Kalam Kalam

ਮਿਹਨਤੀ ਲੋਕ

ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਭਾਈ ਵਲੋਂ ਵਾਰ ਵਾਰ ਹੋਕਾ ਦਿੱਤਾ ਜਾ ਰਿਹਾ ਸੀ ਕਿ ਭਾਈ ਸੁਚੇਤ ਰਹੋ ।ਦਰਿਆ ਵਿਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ।ਸਾਰੇ ਲੋਕ ਆਪਣਾ ਜਰੂਰਤ ਦਾ ਸਮਾਨ ਕੱਢ ਕੇ ਹੱਥ ਜੋਕਰਾ ਰੱਖ ਲੈਣ ।ਬੱਚਿਆਂ ਵਿੱਚ ਸਹਿਮ ਦਾ ਮਾਹੌਲ ਸੀ ਕਿਉਂ ਕਿ ਛੋਟੇ ਹੋਣ ਕਰਕੇ ਉਹਨਾਂ ਪਾਣੀ ਆਉਣ ਵਰਗੇ ਹਲਾਤਾਂ ਦਾ ਸਾਹਮਣਾ ਨਹੀਂ ਕੀਤਾ ਸੀ ।ਸਭ ਨੇ ਮਿਲ ਕੇ ਜਰੂਰੀ ਸਮਾਨ ਨੂੰ ਘਰ ਦੀਆਂ ਛੱਤਾਂ ਉੱਪਰ ਰੱਖ ਲਿਆ ਅਤੇ ਤਰਪਾਲ ਪਾ ਕੇ ਢੱਕ ਦਿੱਤਾ । ਬੱਚੇ ,ਨੌਜਵਾਨ ਅਤੇ ਬਜ਼ੁਰਗ ਮਿਲ ਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਮਾਲਕਾਂ ਬਚਾ ਲਈ । ਦੂਜੇ ਦਿਨ ਦੀ ਸ਼ਾਮ ਨੂੰ ਪਾਣੀ ਆਪਣੀ ਤੇਜ਼ ਚਾਲ ਨਾਲ ਉਹਨਾਂ ਵੱਲ ਵਧਦਾ ਆ ਰਿਹਾ ਸੀ ।ਉਹਨਾਂ ਲੋਕਾ ਨੇ ਜਲਦੀ ਜਲਦੀ ਘਰਾਂ ਚੋਂ ਨਿਕਲ ਕੇ ਕੋਠੇ ਉੱਪਰ ਜਾਂ ਸ਼ਰਨ ਲਈ ।ਦੇਖਦੇ ਹੀ ਦੇਖਦੇ ਸਾਰਾ ਪਿੰਡ ਪਾਣੀ ਵਿੱਚ ਡੁੱਬ ਗਿਆ ।ਪਾਣੀ ਦਾ ਚੜਾਅ ਛੇ ਸੱਤ ਫੁੱਟ ਦੇ ਕਰੀਬ ਹੋ ਗਿਆ ।ਆਲਾ ਦੁਆਲਾ ਇਕ ਦਰਿਆ ਦਾ ਰੂਪ ਧਾਰਨ ਕਰ ਗਿਆ । ਸਾਰੇ ਪਾਸੇ ਬਰਬਾਦੀ ਹੀ ਬਰਬਾਦੀ ਨਜ਼ਰ ਆ ਰਹੀ ।ਜਾਨਵਰ ਕੁਝ ਪਾਣੀ ਵਿੱਚ ਰੁੜ ਗਏ ।ਫਸਲਾਂ ਤਬਾਹ ਹੋ ਗਈਆਂ ।ਕੁਝ ਲੋਕ ਮਦਦ ਲਈ  ਰਾਸ਼ਨ ਪਹੁੰਚਾ ਦਿੰਦੇ ।ਇਸ ਤਰ੍ਹਾਂ ਜਦ ਦਸ ਕ ਦਿਨ ਬਾਅਦ ਪਾਣੀ ਦਾ ਪੱਧਰ ਘਟਿਆ ਤਾਂ ਲੋਕ ਆਪਣੇ ਘਰਾਂ ਦੀ ਹਾਲਤ ਸੁਧਾਰਨ ਵਿੱਚ ਰੁਝ ਗਏ  ।ਇਕ ਦਿਨ ਮੀਡੀਆ ਵਾਲੇ ਉਹਨਾਂ ਲੋਕਾਂ ਦੀ ਸਾਰ ਲੈਣ ਪਹੁੰਚੇ ।ਸਾਰੇ ਲੋਕ ਇਕੱਠੇ ਹੋ ਗਏ ।ਰਿਪੋਟਰ ਜਿਵੇਂ ਜਿਵੇਂ ਸਵਾਲ ਕਰਦਾ ਤਾਂ ਪਿੰਡ ਦਾ ਬਜ਼ੁਰਗ ਦਾਸਤਾ ਸੁਣਾਉਦਾ ਹੈ ਕਿ ਅੱਜ ਤੋਂ  ਪੰਜਾਹ ਸੱਠ ਸਾਲ ਪਹਿਲਾਂ ਇਹ ਜੰਗਲੀ ਇਲਾਕਾ ਸੀ ।ਕੋਈ ਹਜ਼ਾਰਾਂ ਏਕੜ ਜ਼ਮੀਨ ਸੀ ਜਿਥੇ ਹਰ ਪਾਸੇ ਰੁੱਖ ਹੀ ਰੁੱਖ ਨਜ਼ਰ ਆਉਦੇ ਸੀ। ।ਉਸ ਸਮੇਂ ਅੱਤਵਾਦ ਦਾ ਜੋਰ ਸੀ ।ਇਹ ਜੰਗਲ ਉਹਨਾਂ ਅੱਤਵਾਦੀਆਂ ਦੀ ਠਹਿਰ ਹੁੰਦੀ ਸੀ ।ਸਾਡੇ ਬਜ਼ੁਰਗਾਂ ਨੇ ਮਿਹਨਤ ਮੁਸ਼ਕੱਤ ਕਰਕੇ ਉਸ ਸਰਕੰਡਿਆ ਭਰੇ ਜੰਗਲ ਨੂੰ ਪੁੱਟ ਕੇ ਪੱਧਰੀ ਕੀਤਾ । ਬੇਸ਼ੱਕ ਉਹਨਾਂ ਨੂੰ ਵੀ ਪਤਾ ਸੀ ਕਿ ਕਿਸੇ ਸਮੇਂ ਵੀ ਦਰਿਆ ਵਿਚ ਪਾਣੀ ਆਉਣ ਕਰਕੇ ਉਹਨਾਂ ਦੀ ਫਸਲ ਬਰਬਾਦ ਹੋ ਸਕਦੀ ਪਰ ਫਿਰ ਵੀ ਉਹਨਾਂ ਮਿਹਨਤ ਦਾ ਪੱਲਾ ਨਹੀਂ ਛੱਡਿਆ ।ਉਹਨਾਂ ਦੀ ਮਿਹਨਤ ਸਦਕਾ ਸਾਡੀਆਂ ਤਿੰਨ ਪੀੜ੍ਹੀਆਂ ਦਾ ਜੀਵਨ ਨਿਰਬਾਹ ਗੁਜ਼ਾਰੇ ਜੋਗਾ ਚੱਲਦਾ ਰਹਿੰਦਾ ਸੀ । ਸਾਡਾ ਸਭ ਦਾ ਮੁੱਖ ਧੰਦਾ ਖੇਤੀਬਾੜੀ ਸੀ ।ਅਸੀਂ ਕਣਕ ,ਝੋਨੇ ਤੋਂ ਬਿਨਾਂ ਸਬਜ਼ੀਆਂ ਵੀ ਲਗਾਉਦੇ ।ਸਾਡੇ ਪਿੰਡ ਵਿੱਚ ਕੋਈ ਵੀ ਸਹੂਲਤਾਂ ਨਹੀਂ ਸੀ ।ਜਿਵੇਂ ਕੋਈ ਡਿਸਪੈਂਸਰੀ ,ਸਕੂਲ ਜਾਂ ਕੋਈ ਵੀ ਹੋਰ ਸਹੂਲਤ ।ਬੱਚਿਆਂ ਨੂੰ ਪੜ੍ਹਨ ਲਈ  ਦਰਿਆ ਪਾਰ ਕਰਕੇ ਜਾਣਾ ਪੈਂਦਾ । ਫਿਰ ਗੁਰਮੇਲ ਸਿੰਘ ਰਿਪੋਟਰ ਨੂੰ ਕਹਿੰਦਾ ਕਿ  ਮੋਦੀ ਸਰਕਾਰ ਦੁਆਰਾ ਕੀਤੀ ਨੋਟਬੰਦੀ ਦੀ ਅਜਿਹੀ ਮਾਰ ਪਈ ਕਿ ਵਪਾਰੀਆਂ ਨੇ ਪਹਿਲਾਂ ਸਬਜ਼ੀਆਂ ਦੀ ਖਰੀਦ ਘਟਾ  ਦਿੱਤੀ  ਅਤੇ ਫਿਰ ਸਬਜੀਆਂ ਖਰੀਦਣ ਤੋਂ ਇਨਕਾਰ ਕਰ ਦਿੱਤਾ ।ਫਿਰ ਜੀ ਐਸ ਟੀ ਮਾਰ ਨੇ ਅਜਿਹਾ ਲੱਕ ਤੋੜਿਆ ਕਿ ਮਜ਼ਬੂਰਨ ਸਬਜ਼ੀਆਂ ਦੀ ਖੇਤੀ ਛੱਡ ਕੇ ਕਣਕ ਝੋਨੇ ਦੀ ਖੇਤੀ ਕਰਨੀ ਪਈ  ।ਇਸ ਵਿਚ ਵੀ ਕਣਕ ਦੀ ਫਸਲ ਹੀ ਬਚਦੀ ,ਬਹੁਤ ਵਾਰ  ਝੋਨੇ ਦੀ ਫਸਲ ਤਾਂ ਦਰਿਆ ਦੀ ਮਾਰ ਚ ਖਰਾਬ ਹੋ ਜਾਂਦੀ । ਇਥੋਂ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਕੋਈ ਪੱਕਾ ਰਾਹ ਤੱਕ ਵੀ ਨਹੀਂ ।ਅੱਧੇ ਤੋਂ ਜਿਆਦਾ ਲੋਕ ਕੱਚੇ ਘਰਾਂ ਵਿੱਚ ਜੀਵਨ ਬਸਰ ਕਰਦੇ ਹਨ।ਸਾਨੂੰ ਦਵਾਈ ਲੈਣ ਲਈ  ਦਰਿਆ ਪਾਰ ਕਰਕੇ ਜਾਣਾ ਪੈਦਾ।ਸਿਹਤ ਸਹੂਲਤਾਂ ਤੋਂ ਸੱਖਣੇ ਲੋਕਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਆਪਣਿਆਂ ਦੇ ਸਾਹਮਣੇ ਦਮ ਤੋੜਦੇ ਦੇਖ ਕੇ ਮਨ ਦੁਖੀ ਹੁੰਦਾ ਪਰ ਫਿਰ ਪਰਮਾਤਮਾ ਦਾ ਭਾਣਾ ਸਮਝ ਕੇ ਮੰਨਣਾ ਪੈਂਦਾ । ਬਜ਼ੁਰਗ ਔਰਤ  ਅੰਗਰੇਜ਼ ਕੌਰ ਨੇ ਆਪਣੀ ਹੱਡਬੀਤੀ ਸੁਣਾਉਦੇ ਹੋਏ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਮੇਰੀ ਨੂੰਹ ਨੂੰ ਜਣੇਪੇ ਲਈ ਸ਼ਹਿਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਉਸ ਦੀ ਤਕਲੀਫ ਵੱਧ ਗਈ  ,ਪੇਟ ਚ ਹੀ ਬੱਚੇ ਦੀ ਮੌਤ ਹੋ ਗਈ  ਜਿਸ ਕਰਕੇ ਨੂੰਹ ਦੇ ਸਰੀਰ ਵਿੱਚ ਇਨਫੈਕਸ਼ਨ ਕਰੇ ਜ਼ਹਿਰ ਫੈਲਣਾ ਸ਼ੁਰੂ ਹੋ ਗਿਆ ।ਹਸਪਤਾਲ ਪਹੁੰਚਦਿਆਂ ਨੂੰਹ ਦੀ ਹਾਲਤ ਗੰਭੀਰ ਹੋ ਗਈ ਸੀ ।ਇਕ ਵਾਰ ਤਾਂ ਡਾਕਟਰਾਂ ਹੱਥ ਪਾਉਣ ਤੋਂ ਹੀ ਮਨਾਂ ਕਰ ਦਿੱਤਾ ।ਫਿਰ ਜਦ ਕਿਹਾ ਅਸੀਂ ਕੋਈ ਵੀ ਭਾਣਾ ਮੰਨਣ ਲਈ  ਤਿਆਰ ਹਾਂ ਪਰ ਕੋਸ਼ਿਸ਼ ਤਾਂ ਕਰੋ ।ਬਹੁਤ ਮੁਸ਼ਕਿਲ ਨਾਲ ਨੂੰਹ ਦੀ ਜਾਨ ਬਚੀ । ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਸਾਡੇ ਬੱਚੇ  ਕੋਈ ਸਹੂਲਤ ਨਾ ਮਿਲਣ ਕਰਕੇ  ਉਚੇਰੀ ਪੜ੍ਹਾਈ ਤੋਂ ਸੱਖਣੇ ਰਹਿ ਜਾਂਦੇ ਜਿਸ ਕਰਕੇ ਉਹਨਾਂ ਦੇ ਵਿਆਹ ਵਧੀਆ ਘਰਾਂ ਵਿੱਚ ਨਹੀਂ ਹੁੰਦੇ ।ਜੋ ਫਿਰ ਵੀ ਕਵਾਰੇ ਰਹਿ ਜਾਂਦੇ ਉਹਨਾਂ ਨੂੰ  ਕੋਈ ਸਾਰੀ ਉਵੇ ਗੁਜ਼ਾਰਨੀ ਪੈਂਦੀ ਜਾਂ ਫਿਰ ਕੋਈ ਕੁਦੇਸਣ ਲਿਆਉਣੀ ਪੈਂਦੀ । ਲੋਕਾਂ ਨੇ ਆਪਣਾ ਦੁੱਖ ਦੱਸਦੇ ਕਿਹਾ ਕਿ ਇਹਨਾਂ ਜ਼ਮੀਨਾ  ਉੱਪਰ ਅਸੀ ਤਿੰਨ ਪੀੜ੍ਹੀਆਂ ਤੋਂ ਖੇਤੀ ਕਰਦੇ ਆ ਰਹੇ ਹਾਂ ।ਪਰ ਇਹ ਜ਼ਮੀਨਾਂ ਫਿਰ ਵੀ ਸਾਡੇ ਨਾਮ ਨਹੀਂ ਬੋਲਦੀਆਂ ।ਕੁਝ ਸਮਾਂ ਪਹਿਲਾਂ ਸਾਨੂੰ ਕਿਹਾ ਗਿਆ ਕਿ ਤੁਸੀਂ ਫੀਸ ਭਰ ਦਿਓ ਇਹ ਜ਼ਮੀਨਾਂ ਪੱਕੀਆਂ ਤੁਹਾਡੇ ਨਾ ਹੋ ਜਾਣਗੀਆਂ ।ਪਰ ਸਾਡੇ ਫੀਸਾਂ ਭਰਨ ਦੇ ਬਾਵਜੂਦ ਵੀ ਉਝ ਜ਼ਮੀਨਾਂ ਸਾਡੇ ਨਾਮ ਨਹੀਂ ਹਨ।ਜੇ ਕਦੇ ਭੁੱਲੇ ਚੁੱਕੇ ਸਰਕਾਰ ਵਲੋਂ ਮੁਆਵਜੇ ਦੀ ਰਾਸ਼ੀ ਆਉਦੀ ਹੈ।ਅਸੀਂ ਤਾਂ ਉਹ ਮਦਦ ਵੀ ਨਹੀਂ ਲੈ ਸਕਦੇ ਕਿਉਂਕਿ ਜ਼ਮੀਨਾਂ ਕੱਚੀਆਂ ਹੋਣ ਕਰਕੇ ਗਰਦਾਵਰੀਆਂ ਸਹੀ ਨਹੀਂ ਹੁੰਦੀਆਂ । ਪਰਮਿੰਦਰ ਸਿੰਘ ਆਪਣਾ ਦਰਦ ਬਿਆਨ ਕਰਦਾ ਰਿਪੋਰਟ ਨੂੰ ਕਹਿੰਦਾ ,ਵੀਰ ਸ਼ਹਿਰ ਚ ਪਾਣੀ ਦੀ ਬੋਤਲ  ਕਿੰਨੇ ਰੁਪਏ ਦੀ ਮਿਲਦੀ ।ਤਾਂ ਰਿਪੋਰਟ ਜਵਾਬ ਦਿੰਦਾ ,ਕੋਈ ਵੀਹ ਜਾਂ ਤੀਹ ਰੁਪਏ  ਦੀ ।ਪਰਮਿੰਦਰ ਸਿੰਘ ਕਹਿੰਦਾ ਵੀਰ ਹਾਲਤ ਸਮਝ ਜਾਓ ਸਾਡੇ ।ਕਿਉਂਕਿ ਸਾਡੇ ਪਿੰਡ ਦੇ ਖਾਲਸ ਦੁੱਧ ਦੀ ਕੀਮਤ ਸ਼ਹਿਰ  ਦੇ ਪਾਣੀ ਦੇ ਬਰਾਬਰ ਹੈ ਕੀ ਇਹ ਦੁੱਧ ਸ਼ਹਿਰ ਦੇ ਪਾਣੀ ਤੋਂ ਸਸਤਾ ।ਪਰਮਿੰਦਰ ਸਿੰਘ ਕਹਿੰਦਾ ,ਇਹ ਹਾਲ ਇਕੱਲੇ ਸਾਡੇ ਪਿੰਡ ਦਾ ਨਹੀਂ  ਇਹ ਦਰਿਆਦੇ ਨਾਲ ਲੱਗਦੇ ਕੋਈ ਪੱਚੀ ਜਾਂ ਤੀਹ ਪਿੰਡਾਂ ਦਾ ਹੈ ।ਜੋ ਦੇਸ਼ ਦੀ ਆਜ਼ਦੀ  ਦੇ ਬਹੱਤਰ ਸਾਲ ਬੀਤ ਜਾਣ ਉੱਤੇ ਵੀ ਮੁਸ਼ਕਿਲ ਭਰੀ ਜ਼ਿੰਦਗੀ ਜੀਅ ਰਹੇ ਹਨ । ਰਿਪੋਟਰ ਨੇ ਪਿੰਡ ਵਾਲਿਆਂ ਦਾ ਦਰਦ ਸੁਣਦੇ ਹੋਏ ਕਿਹਾ ,ਹੱਥੀ ਕਿਰਤ ਕਰਨ ਵਾਲੇ  ਇਥੋਂ ਦੇ ਮਿਹਨਤੀ ਲੋਕ ਰੱਬ ਆਸਰੇ ਜ਼ਿੰਦਗੀ ਬਤੀਤ ਕਰ ਰਹੇ ਹਨ । ਰਿਪੋਟਰ  ਆਪਣੇ ਰਾਹ ਚਲ ਜਾਂਦੇ ।ਕੁਝ ਦਿਨ ਉਹਨਾਂ ਮਿਹਨਤੀ ਲੋਕਾਂ ਦੀ ਵੀਡੀਓ ਯੂਟਿਊਬ ਅਤੇ ਚੈਨਲਾਂ ਉੱਪਰ ਚਲਦੀ ਰਹੀ  ।ਚੈਨਲਾਂ ਦੁਆਰਾ ਖੂਬ ਪੈਸਾ ਕਮਾ ਕੇ ਆਪਣੀਆਂ ਜੇਬਾਂ ਭਰੀਆਂ ਜਾਂਦੀਆਂ ।ਪਰ ਮੁੜ ਕਿਸੇ ਰਿਪੋਟਰ ਜਾਂ ਸਰਕਾਰ ਨੇ ਉਹਨਾਂ ਲੋਕਾਂ ਦੀ ਸਾਰ ਨਹੀਂ ਲਈ ।ਉਹ ਕੁਝ ਸਮੇਂ ਬਾਅਦ  ਫੇਰ ਤੋਂ ਪਈ  ਹੜ੍ਹਾਂ ਦੀ ਮਾਰ ਨਾਲ ਉਥੇ ਆ ਜਾਂਦੇ ਜਿਥੋਂ ਚਲਣਾ ਸ਼ੁਰੂ ਕੀਤਾ ਸੀ ।ਉਹ ਮਿਹਨਤੀ ਲੋਕ ਫੇਰ ਤੋਂ  ਮਿਹਨਤ ਕਰਕੇ ਆਪਣਾ ਜੀਵਨ ਨਿਰਬਾਹ ਕਰਨਾ ਸ਼ੁਰੂ ਕਰਦੇ  ਹਨ ।ਫਿਰ ਵੀ ਹਿੰਮਤ ਨਹੀਂ ਹਾਰਦੇ ਅਤੇ ਨਾ ਹੀ ਪਰਮਾਤਮਾ ਨਾਲ ਕੋਈ ਗਿਲਾ ਕਰਦੇ ।ਅਣਥੱਕੇ ਹੀ ਆਪਣੀ ਮੰਜ਼ਿਲ ਵੱਲ ਚਲਦੇ ਰਹਿੰਦੇ ।

Please log in to comment.

More Stories You May Like