Kalam Kalam

ਸੰਦੂਕ

ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟੀ ਤੇ ਲਾਡਲੀ ਸੀ ,ਤਾਂ ਹੀ ਹਰ ਮੰਗ ਜਲਦੀ ਪੂਰੀ ਹੋ ਜਾਂਦੀ । ਇਹ ਵੇਖ ਦਾਦੀ ਹਮੇਸ਼ਾ ਪਾਪਾ ਨੂੰ ਘੂਰਦੀ । ਤੂੰ ਕੁੜੀ ਨੂੰ ਚੰਬਲਾਈ ਜਾਨਾਂ ,ਏਨੀ ਖੁੱਲ੍ਹ ਚੰਗੀ ਨਹੀਂ ।ਅਗਾਂਹ ਸਹੁਰੇ ਘਰ ਕੀ ਲੱਲਰ ਲਾਊ । ਪਾਪਾ ਵੱਲੋਂ ਪਟਾ ਢਿੱਲਾ ਹੁੰਦੇ ਹੀ ਮਾਂ ਵਾਲੇ ਪਾਸੇ ਕੱਸਿਆ ਜਾਂਦਾ, ਅੱਗ ਲੱਗ ਜੇ' ਆ ਟੀ ਵੀ ਨੂੰ ਸਾਰਾ ਦਿਨ ਇਸੇ ਵਿੱਚ ਵੜੀ ਰਹਿੰਦੀ ਆ ।ਜਿਹੋ ਜਿਹੀ ਵਿਹਲੜ ਆਪ ਉਹ ਜੀ ਕੁੜੀ ਜੰਮਤੀ ।ਨੱਬੇ ਸਾਲ ਨੂੰ ਪਹੁੰਚੀ ਦਾਦੀ ਸਭ ਨੂੰ ਇੱਕੋ ਤੱਕੜੀ ਤੋਲ ਛੱਡਦੀ ।ਮੈਨੂੰ ਕਦੇ ਕਦੇ ਦਾਦੀ ਤੇ ਗੁੱਸਾ ਆ ਜਾਣਾ 'ਤੇ ਕਹਿਣਾ' "ਦਾਦੀ ਤੂੰ ਕੌਣ ਆ ਕਹਿਣ ਵਾਲੀ,ਮੈਂ ਆਪਣੇ ਬਾਪ ਦਾ ਖਾਨੀ ਆਂ ਤੇਰਾ ਨਹੀਂ ? ਤੇ ਏਨਾ ਕਿਹ ਪਾਪਾ ਨੂੰ ਹੌਲੀ ਦੇਣੇ ਅੱਖ ਜਿਹੀ ਨੱਪ ਦੇਣੀ । ਪਟਾ ਫਿਰ ਚੜ੍ਹ ਜਾਣਾ, ਆਹ ਪੁੱਛ ਆਬਦੇ ਪਿਉ ਨੂੰ ,ਕੀ ਸੀ ਇਹਦੇ ਕੋਲ ਨਾਲੇ ਆਹ ਤੇਰੀ ਮਾਂ ਕੋਲ,ਗੱਲਾਂ ਕਰਦੀ ਏ । ਤੇ ਫਿਰ ਮੈਂ ਮਨ ਹੀ ਮਨ ਹੱਸੀ ਜਾਣਾ, ਸੱਚੀ ਵੱਡਿਆਂ ਦੀਆਂ ਗਾਲ਼ਾਂ ਵੀ ਬੱਚਿਆਂ ਵਰਗੀਆਂ ਹੀ ਹੁੰਦੀਆਂ ਨੇ। ਮੈਨੂੰ ਯਾਦ ਹੈ ਜਦ ਨਵਾਂ ਘਰ ਬਣਾਉਣਾ ਸੀ, ਤਾਂ ਦਾਦੀ ਜਿੱਦ ਕਰਕੇ ਬੈਠੀ ਰਹੀ ,ਕੇ ਪੁਰਾਣਾ ਕਮਰਾ ਨਹੀਂ ਢਾਹੁਣਾ 'ਤੇ ਨਾ ਹੀ ਮੇਰਾ ਸੰਦੂਕ ਉੱਥੋਂ ਕਿਸੇ ਨੇ ਹਿਲਾਉਣਾ । ਪਤਾ ਨਹੀਂ ਦਾਦੀ ਦੀਆਂ ਕਿਹੜੀਆਂ ਯਾਦਾਂ ਜੁੜੀਆਂ ਸੀ, ਬੱਸ ਫਿਰ ਪਾਪਾ ਨੇ ਵੀ ਉਹ ਕਮਰਾ ਉਸੇ ਤਰ੍ਹਾਂ ਛੱਡ ਦਿੱਤਾ 'ਤੇ ਅੱਗੇ ਨਵਾਂ ਘਰ ਬਣਾ ਲਿਆ । ਮੈਂ ਅਕਸਰ ਦਾਦੀ ਨੂੰ ਕਹਿਣਾ, ਲਿਆ ਦਾਦੀ ਚਾਬੀ, ਸੰਦੂਕ ਖੋਲ੍ਹੀਏ ,ਖ਼ਬਰਾਂ ਸੋਨੇ ਦੀਆਂ ਮੋਹਰਾਂ ਹੀ ਨਿਕਲ ਆਉਣ।ਮੇਰੀ ਗੱਲ ਤੇ ਸਭ ਹੱਸ ਪੈਂਦੇ, ਪਰ ਦਾਦੀ ਮੱਥੇ ਤਿਉੜੀ ਪਾ ਲੈਂਦੀ। ਖ਼ਬਰਦਾਰ ਜੇ ਮੇਰੇ ਸੰਦੂਕ ਵੱਲ ਝਾਕੀ ਮੈਂ ਅੱਗੋਂ ਦਾਦੀ ਨੂੰ ਹੋਰ ਛੇੜ ਦੇਣਾ । ਦਾਦੀ ਕੀ ਉਹਦੇ 'ਚ ਤੇਰੇ ਪੁਰਾਣੇ ਸੂਟ ਹੋਣੇ ਆ? ਤੈਨੂੰ ਕੀ ਅਕਲ ਆ ਕੁੜੀਏ ਸੂਟਾ ਬਾਰੇ ਲੱਖ ਲੱਖ ਦੇ ਅਣ ਸਿਉਂਤੇ ਵਰੀ ਵਾਲੇ ਸੂਟ ਪਾਏ ਨੇ ਮੇਰੇ ਸੰਦੂਕ ਵਿੱਚ । 'ਤੇ ਸੱਚੀਂ ਮੇਰੀ ਉਤਸੁਕਤਾ ਹੋਰ ਵੱਧ ਜਾਣੀ, ਖ਼ਬਰੇ ਦਾਦੀ ਸੱਚ ਹੀ ਬੋਲਦੀ ਹੋਵੇ। ਪਾਪਾ ਅਕਸਰ ਦੱਸਦੇ ਸੀ ਕਿ ਹਲਚਲੇ ਵੇਲੇ ਬੜਾ ਰੌਲਾ ਪਿਆ ,ਬਹੁਤ ਖੂਨ ਖਰਾਬਾ ਹੋਇਆ, ਹਜ਼ਾਰਾਂ ਜਾਨਾਂ ਗਈਆਂ ।ਤੇ ਤੇਰੇ ਦਾਦਾ ਤੇ ਦਾਦੀ ਜੀ, ਆਪਣਾ ਸਭ ਕੁਝ ਜ਼ਮੀਨ ਉਧਰ ਹੀ ਛੱਡ ਬੱਸ ਆ ਸੰਦੂਕ ਵਿੱਚ ਲੀੜੇ ਲੱਤੇ ਪਾ ਗੱਡੀ ਤੇ ਲੱਦ ਕੇ ਜਾਨ ਬਚਾਅ ਏਧਰ ਆ ਗਏ । ਔਖੇ ਸੌਖੇ ਇੱਕ ਕਮਰਾ ਖੜ੍ਹਾ ਕਰ ਲਿਆ ,ਸਿਰ ਤੇ ਛੱਤ ਨਸੀਬ ਹੋਈ 'ਤੇ ਫਿਰ ਥੋੜ੍ਹੇ ਸਮੇਂ ਬਾਅਦ ਮੈਂ ਪੈਦਾ ਹੋਇਆ ।ਤੇਰੇ ਦਾਦਾ ਜੀ ਨੇ ਬੜੀ ਮਿਹਨਤ ਕੀਤੀ ਤੇ ਫਿਰ ਤੋਂ ਜ਼ਮੀਨ ਜਾਇਦਾਦ ਬਣਾ ਲਈ ,ਪਰ ਜਲਦੀ ਹੀ ਕਿਸੇ ਬਿਮਾਰੀ ਕਾਰਨ ਇਸ ਸੰਸਾਰ ਤੋਂ ਚਲੇ ਗਏ । ਤੇਰੀ ਦਾਦੀ ਨੇ ਵੀ ਬਹੁਤ ਗ਼ਰੀਬੀ ਵੇਖੀ ,ਪਰ ਅੱਜ ਜੋ ਵੀ ਹਾਂ ਉਨ੍ਹਾਂ ਕਰਕੇ ਹੀ ਹਾਂ। ਇਹ ਸੁਣ ਮੇਰੀਆਂ ਅੱਖਾਂ ਭਰ ਆਉਣੀਆਂ ਤੇ ਦਾਦੀ ਲਈ ਮਣਾਂ ਮੂੰਹੀ ਪਿਆਰ ਉਮੜ ਆਉਣਾ । ਖੁੱਲ੍ਹੇ ਮਾਹੌਲ ਵਿੱਚ ਜੰਮੀ ਪਲੀ ਸੀ ।ਸ਼ਾਇਦ ਇਸੇ ਕਰਕੇ ਕਦੇ ਕਦੇ ਦਾਦੀ ਦੀਆਂ ਗਾਲਾਂ ਦਾ ਗੁੱਸਾ ਕਰ ਜਾਂਦੀ । ਇੱਕ ਦਿਨ ਅਚਾਨਕ ਦਾਦੀ ਦੀ ਤਬੀਅਤ ਖ਼ਰਾਬ ਹੋ ਗਈ। ਦਵਾਈ ਦਾਰੂ ਲਈ ਪਰ ਤਬੀਅਤ ਦਿਨ ਬ ਦਿਨ ਖ਼ਰਾਬ ਹੁੰਦੀ ਗਈ।ਉਮਰ ਵੀ ਹੁਣ ਕਾਫ਼ੀ ਸੀ 'ਤੇ ਡਾਕਟਰਾਂ ਨੇ ਵੀ ਸੇਵਾ ਕਰਨ ਲਈ ਕਹਿ ਦਿੱਤਾ। ਮੈਂ ਸਾਰਾ ਸਾਰਾ ਦਿਨ ਦਾਦੀ ਦੇ ਸਿਰਹਾਣੇ ਬੈਠੇ ਰਹਿਣਾ ।ਦਾਦੀ ਬਿਲਕੁਲ ਗੁੰਮ ਸੁੰਮ ਸੀ ।ਮੈਂ ਬਥੇਰਾ ਪੁੱਠਾ ਸਿੱਧਾ ਬੋਲਣਾ ,ਬਈ ਦਾਦੀ ਗਾਲਾਂ ਕੱਢੇ ,ਸੰਦੂਕ ਦਾ ਜਿੰਦਾ ਤੋੜ ਕੇ ਬਰੀ ਵਾਲੇ ਸੂਟ ਕੱਢਣ ਦੀ ਵੀ ਗੱਲ ਕਰਨੀ ,ਪਰ ਕੋਈ ਅਸਰ ਨਾ ਹੋਣਾ। ਰੂਹ ਤਾਂ ਸ਼ਾਇਦ ਨਿਕਲ ਗਈ ਸੀ ,ਬੱਸ ਕੁਝ ਸਾਹ ਬਚੇ ਸੀ।'ਤੇ ਅਗਲੀ ਸਵੇਰ ਦਾਦੀ ਵੀ ਚਲੀ ਗਈ।ਉਸ ਦਿਨ ਮੈਂ ਬਹੁਤ ਰੋਈ, ਆਪਣੀ ਸੁੱਧ ਬੁੱਧ ਖੋਹ ਬੈਠੀ ,ਮੈਂ ਜਾਣਦੀ ਸੀ, ਮਾਂ ਤੋਂ ਜ਼ਿਆਦਾ ਦਾਦੀ ਨੂੰ ਮੇਰਾ ਫਿਕਰ ਸੀ । ਸਾਰੀਆਂ ਰਸਮਾਂ ਹੋ ਗਈਆਂ ।ਹੁਣ ਘਰ ਵਿੱਚ ਚੁੱਪ ਸੀ, ਕੋਈ ਨਹੀਂ ਸੀ, ਹੱਸਦਾ, ਬੋਲਦਾ।ਮੈਂ ਵੀ ਚੁੱਪ ਚਾਪ ਬੇਜਾਨਾ ਵਾਂਗ ਬੈਠੀ ਰਹਿਣਾ ।ਇੱਕ ਦਮ ਯਾਦ ਆਇਆ 'ਤੇ ਭੱਜ ਮੈਂ ਦਾਦੀ ਵਾਲੇ ਕਮਰੇ ਵਿੱਚ ਜਾ ਵੜੀ।ਸੰਦੂਕ ਨੂੰ ਤੱਕਿਆ ਤਾਂ ਏਦਾਂ ਲੱਗਿਆ ਜਿਵੇਂ ਦਾਦੀ ਹਾਲੇ ਵੀ ਕਹਿ ਰਹੀ ਹੋਵੇ, ਖ਼ਬਰਦਾਰ,ਜੇ ਮੇਰੇ ਸੰਦੂਕ ਨੂੰ ਹੱਥ ਲਗਾਇਆ ।ਆਪ ਮੁਹਾਰੇ ਅੱਖੋਂ ਡੁੱਲ੍ਹਿਆ ਹੰਝੂ ਗੱਲ ਤੇ ਆ ਗਿਆ । 'ਤੇ ਹੱਥ ਨਾਲ ਸਾਫ ਕਰ ਥੋੜ੍ਹਾ ਹੱਸੀ । ਸੰਦੂਕ ਨੂੰ ਹੱਥ ਲਾਇਆ ਹੀ ਸੀ ਕਿ ਪਿੱਛੋਂ ਪਾਪਾ ਵੀ ਆ ਗਏ ।ਤੇ ਸੰਦੂਕ ਦੀ ਚਾਬੀ ਫੜਾ ਦਿੱਤੀ ।ਮੈਂ ਜਲਦੀ ਜਲਦੀ ਦਾਦੀ ਦਾ ਸੰਦੂਕ ਖੋਲ੍ਹ ਲਿਆ। ਏਦਾਂ ਲੱਗ ਰਿਹਾ ਸੀ ਜਿਵੇਂ ਦਾਦੀ ਨਾਲ ਫਿਰ ਤੋਂ ਗੱਲਵਕੜੀ ਪੈ ਗਈ ਹੋਵੇ ।ਅੱਖਾਂ ਫਿਰ ਭਰ ਆਈਆਂ, ਆਪਣੀਆਂ ਬਚਪਨ ਦੀਆਂ ਫਰਾਕਾਂ ਵੇਖ ਮੇਰੇ ਗੁੱਡੀ ਪਟੋਲੇ ,ਤੇ ਇੱਥੋਂ ਤੱਕ ਕਿ ਮੰਮੀ ਜੋ ਮੇਰੀਆਂ ਪੁਰਾਣੀਆਂ ਕਿਤਾਬਾਂ ਰੱਦੀ ਵਾਲੇ ਨੂੰ ਵੇਚਦੀ ਸੀ, ਦਾਦੀ ਨੇ ਉਹ ਕਿਤਾਬਾਂ ਵੀ ਵਾਪਸ ਲੈ ਸੰਦੂਕ ਵਿੱਚ ਸਾਂਭ ਲਈਆਂ ਸੀ । ਸੰਦੂਕ ਵਿੱਚੋਂ ਇੱਕ ਪੁਰਾਣਾ ਫੁੱਲਾਂ ਵਾਲਾ ਝੋਲਾ ਮਿਲਿਆ ਜਿਸ ਵਿੱਚ ਬਹੁਤ ਹੀ ਖੂਬਸੂਰਤ ਫੁਲਕਾਰੀ ਸੀ ।ਪਾਪਾ ਨੇ ਉਸ ਫੁਲਕਾਰੀ ਨੂੰ ਫੜ੍ਹ ਚੁੰਮਿਆ 'ਤੇ ਕਿੰਨਾ ਚਿਰ ਮੱਥੇ ਨਾਲ ਲਾ ਰੋਈ ਗਏ। ਪਾਪਾ ਨੇ ਦੱਸਿਆ ਆਹ ਫੁਲਕਾਰੀ ਤੇਰੀ ਦਾਦੀ ਨੇ ਤੇਰੇ ਲਈ ਰੱਖੀ ਸੀ, ਕਿ ਜਦ ਮੇਰੀ ਪੋਤੀ ਸਹੁਰੇ ਘਰ ਜਾਵੇਗੀ ,ਤਾਂ ਮੈਂ ਇਹ ਫੁਲਕਾਰੀ ਦੇਵਾਂਗੀ । ਮੈਂ ਤੇ ਪਾਪਾ ਉਸ ਫੁਲਕਾਰੀ ਨਾਲ ਲਿਪਟ ਪਤਾ ਨਹੀਂ ਕਦੋਂ ਤੱਕ ਰੋਈ ਗਏ । ਅੱਜ ਦੋ ਸਾਲ ਬੀਤ ਗਏ ਇਸ ਗੱਲ ਨੂੰ ਅੱਜ ਮੇਰਾ ਵਿਆਹ ਸੀ।ਇਸ ਘਰ ਨੂੰ ਛੱਡ ਕੇ ਜਾਣ ਦਾ ਸਮਾਂ, ਸਭ ਤਿਆਰੀਆਂ ਹੋ ਗਈਆਂ ਸੀ, ਵਿਦਾਈ ਦਾ ਸਮਾਂ ਵੀ ਹੋ ਗਿਆ । ਮੈਂ ਭੱਜ ਦਾਦੀ ਵਾਲੇ ਕਮਰੇ ਵਿੱਚ ਫਿਰ ਜਾ ਵੜੀ ।ਸੰਦੂਕ ਨੂੰ ਕੁੱਟ ਬਾਹਾਂ ਵਿੱਚ ਭਰ ਲਿਆ । ਹੰਝੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ।ਚੰਗਾ ਦਾਦੀ ਉਦਾਸ ਨਾ ਹੋਵੀਂ ਤੂੰ ਹਮੇਸ਼ਾ ਮੇਰੇ ਨਾਲ ਹੀ ਰਹੇਗੀ । ਪਤਾ ਹੀ ਨਹੀਂ ਬੱਚਿਆਂ ਵਾਂਗ ਅੱਜ ਮੈਂ ਕਿੰਨੀਆਂ ਹੀ ਗੱਲਾਂ ਦਾਦੀ ਦੇ ਸੰਦੂਕ ਨਾਲ ਕੀਤੀਆਂ । ਦਾਦੀ ਦਾ ਸੰਦੂਕ ਖੋਲ੍ਹ ਮੈਂ ਉਹ ਫੁਲਕਾਰੀ ਚੁੱਕ ਲਈ ,ਤੇ ਆਪਣੇ "ਵਰੀ ਵਾਲੇ ਸੂਟ" ਨਾਲ ਹੀ ਰੱਖ ਲਈ ਅੱਜ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਇਸ ਘਰ ਚੋਂ ਮੈਂ ਨਹੀਂ ਜਾ ਰਹੀ । ਸਗੋਂ ਮੇਰੀ ਦਾਦੀ ਵੀ ਸੰਦੂਕ ਵਿੱਚੋਂ ਨਿਕਲ ,ਅੰਤਾਂ ਦਾ ਮੋਹ ਦੇਣ ਲਈ ਮੇਰੇ "ਵਰੀ ਵਾਲੇ ਸੂਟ" ਨਾਲ ਫੁਲਕਾਰੀ ਦੇ ਰੂਪ ਵਿੱਚ ਮੇਰੇ ਨਾਲ ਹੀ ਜਾ ਰਹੀ ਹੈ । ਕੁਲਵੰਤ ਘੋਲੀਆ 95172-90006

Please log in to comment.

More Stories You May Like