੁਕਰ ਗਿਆ ।ਕਮਲ ਨੇ ਇੰਨੀ ਰਕਮ ਦੇਣ ਲੱਗੇ ਕੋਈ ਲਿਖਤ ਨਹੀਂ ਕਰਵਾਈ ਸੀ ਜਿਸ ਕਰਕੇ ਹੁਣ ਕਮਲ ਕੁਝ ਨਹੀਂ ਕਰ ਸਕਦਾ । ਕਮਲ ਉਦਾਸ ਰਹਿਣ ਲੱਗਾ ।ਕਮਲ ਦੀ ਜਿੰਦਗੀ ਡਾਂਵਾਡੋਲ  ਹੋ ਗਈ। ਕਮਲ ਦਾ ਵਿਸ਼ਵਾਸ ਟੁੱਟ ਗਿਆ ਸੀ ਅਤੇ ਉਸਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ  । ਕਮਲ ਨੂੰ ਸਾਰਾ ਘਰ ਤਨਖਾਹ ਉੱਪਰ ਹੀ ਚਲਾਉਣਾ ਪੈਂਦਾ, ਪਰ ਕਮਲ ਦੀ ਇਸ ਗੱਲ ਨੂੰ ਰੀਤੂ ਨਹੀਂ ਸਮਝਦੀ  ਸੀ ।ਰੀਤੂ ਟਿੱਕ ਟੌਕ ਬਣਾਉਣ ਲਈ ਨਿੱਤ ਨਵੀ ਡਰੈਸ ਅਤੇ ਹੋਰ   ਸਮਾਨ ਦੀ ਮੰਗ ਕਰਨ ਲੱਗੀ ।ਦੋਵਾਂ ਵਿੱਚ ਕਲੇਸ਼ ਰਹਿਣ ਲੱਗਾ । ਇਕ ਦਿਨ ਸਵੇਰ ਦੀ ਚਾਹ ਪੀਣ ਤੋਂ ਪਹਿਲਾਂ ਹੀ ਲੜਾਈ ਹੋ ਗਈ।ਰੀਤੂ ਨੇ ਆਪਣੇ ਕੱਪੜੇ ਬੈਗ ਵਿੱਚ ਪਾਏ ਅਤੇ ਬੱਚੇ ਨੂੰ ਲੈ ਕੇ ਆਪਣੇ ਪੇਕੇ ਚੱਲ ਗਈ।ਕਮਲ ਵੀ ਜਾਂਦੀ ਨੂੰ ਦੇਖਦਾ ਰਹਿੰਦਾ ਪਰ ਰੋਕਦਾ ਨਹੀਂ । ਕੁਝ ਦਿਨ ਬੀਤ ਜਾਂਦੇ ।ਦੋਨੋਂ ਆਪਣੀ ਆਪਣੀ ਥਾਂ  ਪਰੇਸ਼ਾਨ ਘੁੰਮਦੇ ਰਹਿੰਦੇ ।ਰੀਤੂ ਦੀ ਦਾਦੀ  ਇਹ ਦੇਖ ਪਰੇਸ਼ਾਨ ਹੁੰਦੀ ,ਰੀਤੂ ਨੂੰ ਕੋਲ ਬੁਲਾਉਦੀ । ਰੀਤੂ ਕੋਲ ਜਾ ਕੇ ਕਹਿੰਦੀ ,ਕੀ ਆ ਦਾਦੀ ਜੀ । ਦਾਦੀ ਨੇ ਕਿਹਾ ,ਪੁੱਤ ਦੇਖ ,ਮੈਂ ਜੋ ਕਹਿਣ ਲੱਗੀ ।ਉਹਨਾਂ ਗੱਲਾਂ ਦਾ ਗੁੱਸਾ ਨਾ ਕਰੀ ,ਧਿਆਨ ਨਾਲ ਸੁਣੀ । ਰੀਤੂ ਨੂੰ ਕਹਿੰਦੇ, ਤੇਰੀ ਨਜ਼ਰ ਵਿਚ ਜਿੰਦਗੀ ਕੀ ਹੈ, ਮੈਨੂੰ ਨਹੀਂ ਪਤਾ ।ਪਰ ਮੇਰਾ ਤਜ਼ਰਬਾ ਕਹਿੰਦਾ, ਕਿ ਜਿੰਦਗੀ  ਦੁੱਖ ,ਸੁੱਖ ,ਖੁਸ਼ੀ ,ਗਮੀ ਅਤੇ ਔਕੜਾਂ  ਦਾ ਸੁਮੇਲ ਹੈ ।ਜਿੰਦਗੀ ਦੇ ਦੋ ਮੁੱਖ ਭਾਗ ਪਿਆਰ ਅਤੇ ਵਿਛੋੜਾ ਹਨ ।ਜਿੰਦਗੀ ਦੇ ਤਿੰਨ ਮੁੱਖ ਪੜਾਅ ਬਚਪਨ ,ਜਵਾਨੀ ਅਤੇ ਬੁਢਾਪਾ ਹਨ। ਬਚਪਨ  ਬੇਫਿਕਰੀ  ਦੇ ਆਲਮ ਵਿਚ ਗੁਜ਼ਰਦਾ ਇਸ ਸਮੇਂ ਸਭ ਨੂੰ ਸਿਰਫ਼ ਪਿਆਰ ਯਾਦ ਰਹਿੰਦਾ । ਜਵਾਨੀ ਸਮੇਂ ਸਾਡੇ ਸਚੇਤ ਅਤੇ ਅਚੇਤ ਮਨ ਵਿੱਚ ਕਈ ਪ੍ਰਕਾਰ ਦੇ ਵਲਵਲੇ ਫੁੱਟਦੇ ਹਨ।ਜੇ ਤਾਂ ਇਸ ਸਮੇਂ ਔਕੜਾਂ ਸਹਿ ਕੇ ਸਹੀ ਫੈਸਲਾ ਲੈ ਲਿਆ ਤਾਂ ਜਿੰਦਗੀ ਸੁਖਾਲੀ ਲੰਘ ਜਾਂਦੀ । ਰੀਤੂ ਦਾਦੀ ਨੂੰ ਰੋਕ ਕੇ ਆਪ ਬੋਲਦੀ ਕਿ ਜੇ ਗਲਤ ਫੈਸਲਾ।ਲੈ ਲਿਆ ਜਿੰਦਗੀ ਦੁੱਖਾਂ ਨਾਲ ਭਰ ਜਾਂਦੀ ਹੈ । ਰੀਤੂ ਕਹਿੰਦੀ ਦਾਦੀ ਗਲਤ ਫੈਸਲਾ ਹੀ ਤਾਂ ਲਿਆ ਮੈਂ ਕਮਲ ਨਾਲ ਵਿਆਹ ਕਰਵਾਉਣ ਦਾ ।ਮੈਨੂੰ ਲੱਗਦਾ ਸੀ ਵਿਆਹ ਤੋਂ ਬਾਅਦ ਮੇਰੀ ਹਰ ਰੀਝ ਪੂਰੀ ਕਰੂਗਾ ਪਰ ਉਸ ਨੂੰ ਤਾਂ ਸਿਰਫ਼ ਕੰਮ ਅਤੇ ਪੈਸੇ ਨਾਲ ਮਤਲਬ ਹੈ ਕੰਜੂਸ ਕੋਈ ਰੀਝ ਨੀ ਪੂਰੀ ਕਰਦਾ ।ਦਾਦੀ ਰੀਤੂ ਨੂੰ ਟੋਕਦੇ ਬੋਲੇ ਕਿਹੜੀ ਰੀਝ ਕੁੜੇ , ਸਭ ਕੁਝ ਤਾਂ ਹੈ ਤੇਰੇ ਕੋਲ ,ਵਧੀਆ ਘਰਬਾਰ ,ਪਰਿਵਾਰ ਅਤੇ ਖਾਣ ਪੀਣ ਲਈ  ਵਧੀਆ ਰੋਟੀ ਮਿਲਦੀ । ਰੀਤੂ ਦਾਦੀ ਨੂੰ ਕਹਿੰਦੀ,ਤੁਹਾਨੂੰ ਕੀ ਪਤਾ , ਅੱਜ ਕਲ ਸਮਾਂ ਬਦਲ ਗਿਆ ।ਸਾਨੂੰ ਦੁਨੀਆਂ ਦੇ ਨਾਲ ਚੱਲਣਾ ਪੈਂਦਾ ।ਹੁਣ ਹਰ ਰੋਜ਼ ਨਵਾਂ ਟਰੈਡ ਚੱਲਦਾ ਮੈਨੂੰ ਉਸ ਟਰੈਡ ਦੀਆਂ ਚੀਜ਼ਾ ਨਹੀਂ ਦਿਵਾਉਦਾ । ਦਾਦੀ ਕਹਿੰਦੇ ,ਇਹ ਸਿਰਫ਼ ਦਿਖਾਵਾ ਹੈ ਜਿਸ ਵਿੱਚ ਵਹਿ ਕੇ ਪੈਸੇ ਦੀ ਫਜੂਲ ਖਰਚੀ ਕੀਤੀ ਜਾਂਦੀ ।ਇਹ ਖਸਮਾ ਖਾਣਾਂ ਟਰੈਡ ਨਹੀਂ ਹੈ ਇਹ ਘੁਣ ਆ ਜਿਸ ਦੀ ਜਿੰਦਗੀ ਨੂੰ ਲੱਗ ਜਾਂਦਾ ,ਉਸ ਦੀ ਜਿੰਦਗੀ ਤਬਾਹ ਜੋ ਜਾਂਦੀ । ਦਾਦੀ ਰੁਕ ਕੇ ਬੋਲਦੇ ਕਿ ਇਹ ਲਾਲਸਾਵਾਂ ਹੀ ਮਨੁੱਖ ਨੂੰ ,ਤੈਨੂੰ ,ਮੈਨੂੰ ਜਾਂ ਕਿਸੇ ਨੂੰ ਵੀ  ਜੀਣ  ਨਹੀਂ ਦਿੰਦੀਆਂ ਕਿਉਂਕਿ ਲਾਲਸਾਵਾਂ ਹਮੇਸ਼ਾ ਚਾਦਰ ਤੋਂ ਬਾਹਰ ਪੈਰ ਪਸਾਰਦੀਆਂ ਪਰ ਜਦ ਅਸੀਂ ਚਾਦਰ ਤੋਂ ਬਾਹਰ ਪੈਰ ਪਸਾਰਦੇ ਹਾਂ ਤਾਂ ਦੁੱਖਾਂ ਨੂੰ ਸੱਦਾ ਦਿੰਦੇ । ਰੀਤੂ ਹੈਰਾਨ ਹੋ ਕੇ ਕਹਿੰਦੀ ,ਉਹ ਕਿਵੇਂ ? ਦਾਦੀ ਜਵਾਬ ਦਿੰਦੇ ਕਿ ਦੇਖ ਪੁੱਤ ਇਨ੍ਹਾਂ ਲਾਲਸਾਵਾਂ ਨੂੰ ਪੂਰੀਆਂ ਕਰਨ ਲਈ ਤੂੰ ਕਮਲ ਨਾਲ ਲੜ ਕੇ ਇਥੇ ਆਈ ।ਇਥੇ ਆ ਕੇ ਵੀ ਤੇਰਾ ਮਨ ਖੁਸ਼ ਨਹੀਂ ਉਦਾਸ ਹੈ ਉਧਰ ਕਮਲ ਦਾ ਹਾਲ ਵੀ ਇਹੀ ਹੋਣਾ ।ਇਹ ਦੁਖਾਂ ਨੂੰ ਸੱਦਾ ਦੇਣਾ ਨਹੀਂ ਤਾਂ ਹੋਰ ਕੀ ਹੈ ।ਇਨ੍ਹਾਂ ਲਾਲਸਾਵਾਂ ਵੱਸ ਪੈ ਕੇ ਅਸੀਂ ਜਿੰਦਗੀ ਜਿਊਦੇ ਨਹੀਂ ਜਿੰਦਗੀ ਨੂੰ ਮਜਬੂਰੀ ਵਜੋਂ ਭੋਗਦੇ ਹਾਂ । ਦੇਖ ਕਮਲ ਨੇ ਜਿਆਦਾ ਪੈਸਾ ਕਮਾਉਣ ਦੀ ਲਾਲਸਾ ਵਿੱਚ ਹੀ ਪੈਸੇ ਵਿਆਜ ਤੇ ਦਿੱਤੇ ।ਉਹ ਕਮਲ ਦੀ ਮਿਹਨਤ ਦੀ ਕਮਾਈ ਨੂੰ ਵੀ ਨਾਲ ਲੈ ਗਏ। ਦਾਦੀ ਰੀਤੂ ਨੂੰ ਗੱਲ ਨਾਲ ਲਗਾਉਦੇ ਕਹਿੰਦੇ ,ਪੁੱਤ ਸਭ ਤੋਂ ਖਾਸ ਗੱਲ ਤਾਂ ਰਹਿ ਗਈ  । ਰੀਤੂ ਬੋਲੀ ,ਉਹ ਕੀ ? ਦਾਦੀ ਕਹਿੰਦੇ ,ਅਸੀਂ ਅਗਲੇ ਸਮੇਂ ਦੀ  ਦੀ ਚਿੰਤਾ ਕਰਦੇ ਰਹਿੰਦੇ ਹਾਂ ਜਿਸ ਕਰਕੇ ਅਸੀਂ ਆਪਣੇ ਵਰਤਮਾਨ ਦੀਆਂ ਖੁਸ਼ੀਆਂ ਨੂੰ ਜਿਊਦੇ ਹੀ ਨਹੀਂ ਸਗੋਂ ਉਹਨਾਂ ਖੁਸ਼ੀਆਂ ਨੂੰ ਮਾਣਨ ਦੀ  ਥਾਂ ਵਿਅਰਥ ਹੀ ਗਵਾ ਦਿੰਦੇ ਹਾਂ । ਰੀਤੂ ਨੂੰ ਦਾਦੀ ਦੀਆਂ ਗੱਲਾਂ ਦੀ ਸਮਝ ਆ ਗਈ ਸੀ ।ਦਾਦੀ ਰੀਤੂ ਨੂੰ ਪਿਆਰ ਕਰਦੇ ਕਹਿੰਦੇ ਕਿ ਜਿਸ ਦਿਨ ਤੁਸੀਂ ਦੋਹਾਂ ਨੇ ਆਪਣੇ ਮਨ ਦੀਆਂ ਲਾਲਸਾਵਾਂ ਉੱਪਰ ਕਾਬੂ ਪਾ ਕੇ ਜੀਣਾ ਸਿੱਖ ਲਿਆ। ਉਸ  ਤੋਂ ਬਾਅਦ ਤੁਹਾਡੀ ਜਿੰਦਗੀ ਕਿਸੇ ਵੀ ਔਕੜ ਦਾ ਸਾਹਮਣਾ ਕਰ ਸਕੇਗੀ ਅਤੇ ਤੁਸੀਂ ਖੁਸ਼ੀ ,ਗਮੀ ,ਜਾਂ ਦੁੱਖ ਸੁੱਖ ਵਿੱਚ ਵੀ ਜਿੰਦਗੀ ਦਾ ਲੁਤਫ ਲੈ ਸਕੋਗੇ ।ਕਿਉਂਕਿ ਫਿਰ ਤੁਸੀਂ ਹਰ ਪਲ ਨੂੰ ਜੀਣ ਲਈ ਸਿਰਫ਼ ਖੁਸ਼ੀ ਲੱਭਣੀ ਹੈ ਜੋ ਸਾਨੂੰ ਖਰੀਦਣੀ ਨਹੀਂ ਪੈਂਦੀ, ਬਸ  ਆਪਣਿਆਂ ਨਾਲ ਰਹਿ ਕੇ ਖੁਸ਼ ਹੋਣ ਦਾ ਮੌਕਾ ਕਿਤੇ ਵੀ ਬਣ ਜਾਂਦਾ ਹੈ । ਰੀਤੂ ਨੂੰ ਦਾਦੀ ਦੀ ਦਿੱਤੀ ਸਿੱਖਿਆ ਸਮਝ ਆ ਗਈ ਅਤੇ ਉਸ ਨੇ ਵਾਪਸ ਆਪਣੇ ਘਰ ਆ ਕੇ ਕਮਲ ਨੂੰ ਵੀ ਇਹ ਗੱਲ ਸਮਝਾਈ । ਦੋਹਾਂ ਨੇ ਆਪਣੀ ਜਿੰਦਗੀ ਦੀਆਂ ਵਾਧੂ ਲਾਲਸਾਵਾਂ ਦਾ ਤਿਆਗ ਕਰਕੇ   ਆਪਣੀ  ਜਿੰਦਗੀ  ਦਾ ਲੁਤਫ਼ ਲੈਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਦੋਨੋਂ ਆਪਣੀ ਜਿੰਦਗੀ ਨੂੰ ਖੁਸ਼ੀ  ਖੁਸ਼ੀ ਅਤੇ ਹਰ ਪਲ ਨੂੰ ਯਾਦਗਾਰ ਬਣਾ ਕੇ ਜਿਊਣ ਲੱਗੇ ।

Please log in to comment.