Kalam Kalam
Profile Image
Amrik
4 months ago

ਤੇਰੀ ਯਾਦ ਦਾ ਅਸਰ

ਇਹ ਜਾਣ ਲੈਣ ਤੋਂ ਬਾਅਦ ਕਿ ਤੇਰੀ ਯਾਦ ਦਾ ਕਬਜ਼ਾ ਮੇਰੇ ਦਿਲ 'ਤੇ ਨਹੀਂ ਰਿਹਾ। ਅੱਜ ਲੱਗਭਗ ਕਈ ਵਰ੍ਹਿਆਂ ਬਾਅਦ ਜਾਂ ਹੋ ਸਕਦਾ ਹੈ ਕਿ ਇੱਕ ਦਹਾਕੇ ਤੋਂ ਵੀ ਵਧੀਕ ਸਮੇਂ ਬਾਅਦ ਮੈਂ ਤੈਨੂੰ ਦੇਖਿਆ ਹੈ। ਤੂੰ ਰਿਕਸ਼ੇ 'ਤੇ ਜਾ ਰਹੀ ਹੈ। ਤੇਰੇ ਨਾਲ ਕੌਣ ਹੈ? ਤੇਰਾ ਭਰਾ, ਤੇਰੀ ਭੈਣ ਜਾਂ ਤੇਰੀ ਕੋਈ ਸਹੇਲੀ ਜਾਂ ਬੇਟਾ, ਬੇਟੀ ਤੇ ਜਾਂ ਫਿਰ ਤੇਰਾ ਖ਼ਾਵੰਦ ਮੈਂ ਦੇਖ ਨਹੀਂ ਸਕਿਆ ਹਾਂ। ਅਸਲ ਵਿੱਚ ਮੇਰੀ ਨਿਗਾਹ ਤੇਰੇ ਚਿਹਰੇ ਤੋਂ ਹੀ ਨਹੀਂ ਹਟ ਰਹੀ, ਸਭ ਕੁਝ ਮੇਰੇ ਅਤੇ ਤੇਰੇ ਦੁਆਲੇ ਮਨਫੀ ਹੋ ਗਿਆ ਹੈ। ਪਰ ਪਲ ਝਪਕਦੇ ਹੀ ਤੂੰ ਚਲੀ ਗਈ ਹੈ। ਪਲਾਂ ਛਿਣਾਂ ਵਿੱਚ ਹੀ ਉਹ ਰਿਕਸ਼ਾ ਜਿਸ ਵਿਚ ਤੂੰ ਸਵਾਰ ਹੈਂ ਤੈਨੂੰ ਮੈਥੋਂ ਤੋਂ ਦੂਰ ਲੈ ਗਿਆ ਹੈ। ਮੈਂ ਤੇਰਾ ਪਿੱਛਾ ਕਰਨਾ ਚਾਹੁੰਦਾ ਹਾਂ ਪਰ ਫਿਰ ਇਹ ਦੇਖ ਕੇ ਮੈਂ ਤਾਂ ਪੈਦਲ ਹਾਂ ਮੈਂ ਇਹ ਇਰਾਦਾ ਤਰਕ ਕਰ ਦਿੰਦਾ ਹਾਂ। ਵੈਸੇ ਵੀ ਮੈਂ ਤੈਨੂੰ ਯਾਦ ਨਹੀਂ ਕਰਨਾ ਚਾਹੁੰਦਾ। ਮੈਂ ਤੈਨੂੰ ਭੁੱਲਾ ਕੇ ਜ਼ਿੰਦਗੀ ਵਿਚ ਖ਼ੁਦ ਅੱਗੇ ਵੱਧ ਚੁੱਕਾ ਹਾਂ। ਤੇਰੇ ਜਾਣ ਤੋਂ ਬਾਅਦ ਤੇਰੇ ਤੋਂ ਵੀ ਜ਼ਿਆਦਾ ਖ਼ੂਬਸੂਰਤ ਕੁੜੀਆਂ ਮੇਰੀ ਜ਼ਿੰਦਗੀ ਵਿਚ ਹਨ ਤੇ ਮੇਰੀਆਂ ਦੋਸਤ ਵੀ ਹਨ। ਮੈਨੂੰ ਪਤਾ ਵੀ ਨਹੀਂ ਚੱਲਦਾ ਮੈਂ ਕਦੋਂ ਆਪਣੇ ਘਰ ਪਰਤ ਆਇਆ ਹਾਂ। ਘਰ ਵਿਹੜੇ ਵਿੱਚ ਲੱਗੀ ਨਿੰਮ ਦੀ ਛਾਂ ਥੱਲੇ ਮਾਂ ਰੋਜ਼ ਦੀ ਤਰ੍ਹਾਂ ਆਪਣਾ ਮੰਜਾ ਡਾਹ ਕੇ ਬੈਠੀ ਹੈ। ਮੇਰੇ ਇੱਕ ਦਮ ਘਰ ਪਰਤ ਆਉਣ 'ਤੇ ਹੈਰਾਨ ਹੈ। " ਪੁੱਤ ਬੜੀ ਜਲਦੀ ਮੁੜ ਆਇਆ ਕੀ ਗੱਲ ਐ? ਮਿਲਿਆ ਨਹੀਂ ਕੋਈ ਦੋਸਤ ਜਿਸਨੂੰ ਮਿਲਣ ਗਿਆ ਸੈਂ।" ਮਾਂ ਮੈਨੂੰ ਸਵਾਲ ਕਰਦੀ ਹੈ। " ਨਹੀਂ ਮੈਨੂੰ ਕੋਈ ਹੋਰ ਕੰਮ ਯਾਦ ਆ ਗਿਆ ਹੈ?" ਮੈਂ ਮਾਂ ਨੂੰ ਜਵਾਬ ਦਿੰਦਿਆਂ ਡਿਉਢੀ ਵਿਚ ਖੜ੍ਹੇ ਆਪਣੇ ਮੋਟਰਸਾਈਕਲ ਨੂੰ ਕਿੱਕ ਮਾਰਦਾ ਹਾਂ ਤੇ ਘਰੋਂ ਬਾਹਰ ਨਿੱਕਲ ਜਾਂਦਾ ਹਾਂ। ਹੁਣ ਮੈਂ ਸ਼ਹਿਰ ਦੀਆਂ ਗਲੀਆਂ, ਸੜਕਾਂ ਤੇ ਘੁੰਮ ਰਿਹਾ ਹਾਂ, ਉਂਜ ਹੀ ਬਿਨਾਂ ਕਿਸੇ ਕਾਰਨ ਦੇ। ਅਚਾਨਕ ਮੈਂ ਆਪਣੇ ਆਪ ਨੂੰ ਤੇਰੇ ਘਰ ਅੱਗੋਂ ਲੰਘਦੀ ਸੜਕ ਤੇ ਪਾਉਂਦਾ ਹਾਂ ਜਿਹੜਾ ਕੰਮ ਸ਼ਾਇਦ ਮੇਰੇ ਪੈਰ ਨਹੀਂ ਸਨ ਕਰ ਸਕੇ, ਮੈਂ ਮੋਟਰਸਾਈਕਲ ਤੇ ਸਵਾਰ ਹੋ ਕੇ ਕਰਨਾ ਚਾਹੁੰਨਾ। ਮੈਂ ਤੇਰੇ ਘਰ ਮੂਹਰੋਂ ਲੰਘਦਾ ਹਾਂ ਇੱਕ ਵਾਰ, ਦੋ ਵਾਰ ਤੇ ਫਿਰ ਤੀਜੀ ਵਾਰ।ਪਰ ਤੂੰ ਨਜ਼ਰੀਂ ਨਹੀਂ ਪੈਂਦੀ। ਤੇਰੇ ਘਰ ਦਾ ਦਰਵਾਜ਼ਾ ਉਸੇ ਤਰ੍ਹਾਂ ਬੰਦ ਹੈ, ਜੇਲ੍ਹ ਦੇ ਬੰਦ ਦਰਵਾਜ਼ੇ ਦੀ ਤਰ੍ਹਾਂ। ‌ਮੈਂ ਇਹ ਕੀ ਕਰ ਰਿਹਾ ਹਾਂ?, ਮੈਂ ਤਾਂ ਤੈਨੂੰ ਯਾਦ ਵੀ ਨਹੀ ਕਰਨਾ ਚਾਹੁੰਦਾ। ਮੈਂ ਕੁਝ ਚਿਰ ਸੋਚਦਾ ਹਾਂ ਫਿਰ ਸੜਕ ਦੇ ਇੱਕ ਪਾਸੇ ਮੋਟਰਸਾਈਕਲ ਰੋਕ ਲੈਂਦਾ ਹਾਂ। ਮੈਂ ਪੈਂਟ ਦੀ ਜੇਬ ਵਿੱਚੋਂ ਫੋਨ ਕੱਢ ਆਪਣੀ ਦੋਸਤ ਸੁਨਿਧੀ ਨੂੰ ਫੋਨ ਕਰਦਾ ਹਾਂ। ਮੈਂ ਉਸ ਨੂੰ ਕਿਸੇ ਕੌਫੀ ਹਾਊਸ ਵਿਚ ਕੌਫੀ ਪੀਣ ਲਈ ਆਖਦਾ ਹਾਂ। ਪਹਿਲਾਂ ਪਹਿਲ ਤਾਂ ਸੁਨਿਧੀ ਆਪਣੀ ਮਸਰੂਫੀਅਤ ਦਾ ਬਿਆਨ ਕਰਦੀ ਹੈ ਪਰ ਫਿਰ ਮੇਰੇ ਜ਼ਿਆਦਾ ਇਸਰਾਰ ਕਰਨ ਤੇ ਮੰਨ ਜਾਂਦੀ ਹੈ। ਹੁਣ ਮੈਂ ਸੁਨਿਧੀ ਦਾ ਇੰਤਜ਼ਾਰ ਕਰ ਰਿਹਾ ਹਾਂ। ਸੁਨਿਧੀ ਸੋਹਣੀ ਸੁਨੱਖੀ ਇਕ ਅਖ਼ਬਾਰਾਂ ਰਸਾਲਿਆਂ ਵਿਚ ਕਹਾਣੀਆਂ ਨਾਲ ਛਪਦੀਆਂ ਤਸਵੀਰਾਂ ਵਿੱਚਲੀਆਂ ਕੁੜੀਆਂ ਵਰਗੀ ਹੈ। ਉਸਦੀ ਹੋਂਦ, ਉਸਦਾ ਤੁਹਾਡੇ ਆਲੇ ਦੁਆਲੇ ਹੋਣਾ ਹੀ ਤੁਹਾਨੂੰ ਕਹਾਣੀਆਂ ਜਾਂ ਕਵਿਤਾਵਾਂ ਲਿਖਣ ਲਈ ਪ੍ਰੇਰਦਾ ਹੈ। ਮੇਰਾ ਤੇ ਸੁਨਿਧੀ ਦਾ ਰਿਸ਼ਤਾ ਦੋਸਤੀ ਤੋਂ ਕੁਝ ਵਧੀਕ ਹੈ। ਮੈਂ ਉਸ ਨੂੰ ਮੁਹੱਬਤ ਕਰਦਾ ਹਾਂ ਜਾਂ ਨਹੀਂ? ਇਸ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ ਫਿਰ ਵੀ ਮੇਰਾ ਉਸਦਾ ਰਿਸ਼ਤਾ ਮੋਹ ਸਤਿਕਾਰ ਵਾਲਾ ਹੈ। ਮੈਨੂੰ ਉਸ ਨਾਲ ਬੈਠਣਾ ਚੰਗਾ ਲੱਗਦਾ ਹੈ। ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ। ਉਹ ਵੀ ਸ਼ਾਇਦ ਮੇਰਾ ਸਾਥ ਪਸੰਦ ਕਰਦੀ ਹੈ। ਮੈਂ ਅਕਸਰ ਉਸ ਨਾਲ ਸਾਹਿਤ ਸਬੰਧੀ ਗੱਲਬਾਤ ਕਰਦਾਂ ਹਾਂ। ਉਹ ਵੀ ਖੁੱਲ੍ਹੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦੀ ਹੈ। ਮੈਂ ਕੌਫੀ ਹਾਊਸ ਵਿਚ ਬੈਠਾ ਸੁਨਿਧੀ ਦਾ ਇੰਤਜ਼ਾਰ ਕਰ ਰਿਹਾ ਹਾਂ, ਨਾਲ ਹੀ ਨਾਲ ਬਾਹਰ ਜਾਂਦੇ ਕਾਰਾਂ, ਸਕੂਟਰਾਂ, ਮੋਟਰਸਾਇਕਲਾਂ ਤੇ ਪੈਦਲ ਜਾ ਰਹੇ ਲੋਕਾਂ ਨੂੰ ਦੇਖ ਰਿਹਾ ਹਾਂ। ਅਸਲ ਵਿੱਚ ਮੈਂ ਇਨ੍ਹਾਂ ਸਭ ਚਿਹਰਿਆਂ ਵਿੱਚੋਂ ਤੇਰਾ ਚਿਹਰਾ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਆਪਣੀ ਇਸ ਹਰਕਤ ਤੇ ਝੁੰਜਲਾ ਉਠਦਾ ਹਾਂ। ਏਨੇ ਨੂੰ ਸੁਨਿਧੀ ਆ ਗਈ ਹੈ। ਮੈਂ ਉਸ ਦੇ ਏਨੀ ਜਲਦੀ ਮੇਰੀ ਰਿਕਊਸਿਟ ਮੰਨ ਕੇ ਆਉਣ ਲਈ ਧੰਨਵਾਦ ਕਰਦਾ ਹਾਂ। ਫਿਰ ਮੈਂ ਉਸ ਤੋਂ ਉਸਦੀ ਪਸੰਦ ਦਾ ਕੌਫੀ ਫਲੇਵਰ ਪੁੱਛ ਕੇ ਮੈਂ ਕੌਫੀ ਔਰਡਰ ਕਰਦਾ ਹਾਂ। ਭਾਵੇਂ ਕਿ ਮੈਨੂੰ ਪਤਾ ਹੈ ਕਿ ਉਸਦੀ ਪਸੰਦ ਕੀ ਹੈ? ਪਰ ਪਤਾ ਨਹੀਂ ਕਿਉਂ ਮੈਂ ਰਸਮੀ ਜਿਹੇ ਸਵਾਲ ਪੁੱਛ ਰਿਹਾ ਹਾਂ। ਅਸਲ ਵਿੱਚ ਮੈਂ ਅਸਹਿਜ ਹਾਂ ਮੈਂ ਉਸ ਦੀਆਂ ਗੱਲਾਂ ਵਿਚੋਂ, ਉਸਦੀਆਂ ਅਦਾਵਾਂ ਵਿੱਚੋਂ, ਉਸਦੇ ਆਪੇ ਵਿੱਚੋਂ ਸ਼ਾਇਦ ਤੈਨੂੰ ਤਲਾਸ਼ ਰਿਹਾ ਹਾਂ। ਜਲਦ ਹੀ ਸੁਨਿਧੀ ਨੂੰ ਵੀ ਅਹਿਸਾਸ ਹੋ ਜਾਂਦਾ ਹੈ ਕਿ ਮੈਂ ਠੀਕ ਨਹੀਂ ਹਾਂ, ਅਸਹਿਜ ਹਾਂ, ਮੇਰਾ ਵਰਤਾਓ ਅੱਜ ਨੌਰਮਲ ਨਹੀਂ ਹੈ।‌ ਉਹ ਮੈਨੂੰ ਖਾਸ ਤੌਰ ਤੇ ਪੁੱਛਦੀ ਵੀ ਹੈ ਕਿ ਮੈਂ ਠੀਕ ਹਾਂ? ਮੈਂ ਉਸ ਨੂੰ ਉਂਜ ਹੀ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਕਰਦਾ ਹਾਂ। ਸੁਨਿਧੀ ਘੰਟਾ ਪੌਣਾਂ ਘੰਟਾ ਮੇਰੇ ਪਾਸ ਬਿਤਾ ਚਲੀ ਜਾਂਦੀ ਹੈ। ਮੈਂ ਫਿਰ ਬੇਚੈਨ ਹੋ ਜਾਂਦਾ ਹਾਂ। ਆਪਣੀ ਬੇਚੈਨੀ ਦੂਰ ਕਰਨ ਮੈਂ ਆਪਣੇ ਉਨ੍ਹਾਂ ਦੋ ਦੋਸਤਾਂ ਪਾਸ ਚਲਾ ਜਾਂਦਾ ਹਾਂ ਜੋ ਅਕਸਰ ਇਕੱਠੇ ਹੀ ਮਿਲਦੇ ਹਨ ਖਾਸ ਤੌਰ ਤੇ ਇਸ ਸਮੇਂ ਜਦਕਿ ਸ਼ਾਮ ਉਤਰ ਰਹੀ ਹੈ। ਮੈਂ ਬੈਠਕ ਵਿੱਚ ਪ੍ਰਵੇਸ਼ ਕਰਦਾ ਹਾਂ। ਉਹ ਦੋਵੇਂ ਦਾਰੂ ਦੀ ਬੋਤਲ ਖੋਲ੍ਹ ਕੇ ਬੈਠੇ ਹਨ। ਬੋਤਲ ਵਿੱਚ ਪਈ ਸ਼ਰਾਬ ਦੀ ਮਿਣਤੀ ਅਤੇ ਗਲਾਸਾਂ ਦੇ ਦਾਰੂ ਨਾਲ ਤਰ ਕਿਨਾਰੇ ਦੇਖ ਕੇ ਲੱਗਦਾ ਹੈ ਕਿ ਉਹ ਦੋ ਦੋ ਪੈੱਗ ਲਗਾ ਚੁੱਕੇ ਹਨ। ਉਹ ਦੋਵੇਂ ਇਕ ਦਮ ਮੇਰਾ ਚਿਹਰਾ ਦੇਖ ਇੱਕ ਦੂਜੇ ਨਾਲ ਨਿਗਾਹ ਮਿਲਾ ਸਾਜ਼ਿਸੀ ਹਾਸਾ ਹੱਸਦੇ ਹਨ। ਉਨ੍ਹਾਂ ਵਿਚੋਂ ਇਕ ਜਿਹੜਾ ਕੁਝ ਜ਼ਿਆਦਾ ਹੀ ਮੂੰਹ ਫਟ ਹੈ ਮੈਨੂੰ ਸਿੱਧਾ ਹੀ ਤਾਅਨੇ ਭਰਿਆ ਵਿਅੰਗ ਕਰਦਾ ਹੈ," ਕੀ ਹਾਲ ਹੈ ਸਾਡੇ ਦੇਵਦਾਸ ਦਾ? ਲੱਗਦਾ ਹੈ ਅੱਜ ਵਰਿਆਂ ਬਾਅਦ ਆਪਣੀ ਪਾਰੋਂ ਦੇ ਦਰਸ਼ਨ ਕਰਕੇ ਆਇਆ ਹੈ।" ਉਸਦਾ ਇਸ਼ਾਰਾ ਤੇਰੇ ਵੱਲ ਹੈ। ਉਹ ਤੇਰੇ-ਮੇਰੇ ਨਾਕਾਮ ਇਸ਼ਕ ਬਾਰੇ ਜਾਣਦੇ ਹੈ। ਇਸੇ ਕਰਕੇ ਜਦ ਵੀ ਇਨ੍ਹਾਂ ਦਾ ਵੱਸ ਚੱਲਦਾ ਹੈ ਤੇਰੇ ਨਾਮ ਦਾ ਸਹਾਰਾ ਲੈ ਕੇ ਮੇਰਾ ਮਜ਼ਾਕ ਉਡਾ ਦਿੰਦੇ ਹਨ। ਮੈਂ ਆਪਣੇ ਆਪ ਨੂੰ ਬਹੁਤ ਲਾਚਾਰ ਮਹਿਸੂਸ ਕਰਦਾ ਹਾਂ। ਮੈਂ ਬਿਨਾਂ ਕੋਈ ਗੱਲ ਕੀਤੇ ਬਾਹਰ ਜਾਣ ਲੱਗਦਾ ਹਾਂ। "ਕਿੱਥੇ ਭੱਜ ਚੱਲਿਆਂ ਓ ਸ਼ਿਵ ਕੁਮਾਰ ਕੋਈ ਆਪਣੀ ਦਰਦ ਭਰੀ ਨਵੀਂ ਨਜ਼ਮ ਜਾ ਗੀਤ ਤਾਂ ਸੁਣਾ ਜਾ।" ਮੇਰਾ ਸ਼ਰਾਰਤੀ ਦੋਸਤ ਮੇਰਾ ਮਜ਼ਾਕ ਉਡਾਉਂਦਾ ਹੋਇਆ ਮੇਰੇ ਪਿੱਛੇ ਅਹੁਲਦਾ ਹੈ। " ਨਾਲੇ ਦੋ ਪੈੱਗ ਲਾ ਲੈ, ਸਾਰੇ ਗਮ ਭੁੱਲ ਸਰੂਰ 'ਚ ਆ ਜਾਏਗਾਂ।" ਦੂਜਾ ਦੋਸਤ ਵੀ ਗੱਲਬਾਤ ਵਿਚ ਆਪਣਾ ਹਿੱਸਾ ਪਾਉਂਦਾ ਹੈ। ਮੈਨੂੰ ਆਪਣੇ ਆਪ ਤੇ ਵੀ ਬੇਹੱਦ ਗੁੱਸਾ ਆ ਰਿਹਾ ਹੈ ਕਿ ਅਜਿਹਾ ਕੀ ਹੋਇਆ ਹੈ ਕਿ ਤੇਰੀ ਯਾਦ ਦਾ ਅਸਰ ਮੇਰੀ ਸੂਰਤ ਤੇ ਲਿਖਿਆ ਗਿਆ ਹੈ। ਖੈਰ ਮੈਂ ਉਨ੍ਹਾਂ ਤੋਂ ਖਹਿੜਾ ਛੁਡਾ ਉਨ੍ਹਾਂ ਦੇ ਘਰ ਤੋਂ ਬਾਹਰ ਆ ਜਾਂਦਾ ਹਾਂ। ਮੈਂ ਦੋਬਾਰਾ ਫਿਰ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰ ਦੀਆਂ ਗਲੀਆਂ, ਸੜਕਾਂ, ਮੁਹੱਲੇ, ਬਸਤੀਆਂ ਕੱਛ ਰਿਹਾ ਹਾਂ ਉਹ ਵੀ ਬਿਨਾਂ ਕਿਸੇ ਮਕਸਦ ਦੇ। ਮੇਰਾ ਆਵਾਰਾ ਮਨ ਪਤਾ ਨਹੀਂ ਕਦੋਂ ਮੈਨੂੰ ਸ਼ਹਿਰ ਦੀਆਂ ਬਦਨਾਮ ਗਲੀਆਂ ਵਿੱਚ ਲੈ ਆਉਂਦਾ ਹੈ ਮੈਨੂੰ ਇਸ ਦਾ ਵੀ ਪਤਾ ਨਹੀਂ ਚੱਲਦਾ। ਇਨ੍ਹਾਂ ਗਲੀਆਂ ਵਿਚੋਂ ਇੱਕ ਗਲੀ ਦੇ ਕਿਨਾਰੇ ਵਾਲੇ ਮਕਾਨ ਵਿੱਚ "ਵਾਣੀ" ਰਹਿੰਦੀ ਹੈ। ਆਪਣੇ ਜੀਵਨ ਦੇ ਗੁਜ਼ਰ ਬਸਰ ਵਾਸਤੇ ਉਸ ਨੂੰ ਸ਼ਾਇਦ ਇਹ "ਬਦਨਾਮ" ਕੰਮ ਕਰਨਾ ਪੈਂਦਾ ਹੈ। ਮੈਂ ਪਹਿਲਾਂ ਵੀ ਕਦੇ ਕਦੇ ਉਸ ਪਾਸ ਆਉਂਦਾ ਹਾਂ ਆਪਣੇ ਮਨ ਅਤੇ ਜ਼ਿਸਮ ਦਾ ਬੋਝ ਹਲਕਾ ਕਰਨ। ਅੱਜ ਵੀ ਜਦ ਮੈਂ ਉਸ ਦੇ ਦਰਵਾਜ਼ੇ ਤੇ ਆ ਦਸਤਕ ਦਿੱਤੀ ਹੈ ਤਾਂ ਉਸ ਨੇ ਮਾਮੂਲ ਦੀ ਤਰ੍ਹਾਂ ਮੇਰਾ ਸਵਾਗਤ ਕੀਤਾ ਹੈ। ਰਸਮੀ ਗੱਲਾਂਬਾਤਾਂ ਤੋਂ ਬਾਅਦ ਉਹ ਮੈਨੂੰ ਕੁਝ ਖਾਣ ਪੀਣ ਬਾਰੇ ਪੁੱਛਦੀ ਹੈ। ਮੈਂ ਖਾਂਣ ਪੀਣ ਤੋਂ ਇਨਕਾਰ ਕਰ ਸਿਰਫ਼ ਉਸ ਨੂੰ ਆਪਣੇ ਪਾਸ ਬੈਠਣ ਲਈ ਕਹਿੰਦਾ ਹਾਂ। ਗੱਲਾਂ ਕਰਨ ਲਈ ਕਹਿੰਦਾ ਹਾਂ। ਅਸਲ ਵਿੱਚ ਮੈਂ ਉਸਦੇ ਜਿਸਮ ਦੀ ਖ਼ੁਸ਼ਬੂ ਵਿਚ ਗੁਆਚ ਜਾਣਾ ਚਾਹੁੰਦਾ ਹਾਂ, ਸਭ ਕੁਝ ਭੁੱਲ ਜਾਣਾ ਚਾਹੁੰਦਾ ਹਾਂ। ਪਰ ਇਹ ਕੀ? ਅਚਾਨਕ ਵੀਣਾ ਦੇ ਨਕਸ਼ਾਂ ਵਿਚੋਂ‌ ਮੈਂ ਤੇਰੇ ਨਕਸ਼ ਤਲਾਸ਼ਣ ਲੱਗਦਾ ਹਾਂ। ਮੈਨੂੰ ਵੀਣਾ ਦਾ ਚਿਹਰਾ ਤੇਰੇ ਚਿਹਰੇ ਵਿੱਚ ਤਬਦੀਲ ਹੁੰਦਾ ਲੱਗਦਾ ਹੈ। ਮੈਂ ਇੱਕ ਦਮ ਤ੍ਰਬਕ ਕੇ ਪਿਛਾਂਹ ਹੱਟ ਜਾਂਦਾ ਹਾਂ, ਆਪਣੇ ਉਖੜੇ ਹੋਏ ਸਾਹਾਂ ਨੂੰ ਠੀਕ‌ ਕਰਦਾ ਹਾਂ। ਫਿਰ ਮੈਂ ਜੇਬ ਵਿੱਚੋਂ ਪੈਸੇ ਕੱਢ ਕੇ ਬੈੱਡ ਦੀ ਸਾਈਡ ਤੇ ਪਏ ਛੋਟੇ ਜਿਹੇ ਮੇਜ਼ ਤੇ ਰੱਖ ਦਿੰਦਾ ਹਾਂ। ਮੈ ਪੈਸੇ ਬਿਨਾਂ ਗਿਣੇ ਰੱਖੇ ਹਨ ਪਰ ਮੈਂ ਜਾਣਦਾ ਹਾਂ ਕਿ ਉਹ ਵਾਣੀ ਦੀ ਆਪਣੀ ਹੀ ਤੈਅ ਕੀਤੀ ਕੀਮਤ ਤੋਂ ਕਿਤੇ ਵਧੇਰੇ ਹਨ। ਵਾਣੀ ਮੇਰੇ ਇਸ ਤਰ੍ਹਾਂ ਦੇ ਵਰਤਾਓ ਤੋਂ ਬਹੁਤ ਨਾਖ਼ੁਸ਼ ਹੈ। ਉਸਦੀਆਂ ਅੱਖਾਂ ਵਿੱਚ ਕੁੜੱਤਣ ਤੇ ਗੁੱਸਾ ਹੈ।‌ ਮੈਂ ਉਸਦੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਇਸੇ ਕਰਕੇ ਨਜ਼ਰਾਂ ਝੁਕਾ ਕੇ ਉਸ ਤੋਂ ਮੁਆਫੀ ਮੰਗ ਕੇ ਉਸ ਦੇ ਕਮਰੇ ਵਿੱਚੋਂ ਬਾਹਰ ਹੋ ਜਾਂਦਾ ਹਾਂ। ਥੋੜ੍ਹੀ ਬਹੁਤ ਹੋਰ ਆਵਾਰਾਗਰਦੀ ਕਰਨ ਤੋਂ ਮੈਂ ਵਾਪਸ ਆਪਣੇ ਘਰ ਆ ਜਾਂਦਾ ਹਾਂ। ਮਾਂ ਹਾਲੇ ਤੱਕ ਸੁੱਤੀ ਨਹੀਂ। ਮੇਰੇ ਮੋਟਰਸਾਈਕਲ ਦੀ ਅਵਾਜ਼ ਸੁਣ ਝੱਟ ਦਰਵਾਜ਼ਾ ਖੋਲ੍ਹ ਦਿੰਦੀ ਹੈ। ਮਾਂ ਮੈਨੂੰ ਦੇਰ ਨਾਲ ਆਉਣ ਬਾਰੇ ਪੁੱਛਦੀ ਹੈ। ਮੈਂ ਥੱਕੇ ਹੋਣ ਦਾ ਬਹਾਨਾ ਲਾ ਕੇ ਮਾਂ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹਾਂ। ਮਾਂ ਰੋਟੀ ਬਾਰੇ ਪੁੱਛਦੀ ਹੈ, ਮੈਂ ਦੋਸਤ ਘਰੋਂ ਖਾ ਕੇ ਆਇਆਂ ਕਹਿ ਕੇ ਗੱਲ ਟਾਲ ਦਿੰਦਾ ਹਾਂ। ਮਾਂ ਚਲੀ ਜਾਂਦੀ ਹੈ। ਮੈਂ ਬੂਟ ਉਤਾਰ ਬੈੱਡ ਤੇ ਲੇਟ ਜਾਂਦਾ ਹਾਂ ਸੌਣਾ ਚਾਹੁੰਦਾਂ ਹਾਂ ਪਰ ਵਾਰ ਵਾਰ ਤੇਰੇ ਖਿਆਲ ਬੇਚੈਨ ਕਰ ਰਹੇ ਹਨ। ਮੈਨੂੰ ਆਪਣੀ ਵਰਿਆਂ ਦੀ ਕੀਤੀ ਤੈਨੂੰ ਭੁੱਲਣ ਦੀ ਕੋਸ਼ਿਸ਼ ਬੇਕਾਰ ਹੋ ਗਈ ਲੱਗਦੀ ਹੈ। ਮੈਨੂੰ ਪੈਰਾਂ ਦੀ ਪੈੜ ਚਾਲ ਸੁਣਾਈ ਦਿੰਦੀ ਹੈ, ਸ਼ਾਇਦ ਮਾਂ ਦੋਬਾਰਾ ਮੈਨੂੰ ਵੇਖਣ ਆਈ ਹੈ। ਮੈਂ ਪੈਰਾਂ ਵੱਲੋਂ ਚਾਦਰ ਖਿੱਚ ਕੇ ਮੂੰਹ ਵੱਲ ਕਰ ਲੈਂਦਾ ਹਾਂ ਤਾਂ ਜ਼ੋ ਮਾਂ ਸਮਝੇ ਕਿ ਮੈਂ ਸੌਂ ਗਿਆ ਹਾਂ। ਮਾਂ ਕਮਰੇ ਅੰਦਰ ਆ ਕੇ ਮੇਰਾ ਜਾਇਜ਼ਾ ਲੈਂਦੀ ਹੈ, ਫਿਰ ਇਹ ਜਾਣ ਕੇ ਕਿ ਮੈਂ ਸੌਂ ਗਿਆ ਹਾਂ। ਮੇਜ਼ ਤੇ ਪਈਆਂ ਮੇਰੀਆਂ ਕਿਤਾਬਾਂ ਦੀ ਉਥਲ ਪੁਥਲ ਕਰਦੀ ਹੈ। ਫਿਰ ਦੀਵਾਰ ਤੇ ਲੱਗੀ ਮੇਰੀ ਹੱਸਦੇ ਹੋਏ ਦੀ ਫੋਟੋ ਅੱਗੇ ਖੜ੍ਹੀ ਹੋ ਜਾਂਦੀ ਹੈ, ਫੋਟੋ ਨੂੰ ਗਹੁ ਨਾਲ ਤੱਕਦੀ ਹੈ, ਫਿਰ ਇੱਕ ਲੰਮਾ ਹਾਉਂਕਾ ਭਰ ਕੇ ਕਹਿੰਦੀ ਹੈ, " ਜਾਹ ਨੀ ਚੰਦਰੀਏ, ਜੇ ਤੂੰ ਮੇਰੇ ਪੁੱਤ ਨਾਲ ਵਿਆਹ ਹੀ ਨਹੀਂ ਸੀ ਕਰਾਉਣਾ, ਤਾਂ ਮੇਰੇ ਪੁੱਤ ਦੀ ਜ਼ਿੰਦਗੀ ਵਿੱਚ ਆਉਣਾ ਕਾਹਨੂੰ ਸੀ? ਰੋਲ ਕੇ ਰੱਖ ਤਾਂ ਮੇਰਾ ਹੀਰਿਆਂ ਵਰਗਾ ਪੁੱਤਰ।" ਮਾਂ ਆਹਾਂ ਭਰਦੀ ਹੋਈ ਸੁਬਕਦੀ ਹੋਈ ਚਲੀ ਜਾਂਦੀ ਹੈ। ਮਾਂ ਦਾ ਹਾਲ ਵੇਖ ਮੈਂ ਫੈਸਲਾ ਕਰਦਾ ਹਾਂ ਮੈਂ ਤੈਨੂੰ ਭੁਲਾ ਦੇਵਾਂਗਾ, ਪੂਰੀ ਤਰ੍ਹਾਂ। ਮੈਂ ਮਾਂ ਦੀ ਗੱਲ ਮੰਨ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਾਂਗਾ। ਫਿਰ ਮੈਂ ਦੀਵਾਰ ਤੇ ਲੱਗੀ ਆਪਣੀ ਹੱਸਦੇ ਹੋਏ ਦੀ ਤਸਵੀਰ ਦੇਖ ਕੇ ਤਸਲੀਮ ਕਰਦਾਂ ਹਾਂ ਕਿ ਅਜੇ ਵੀ ਤੇਰੀ ਯਾਦ ਵਿੱਚ ਏਨਾ ਅਸਰ ਜ਼ਰੂਰ ਹੈ ਕਿ ਉਹ ਮੇਰਾ ਪੂਰਾ ਇੱਕ ਦਿਨ ਬਰਬਾਦ ਕਰ ਸਕਦੀ ਹੈ। ਇਸ ਤੋਂ ਬਾਅਦ ਮੈਂ ਸਿਰਹਾਣੇ ਹੇਠੋਂ ਕਿਤਾਬ ਕੱਢ, ਉਸ ਵਿਚੋਂ ਤੇਰੀ ਵਰਿਆਂ ਤੋਂ ਸਭ ਤੋਂ ਛੁਪਾ ਕੇ ਰੱਖੀ ਤਸਵੀਰ ਕੱਢਦਾ ਹਾਂ ਤੇ ਪਾੜ ਦਿੰਦਾ ਹਾਂ।

Please log in to comment.

More Stories You May Like