ਨਸ਼ਾ ਸਰਦਾਰ ਬੰਤਾ ਸਿੰਘ ਅਪਣੇ ਸਮੇਂ ਦਾ ਕਹਿੰਦਾ ਕਹਾਉਂਦਾ ਠੇਕੇਦਾਰ ਸੀ, ਉਹ ਸਮਿਆਂ ਚ ਉਸ ਨੇ ਦੋ ਮੰਜਲੀ ਕੋਠੀ ਛਤ ਲਈ ਸੀ, ਜਦੋਂ ਲੋਕਾਂ ਦੇ ਲਟੈਣਾਂ ਬਾਲੀਆਂ ਦੀਆਂ ਛੱਤਾਂ ਹੁੰਦਿਆਂ ਸੀ, ਤੂਤੀ ਬੋਲਦੀ ਸੀ ਇਲਾਕੇ ਚ ਬੰਤਾ ਸਿਉਂ ਦੀ,ਹੱਥ ਦਾ ਚੰਗਾ ਕਾਰੀਗਰ ਤੇ ਉੱਤੋਂ ਜੁਬਾਨ ਦਾ ਮਿੱਠਾ ਹਰ ਇਕ ਨੂੰ ਜੀ ਕਹਿ ਕੇ ਬੁਲਾਉਂਦਾ ਸੀ,ਵੱਡਾ ਪਰਿਵਾਰ ਸੀ ਨਾਲ ਦੇ ਜੰਮਿਆਂ ਨੂੰ ਕਾਮਯਾਬ ਕੀਤਾ ਤੇ ਭੈਣਾਂ ਦੇ ਵਿਆਹ ਕੀਤੇ,ਮਹਾਰਾਜ ਨੇ ਘਰੇ ਕਿਸੇ ਚੀਜ ਦਾ ਘਾਟਾ ਨਹੀਂ ਸੀ ਰੱਖਿਆ ,ਸੁਖ ਨਾਲ ਪੁੱਤ ਧੀਆਂ ਦੀਆਂ ਦੋ ਜੋੜੀਆਂ ਬਖਸ਼ੀਆਂ ਸੀ ਮਾਲਕ ਨੇ ਚਾਰ ਜੁਆਕਾਂ ਨੂੰ ਸਕੂਲੇ ਪੜ੍ਹਨੇ ਪਾਇਆ , ਕੁੜੀਆਂ ਨੂੰ ਪੰਜ ਪੰਜ ਕਲਾਸਾਂ ਪੜ੍ਹਾ ਕੇ ਹਟਾ ਲਿਆ , ਓਸ ਵੇਲੇ ਦਾ ਏਹੀ ਰਿਵਾਜ ਸੀ ਕੇ ਧੀ ਧਿਆਣੀ ਨੇ ਬੇਗਾਨੇ ਘਰ ਜਾਣਾ , ਥੋੜਾ ਬਹੁਤ ਲਿਖਣਾ ਪੜ੍ਹਨਾ ਆ ਗਿਆ ਬਾਕੀ ਭਾਈ ਘਰ ਦੇ ਕੰਮ ਸਿਖਾਓ ਜਿਹੜੇ ਸੋਹਰੇ ਘਰ ਕੰਮ ਆਉਣ,ਵੱਡਾ ਮੁੰਡਾ ਪੜ੍ਹਾਈ ਚ ਘੱਟ ਧਿਆਨ ਦਿੰਦਾ ਸੀ ਤੇ ਇਕ ਓਸ ਸਮੇਂ ਦਾ ਰਿਵਾਜ ਸੀ ਕੇ ਇਕ ਪੁੱਤ ਨੂੰ ਕੰਮ ਜਰੂਰ ਸਿਖਾਓ ਜਿਹੜਾ ਅੱਗੇ ਚਲਕੇ ਪਿਤਾ ਪੁਰਖੀ ਕੰਮ ਸੰਭਾਲ ਲਵੇ ,ਵੱਡੇ ਮੁੰਡੇ ਨੂੰ ਆਵਦੇ ਨਾਲ ਕੰਮ ਤੇ ਲਾ ਲਿਆ,ਸੁਖ ਨਾਲ ਤਖਾਣਾ ਦੇ ਜਵਾਕ ਜੰਮਦੇ ਹੀ ਤੇਜ ਹੁੰਦੇ ਆ ਬਹੁਤ ਛੇਤੀ ਉਸ ਨੇ ਕੰਮ ਸੰਭਾਲ ਲਿਆ ,ਛੋਟਾ ਲਾਡਲਾ ਸੀ ਉਹ ਪੜਦਾ ਰਿਹਾ , ਧੀਆਂ ਚੰਗੇ ਵਰ ਲੱਭ ਕੇ ਅਪਣੇ ਅਪਣੇ ਘਰ ਤੋਰ ਤੀਆਂ,ਬੰਤਾ ਸਿਉਂ ਹੁਣ ਖੁਸ਼ ਸੀ ਕੇ ਇਕ ਪੁੱਤ ਠੇਕੇਦਾਰੀ ਸੰਭਾਲੁਗਾ ਤੇ ਇਕ ਨੌਕਰੀ ਲਗ ਕੇ ਖਾਨਦਾਨ ਦਾ ਨਾਂ ਉੱਚਾ ਕਰੂਗਾ ,ਛੋਟਾ ਬਹੁਤਾ ਲਾਡਲਾ ਹੋਣ ਕਰਕੇ ਬੂਟ ਸੂਟ ਮਹਿੰਗੇ ਵਰਤਦਾ ਸੀ ,ਬੰਤਾ ਸਿਉਂ ਨੇ ਉਹਦੀ ਜਿੱਦ ਅਤੇ ਘਰ ਆਲੀ ਦੇ ਕਹਿਣ ਤੇ ਮੁੰਡੇ ਨੂੰ ਓਹਨਾ ਸਮਿਆਂ ਚ ਬੁੱਲੇਟ ਮੋਟਰ ਸਾਈਕਲ ਨਵਾਂ ਲਿਆ ਕੇ ਦਿੱਤਾ ਸੀ, ਬੰਤਾ ਸਿਉਂ ਦੇ ਵੱਡੇ ਪੁੱਤਰ ਘਰ ਇਕ ਪੋਤਰੇ ਨੇ ਜਨਮ ਲਿਆ ਪਰਿਵਾਰ ਚ ਹੋਰ ਵੀ ਖੁਸ਼ੀਆਂ ਦਾ ਮਾਹੌਲ ਬਣ ਗਿਆ ,ਸਭ ਕੁਛ ਠੀਕ ਠੀਕ ਚਾਲ ਰਿਹਾ ਸੀ ਕੇ ਓਹਨਾ ਵੇਲਿਆਂ ਚ ਸਮਾਜ ਚ ਇਕ ਨਸ਼ੇ ਰੂਪੀ ਹਨੇਰੀ ਚੱਲੀ ਮੈਡੀਕਲ ਨਸ਼ੇ ਦੀ ਨਵੇਂ ਨਵੇਂ ਮੁੰਡੇ ਪੜ੍ਹਨ ਆਲੇ ਇਸ ਵਹਾਅ ਦੇ ਅੱਗੇ ਅੱਗੇ ਲਗ ਤੁਰੇ ਤੇ ਨਸ਼ਿਆਂ ਚ ਪੈ ਗਏ ।ਇਸ ਅੱਗ ਦਾ ਸੇਕ ਬੰਤਾ ਸਿਉਂ ਦੇ ਘਰ ਤੱਕ ਵੀ ਪਹੁੰਚ ਗਿਆ , ਛੋਟਾ ਪੁੱਤ ਬਾਹਰ ਯਾਰਾਂ ਬੇਲੀਆਂ ਨਾਲ ਇਸ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਵੱਡਾ ਪੁੱਤ ਠੇਕੇਦਾਰੀ ਦੀ ਚਕਾਚੌਂਦ ਚ ਥੋੜਾ ਥੋੜਾ ਪੈੱਗ ਦਾ ਸ਼ੌਕੀਨ ਹੋ ਗਿਆ ,ਬੰਤਾ ਸਿੰਘ ਦੋ ਵੇਲੇ ਰੱਬ ਦਾ ਨਾਮ ਲੈਣ ਆਲਾ ਬੰਦਾ ਸੀ ,ਉਸ ਭਾਂਵੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ , ਇਸ ਧੁਖਦੀ ਅੱਗ ਦਾ ਜਦ ਭਾਂਬੜ ਨਿਕਲਿਆ ਤਾਂ ਬੰਤਾ ਸਿਉਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ,ਵੱਡਾ ਪੁੱਤ ਸ਼ਰਾਬ ਦਾ ਐਨਾ ਆਦੀ ਹੋ ਗਿਆ ਸੀ ਤੜਕੇ ਉੱਠਣ ਸਾਰ ਚਾਹ ਤੋਂ ਪਹਿਲਾਂ ਸ਼ਰਾਬ ਚਾਹੀਦੀ ਸੀ ,ਬਹੁਤ ਸਮਝਾਇਆ ਪਰ ਇਕ ਦਿਨ ਉਹ ਆਇਆ ਜਦ ਇਹ ਸੁੱਤਾ ਪਿਆ ਉਠਿਆ ਹੀ ਨਹੀਂ ,ਪਰਿਵਾਰ ਦੇ ਹਾਲਾਤ ਹੌਲੀ ਹੌਲੀ ਵਿਗੜਦੇ ਗਏ ਛੋਟਾ ਵੀ ਨਸ਼ੇ ਚ ਧੁੱਤ ਰਹਿਣ ਲੱਗ ਪਿਆ ,ਬੁਢਾਪੇ ਚ ਆ ਕੇ ਬੰਤਾ ਸਿਉਂ ਨੂੰ ਆਪ ਕੰਮ ਕਰਨਾ ਪੈ ਰਿਹਾ ਸੀ ,ਫ਼ਿਕਰਾਂ ਚ ਉਹ ਹੱਡਾਂ ਦੀ ਮੁੱਠ ਬਣਦਾ ਜਾ ਰਿਹਾ ਸੀ ,ਪੋਤਰੇ ਤੋਂ ਉਸ ਨੂੰ ਬਹੁਤ ਉਮੀਦਾਂ ਸੀ ਪਰ ਇਹ ਓਸ ਵੇਲੇ ਜਵਾਂ ਹੀ ਟੁੱਟ ਗਿਆ ਜਦੋਂ ਓਹਨੂੰ ਪਤਾ ਲੱਗਿਆ ਕਿ ਉਸ ਘਰ ਦੀ ਆਖਰੀ ਉਮੀਦ ਵੀ ਇਸ ਨਸ਼ੇ ਰੂਪੀ ਸੱਪ ਨ ਡੰਗ ਲਈ ਹੈ ।ਹਸਦਾ ਵੱਸਦਾ ਤੇ ਪਹਲੇ ਨੰਬਰ ਦਾ ਘਰ ਅਪਣੇ ਸਰਿਕੇ ਚੋਂ ਸਭ ਤੋਂ ਪਿਛਾਂਹ ਹੋ ਗਿਆ ।ਬੰਤਾ ਸਿਉਂ ਘਰ ਦੇ ਫ਼ਿਕਰਾਂ ਚ ਰੱਬ ਨੂੰ ਪਿਆਰਾ ਹੋ ਗਿਆ ।ਓਹਦੇ ਰੀਝਾਂ ਨਾਲ ਬਣਾਏ ਘਰ ਦੇ ਪੁੱਤ ਤੇ ਪੋਤਰੇ ਨੇ ਗਾਡਰ ਤਕ ਵੇਚ ਦਿੱਤੇ , ਇਕ ਹਸਦਾ ਵੱਸਦਾ ਘਰ ਨਸ਼ੇ ਦੀ ਸਿਉਂਕ ਨੇ ਖੋਖਲਾ ਕਰਤਾ ।ਬਚਿਆ ਤਾਂ ਸਿਰਫ ਏਕ ਬੋਰਡ ਬਚਿਆ ਜਿਹੜਾ ਬਾਹਰ ਟੇਡਾ ਜਾ ਇਕ ਮੇਖ ਦੇ ਸਹਾਰੇ ਖੜਾ ਹੈ ।ਤੇ ਉੱਤੇ ਘਸਮੈਲੀ ਜਿਹੀ ਸ਼ਿਆਹੀ ਨਾਲ ਲਿਖਿਆ ਠੇਕੇਦਾਰ ਸਰਦਾਰ ਬੰਤਾ ਸਿੰਘ
Please log in to comment.