ਤਿੰਨ ਭੈਣ ਭਰਾ ਸੀ ਅਸੀਂ।ਪਹਿਲ ਪਲੇਠੀ ਦਾ ਸੀ ਮੇਰਾ ਭਰਾ ਜੇ ਪਹਿਲਾਂ ਕੁੜੀਆਂ ਹੋਣ ਤੇ ਫੇਰ ਮੁੰਡਾ ਤਾਂ ਸਮਾਜ ਕਹਿੰਦਾ ਏ ਕਿ ਚਲੋ ਧੀਆਂ ਢਕੀਆਂ ਗਈਆਂ।ਪਰ ਹੋਣਾ ਉਹੀ ਹੁੰਦੈ ਜੋ ਉਸ ਨੂੰ ਮਨਜ਼ੂਰ ਹੋਵੇ।ਜੇ ਧੀਆਂ ਦੇ ਸਿਰ ਤੇ ਵੀਰ ਦਾ ਹੱਥ ਨਾਂ ਹੋਵੇ ਤਾਂ ਇਸ ਚੰਦਰੇ ਸਮਾਜ ਤੋਂ ਲਕੋ ਕੇ ਰੱਖਣਾ ਬੁੱਢੇ ਬਾਪ ਨੂੰ ਕਿੰਨਾ ਔਖਾ ਹੋ ਜਾਂਦਾ ਏ।ਇਸੇ ਤਰ੍ਹਾਂ ਹੀ ਵਾਪਰਿਆ ਸੀ ਮੇਰੇ ਬਾਪ ਦੇ ਘਰ ਨਾਲ।ਪਹਿਲ ਪਲੇਠੀ ਵਾਲਾ ਪੁੱਤਰ ਅੱਧਵਿਚਾਲੇ, ਛੱਡ ਤਿੰਨ ਧੀਆਂ ਨੂੰ ਰੱਬ ਨੂੰ ਪਿਆਰਾ ਹੋ ਗਿਆ ਸੀ। ਦੋਵੇਂ ਅਸੀਂ ਭੈਣਾਂ ਤੇ ਤੀਜੀ ਮੇਰੀ ਭਤੀਜੀ। ਬਾਪੂ ਨੇ ਸਾਨੂੰ ਛੋਟੇ ਹੁੰਦਿਆਂ ਹੀ ਵਿਆਹ ਦਿੱਤਾ ਸੀ ਆਪਣਾ ਫਰਜ਼ ਲਾਹ ਦਿੱਤਾ ਸੀ ਤੇ ਬਚੀ ਸੀ ਮੇਰੀ ਭਤੀਜੀ ਉਸ ਦੀ ਮਾਂ ਜਾਨੀ ਮੇਰੀ ਭਰਜਾਈ ਨੂੰ ਮੇਰੇ ਚਾਚੇ ਦੇ ਮੁੰਡੇ ਦੇ ਲੜ ਲਾ ਦਿੱਤਾ ਤੇ ਮੇਰੀ ਭਤੀਜੀ ਦੇ ਸਿਰ ਤੇ ਪਿਓ ਦਾ ਸਾਇਆ ਦੁਬਾਰਾ ਆ ਗਿਆ ਸੀ। ਉਹ ਬਹੁਤ ਛੋਟੀ ਸੀ ਆਪਣੇ ਚਾਚੇ ਨੂੰ ਹੀ ਆਪਣਾ ਪਿਓ ਸਮਝਣ ਲੱਗੀ ਤੇ ਵਧੀਆ ਮੋਹ ਪੈ ਗਿਆ ਦੋਵਾਂ ਦਾ।ਪਰ ਅਸੀਂ ਦੋਵੇਂ ਭੈਣਾਂ ਅੱਜ ਵੀ ਆਪਣੇ ਭਰਾ ਨੂੰ ਯਾਦ ਕਰ ਬਹੁਤ ਰੋਂਦੀਆਂ ਆਂ। ਇੱਕ ਦਿਨ ਤਾਂ ਮੇਰੀ ਭੈਣ ਨੇ ਮੈਨੂੰ ਫੋਨ ਕਰਕੇ ਇਹੋ ਜਿਹੀ ਗੱਲ ਕਹੀ ਕਿ ਉਸ ਦਿਨ ਤੋਂ ਬਾਅਦ ਜੀਅ ਹੀ ਨਹੀਂ ਲੱਗਦਾ ਦਿਮਾਗ ਉਸੇ ਗੱਲ ਤੇ ਹੀ ਟਿਕਿਆ ਹੋਇਆ ਏ। ਮੇਰੇ ਭਰਾ ਦਾ ਇੱਕ ਦੋਸਤ ਹੁੰਦਾ ਸੀ ਜੀਤੂ ਉਹ ਅਕਸਰ ਹੀ ਸਾਡੇ ਘਰ ਆਇਆ ਕਰਦਾ ਸੀ ਰੋੜੀ ਤੋਂ ਸੀ ਉਹ ਮੁੰਡਾ ਸਾਡੇ ਕੋਲੋਂ ਰੱਖੜੀ ਵੀ ਬੰਨਵਾ ਕੇ ਲਿਆਉਂਦਾ ਹੁੰਦਾ ਸੀ।ਪਰ ਉਹ ਸਾਡੇ ਪਿੰਡ ਤੋਂ ਬਹੁਤ ਦੂਰ ਏ ਕੋਈ ਰਿਸ਼ਤੇਦਾਰ ਵੀ ਨਹੀਂ ਹੈ ਉੱਧਰ ਉਹ ਮੁੰਡਾ ਸਾਡੇ ਪਿੰਡ ਆਪਣੀ ਮਾਸੀ ਕੋਲ ਰਹਿੰਦਾ ਸੀ। ਤੇ ਸਾਡੇ ਪਿੰਡ ਦੇ ਸਕੂਲ ਵਿੱਚ ਮੇਰੇ ਭਰਾ ਨਾਲ ਪੜਦਾ ਸੀ।ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਜੇ ਕਿਤੇ ਉਹ ਵੀਰ ਆਪਾਂ ਨੂੰ ਮਿਲ ਜਾਵੇ ਤਾਂ ਆਪਾਂ ਨੂੰ ਇੰਜ ਪਤਾ ਲੱਗ ਜਾਵੇ ਕਿ ਆਪਣਾ ਵੀਰ ਹੁਣ ਹੁੰਦਾ ਤਾਂ ਕਿੰਨਾ ਵੱਡਾ ਹੋ ਜਾਂਦਾ ਮਤਲਬ ਕਿਸ ਤਰ੍ਹਾਂ ਦਾ ਦਿਖਣ ਲੱਗ ਜਾਂਦਾ।ਕਿੰਨੀ ਵੱਡੀ ਦਾੜ੍ਹੀ ਹੋ ਗਈ ਹੋਵੇਗੀ ਤੇ ਕਿਸ ਤਰ੍ਹਾਂ ਦਾ ਸਰੀਰ ਹੋ ਗਿਆ ਹੋਵੇਗਾ। ਮੈਂ ਮੇਰੀ ਭੈਣ ਦੀਆਂ ਇਹ ਗੱਲਾਂ ਸੁਣ ਕੇ ਬਿਲਕੁਲ ਸੁੰਨ ਹੋ ਗਈ ਕਿ ਰੱਬ ਕਿਉਂ ਇੱਕ ਵਾਰ ਵੀ ਨਹੀਂ ਸੋਚਦਾ ਭੈਣਾਂ ਤੋਂ ਉਹਨਾਂ ਦਾ ਜਵਾਨ ਵੀਰ ਖੋਹਣ ਵੇਲੇ।ਸਾਰੀ ਉਮਰ ਮਰ -ਮਰ ਕੇ ਜਿਊਂਦੀਆਂ ਨੇ ਉਹ ਭੈਣਾਂ ਜੋ ਰੱਖੜੀ ਵਾਲੇ ਦਿਨ ਰੋਂਦੀਆਂ ਨੇ। ਧੰਨਵਾਦ ਜੀ।
Please log in to comment.