ਗੱਜਣ ਸਿਹੁੰ ਪਿੰਡ ਦਾ ਕਾਮਾ ਬੰਦਾ ਦਿਹਾੜੀ ਕਰਕੇ ਖਾਣ ਵਾਲਾ,ਘਰ ਵਿਚ ਬਿਮਾਰ ਬਾਪੂ ਅਤੇ ਜਵਾਨ ਧੀ ਤੇ ਪਤਨੀ। ਗੱਜਣ ਪਿੰਡ ਦੇ ਸਰਪੰਚ ਦਾ ਖਾਸ ਕਾਮਾ ਸੀ ਅਤੇ ਰਾਜਨੀਤੀ ਦਾ ੳ ਵੀ ਨਹੀਂ ਸੀ ਜਾਣਦਾ। ਸਰਪੰਚ ਦਾ ਬੋਲ ਜ਼ੁਬਾਨੋਂ ਨਿੱਕਲਦਿਆਂ ਹੀ ਪੂਰਾ ਕਰਦਾ ਸੀ। ੳਹਦੇ ਭਾਅ ਦਾ ਸਰਪੰਚ ਦੀ ਮੰਤਰੀ ਨਾਲ ਖਾਸੀ ਉੱਠਣੀ ਬੈਹਣੀ ਸੀ ਸਰਕਾਰੇ ਦਰਬਾਰੇ ਚਲਦੀ ਬਹੁਤ ਸੀ। ਪਰ ਉਹਨੂੰ ਇਹ ਨੀ ਪਤਾ ਸੀ ਕਿ ਉਹਦੇ ਵਰਗੇ ਭੋਲਿਆਂ ਨੂੰ ਵਰਤਣਾ ਲੀਡਰਾਂ ਦੀ ਰਾਜਨੀਤੀ ਦਾ ਇੱਕ ਹਿੱਸਾ ਹੁੰਦੈ। ਵੋਟਾਂ ਦੌਰਾਨ ਕੰਮ ਛੱਡ ਗੱਜਣ ਸਿਹੁੰ ਦਿਨ ਰਾਤ ਪਾਰਟੀ ਦੇ ਕੰਮਾਂ ਚ ਤੁਰਿਆ ਫਿਰਦਾ ਰਹਿੰਦਾ। ਬਾਪੂ ਬਹੁਤ ਸਮਝਾਉਂਦਾ ਕਿ ਇਹ ਲੀਡਰ ਕਿਸੇ ਦੇ ਮਿੱਤ ਨੀ ਹੁੰਦੇ, ਤੂੰ ਜੇ ਕੰਮ ਕਰੇਂਗਾ ਤਾਂ ਖਾਏਂਗਾ ਪਰ ਗੱਜਣ ਤੇ ਕੋਈ ਅਸਰ ਨਾ ਹੁੰਦਾ, ਨਾ ੳਹ ਸਮਝਦਾ। ਰੈਲੀਆਂ ਚ ਤਰਲੇ ਮਿੰਨਤਾਂ ਕਰਕੇ ਲੋਕਾਂ ਨੂੰ 'ਕੱਠੇ ਕਰਕੇ ਲੈ ਜਾਂਦਾ ਤੇ ਮੰਤਰੀ ਸਾਬ ਮੂਹਰੇ ਨੰਬਰ ਸਰਪੰਚ ਦੇ ਬਣਦੇ। ਕਈ ਸਾਲ ਐਵੇਂ ਹੀ ਚੱਲਦਾ ਰਿਹਾ ਗੱਜਣ ਦੀ ਧੀ ਦਾ ਵਿਆਹ ਤੈਅ ਹੋਇਆ ਤਾਂ ਉਹ ਸੱਦਾ ਦੇਣ ਵਿਆਹ ਦਾ ਕਾਰਡ ਲੈ ਕੇ ਸਰਪੰਚ ਦੇ ਘਰ ਗਿਆ ਤੇ ਝਿਜਕ ਕੇ ਜੇ ਕਿਹਾ ਕਿ ਮੰਤਰੀ ਸਾਬ ਨੂੰ ਵੀ ਕਾਰਡ ਦੇ ਦਿਉ ਸਰਪੰਚ ਸਾਬ! "ਹਾਂ ਮੈ ਲਾਦੂੰ ਸਨੇਹਾ" ਸਰਪੰਚ ਨੇ ਸਿਰ ਹਿਲਾ ਕੇ ਹਾਮੀ ਭਰੀ। ਗੱਜਣ ਦੇ ਮਨ ਚ ਸੀ ਕਿ ਸਾਰੇ ਪਿੰਡ ਚ ਠੁੱਕ ਬਣਜੂ ਜਦੋਂ ਮੰਤਰੀ ਸਾਬ ਮੇਰੇ ਘਰ ਆਉਣਗੇ ,ਪਿੰਡ ਵਾਲਿਆਂ ਦੇ ਕਾਲਜੇ ਫੂਕੇ ਜਾਣਗੇ। ਧੀ ਦੇ ਵਿਆਹ ਦਾ ਦਿਨ ਆਇਆ। ਬਰਾਤ ਬੂਹੇ ਤੇ ਢੁੱਕੀ। ਸਭ ਕੁੱਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਮਾਹੌਲ ੳਦੋਂ ਗ਼ਮਗੀਨ ਹੋ ਗਿਆ ਜਦੋਂ ਮੁੰਡੇ ਵਾਲਿਆਂ ਵਲੋਂ ਹੋਰ ਲੈਣ-ਦੇਣ ਕਰਨ ਤੇ ਦਾਜ ਦੀ ਮੰਗ ਕੀਤੀ। ਅਚਾਨਕ ਗੱਜਣ ਦੇ ਟੱਬਰ ਤੇ ਜਿਵੇਂ ਬਿਜਲੀ ਡਿੱਗ ਗਈ। ਗੱਜਣ ਸਿਹੁੰ ਤਰਲੇ ਮਿੰਨਤਾਂ ਕਰਨ ਲੱਗਾ ਪਰ ੳਹ ਨਾ ਮੰਨੇ ।"ਕੁੜੀ ਦੀ ਡੋਲੀ ਤਾਂ ਹੀ ਉੱਠੂ ਜੇ ਪਹਿਲਾਂ ਸਾਡੀ ਮੰਗ ਪੂਰੀ ਹੋਊ" ਇਹ ਬੋਲ ਜਦ ਗੱਜਣ ਦੇ ਬਿਮਾਰ ਬਾਪੂ ਦੇ ਕੰਨੀਂ ਪਏ ਤਾਂ ਉਸਨੇ ਮੜਾਸਾ ਮਾਰੀ ਅਸਮਾਨੀ ਰੰਗ ਦੀ ਪੱਗ ਮੁੰਡੇ ਦੇ ਪਿਓ ਦੇ ਪੈਰਾਂ ਚ ਲਿਆ ਧਰੀ। ਫੇਰ ਵੀ ਮਿੰਨਤਾਂ ਕਰਨ ਤੇ ਵੀ ਜਦ ਨਾ ਮੰਨੇ ਤਾਂ ਗੱਜਣ ਸਿਉਂ ਦਾ ਸਬਰ ਟੁੱਟਦਾ ਦਿਸਿਆ ਅਤੇ ਉਹ ਗੱਜਿਆ," ਤੁਸੀ ਖੜੋਜੋ ਕੇਰਾਂ, ਹੁਣ ਜਾਇਓ ਨਾ ਜੇ ਬੰਦੇ ਦੇ ਪੁੱਤ ਓ ਮੈ ਹੁਣੇ ਆਇਆ, ਤੁਸੀਂ ਮੇਰੀ ਪਹੁੰਚ ਨੂੰ ਨੀ ਜਾਣਦੇ, ਮੈ ਤੋਰਦੈਂ ਗੱਡੇ ਭਰਕੇ ਸੋਨੇ ਦੇ" ਗੱਜਣ ਸਿਹੁੰ ਮੋਢੇ ਤੋਂ ਪਰਨਾ ਝਾੜਦਿਆਂ ਮੰਤਰੀ ਦੀ ਸ਼ਹਿ 'ਚ ਸਰਪੰਚ ਦੇ ਘਰ ਵਲ ਹੋ ਪਿਆ। ਸਰਪੰਚ ਦੇ ਘਰ ਜਾ ਕੇ ਸਾਰੀ ਵਿੱਥਿਆ ਸੁਣਾਈ “ਸਰਪੰਚਾ ਤੂੰ ਚੱਲ ਮੇਰੇ ਨਾਲ ਆਪਾਂ ਮੰਤਰੀ ਸਾਬ ਕੋਲ ਚੱਲੀਏ, ਮੇਰੀ ਧੀ ਦਾ ਘਰ ਵੱਸਣ ਤੋਂ ਪਹਿਲਾਂ ਉੱਜੜ ਜਾਊ ,ਮੇਰੀ ਪਿੰਡ ਚ ਕੀ ਰਹਿਜੂ ? ਨਾਲੇ ਤੁਹਾਡੇ ਹੁੰਦਿਆ ਇਹ ਸਭ ਕੋਈ ਕਿਵੇਂ ਕਰਜੂ ਭਲਾਂ? ਮੇਰੀ ਤਾਂ ਇੱਜਤ ਹੁਣ ਤੁਹਾਡੇ ਹੱਥ ਐ , ਮੈਂ ਅੱਜ ਤੱਕ ਸੋਡਾ ਹਰ ਬੋਲ ਪੁਗਾਇਆ" ਗੱਜਣ ਸਿਹੁੰ ਮਜਬੂਰ ਬਾਬਲ ਬਣ ਗਲ ਚ ਪਾਏ ਪਰਨੇ ਨੂੰ ਸਰਪੰਚ ਮੁਹਰੇ ਫੈਲਾ ਕੇ ਭੁੱਬਾਂ ਮਾਰ ਰਿਹਾ ਸੀ। ਸਰਪੰਚ ਅਖਬਾਰ ਨੂੰ ਬੰਦ ਕਰਕੇ ਕਹਿਣ ਲੱਗਾ,"ਵੇਖ ਗੱਜਣਾ ਹੁਣ ਨੇ ਵੋਟਾਂ ਦੇ ਦਿਨ ਤੇ ਮੰਤਰੀ ਸਾਬ ਕੋਲ ਸਮਾਂ ਘੱਟ ਈ ਹੁੰਦੈ, ਅੱਜ ਆਪਣੇ ਪਿੰਡ ਦੀ ਬਾਹਰਲੀ ਢਾਣੀ ਦੇ ਕੁਸ ਕ ਘਰਾਂ ਚੋਂ ਵਿਰੋਧੀ ਪਾਰਟੀ ਦੇ 20 ਪਰਿਵਾਰ ਸਾਡੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਨੇ ਅਸੀਂ ਪਹਿਲਾਂ ਉੱਧਰ ਜਾਣਾ ਤੇਰਾ ਮਸਲਾ ਆ ਕੇ ਵੇਖਦੇ ਆਂ ਤੂੰ ਕੇਰਾਂ ਟਿਕਾਅ ਕਰ ਜਾ ਕੇ ".... ਕੱਢਵੀਂ ਜੁੱਤੀ ਨੂੰ ਪੈਰੀਂ ਪਾਉਂਦਾ ਸਰਪੰਚ ਫੋਨ ਕੰਨ ਨਾਲ ਲਾ ਕੇ ਹਾਂ ਜੀ, ਹਾਂਜੀ ਮੰਤਰੀ ਸਾਬ 100 ਸਿਰੋਪਿਆਂ ਦਾ ਇੰਤਜਾਮ ਮੈਂ ਕਰ ਲਿਆ ਬਸ ਗੱਡੀ ਚ ਰਖਵਾ ਕੇ ਮੈਂ ਹੁਣੇ ਪਹੁੰਚਿਆ,...ਨੌਕਰ ਨੂੰ ਗੱਜਣ ਦੇ ਚਾਹ ਪਾਣੀ ਪਿਆਉਣ ਲਈ ਕਹਿ ਕੇ ਸਰਪੰਚ ਚਲਾ ਗਿਆ। ਗੱਜਣ ਨੂੰ ਆਪਣਾ ਆਪ ਹੱਡਾ ਰੋੜੀ ਚ ਪਏ ਕਰੰਗ ਦੀ ਤਰਾਂ ਲੱਗ ਰਿਹਾ ਸੀ ਜਿਹਨੂੰ ਗਿਰਜਾਂ ਨੇ ਨੋਚ ਕੇ ਛੱਡ ਦਿੱਤਾ ਹੋਵੇ। ਹੁੰਝੂਆਂ ਦਾ ਵਹਿਣ ਹੋਰ ਤੇਜ ਹੋ ਗਿਆ। ਸੋਚਾਂ ਵਿੱਚ ਡੁੱਬਿਆ ਗੱਜਣ ਕਾਲਜੇ ਤੇ ਹੱਥ ਧਰ ਰੱਬ ਨੂੰ ਸ਼ਿਕਾਇਤ ਕਰਦਾ ਜਾ ਰਿਹਾ ਸੀ, ਰੱਬਾ ਮੇਰੇ ਪਰਿਵਾਰ ਨੂੰ ਟੁੱਟਦਾ ਛੱਡ ਕੇ ਇਹ ਕਿਹੜੇ ਪਰਿਵਾਰ ਜੋੜਨ ਚੱਲੇ ਨੇ? ਕੀ ਫਰਕ ਐ ? ਮੇਰੇ ਪਰਿਵਾਰ 'ਚ ਤੇ ੳਹਨਾਂ ਚ ਕਿਸ ਕਸਵੱਟੀ ਤੇ ਫਰਕ ਪਾ ਗਿਆ ਸਰਪੰਚ ? ਮੇਰੇ ਪਰਨੇ ਦੇ ਅਰਮਾਨਾ ਨੂੰ ਸਿਰੋਪੇ ਦਾ ਨਾਗ ਨਿਗਲ ਗਿਆ .....ਗੱਜਣ ਨੂੰ ਆਪਣੇ ਬਾਪੂ ਦੇ ਕਹੇ ਬੋਲ ਯਾਦ ਆ ਰਹੇ ਸਨ," ਕਿਉਂ ਇਹਨਾਂ ਪਿੱਛੇ ਜੋੜੇ ਤੁੜਵਾਏ ਨੇ, ਇਹ ਲੀਡਰ ਕਿਸੇ ਦੇ ਮਿੱਤ ਨੀ ਹੁੰਦੇ"? ਇਸ ਸੌੜੀ ਰਾਜਨੀਤੀ ਤੇ ਦਾਜ ਦੇ ਝੱਖੜ ਨੇ ਅੱਜ ਗੱਜਣ ਦੇ ਪਰਿਵਾਰ ਦੀ ਬਲੀ ਲੈ ਲਈ। ਉਹ ਪਰਨਾ ਝਾੜਦਾ ਘਰ ਵੱਲ ਹੋ ਪਿਆ ਤੇ ਪਿੰਡ ਦੀ ਢਾਣੀ 'ਚੋਂ ਸਰਪੰਚ ਦਾ ਭਾਸ਼ਣ ਗੱਜਣ ਦੇ ਕੰਨ ਭਾਰੇ ਕਰ ਰਿਹਾ ਸੀ “ਇਹ ਪਿੰਡ ਨੀ ਮੇਰਾ ਪਰਿਵਾਰ ਐ, ਤੁਹਾਡੇ ਧੀ ਪੁੱਤ ਮੇਰੇ ਧੀ ਪੁੱਤ ਨੇ, ਮੈਂ ਹਰ ਦੁੱਖ ਸੁੱਖ ਚ ਹਰ ਸਮੇਂ ਤੁਹਾਡੀ ਸੇਵਾ ਚ ਹਾਜਰ ਹਾਂ, ਸਰਕਾਰ ਵੱਲੋਂ ਸਾਡੀਆਂ ਧੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਮੰਤਰੀ ਸਾਬ ਜਿੰਦਾਬਾਦ" ਜ਼ਿੰਦਾਬਾਦ, ਜ਼ਿੰਦਾਬਾਦ ਗੱਜਣ ਘਰ ਗਿਆ ਤਾਂ ਬਰਾਤ ਵਾਪਿਸ ਜਾ ਚੁੱਕੀ ਸੀ, ਵਿਹੜੇ ਚ ਧੀ ਦੀ ਲਾਸ਼ ਪਈ ਸੀ, ਸ਼ਗਨਾਂ ਦੇ ਗੀਤਾਂ ਦੀ ਥਾਂ ਕੀਰਨੇ ਪੈ ਰਹੇ ਸੀ। ਗੱਜਣ ਦੇ ਜਿਹੜੇ ਮੋਡੇ ਪਰਨੇ ਦਾ ਭਾਰ ਵੀ ਸਹਾਰ ਨਹੀ ਸੀ ਰਹੇ ਉਹਨਾਂ ਮੋਢਿਆ ਤੇ ਲਾਸ਼ ਕਿਵੇਂ ਸਹਾਰਨਗੇ ? ਇਹ ਤਾਂ ਉਸ ਨੂੰ ਹੀ ਪਤਾ ਸੀ। ਗੱਜਣ ਧੀ ਨੂੰ ਸਿਵਿਆਂ ਚ ਵਿਦਾ ਕਰ ਸਿੱਧਾ ਮੋਟਰ ਵੱਲ ਹੋ ਪਿਆ ਤੇ ਪਰਨਾ ਬਾਹਰ ਰੱਖ ਅੰਦਰੋ ਕੁੰਡੀ ਬੰਦ ਕਰ ਲਈ............. ਕੁਲਦੀਪ ਮਿਸ਼ਨ ਮੋਬ 9464996364
Please log in to comment.