Kalam Kalam

ਸਫਲ ਦੁਕਾਨਦਾਰੀ

#ਸਫਲ_ਦੁਕਾਨਦਾਰੀ_ਤੇ_ਵਿਹਾਰ ਬਠਿੰਡੇ ਦੇ ਸ਼ੀਸ਼ ਮਹਿਲ ਆਸ਼ਰਮ ਦੇ ਪ੍ਰਵਾਸ ਦੌਰਾਨ ਜਿਆਦਾਤਰ ਅਸੀਂ ਰੇਲਵੇ ਪੁੱਲ ਦੇ ਥੱਲ੍ਹੇ ਬਾਬਾ ਦੀਪ ਸਿੰਘ ਨਗਰ ਨੂੰ ਜਾਂਦੀ ਸੜ੍ਹਕ ਤੇ ਲੱਗੇ ਖੋਖਿਆ ਤੋਂ ਹੀ ਸਬਜ਼ੀ ਖਰੀਦਦੇ ਹਾਂ। ਸਾਡੀ ਬਾਹਲੀ ਆੜ੍ਹਤ ਵੰਦਨਾ ਕੇ ਖੋਖੇ ਤੇ ਹੈ ਹਾਲਾਂਕਿ ਵੰਦਨਾ ਦਾ ਪਾਪਾ ਸੁਰੇਸ਼ ਰਾਏ ਮਿੱਠਾ ਨਹੀਂ ਬੋਲਦਾ। ਪਹਿਲਾਂ ਤਾਂ ਉਹ ਗੂਗਲ ਪੇ ਰਾਹੀਂ ਪੈਸੇ ਵੀ ਨਹੀਂ ਸੀ ਲੈਂਦਾ। ਫਿਰ ਅਸੀਂ ਉਸਦੇ ਨੇੜੇ ਖੜ੍ਹਦੇ ਪੰਡਿਤ ਜੀ ਤੋਂ ਸਬਜ਼ੀ ਖਰੀਦਣ ਲੱਗ ਪਏ। ਉਹ ਬਹੁਤ ਇੱਜਤ ਦਿੰਦਾ ਹੈ ਉਹ ਜਿਆਦਾ ਭੋਜਪੁਰੀ ਬੋਲਦਾ ਹੈ ਉਸ ਦੀਆਂ ਬਹੁਤੀਆਂ ਗੱਲਾਂ ਸਾਡੇ ਪੱਲੇ ਨਹੀਂ ਪੈਂਦੀਆਂ। ਪੰਡਿਤ ਕੋਲ੍ਹ ਸਬਜ਼ੀ ਸੀਮਤ ਹੀ ਹੁੰਦੀ ਹੈ। ਨਾਲਦੇ ਠੇਲੇ ਤੇ ਖੜ੍ਹੀ ਸਰਿਤਾ ਬਹੁਤ ਪ੍ਰੇਮ ਨਾਲ ਨਮਸਤੇ ਬਲਾਉਂਦੀ ਹੈ। ਉਹਨਾਂ ਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਉਹ ਪਹਿਲਾਂ ਕਿਸੇ ਫੈਕਟਰੀ ਵਿੱਚ ਕੰਮ ਕਰਦੀ ਸੀ। ਹੁਣ ਉਸਨੇ ਉਹ ਨੌਕਰੀ ਛੱਡ ਦਿੱਤੀ ਤੇ ਆਪਣੇ ਪਤੀ ਨਾਲ ਕੰਮ ਕਰਵਾਉਂਦੀ ਹੈ। ਸਰਿਤਾ ਬਹੁਤ ਸਿਆਣੀ ਤੇ ਨਰਮ ਹੈ। ਉਸਦਾ ਪ੍ਰੇਮ ਵੇਖਕੇ ਅਸੀਂ ਉਸ ਤੋਂ ਵੀ ਸਬਜ਼ੀ ਖਰੀਦਦੇ ਹਾਂ। ਇਥੇ ਬਹੁਤ ਸਾਰੇ ਪ੍ਰਦੇਸ਼ੀ ਅਲੱਗ ਅਲੱਗ ਰੇਹੜੀਆਂ ਲਗਾਉਂਦੇ ਹਨ। ਬਹੁਤ ਵਧੀਆ ਗੁਜ਼ਾਰਾ ਕਰਦੇ ਹਨ। ਇਹਨਾਂ ਵਿੱਚ ਕੋਈਂ ਵੀ ਪੰਜਾਬੀ ਨਹੀਂ ਹੁੰਦਾ। ਇਥੋਂ ਪੰਜਾਬੀ ਤਾਂ ਡਾਇਨਾਸੋਰ ਵਾੰਗੂ ਅਲੋਪ ਹੀ ਹੋ ਗਏ। ਅਸੀਂ ਇਹਨਾਂ ਤਿੰਨਾਂ ਨੂੰ ਹੀ ਖ਼ੁਸ਼ ਰੱਖਣਾ ਚਾਹੁੰਦੇ ਹਾਂ। ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਸ ਲਈ ਬਦਲ ਬਦਲਕੇ ਯ ਵੰਡਕੇ ਇਹਨਾਂ ਤੋਂ ਸਬਜ਼ੀ ਖਰੀਦਦੇ ਹਾਂ ਤਾਂਕਿ ਕਿਸੇ ਗਰੀਬ ਦਾ ਦਿਲ ਨਾ ਦੁਖੇ। ਕੋਈਂ ਨਿਰਾਸ਼ ਨਾ ਹੋਵੇ। ਅੱਜ ਮੈਂ ਗੱਡੀ ਮੋੜਨ ਲਈ ਥੋੜ੍ਹਾ ਅੱਗੇ ਚਲਾ ਗਿਆ। ਇੱਕ ਰੇਹੜੀ ਵਾਲਾ ਇਕੱਲਾ ਹੀ ਖੜ੍ਹਾ ਸੀ। ਉਸ ਕੋਲ੍ਹ ਵਧੀਆ ਮੂਲੀਆਂ ਤੇ ਟਮਾਟਰ ਸਨ। ਅਸੀਂ ਉਸਨੂੰ ਪਿਆਜ਼ ਦਾ ਰੇਟ ਪੁੱਛਿਆ। ਉਸਨੇ ਦੂਸਰਿਆਂ ਨਾਲੋਂ ਦਸ ਰੁਪਏ ਘੱਟ ਹੀ ਦੱਸਿਆ। ਮੈਨੂੰ ਉਹ ਰੇਹੜੀ ਵਾਲਾ ਮੰਦੇ ਦਾ ਸ਼ਿਕਾਰ ਲੱਗਿਆ। ਮੈਂ ਉਸ ਕੋਲੋਂ ਪਿਆਜ਼ ਖਰੀਦ ਲਏ। ਪਰ ਉਸ ਕੋਲ੍ਹ ਗੂਗਲ ਪੇ ਦੀ ਸਾਹੁਲੀਅਤ ਨਹੀਂ ਸੀ। ਫਿਰ ਵੀ ਉਸਨੇ "ਪੈਸੇ ਫਿਰ ਕਭੀ ਦੇ ਦੇਣਾ।" ਕਹਿ ਕੇ ਸਮਾਨ ਦੇ ਦਿੱਤਾ। ਪਰ ਅਸੀਂ ਅੱਧੇ ਘੰਟੇ ਬਾਅਦ ਨੇੜਲੇ ਦੁਕਾਨਦਾਰ ਤੋਂ ਨਕਦੀ ਲਿਆਕੇ ਉਸਨੂੰ ਦੇ ਦਿੱਤੀ। ਪਰ ਮੇਰੇ ਨਾਲਦੀ ਨੂੰ ਉਸ ਕੋਲ੍ਹ ਪਿਆ ਸਰੋਂ ਦਾ ਸਾਗ, ਪਾਲਕ ਤੇ ਮੇਥੀ ਪਸੰਦ ਆ ਗਈ। ਅਸੀਂ ਇੱਕ ਸੱਠ ਦਾ ਸਾਗ ਖਰੀਦ ਲਿਆ ਭਾਵੇਂ ਗੂਗਲ ਪੇ ਵਾਲ਼ੀ ਸਮੱਸਿਆ ਫਿਰ ਵੀ ਬਰਕਰਾਰ ਸੀ। ਕੁਦਰਤੀ ਅਸੀਂ ਸ਼ਾਮ ਨੂੰ ਕਿਸੀ ਕੰਮ ਫਿਰ ਉਸ ਪਾਸੇ ਗਏ ਤੇ ਮੈਂ ਉਸਨੂੰ ਨਕਦ ਪੈਸੇ ਦੇ ਦਿੱਤੇ। ਸਾਨੂੰ ਸਪੈਸ਼ਲ ਆਇਆ ਨੂੰ ਵੇਖਕੇ ਉਸਨੇ ਸ਼ਰਮ ਜਿਹੀ ਮਹਿਸੂਸ ਕੀਤੀ ਤੇ ਬਹੁਤ ਖੁਸ਼ ਹੋਇਆ। ਉਸਨੇ ਸਾਡੇ ਪੈਸੇ ਦੇਣ ਲਈ ਉਚੇਚਾ ਆਉਣ ਤੇ ਸ਼ੁਕਰੀਆ ਵੀ ਕੀਤਾ। ਮੈਂ ਉਸਦੇ ਵਿਹਾਰ ਤੋਂ ਖੁਸ਼ ਹੋਇਆ। ਇਸ ਤਰ੍ਹਾਂ ਨਾਲ ਸਬਜ਼ੀ ਖਰੀਦਣ ਲਈ ਸਾਡੇ ਅੱਡੇ ਤਿੰਨ ਤੋਂ ਚਾਰ ਹੋ ਗਏ। ਜਿਥੋਂ ਸਾਨੂੰ ਅਪਣੱਤ ਦਾ ਅਹਿਸਾਸ ਹੁੰਦਾ ਹੈ। ਸਫਲ ਦੁਕਾਨਦਾਰੀ ਲਈ ਦੁਕਾਨਦਾਰ ਦਾ ਵਿਹਾਰ ਬਹੁਤ ਮਾਇਨੇ ਰੱਖਦਾ ਹੈ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ

Please log in to comment.