Kalam Kalam

ਪਾਪ ਨਹੀਂ ਫੈਸ਼ਨ

ਹਰਜੋਤ ਦੀ ਉਮਰ ਵਿਆਹੁਣਯੋਗ  ਹੋ ਗਈ ਤਾਂ ਮਾਂ ਬਾਪ ਨੇ   ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹਰਜੋਤ ਲਈ ਵਧੀਆ ਪਰਿਵਾਰ ਦੀ ਦੱਸ ਪਾਉਣ ਲਈ ਕਿਹਾ ।  ਇਸ ਗੱਲ ਨੂੰ ਕੀਤੇ ਕੁਝ ਸਮਾਂ ਬੀਤ ਗਿਆ । ਫੇਰ ਅਚਾਨਕ ਇਕ ਦਿਨ ਬੀਰੋ ਨਾਮ ਦੀ ਔਰਤ ਆਪਣੇ ਨਾਲ ਕਿਸੇ ਹੋਰ ਔਰਤ ਨੂੰ ਲੈ ਕੇ ਹਰਜੋਤ ਦੇ ਘਰ ਆਈ । ਚਾਹ ਪਾਣੀ ਪੀਣ ਮਗਰੋਂ ਬੀਰੋ ਦੇ ਨਾਲ ਆਈ ਔਰਤ  ਹਰਜੋਤ ਨੂੰ ਕਹਿੰਦੀ , ਪੁੱਤ ਖੜ੍ਹੀ ਹੋ ਕੇ ਚੱਲ ਕੇ ਦਿਖਾਈ । ਇਹ ਸੁਣ ਕੇ ਹਰਜੋਤ ਹੱਕੀ ਬੱਕੀ ਰਹਿ ਗਈ  । ਉਸ ਔਰਤ ਨੇ ਹਰਜੋਤ ਨੂੰ ਸਿਰ ਤੋਂ ਪੈਰਾਂ ਤੱਕ ਬੜੀ ਰੀਝ ਨਾਲ ਦੇਖਿਆ , ਹਰਜੋਤ ਨੂੰ ਇਸ ਹਰਕਤ ਤੇ ਗੁੱਸਾ ਤਾਂ ਆ ਰਿਹਾ ਸੀ ਪਰ ਉਹ ਬੋਲੀ ਕੁਝ ਨਹੀਂ । ਕੁਝ ਸਮਾਂ ਰੁਕ ਕੇ ਉਸ ਔਰਤ ਨੇ ਆਪਣੇ ਮਨ ਦੀ ਗੱਲ ਜੁਬਾਨ ਤੇ ਲਿਆਉਂਦੇ ਕਿਹਾ ,   ਕੁੜੀ ਮੈਨੂੰ ਜੱਚ ਗਈ ਆ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰਦੀ ਆ ਕੁੜੀ ਬਾਰੇ । ਤੁਸੀਂ ਮੁੰਡੇ ਬਾਰੇ ਪਤਾ ਕਰ ਲੈਣਾ , ਜੋ ਜੋ ਮੈਨੂੰ ਪਤਾ ਮੈਂ ਦੱਸ ਦਿੰਦੀ ਆ । ਉਸ ਔਰਤ ਨੇ ਮੁੰਡੇ ਦੀ ਜ਼ਮੀਨ ਜਾਇਦਾਦ ਬਾਰੇ ਦੱਸਣ ਮਗਰੋਂ ਜਦ ਕਿਹਾ ਕੇ ਮੁੰਡੇ ਦਾ ਅੰਮ੍ਰਿਤੁ ਛਕਿਆ ਹੋਇਆ । ਹਰਜੋਤ ਨੇ ਇਹ ਸੁਣਦੇ ਹੀ ਆਪਣੇ ਮਨ ਦੀ ਗੱਲ ਦੱਸਦੇ ਕਿਹਾ ਕਿ ਆਂਟੀ ਗੱਲ ਅੱਗੇ ਤੋਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੇਰੀ ਕੋਈ ਮਜ਼ਬੂਰੀ  ਹੈ ਕਿ ਮੇਰੇ ਫੇਸ ਤੇ ਹੇਅਰ ਆਉਂਦੇ ਤੇ  ਹਰ ਮਹੀਨੇ ਵੈਕਸ ਕਰਵਾਉਣ  ਕਰਕੇ ਮੈਂ ਅੰਮ੍ਰਿਤ ਨਹੀਂ ਨਿਭਾ ਸਕਦੀ । ਹਰਜੋਤ ਨੇ ਕਿਹਾ ਕਿ ਮੈਂ  ਆਪਣੀ ਮਜ਼ਬੂਰੀ ਕਰਕੇ ਪਾਪ ਦੀ ਭਾਗੀਦਾਰ ਨਹੀਂ ਬਣ ਸਕਦੀ ।  ਬੀਰੋ ਅਤੇ ਨਾਲ ਆਈ ਔਰਤ ਨੇ ਹਰਜੋਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿਹਾ ਕਿ ਪੁੱਤ ਅਸੀਂ ਤੇਰੀ ਮਜ਼ਬੂਰੀ ਜਾਣਦੇ ਹਾਂ । ਪਰ ਤੂੰ ਰਿਸ਼ਤਾ ਕਰਵਾ ਲੈ , ਅੱਜਕਲ੍ਹ ਅੰਮ੍ਰਿਤ ਛੱਕ ਕੇ ਵੀ ਵੈਕਸ ਵਗੈਰਾ ਕਰਾਉਣਾ ਬੁਰੀ ਗੱਲ ਨਹੀਂ । ਜੋ ਤੈਨੂੰ ਪਾਪ ਲੱਗਦਾ ਉਹ ਪਾਪ ਨਹੀਂ ਫੈਸ਼ਨ ਆ ।   ਹਰਜੋਤ ਨੂੰ ਬੀਰੋ ਤੇ ਨਾਲ ਆਈ ਔਰਤ ਉੱਪਰ ਬਹੁਤ ਗੱਸਾ ਆਇਆ ਤੇ ਹਰਜੋਤ ਨੇ ਕੋਰਾ ਜਵਾਬ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਮੈਂ ਅੰਮ੍ਰਿਤਧਾਰੀ ਨਹੀਂ ਤੇ ਅੰਮ੍ਰਿਤ ਨਹੀਂ ਛਕਿਆ ਪਰ ਮੇਰਾ ਗੁਰਬਾਣੀ ਚ ਅਟੁੱਟ ਵਿਸ਼ਵਾਸ ਹੈ ਤੇ  ਤੁਹਾਡੇ ਲਈ ਇਹ ਪਾਪ ਨਹੀਂ ਫੈਸ਼ਨ ਹੈ ਪਰ ਮੇਰਾ ਦਿਲ ਗੁਰਬਾਣੀ ਦੇ ਅਸੂਲਾਂ ਦੀ ਉਲੰਘਣਾ ਕਰਕੇ ਕੀਤੇ  ਅਜਿਹੇ ਫੈਸ਼ਨ ਨੂੰ ਕਬੂਲ ਕਰਨ ਦੀ ਹਾਮੀ ਨਹੀਂ ਭਰਦਾ । ਹਰਜੋਤ ਦਾ ਜਵਾਬ ਸੁਣ ਕੇ ਦੋਨੋਂ ਮੂੰਹ ਬਣਾ ਕੇ ਹਰਜੋਤ ਦੇ ਘਰੋਂ ਨਿਕਲ ਗਈਆ ।

Please log in to comment.

More Stories You May Like