Kalam Kalam

ਮੋਰ ਦੇ ਖੰਭ

ਜਨਵਰੀ ਮਹੀਨੇ ਦਾ ਅਖੀਰ ਚਲ ਰਿਹਾ ਸੀ  ।ਮਾਰਚ ਵਿੱਚ ਬਸੰਤ ਰੁੱਤ ਸੀ ।ਬੱਚੇ ਇਕ ਮਹੀਨਾ ਪਹਿਲਾਂ ਹੀ ਪਤੰਗ ਉਡਾਉਣ ਲੱਗ ਗਏ ।ਉਹਨਾਂ ਬੱਚਿਆਂ ਨੂੰ ਦੇਖ ਕੇ ਰਘੂ ਵੀ ਘਰ ਆ ਕੇ ਪਤੰਗ ਲੈਣ ਦੀ ਜਿੱਦ ਕਰਨ ਲੱਗਾ ।ਮਾਂ ਬੜਾ ਸਮਝਾਇਆ ਕਿ ਪੁੱਤ ਪਤੰਗ ਉਡਾਣੇ ਚੰਗੀ ਗੱਲ ਨਹੀਂ ।ਇਨ੍ਹਾਂ ਦਿਨਾਂ ਵਿੱਚ ਪੜ੍ਹਾਈ ਕਰਨਾ ਬੇਹੱਦ ਜਰੂਰੀ ਹੈ ਕਿਉਂਕਿ  ਫਰਵਰੀ ਮਾਰਚ ਦੇ ਮਹੀਨੇ ਵਿਚ ਫਾਈਨਲ ਪੇਪਰ ਹੁੰਦੇ ਹਨ । ਰਘੂ ਉੱਪਰ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ।ਜਿੱਦ ਕਰਕੇ ਰਘੂ ਬਿਲਕੁਲ ਹੀ ਪੜ੍ਹਨਾ ਛੱਡ ਦਿੰਦਾ ਕਿ ਜੇਕਰ ਪਤੰਗ ਲੈ ਕੇ ਦਿਓਗੇ ਤਾਂ ਹੀ ਪੜ੍ਹਾਈ ਕਰਾਂਗਾਂ ।ਮਾਂ ਰਘੂ ਦੀ ਜਿੱਦ ਅੱਗੇ ਹਾਰ ਜਾਂਦੀ ਅਤੇ ਰਘੂ ਨੂੰ ਪਤੰਗ ਲਿਆਉਣ ਲਈ  ਵੀਹ ਰੁਪਏ ਦੇ ਦਿੰਦੀ । ਰਘੂ ਪਤੰਗ ਲੈ ਆਉਂਦਾ ਅਤੇ ਘਰ ਆ ਕੇ ਕੱਪੜੇ ਸੀਊਣ ਵਾਲੀ ਰੀਲ ਦੀ ਡੋਰ ਬਣਾ ਕੇ ਪਤੰਗ ਉਡਉਣ ਲੱਗ ਜਾਂਦਾ ।ਡੋਰ ਕੱਚੀ ਹੋਣ ਕਰਕੇ ਟੁੱਟ ਜਾਂਦੀ ਅਤੇ ਰਘੂ ਦਾ ਪਤੰਗ ਕਿਤੇ ਦੂਰ ਜਾ ਡਿੱਗ ਜਾਂਦਾ ।ਜਿਸ ਨੂੰ ਲੱਭਣ ਲਈ  ਰਘੂ ਆਸ ਪਾਸ ਦੇ ਖੇਤਾਂ ਵਿਚ ਚਲਾ ਜਾਂਦਾ । ਰਘੂ ਮਾਯੂਸ ਹੋ ਕੇ ਘਰ ਆਉਂਦਾ ਅਤੇ ਮਾਂ ਦੀ ਗੋਦੀ ਵਿਚ ਸਿਰ ਰੱਖ ਕੇ ਰੋਦਾਂ ।ਮਾਂ ਚੁੱਪ ਕਰਾਉਣ ਲਈ  ਝੂਠਾ ਜਿਹਾ ਕਹਿੰਦੀ ਕਿ ਚਲ ਮੇਰਾ ਪੁੱਤ ਰੋਟੀ ਖਾਹ ਤੇ ਰੋ ਨਾ ,ਕਲ ਮੈਂ ਆਪਣੇ ਪੁੱਤ ਨੂੰ ਨਵਾਂ ਪਤੰਗ ਲੈ ਦੇਊਗੀ ।ਰਘੂ ਨੇ ਰੋਟੀ ਖਾਧੀ ਅਤੇ ਸੌ ਗਿਆ ।ਅਗਲੇ ਦਿਨ ਸਕੂਲੋਂ ਵਾਪਸ ਆਉਦਿਆਂ ਹੀ ਰਘੂ ਨੇ ਮਾਂ ਨੂੰ ਰਾਤ ਵਾਲੀ ਗੱਲ ਯਾਦ ਕਰਵਾਈ ਅਤੇ ਪਤੰਗ ਲਈ  ਰੁਪਏ ਮੰਗੇ ।ਮਾਂ ਨੇ ਨਾ ਨੁੱਕਰ ਕਰਦੇ ਰੁਪਏ ਰਘੂ ਨੂੰ ਦੇ ਦਿੱਤੇ ।ਰਘੂ ਫਿਰ ਪਤੰਗ ਲੈ ਆਇਆਂ ।ਇਸ ਵਾਰ ਰਘੂ ਨੇ ਦੁਕਿ ਉੱਪਰ ਚਾਈਨਾ ਡੋਰ ਵਾਲੀ ਚੱਕਰੀ ਪਈ ਦੇਖੀ ਅਤੇ ਦੁਕਾਨਦਾਰ ਤੋਂ ਪੁੱਛਿਆ ,ਇਹ ਕੀ ਹੈ ?ਦੁਕਾਨਦਾਰ ਨੇ ਚੱਕਰੀ ਦੀ ਤਾਰੀਫ ਕਰਦੇ ਕਿਹਾ ਕਿ ਇਹ ਚਾਈਨਾ ਡੋਰ ਆ ,ਇਹ ਜਲਦੀ ਟੁੱਟਦੀ ਨਹੀਂ ।ਇਸ ਨਾਲ ਪਤੰਗ ਨੂੰ ਬਹੁਤ ਉੱਚਾ ਉਡਾਇਆ ਜਾ ਸਕਦਾ । ਹੁਣ ਰਘੂ ਦੇ ਮਨ ਉੱਪਰ ਚਾਈਨਾ ਡੋਰ ਦਾ ਭੂਤ ਸਵਾਰ ਹੋ ਗਿਆ ।ਰਘੂ ਹਰ ਰੋਜ਼ ਚਾਈਨਾ ਡੋਰ ਲੈਣ ਦੀ ਜਿੱਦ ਕਰਨ ਲੱਗਾ ।ਮਾਂ ਨੇ ਬਹੁਤ ਸਮਝਾਇਆ ਕਿ ਚਾਈਨਾ ਡੋਰ ਮਨੁੱਖਾ ਅਤੇ ਪੰਛੀਆਂ ਲਈ ਚੰਗੀ ਨਹੀਂ ।ਰਘੂ ਇਨ੍ਹਾਂ ਗੱਲਾਂ ਨੂੰ ਮਹਿਜ਼ ਡੋਰ ਨਾ ਲੈ ਕੇ ਦੇਣ ਦਾ ਬਹਾਨਾ ਸਮਝਦਾ ਸੀ । ਘਰ ਵਿਚ ਕਿਸੇ ਨੇ ਵੀ ਡੋਰ ਲੈ ਕੇ ਦੇਣ ਦੀ ਹਾਮੀ ਨਾ ਭਰੀ ।ਰਘੂ ਤਰਲੇ ਕਰ ਕਰ ਥੱਕ ਗਿਆ ਸੀ ।ਉਧਰੋਂ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਗੈਸ ਪੇਪਰ ਖਰੀਦਣ ਲਈ  ਕਿਹਾ ਤਾਂ ਕਿ ਬੱਚੇ  ਬੋਰਡ ਦੀ ਜਮਾਤ ਵਿੱਚੋ ਵਧੀਆ ਨੰਬਰ ਲੈ ਕੇ ਪਾਸ ਹੋ ਸਕਣ ।ਰਘੂ ਨੇ ਤਰਕੀਬ ਸੋਚੀ ,ਘਰੋਂ ਆਪਣੀ ਮਾਂ ਤੋਂ ਗੈਸ ਪੇਪਰ ਲੈਣ ਲਈ ਜਿਆਦਾ ਰੁਪਇਆ ਦੀ ਮੰਗ ਕੀਤੀ ।ਉਨਾਂ ਰੁਪਇਆ  ਵਿਚੋਂ ਰਘੂ ਚਾਈਨਾ ਡੋਰ ਅਤੇ ਗੈਸ ਪੇਪਰ ਖਰੀਦ ਲਿਆਇਆਂ ।ਸਭ ਰਘੂ ਦੀ ਇਸ ਹਰਕਤ ਕਰਕੇ ਨਰਾਜ਼ ਸੀ ।ਪਿਤਾ ਨੇ ਤਾਂ ਰਘੂ ਨੂੰ ਕੁੱਟ ਵੀ ਦਿੱਤਾ ।ਰਘੂ  ਫਿਰ ਵੀ ਚਾਈਨਾ ਡੋਰ ਲੈ ਕੇ ਬਹੁਤ ਖੁਸ਼ ਸੀ । ਹੁਣ ਰਘੂ ਸਕੂਲ ਤੋਂ ਵਾਪਸ ਆ ਕੇ ਸ਼ਾਮ ਤੱਕ ਪਤੰਗ ਉਡਾਉਦਾ ਰਹਿੰਦਾ ।ਜਿਸ ਦਿਨ ਛੁੱਟੀ ਹੁੰਦੀ। ਸਾਰਾ ਦਿਨ ਘਰ ਨਾ ਆਉਦਾਂ ।ਮਾਂ ਬਹੁਤ ਟੋਕਦੀ ਪਰ ਰਘੂ ਨੂੰ ਕੋਈ ਫਰਕ ਨਾ ਪੈਂਦਾ । ਇਕ ਦਿਪ ਸ਼ਾਮ ਨੂੰ ਰਘੂ ਘਬਰਾਇਆ ਹੋਇਆ ਮੋਰ ਚੁੱਕੀ ਘਰ ਆਉਂਦਾ। ਰਘੂ ਦੀ ਚਾਈਨਾ ਡੋਰ ਨਾਲ ਮੋਰ ਦੇ ਖੰਭ ਕੱਟੇ ਗਏ ਸੀ ।ਮੋਰ ਲੜਖੜਾਉਦਾ ਹੋਇਆ ਰਘੂ ਤੋਂ ਕੁਝ ਦੂਰੀ ਉੱਪਰ ਡਿੱਗ ਗਿਆ ।ਮੋਰ ਦਰਦ ਨਾਲ ਬੇਹਾਲ ਸੀ ।ਰਘੂ ਮੋਰ ਦੀ ਇਸ ਹਾਲਤ ਦਾ ਜਿੰਮੇਵਾਰ ਖੁਦ ਨੂੰ ਸਮਝਦਾ ਹੋਇਆ ਰੋ ਰਿਹਾ ਸੀ ।ਰਘੂ ਦੇ ਪਿਤਾ ਜੀ ਨੇ ਡਾਕਟਰ ਨੂੰ ਫੋਨ ਕੀਤਾ ਤਾਂ ਕਿ ਮੋਰ ਦਾ ਇਲਾਜ ਕਰਵਾਇਆ ਜਾ ਸਕੇ ।ਪਰ ਡਾਕਟਰ ਦੇ ਆਉਣ ਤੱਕ ਦੇਰ ਹੋ ਚੁੱਕੀ ਸੀ ।ਦਰਦ ਨਾ ਸਹਾਰਦਾ ਹੋਇਆ ਮੋਰ ਮੌਤ ਦੇ ਆਗੋਸ਼ ਵਿੱਚ ਜਾ ਚੁੱਕਾ ਸੀ । ਰਘੂ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ।ਰੋਦੇਂ ਰੋਦੇਂ ਰਘੂ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਕਿ ਮੈਂ ਕਦੀ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰੂਗਾ ।ਮੈਂ ਪਤੰਗ ਉਡਾਉਣਾ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇਵਾਂਗਾ ।ਮਾਂ ਪਿਤਾ ਇਕੱਠੇ ਹੀ ਬੋਲਦੇ ਕਿ ਪੁੱਤ ਸੁਬਹ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ।ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ ਇਹੀ ਬਹੁਤ ਹੈ ।ਪਰ ਅਫ਼ਸੋਸ ਜੇ ਤੂੰ ਪਹਿਲਾਂ ਹੀ ਸਾਡੀ ਗੱਲ ਮੰਨ ਲੈਂਦਾ ਤਾਂ ਅੱਜ ਮੋਰ ਦੇ ਖੰਭ ਨਾ ਕੱਟੇ ਜਾਂਦੇ ।ਇਸ ਦਰਦ ਨਾਲ ਬੇਕਸੂਰ ਪੰਛੀ ਦੀ ਮੌਤ ਨਾ ਹੁੰਦੀ । ਰਘੂ ਖੜਾ ਹੁੰਦਾ ਅਤੇ ਮੋਰ ਦੇ ਕੁਝ ਖੰਭ ਚੁੱਕ ਕੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ।ਰਘੂ ਕਹਿੰਦਾ ,ਮਾਂ ਮੈਂ ਮੋਰ ਦੇ ਖੰਭਾਂ ਨੂੰ ਸੰਭਾਲ ਕੇ ਆਪਣੇ ਕੋਲ ਰੱਖਾਂਗਾ ਤਾਂ ਕਿ ਇਹ ਮੈਂਨੂੰ ਅੱਗੇ ਤੋਂ  ਸਹੀ ਫੈਸਲਾ ਲੈਣ ਵਿਚ ਮਦਦਗਾਰ ਸਾਬਿਤ ਹੋਣ ।ਰਘੂ ਆਪਣੇ ਕਮਰੇ ਵਿਚ ਜਾ ਕੇ ਮੋਰ ਦੇ ਖੰਭਾਂ ਨੂੰ ਆਪਣੀ ਅਲਮਾਰੀ ਵਿਚ ਸੰਭਾਲ ਦਿੰਦਾ ਅਤੇ ਕਿਤਾਬਾਂ ਚੁੱਕ ਕੇ ਪੜ੍ਹਾਈ ਕਰਨ ਬੈਠ ਜਾਂਦਾ ।

Please log in to comment.

More Stories You May Like