Kalam Kalam

ਵਾਅਦੇ ਦੀ ਜਿੱਦ

ਹੱਥ ਵਿਚ ਟਰਾਫ਼ੀ ਫੜ ਉਹ ਸ਼ਮਸ਼ਾਨ ਘਾਟ ਵਿਚ ਬੈਠਾ ਭਰੀਆਂ ਅੱਖਾਂ ਨਾਲ ਕਹਿ ਰਿਹਾ ਸੀ ------ ਦੇਖ ਬਾਪੂ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਪਰ ਉਹਦੇ ਇਸ ਵਾਅਦੇ ਨੂੰ ਪੂਰਾ ਹੁੰਦਾ ਦੇਖਣ ਵਾਸਤੇ ਬਾਪੂ ਅੱਠ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਚੱਲ ਵਸਿਆ ਸੀ। ਯਾਦ ਆਇਆ ਜਗਦੇਵ ਨੂੰ ਉਹ ਸਮਾਂ ਜਦੋਂ ਦਸਵੀਂ ਵਿਚੋਂ ਫੇਲ ਹੋਣ ਤੇ ਬਾਪੂ ਨੇ ਉਹਨੂੰ ਸਕੂਲ ਵਿਚੋਂ ਹਟਾਉਣ ਦਾ ਫੈਸਲਾ ਕੀਤਾ ਸੀ। ਪਰ ਜਗਦੇਵ ਦੇ ਮਿੰਨਤਾਂ ਤਰਲੇ ਕਰਨ ਤੇ ਉਹਨੇ ਇਸ ਸ਼ਰਤ ਤੇ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਸੀ ਕਿ ਉਹ ਇਸ ਵਾਰ ਕਲਾਸ ਵਿਚੋਂ ਪਹਿਲੇ ਨੰਬਰ ਤੇ ਰਹੇਗਾ। ਹਾਲਾਂਕਿ ਉਹ ਅਗਲੇ ਸਾਲ ਚੰਗੇ ਨੰਬਰਾਂ ਤੇ ਪਾਸ ਹੋਣ ਦੇ ਬਾਵਜੂਦ ਆਪਣੇ ਵਾਅਦੇ ਨੂੰ ਪੂਰਾ ਨਾ ਕਰ ਸਕਿਆ। ਉਸੇ ਵਾਅਦੇ ਨੂੰ ਪੂਰਾ ਕਰਨ ਦੀ ਜਿੱਦ ਨਾਲ ਉਹ ਅੱਗੇ ਹੋਰ ਮਿਹਨਤ ਕਰਨ ਲੱਗ ਪਿਆ ਸੀ। ਉਹਦੀ ਚਲਦੀ ਪੜਾਈ ਦਰਮਿਆਨ ਹੀ ਬਾਪੂ ਚੱਲ ਵਸਿਆ। ਉਹਨੇ ਆਰਥਿਕ ਤੰਗੀਆਂ ਨਾਲ ਜੂਝਦਿਆਂ ਰਾਤੀਂ ਸਟੇਸ਼ਨ ਤੇ ਦਿਹਾੜੀ ਤੇ ਲਿਆਂਦੇ ਰਿਕਸ਼ੇ ਨਾਲ ਸਵਾਰੀਆਂ ਢੋਂਹਦਿਆਂ ਆਪਣੀ ਪੜਾਈ ਜਾਰੀ ਰੱਖੀ। ਕਦੇ ਵੀ ਕਲਾਸ ਵਿਚੋਂ ਪਹਿਲੇ ਨੰਬਰ ਤੇ ਨਾ ਆ ਪਾਇਆ ਪਰ ਐਮ ਬੀ ਏ ਦੀ ਪੜਾਈ ਜਿਵੇਂ ਕਿਵੇਂ ਮੁਕੰਮਲ ਕਰ ਲਈ । ਉਸ ਤੋਂ ਬਾਦ ਚੰਗੀ ਕੰਪਨੀ ਵਿਚ ਨੌਕਰੀ ਵੀ ਮਿਲ ਗਈ। ਹੱਡ ਭੰਨਵੀ ਮਿਹਨਤ ਦੀ ਆਦਤ ਨੇ ਜਲਦੀ ਜਲਦੀ ਤਰੱਕੀ ਦਵਾ ਦਿੱਤੀ । ਅੱਜ ਕੰਪਨੀ ਦੀ ਸਾਲਾਨਾ ਰਿਪੋਰਟ ਤੇ ਉਹਨੂੰ ਨੰਬਰ ਵਨ ਇੰਮਪਲਾਈ ਆਫ ਦਾ ਕੰਪਨੀ ਦਾ ਇਨਾਮ ਮਿਲਿਆ। ਅੱਖਾਂ ਵਿਚ ਹੰਝੂ ਲੈ ਉਹ ਸਿੱਧਾ ਸ਼ਮਸ਼ਾਨ ਘਾਟ ਪਹੁੰਚਿਆ, ਉਹਨੂੰ ਲੱਗ ਰਿਹਾ ਸੀ ਜਿਵੇਂ ਉਹਨੇ ਬਾਪੂ ਨਾਲ ਕੀਤਾ ਵਾਅਦਾ ਪੂਰਾ ਕਰ ਲਿਆ ਹੋਵੇ। ਗੁਰਵਿੰਦਰ ਸਿੰਘ ਐਡਵੋਕੇਟ

Please log in to comment.