ਅੱਜ ਕੱਲ੍ਹ ਸਰਕਾਰੀ ਨੌਕਰੀਆਂ ਵਾਲੇ ਮੁੰਡੇ ਤਾਂ ਬਹੁਤ ਹੀ ਘੱਟ ਮਿਲਦੇ ਹਨ ਪਾਪਾ ਜੀ ਮੇਰੇ ਲਈ ਇੱਕ ਸਰਕਾਰੀ ਮੁਲਾਜ਼ਮ ਹੀ ਭਾਲ ਰਹੇ ਸਨ ਕਿ ਇੱਕ ਵਾਰ ਤਾਂ ਪੈਸਾ ਲੱਗ ਜਾਂਦਾ ਏ ਵਿਆਹ ਤੇ ਪਰ ਧੀ ਪੁੱਤ ਸਾਰੀ ਉਮਰ ਮੌਜ ਮਾਰਦਾ ਏ। ਪਾਪਾ ਜੀ ਨੂੰ ਭਕਾਈ ਕਰਦਿਆਂ ਨੂੰ ਪੂਰੇ ਤਿੰਨ ਸਾਲ ਹੋ ਗਏ ਸਨ।ਪਰ ਕੋਈ ਥਾਂ ਪਸੰਦ ਨਹੀਂ ਸੀ ਆ ਰਹੀ ਫੌਜੀ ਨੂੰ ਮੇਰੇ ਪਾਪਾ ਜੀ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਸਨ ਕਿ ਧੀਆਂ ਆਪਣੇ ਘਰ ਹੀ ਸੋਂਹਦੀਆਂ ਨੇ ਜ਼ਿਆਦਾ ਆਉਣ ਜਾਣ ਨਾਲ ਭਰਜਾਈਆਂ ਨੱਕ ਬੁੱਲ੍ਹ ਕੱਢਣ ਲੱਗ ਜਾਂਦੀਆਂ ਨੇ ਇੱਜ਼ਤ ਘੱਟਦੀ ਏ ਧੀਆਂ ਦੀ।ਪਰ ਜਿਵੇਂ ਮੇਰੀ ਕਿਸਮਤ ਫੌਜੀ ਨਾਲ ਹੀ ਜੁੜੀ ਹੋਈ ਸੀ ਬਹੁਤ ਰਿਸਤੇ ਆਏ ਫੌਜੀਆਂ ਦੇ। ਆਖਿਰ ਨੂੰ ਮੇਰਾ ਰਿਸ਼ਤਾ ਫੌਜੀ ਨਾਲ ਹੋ ਗਿਆ। ਬਹੁਤ ਸੋਹਣਾ ਮੁੰਡਾ ਏ ਪੱਗ ਬੰਨਦਾ ਏ ਤੇ ਮੈਨੂੰ ਪੱਗ ਵਾਲੇ ਮੁੰਡੇ ਪਹਿਲਾਂ ਤੋਂ ਹੀ ਬਹੁਤ ਪਸੰਦ ਨੇ। ਮੇਰਾ ਵਿਆਹ ਹੋਇਆ ਤੇ ਅਗਲੇ ਹੀ ਦਿਨ ਮੇਰੇ ਪਤੀ ਨੂੰ ਅਫਸਰਾਂ ਨੇ ਵਾਪਿਸ ਬੁਲਾ ਲਿਆ। ਇੱਕ ਦੋ ਦਿਨ ਤਾਂ ਰਿਸ਼ਤੇਦਾਰ ਸਾਡੇ ਘਰ ਰਹੇ ਫਿਰ ਉਹ ਵੀ ਚਲੇ ਗਏ ਰਹਿ ਗਏ ਅਸੀਂ ਨੂੰਹ ਸੱਸ ਤੇ ਸਹੁਰਾ। ਫ਼ੌਜੀ ਸਾਰਾ ਦਿਨ ਡਿਊਟੀ ਲਾਉਂਦੇ ਤੇ ਸ਼ਾਮ ਨੂੰ ਇੱਕ ਵਾਰ ਫੋਨ ਲਾਉਂਦੇ। ਮੈਂ ਖ਼ੁਦ ਨੂੰ ਬਹੁਤ ਇੱਕਲੀ ਮਹਿਸੂਸ ਕਰਦੀ ਰਹਿੰਦੀ। ਮੇਰੇ ਮੰਮੀ ਜੀ ਮੈਨੂੰ ਪਿਆਰ ਤਾਂ ਬਹੁਤ ਕਰਦੇ ਪਰ ਉਹ ਮੇਰੇ ਹਾਣ ਪਰਿਵਾਣ ਦੇ ਤਾਂ ਨਹੀਂ ਸਨ ਉਹ ਸਵੇਰੇ ਉੱਠਦੇ ਤੇ ਮੱਝਾਂ ਵੱਲ ਚਲੇ ਜਾਂਦੇ ਤੇ ਮੈਂ ਚੁੱਲ੍ਹੇ ਵੱਲ ਕੰਮ ਕਰਦੀ ਰਹਿੰਦੀ। ਘਰ ਵਿੱਚ ਪਰਿਵਾਰ ਛੋਟਾ ਸੀ ਨੌਂ ਵਜਦੇ ਨਾਲ ਵਿਹਲੇ ਹੋ ਜਾਂਦੇ ਤੇ ਮੰਮੀ ਤਾਂ ਵਰਾਂਡੇ ਵਿੱਚ ਜਾ ਸੌਂ ਜਾਂਦੇ ਮੈਨੂੰ ਇੱਕਲੀ ਨੂੰ ਇਨ੍ਹਾਂ ਸਮਾਂ ਕੱਢਣਾ ਬਹੁਤ ਔਖਾਂ ਹੋ ਜਾਂਦਾ।ਅਜੇ ਫੌਜੀ ਸਾਹਿਬ ਨੇ ਤਾਂ ਛੇ ਮਹੀਨਿਆਂ ਨੂੰ ਆਉਣਾ ਸੀ ਪਰ ਮੈਨੂੰ ਤਾਂ ਇੱਕਲੀ ਨੂੰ ਇੱਕ ਦਿਨ ਕੱਢਣਾ ਮੁਸ਼ਕਲ ਹੋ ਗਿਆ ਸੀ।ਜੇ ਮੈਂ ਰਾਤ ਨੂੰ ਜਾ ਕੇ ਅੰਦਰ ਪੈ ਜਾਂਦੀ ਕਿ ਦੋ ਮਿੰਟ ਆਪਣੇ ਪਰਿਵਾਰ ਨੂੰ ਯਾਦ ਕਰਕੇ ਢਿੱਡ ਹੌਲਾ ਕਰ ਲਊਗੀ ਤਾਂ ਮੇਰੀ ਸੱਸ ਪਿੱਛੇ ਹੀ ਚਲੀ ਜਾਂਦੀ ਕਿ ਆਜਾ ਪੁੱਤ ਮੇਰੇ ਕੋਲ ਸੌਂ ਜਾ। ਨਵੀਂ ਵਿਆਹੀ ਸੀ ਜਵਾਬ ਵੀ ਨਹੀਂ ਸੀ ਦੇ ਸਕਦੀ ਢਿੱਡ ਭਰ ਰਿਹਾ ਸੀ ਹੰਝੂਆਂ ਨਾਲ ਜੀਅ ਕਰਦਾ ਸੀ ਹੁਣ ਤਾਂ ਪਿੰਡ ਚਲੀ ਜਾਵਾਂ ਤੇ ਮਾਂ ਕੋਲ ਢਿੱਡ ਹੌਲਾ ਕਰਕੇ ਆਵਾਂ। ਇੱਕ ਦਿਨ ਮੈਂ ਚੋਰੀਓਂ ਪਾਪਾ ਨੂੰ ਫੋਨ ਕਰ ਦਿੱਤਾ ਕਿ ਮੈਂ ਪਿੰਡ ਆਉਣਾ ਏ ਤਾਂ ਪਾਪਾ ਜੀ ਮੈਨੂੰ ਲੈਣ ਆ ਗਏ ਤੇ ਸੱਸ ਨੇ ਇੱਕ ਹਫ਼ਤੇ ਲਈ ਪਿੰਡ ਭੇਜ ਦਿੱਤਾ। ਮੈਂ ਜਾਣ ਸਾਰ ਬੈਗ ਮੰਜੇ ਤੇ ਸੁੱਟ ਕੇ ਮਾਂ ਦੇ ਗਲ਼ ਲੱਗ ਕੇ ਬਹੁਤ ਰੋਈ ਮਾਂ ਪਾਪਾ ਦੋਵੇਂ ਡਰ ਗਏ ਕਿ ਕੀ ਗੱਲ ਏ ਤਾਂ ਮੈਂ ਆਪਣੀ ਹੱਡਬੀਤੀ ਦਾਸਤਾਨ ਸੁਣਾਈ ਕਿ ਮੇਰਾ ਤਾਂ ਉੱਥੇ ਜੀਅ ਨਹੀਂ ਲੱਗਦਾ ਮੈਂ ਤਾਂ ਇੱਥੇ ਸੱਤ ਵਜੇ ਉੱਠਦੀ ਸੀ ਪਰ ਉੱਥੇ ਸੱਸ ਦੇ ਨਾਲ ਹੀ ਉੱਠਣਾ ਪੈਂਦਾ ਏ ਸਵੇਰੇ ਜਲਦੀ ਉੱਠ ਕੇ ਦੋ ਘੰਟਿਆਂ ਵਿੱਚ ਕੰਮ ਨਵੇੜ ਕੇ ਫੇਰ ਵਿਹਲੇ ਸਾਰਾ ਦਿਨ ਇੱਕਲੀ ਨੂੰ ਕੱਢਣਾ ਬਹੁਤ ਮੁਸ਼ਕਲ ਏ ਮਾਂ ਮੇਰਾ ਦੁੱਖ ਸਮਝ ਗਈ ਤੇ ਕਹਿਣ ਲੱਗੀ ਚਲ ਕੋਈ ਨਾਂ ਪੁੱਤ ਛੇਤੀ ਲੈ ਆਇਆ ਕਰਾਂਗੇ।ਪਰ ਕੁਝ ਟਾਈਮ ਤਾਂ ਮੈਨੂੰ ਤੋਰਿਆ ਸਹੁਰਿਆਂ ਨੇ ਫੇਰ ਕਹਿਣ ਲੱਗੇ ਕਿ ਭਾਈ ਕੰਮ ਦਾ ਨਹੀਂ ਸਰਦਾ ਨਾਲੇ ਰੋਜ਼ ਤਾਂ ਪੇਕੇ ਬੈਠੀ ਵੀ ਨਹੀਂ ਸੋਹਣੀ ਲੱਗਦੀ ਹਿਸਾਬ ਨਾਲ ਹੁੰਦਾ।ਪਰ ਸਹੁਰੇ ਜੀਅ ਇਸ ਤਰ੍ਹਾਂ ਲਾਉਣਾ ਬਹੁਤ ਔਖਾ ਏ ਜਦੋਂ ਆਪਣਾ ਹਮਸਫ਼ਰ ਹੀ ਘਰ ਨਾਂ ਹੋਵੇ। ਮੈਂ ਸਾਰੀ ਰਾਤ ਰੋਂਦੀ ਰਹਿੰਦੀ ਜਿਸ ਨਾਲ ਮੈਂਨੂੰ ਮਾਈਗ੍ਰੇਨ ਦੀ ਪ੍ਰੌਬਲਮ ਵੀ ਹੋ ਗਈ ਸੀ। ਫ਼ੌਜੀ ਦੀ ਪਤਨੀ ਦਾ ਤਾਂ ਧੋਬੀ ਦੇ ਕੁੱਤੇ ਵਾਲਾ ਹਾਲ ਹੁੰਦਾ ਏ ਜੀ ਨਾਂ ਪੇਕਿਆਂ ਦੀ ਨਾਂ ਸਹੁਰਿਆਂ ਦੀ। ਧੰਨਵਾਦ ਜੀ।
Please log in to comment.