ਉਹ ਦੋਵੇਂ ਜਦ ਛੋਟੇ ਛੋਟੇ ਸਨ ਤਾਂ ਅਕਸਰ ਉਹ ਤੇ ਮੀਤਾਂ ਆਪਸ ਵਿਚ ਘਰ ਘਰ ਖੇਡਦੇ। ਉਹ ਐਂਵੇ ਮੁਚੀਂ ਦੇ ਖੇਤ ਬਣਾ ਕੇ ਵਾਹੀ ਕਰਨ ਜਾਂਦਾ ਤੇ ਉਹ ਉਸ ਲਈ ਖੇਤ ਰੋਟੀ ਲੈ ਕੇ ਜਾਂਦੀ। ਇਸਤੋਂ ਇਲਾਵਾ ਉਹ ਘਰ ਦੇ ਹੋਰ ਵੀ ਨਿੱਕੇ ਮੋਟੇ ਕੰਮ ਵੀ ਇਕੱਠਿਆਂ ਕਰਦੇ। ਉਹ ਝੂਠੀ ਮੂਠੀ ਦੀ ਪੱਠੇ ਕੁਤਰਨ ਵਾਲੀ ਮਸ਼ੀਨ ਤੇ ਪੱਠਿਆਂ ਦਾ ਕੁਤਰਾ ਕਰਦਾ ਤੇ ਮੀਤਾਂ ਰੁੱਗ ਲਗਾਉਂਦੀ। ਉਹ ਮੁਰਗੀਆਂ ਨੂੰ ਦਾਣਾ ਪਾਉਂਦਾਂ ਤਾਂ ਮੀਤਾਂ ਮੁਰਗੀਆਂ ਦੇ ਆਂਡੇ ਇਕੱਠੇ ਕਰਦੀ। ਉਨ੍ਹਾਂ ਦੀਆਂ ਮਾਵਾਂ ਜ਼ੋ ਕਿ ਆਪਸ ਵਿੱਚ ਗੁਆਂਢਣਾਂ ਤੇ ਸਹੇਲੀਆਂ ਸਨ, ਉਨ੍ਹਾਂ ਨੂੰ ਇਕੱਠਿਆਂ ਖੇਡਦੇ ਦੇਖ ਕੇ ਬਹੁਤ ਖੁਸ਼ ਹੁੰਦੀਆਂ ਤੇ ਕਈ ਵਾਰ ਮੂੰਹ ਜੋੜ ਕੇ ਕੰਨਾ ਕੋਲ ਗੱਲਾਂ ਕਰਦੀਆਂ " ਸੱਚੀਂ ਆਈਂ ਜਾਪਦੇ ਨੇ ਜਿਵੇਂ ਸੱਚੀਂ ਮੁੱਚੀਂ ਈ------" ਅਗਾਂਹ ਉਹ ਗੱਲ ਜਾਣ ਬੁੱਝ ਕੇ ਅਧੂਰੀ ਛੱਡ ਦਿੰਦੀਆਂ ਜਿਵੇਂ ਅਧੂਰੀ ਗੱਲ ਦੇ ਹੀ ਮਤਲਬ ਸੰਪੂਰਨ ਹੋਣ। ਹੁਣ ਜਦ ਕਦੇ ਉਹ ਉਨ੍ਹਾਂ ਦੇ ਘਰ ਜਾਂਦਾ ਹੈ ਤਾਂ ਮੀਤਾਂ ਦੀ ਮਾਂ ਆਖਦੀ ਹੈ "ਜਾ ਪੁੱਤ ਵੀਰ ਨੂੰ ਪਾਣੀ ਦੇ ਦੇ " ਤੇ ਜਾਂ ਫਿਰ " ਜੇ ਕੁਝ ਪੜ੍ਹਾਈ ਵਿਚ ਨਹੀਂ ਸਮਝ ਆਉਂਦਾ ਤਾਂ ਭਰਾ ਤੋਂ ਸਮਝ ਲੈ।" ਤੇ ਉਸ ਦੇ ਆਪਣੇ ਘਰ ਵੀ ਉਸਦੀ ਮਾਂ ਉਸਨੂੰ ਆਖਦੀ ਹੈ " ਜਾ ਪੁੱਤ ਆਪਣੀ ਭੈਣ ਮੀਤਾਂ ਨੂੰ ਬੁਲਾ ਲਿਆ,ਉਹ ਮੇਰੇ ਨਾਲ ਥੋੜ੍ਹਾ ਵਿਹੜਾ ਲਿਪਾ ਦਿਉਗੀ।" ਉਸ ਨੂੰ ਸਮਝ ਨਹੀਂ ਆਉਂਦਾ ਆਖਿਰ ਮਾਵਾਂ ਦਾ ਵਰਤਾਓ ਕਿਉਂ ਬਦਲ ਗਿਆ ਹੈ। ਅਸਲ ਵਿੱਚ ਉਹ ਤੇ ਦੋਵੇਂ ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖ ਚੁਕੇ ਹਨ। ਤੇ ਉਹ ਸੋਚਦਾ ਹੈ ਕਿ "ਅਸੀਂ ਕਿਓਂ ਨਹੀਂ ਸਾਰੀ ਜ਼ਿੰਦਗੀ ਬਚਪਨ ਦੀ ਤਰ੍ਹਾਂ ਗੁਜ਼ਾਰ ਦਿੰਦੇ।
Please log in to comment.