Kalam Kalam

ਮਾਂ ਵਰਗੀ

ਹੱਸ ਹੱਸ ਸਾਡੇ ਅੱਖੀ ਪਾਣੀ ਆ ਜਾਣਾ। ਨਿੱਕੀ ਰੋਟੀ ਖਾਂਦੀ ਕਿੰਨਾ ਸਾਰਾ ਸਮਾਂ ਲਾ ਦਿੰਦੀ। ਮਾਂ ਵੀ ਨਿੱਕੀ ਦੇ ਰੋਟੀ ਖਾਂਦੇ ਖਾਂਦੇ ਚੁੱਲੇ ਚੌਂਕੇ ਦਾ ਕੰਮ ਨਿਬੇੜ ਲੈਂਦੀ। ਵੱਡੀ ਭੈਣ ਅਕਸਰ ਨਿੱਕੀ ਨੂੰ ਆਖਦੀ, ਤੂੰ ਪਤਾ ਨਹੀਂ ਕਿਸ ਤੇ ਗਈ ਏ। ਉਹ ਵੇਖ ਮਾਂ ਨੇ ਤੇਰੇ ਰੋਟੀ ਖਾਂਦੇ ਸਾਰੇ ਕੰਮ ਵੀ ਮੁਕਾ ਦਿੱਤੇ। ਤੇ ਫਿਰ ਅਸੀਂ ਨਿੱਕੀ ਨੂੰ ਵੇਖ ਕਿੰਨਾ ਚਿਰ ਹੱਸੀ ਜਾਣਾ। ਸਕੂਲ ਵਿੱਚ ਵੀ ਅੱਧੀ ਛੁੱਟੀ ਵੇਲੇ ਅਸੀਂ ਫਟਾਫਟ ਰੋਟੀ ਖਾ ਲੈਂਦੇ, ਪਰ ਨਿੱਕੀ ਦੀ ਉਹੀ ਆਦਤ। ਸਮਾਂ ਬੀਤਦਾ ਗਿਆ। ਵੱਡੀ ਅਤੇ ਨਿੱਕੀ ਭੈਣ ਵਿਆਹੀਆਂ ਗਈਆਂ। ਨਿੱਕੀ ਦਾ ਸਹੁਰਾ ਪਿੰਡ ਦੂਰ ਹੋਣ ਕਾਰਨ ਸਾਲ ਛਿਮਾਹੀ ਗੇੜਾ ਵੱਜਦਾ ਤੇ ਪਾਣੀ ਦੀ ਘੁੱਟ ਪੀ ਸ਼ਾਮ ਤੱਕ ਵਾਪਸੀ ਕਰ ਲੈਂਦੇ। ਹਰ ਵਾਰ ਨਿੱਕੀ ਉਲਾਂਭਾ ਜਿਹਾ ਦੇ ਦਿੰਦੀ, ਕਿ ਵੀਰੇ ਕਦੇ ਇੱਕ ਰਾਤ ਮੇਰੇ ਕੋਲ ਵੀ ਰੁਕਿਓ। ਸਬੱਬੀ ਕਿਸੇ ਕੰਮ ਕਰਕੇ ਇਕ ਦਿਨ ਲਈ ਨਿੱਕੀ ਦੇ ਸਾਹੁਰਿਆਂ ਵੱਲ ਜਾਣਾ ਪਿਆ। ਕੰਮ ਦੁਪਹਿਰ ਤੱਕ ਖਤਮ ਹੋ ਗਿਆ। ਇਸ ਵਾਰ ਪਿੰਡ ਜਾਣ ਲਈ ਬਿਲਕੁਲ ਵੀ ਨਹੀਂ ਸੋਚਿਆ ਤੇ ਸਿੱਧਾ ਨਿੱਕੀ ਦੇ ਘਰੇ ਜਾ ਆਪੜਿਆ। ਦੁਪਹਿਰ ਦੀ ਰੋਟੀ ਨਿੱਕੀ ਨੇ ਬੜੇ ਚਾਵਾਂ ਨਾਲ ਬਣਾਈ। ਉਦੋਂ ਨੂੰ ਬੱਚੇ ਵੀ ਸਕੂਲੋਂ ਆ ਗਏ। ਬੱਚਿਆਂ ਨੂੰ ਵੀ ਰੋਟੀ ਖਵਾ ਰਸੋਈ ਦੇ ਨਿੱਕੇ ਮੋਟੇ ਕੰਮ ਕਾਹਲੀ ਕਾਹਲੀ ਮੁਕਾ ਦਿੱਤੇ। ਫਿਰ ਬਾਥਰੂਮ ਵਿੱਚ ਜਾ ਕੱਪੜੇ ਵੀ ਧੋ ਦਿੱਤੇ। ਮੈਂ ਕਿੰਨਾ ਚਿਰ ਬੈਠਾ। ਨਿੱਕੀ ਵੱਲ ਵੇਖਦਾ ਰਿਹਾ। ਰਸੋਈ ਵਿੱਚ ਵੜਦਿਆਂ ਥਾਲੀ ਵਿੱਚ ਦੋ ਰੋਟੀਆਂ ਰੱਖ ਨਿੱਕੀ ਨੇ ਉੱਥੇ ਹੀ ਖੜ ਛੇਤੀ ਛੇਤੀ ਖਾ ਲਈਆਂ। ਮੇਰੇ ਵੱਲ ਵੇਖ ਨਿੱਕੀ ਨੇ ਥੋੜਾ ਹੱਸਦਿਆਂ ਕਿਹਾ। ਵੀਰੇ ਬੱਚਿਆਂ ਨੂੰ ਮੈਂ ਟਿਊਸ਼ਨ ਛੱਡ ਆਵਾਂ। ਅੱਜ ਲੇਟ ਹੋ ਗਈ ਥੋੜਾ। ਪਰ ਅੱਜ ਨਿੱਕੀ ਨੂੰ ਰੋਟੀ ਖਾਂਦਿਆਂ ਵੇਖ ਹਾਸਾ ਤਾਂ ਨਹੀਂ ਆਇਆ, ਪਰ ਅੱਖਾਂ ਜਰੂਰ ਭਰ ਗਈਆਂ। ਅੱਜ ਨਿੱਕੀ ਮੈਨੂੰ ਖੁਦ ਤੋਂ ਵੱਡੀ ਜਾਪ ਰਹੀ ਸੀ । ਬਿਲਕੁਲ ਮਾਂ ਵਰਗੀ। ਕੁਲਵੰਤ ਘੋਲੀਆ 95172-90006

Please log in to comment.

More Stories You May Like